CBSEEducationਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਹਸਪਤਾਲ


ਹਸਪਤਾਲ ਦੇ ਨਾਂ ਤੋਂ ਹੀ ਹਰ ਕੋਈ ਡਰਦਾ ਹੈ। ਕਿਸੇ ਦਾ ਵੀ ਹਸਪਤਾਲ ਜਾਣ ਨੂੰ ਦਿਲ ਨਹੀਂ ਕਰਦਾ। ਪਰ ਜਦ ਹਸਪਤਾਲ ਜਾਣਾ ਜ਼ਰੂਰੀ ਹੋ ਜਾਵੇ ਤਾਂ ਇਸ ਤੋਂ ਪ੍ਰਹੇਜ਼ ਨਹੀਂ ਕਰਨਾ ਚਾਹੀਦਾ ਸਗੋਂ ਹਮੇਸ਼ਾਂ ਹੌਸਲੇ ਨਾਲ ਹਸਪਤਾਲ ਜਾਣਾ ਚਾਹੀਦਾ ਹੈ। ਹਸਪਤਾਲ ਅਸੀਂ ਆਪਣੀ ਬਿਮਾਰੀ ਦੇ ਇਲਾਜ ਲਈ ਅਥਵਾ ਅਰੋਗ ਹੋਣ ਲਈ ਜਾਣਾ ਹੁੰਦਾ ਹੈ। ਲੋੜ ਸਮੇਂ ਜੇਕਰ ਹਸਪਤਾਲ ਨਾ ਜਾਇਆ ਜਾਵੇ ਅਥਵਾ ਜੇਕਰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲੇ ਤਾਂ ਮਨੁੱਖ ਦੀ ਜਾਨ ਲਈ ਖ਼ਤਰਾ ਬਣ ਸਕਦਾ ਹੈ। ਇਸੇ ਲਈ ਗੰਭੀਰ ਰੋਗੀਆਂ ਜਾਂ ਕਿਸੇ ਦੁਰਘਟਨਾ ਵਿੱਚ ਸੱਟ ਲੱਗ ਜਾਣ ਵਾਲ਼ੇ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ। ਹਸਪਤਾਲ ਤੇ ਡਾਕਟਰ, ਨਰਸਾਂ ਤੇ ਹੋਰ ਅਮਲਾ ਰੋਗੀਆਂ ਦੀ ਦੇਖ-ਭਾਲ ਲਈ ਹੀ ਹੁੰਦਾ ਹੈ। ਸਰਕਾਰ ਨੇ ਲੋਕਾਂ ਨੂੰ ਸਿਹਤ-ਸਹੂਲਤਾਂ ਦੇਣ ਲਈ ਅਨੇਕਾਂ ਹਸਪਤਾਲ ਖੋਲ੍ਹੇ ਹੋਏ ਹਨ। ਇਸੇ ਤਰ੍ਹਾਂ ਅਨੇਕਾਂ ਪ੍ਰਾਈਵੇਟ ਹਸਪਤਾਲ ਵੀ ਹਨ ਜਿੱਥੇ ਅਨੇਕਾਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਪਰ ਸਾਡੇ ਸਰਕਾਰੀ ਹਸਪਤਾਲਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ਇਹਨਾਂ ਦਾ ਮਹੱਤਵ ਘਟਾ ਦਿੱਤਾ ਹੈ। ਜਿਹੜੇ ਡਾਕਟਰ ਇਹਨਾਂ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ ਦੀ ਗੱਲ ਤੱਕ ਵੀ ਚੰਗੀ ਤਰ੍ਹਾਂ ਸੁਣਨ ਲਈ ਤਿਆਰ ਨਹੀਂ ਹੁੰਦੇ ਉਹ ਸ਼ਾਮ ਨੂੰ ਆਪਣੀਆਂ ਪ੍ਰਾਈਵੇਟ ਦੁਕਾਨਾਂ ’ਤੇ ਤਕੜੀਆਂ ਫ਼ੀਸਾਂ ਲੈ ਕੇ ਮਰੀਜ਼ਾਂ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਨ। ਦੂਸਰੇ ਪਾਸੇ ਪ੍ਰਾਈਵੇਟ ਹਸਪਤਾਲਾਂ ਵਿੱਚ ਭਾਵੇਂ ਮਰੀਜ਼ਾਂ ਦੀ ਜ਼ਿਆਦਾ ਚੰਗੀ ਤਰ੍ਹਾਂ ਦੇਖ-ਭਾਲ ਹੁੰਦੀ ਹੈ ਪਰ ਇੱਥੋਂ ਦੇ ਖ਼ਰਚੇ ਸਧਾਰਨ ਲੋਕ ਬਰਦਾਸ਼ਤ ਨਹੀਂ ਕਰ ਸਕਦੇ। ਲੋੜ ਇਸ ਗੱਲ ਦੀ ਹੈ ਕਿ ਹਰ ਸਰਕਾਰੀ ਹਸਪਤਾਲ ਵਿੱਚ ਵਧੀਆ ਸਹੂਲਤਾਂ ਮੁਹੱਈਆ ਕਰਾਈਆਂ ਜਾਣ। ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਹਸਪਤਾਲ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸਹਿਯੋਗ ਦੇਣ।


ਪੈਰਾ ਰਚਨਾ : ਹਸਪਤਾਲ