ਬਸ਼ੀਰਾ : ਸੰਖੇਪ ਉੱਤਰ ਵਾਲੇ ਪ੍ਰਸ਼ਨ
ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਬਸ਼ੀਰਾ’ ਕਹਾਣੀ ਦੀ ਕਿਹੜੀ ਘਟਨਾ ਨੇ ਲੇਖਕ ਨੂੰ ਰੋਣ ਲਈ ਮਜਬੂਰ ਕਰ ਦਿੱਤਾ?
ਉੱਤਰ : ਖੇਡਦਿਆਂ-ਖੇਡਦਿਆਂ ਜਦੋਂ ਬਸ਼ੀਰੇ ਦੇ ਮੱਥੇ ਦੇ ਵਿਚਕਾਰ ਇੱਕ ਵੱਡਾ ਸਾਰਾ ਕਾਬਲੀ ਭੂੰਡ ਲੜ ਗਿਆ। ਤਾਂ ਉਸ ਦੇ ਨੱਕ ਵਿੱਚੋਂ ਲਹੂ ਦੀ ਤਤੀਰੀ ਫੁੱਟ ਪਈ। ਇਸ ਘਟਨਾ ਨੇ ਲੇਖਕ ਨੂੰ ਰੋਣ ਲਈ ਮਜਬੂਰ ਕਰ ਦਿੱਤਾ।
ਪ੍ਰਸ਼ਨ 2. ਪੜ੍ਹਾਈ ਦੇ ਨਾਲ-ਨਾਲ ਬਸ਼ੀਰਾ ਸਕੂਲ ਦੀਆਂ ਹੋਰ ਕਿਹੜੀਆਂ ਕਿਰਿਆਵਾਂ ਵਿਚ ਹਿੱਸਾ ਲੈਂਦਾ ਸੀ?
ਉੱਤਰ : ਬਸ਼ੀਰਾ ਪੜ੍ਹਾਈ ਤੋਂ ਇਲਾਵਾ ਸਕੂਲ ਵਿਚ ਖੇਡਾਂ ਅਤੇ ਦੌੜਾਂ ਵਿਚ ਹਿੱਸਾ ਲੈਂਦਾ ਸੀ। ਉਹ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਵਿਚ ਗਾਉਣ ਵਾਲਿਆਂ ਦੀ ਅਗਵਾਈ ਕਰਦਾ ਸੀ। ਫੁੱਟਬਾਲ ਵਿਚ ਬਸ਼ੀਰੇ ਦੀ ਕਿੱਕ ਬੜੀ ਮਸ਼ਹੂਰ ਸੀ। ਜਦੋਂ ਉਨ੍ਹਾਂ ਦਾ ਮੈਚ ਕਿਸੇ ਹੋਰ ਸਕੂਲ ਨਾਲ ਹੋਣਾ ਹੁੰਦਾ, ਤਾਂ ਦੂਜੀ ਧਿਰ ਦੇ ਖਿਡਾਰੀ ਉਸ ਦੇ ਗੋਡੇ-ਗਿੱਟੇ ਭੰਨਣ ਨੂੰ ਤਿਆਰ ਰਹਿੰਦੇ, ਪਰ ਉਸਦੇ ਕਦੇ ਸੱਟ ਨਹੀਂ ਸੀ ਲੱਗੀ। ਉਸ ਦੀ ਫੁੱਟਬਾਲ ਦੀ ਖੇਡ ਦੀਆਂ ਹਰ ਪਾਸੇ ਤਾਰੀਫ਼ਾਂ ਹੁੰਦੀਆਂ ਸਨ।
ਪ੍ਰਸ਼ਨ 3. ਫੁੱਟਬਾਲ ਖੇਡ ਰਹੇ ਬਸ਼ੀਰੇ ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਹੈ?
ਉੱਤਰ : ਜਦੋਂ ਲੋਕ ਬਸ਼ੀਰੇ ਦੀ ਫੁੱਟਬਾਲ ਦੀ ਖੇਡ ਦੀ ਪ੍ਰਸ਼ੰਸਾ ਪ੍ਰਸੰਸਾ ਕਰਦੇ, ਤਾਂ ਲੇਖਕ ਨੂੰ ਮਹਿਸੂਸ ਹੁੰਦਾ ਹੈ ਕਿ ਲੋਕ ਉਸ ਦੀਆਂ ਤਾਰੀਫ਼ਾਂ ਕਰਦੇ ਹਨ। ਉਹ ਫੁੱਟਬਾਲ ਦੇ ਮੈਚ ਵਾਲੇ ਦਿਨ ਆਪਣੇ ਆਪ ਵਿਚ ਮਿਉਂਦਾ ਨਹੀਂ ਸੀ।
ਪ੍ਰਸ਼ਨ 4. ਲੇਖਕ ਦਾ ਜਨਮ-ਦਿਨ ਮਨਾਉਣ ਆਏ ਮੁੰਡੇ-ਕੁੜੀਆਂ ਵਿਚੋਂ ਲੇਖਕ ਨੂੰ ਕਾਂਤੀ ਨਾਂ ਦੀ ਕੁੜੀ ਕਿਉਂ ਚੰਗੀ ਲਗਦੀ ਹੈ?
ਉੱਤਰ : ਜਨਮ-ਦਿਨ ਮਨਾਉਣ ਆਏ ਮੁੰਡੇ-ਕੁੜੀਆਂ ਵਿਚੋਂ ਲੇਖਕ ਨੂੰ ਕਾਂਤੀ ਇਸ ਕਰਕੇ ਚੰਗੀ ਲਗਦੀ ਸੀ, ਕਿਉਂਕਿ ਉਹ ਬਸ਼ੀਰੇ ਨਾਲ ਗੱਲ-ਬਾਤ ਕਰਦੀ ਸੀ, ਉਸ ਦੇ ਮੂੰਹ-ਮੱਥੇ ਉੱਤੇ ਅਮੀਰੀ ਦੇ ਕੋਈ ਵੱਟ ਨਹੀਂ ਸਨ ਪੈਂਦੇ ਤੇ ਉਸ ਦੇ ਦਿਲ ਵਿਚ ਅੰਗਰੇਜ਼ੀ ਵੀ ਨਹੀਂ ਸੀ ਵਸੀ ਹੁੰਦੀ। ਉਸ ਨੇ ਲੇਖਕ ਲਈ ਲਿਆਂਦੀਆਂ ਸੁਗਾਤਾਂ ਵਿਚੋਂ ਇਕ ਰੰਗ-ਬਰੰਗੀ ਜਰਸੀ ਬਸ਼ੀਰੇ ਨੂੰ ਦਿੱਤੀ ਸੀ। ਕਾਂਤੀ ਜਦੋਂ ਵੀ ਹੱਸਦੀ ਸੀ, ਤਾਂ ਉਸ ਦੇ ਹਾਸੇ ਵਿੱਚੋਂ ਲੇਖਕ ਨੂੰ ਬਾਸਮਤੀ ਦੀ ਮਹਿਕ ਆਉਣ ਲੱਗ ਪੈਂਦੀ ਸੀ।
ਪ੍ਰਸ਼ਨ 5. ਲੇਖਕ ਅਤੇ ਬਸ਼ੀਰਾ ਆਪਣੇ ਭਵਿੱਖ ਬਾਰੇ ਕਿਹੜੀਆਂ ਵਿਉਂਤਾਂ ਬਣਾਉਂਦੇ ਸਨ?
ਉੱਤਰ : ਲੇਖਕ ਤੇ ਬਸ਼ੀਰਾ ਆਪਣੇ ਭਵਿੱਖ ਲਈ ਵਿਉਂਤਾਂ ਬਣਾਉਂਦੇ ਹੋਏ ਕਈ ਥਾਂ, ਕਈ ਸ਼ਹਿਰ ਤੇ ਕਈ ਧਰਤੀਆਂ ਉੱਡ ਚੁੱਕੇ ਸਨ। ਲੇਖਕ ਬਸ਼ੀਰੇ ਨੂੰ ਕਹਿੰਦਾ ਹੈ ਕਿ ਉਹ ਕਾਲਜ ਵਿਚ ਇਕੱਠੇ ਪੜ੍ਹਨਗੇ ਅਤੇ ਉਹ ਫੁੱਟਬਾਲ ਦੀ ਯੂਨੀਵਰਸਿਟੀ ਟੀਮ ਵਿਚ ਚੁਣਿਆ ਜਾਵੇਗਾ। ਬਸ਼ੀਰਾ ਲੇਖਕ ਨੂੰ ਕਹਿੰਦਾ ਕਿ ਉਹ ਬਹੁਤ ਸਾਰੀਆਂ ਕਿਤਾਬਾਂ ਲਿਖੇਗਾ ਅਤੇ ਬਹੁਤ ਸਾਰੇ ਲੋਕ ਉਸ ਦੀਆ ਕਿਤਾਬਾਂ ਪੜ੍ਹਿਆ ਕਰਨਗੇ। ਉਹ ਪਰਦੇਸਾਂ ਦੀਆਂ ਸੈਰਾਂ ਦੀਆਂ ਵਿਉਤਾਂ ਵੀ ਬਣਾਉਂਦੇ। ਬਸ਼ੀਰਾ ਉਸ ਨੂੰ ਛੇੜਦਾ ਕਿ ਜਦੋਂ ਉਹ ਪਰਦੇਸ ਤੋਂ ਪਰਤਣਗੇ, ਤਾਂ ਕਾਂਤੀ ਉਸ ਦੇ ਗਲ ਵਿਚ ਹਾਰ ਪਾਵੇਗੀ ਤੇ ਫਿਰ ਉਸ ਨਾਲ ਵਿਆਹ ਕਰਾਏਗੀ।
ਪ੍ਰਸ਼ਨ 6. ”ਮੀਏਂ ਨੇ ਮੱਝ ਖਰੀਦ ਲਈ ਏ।’ ਲੇਖਕ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਸੀ ਆ ਰਹੀ?
ਉੱਤਰ : ਲੇਖਕ ਨੂੰ ਬਸ਼ੀਰੇ ਦੀ ਇਹ ਗੱਲ ਇਸ ਕਰਕੇ ਸਮਝ ਨਹੀਂ ਸੀ ਆ ਰਹੀ ਕਿਉਂਕਿ ਉਸ ਦੀ ਦੁਨੀਆ ਵਿਚ ਮੱਝ ਦਾ ਜੋੜ ਦੁੱਧ-ਲੱਸੀ ਨਾਲ ਹੀ ਸੀ, ਜਦ ਕਿ ਬਸੀਰੇ ਦੀ ਦੁਨੀਆ ਵਿੱਚ ਇਸ ਦਾ ਸੰਬੰਧ ਘਰ ਦੇ ਗੁਜ਼ਾਰੇ ਨਾਲ ਸੀ, ਠੇਕੇਦਾਰ ਕੋਲ ਸਾਰਾ ਦੁੱਧ ਵੇਚ ਦੇਣ ਨਾਲ ਸੀ, ਜਿਸ ਕਰਕੇ ਉਹ ਆਪ ਦੁੱਧ ਲਈ ਤਰਸਦੇ ਰਹਿੰਦੇ ਸਨ ਤੇ ਉਨ੍ਹਾਂ ਨੂੰ ਸਕੂਲ ਜਾਣਾ ਛੱਡਣਾ ਪੈਂਦਾ ਸੀ।
ਪ੍ਰਸ਼ਨ 7. ‘ਬਸ਼ੀਰਾ’ ਕਹਾਣੀ ਦੇ ਅੰਤ ਵਿਚ ਲੇਖਕ, ਬਸ਼ੀਰੇ ਦੇ ਬਾਲ-ਮਨ ਦੀਆਂ ਉਡਾਰੀਆਂ ਨੂੰ ਪੂਰੀਆਂ ਕਰਨ ਲਈ ਕੀ ਕਲਪਨਾ ਕਰਦਾ ਹੈ?
ਉੱਤਰ : ਲੇਖਕ ਕਲਪਨਾ ਕਰਦਾ ਹੈ ਕਿ ਬੇਸ਼ੱਕ ਬਸ਼ੀਰਾ ਫੁੱਟਬਾਲ ਖੇਡਣ ਲਈ ਵਿਹਲ ਨਹੀਂ ਪ੍ਰਾਪਤ ਕਰ ਸਕਿਆ। ਉਹ ਕਾਲਜ ਤੇ ਯੂਨੀਵਰਸਿਟੀ ਟੀਮ ਵਿਚ ਨਹੀਂ ਜਾ ਸਕਿਆ, ਪਰ ਉਹ ਆਪਣੀ ਲੇਖਣੀ ਰਾਹੀਂ ਉਸ ਦਾ ਹਾਲ ਲਿਖੇਗਾ ਤੇ ਆਪਣੇ ਲੇਖਣੀ ਰਾਹੀਂ ਉਸ ਜ਼ਿੰਦਗੀ ਲਈ ਸੰਗਰਾਮ ਕਰੇਗਾ, ਜਿਸ ਵਿੱਚ ਠੇਕੇਦਾਰ ਦੁੱਧ ਨਹੀਂ ਚੁੱਕ ਸਕਣਗੇ, ਬਲਕਿ ਬਸ਼ੀਰੇ ਦੁੱਧ ਪੀਣਗੇ। ਜਿੱਥੇ ਕਿਸੇ ਦੀ ਫੁੱਟਬਾਲ ਨੂੰ ਕਿੱਕ ਮਾਰਨ ਦੀ ਸੱਧਰ ਅਧੂਰੀ ਨਹੀਂ ਰਹੇਗੀ। ਜਿੱਥੇ ਕੋਈ ਬਸ਼ੀਰੇ ਦੇ ਬਾਲ-ਮਨ ਦੀਆਂ ਉਡਾਰੀਆਂ ਨੂੰ ਸੰਗਲ ਪਾ ਕੇ ਮੱਝ ਦੇ ਕਿੱਲੇ ਨਾਲ ਨਹੀਂ ਬੰਨ੍ਹ ਸਕੇਗਾ।
ਬਸ਼ੀਰਾ : ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਬਸ਼ੀਰਾ’ ਕਹਾਣੀ ਦਾ ਲੇਖਕ ਕੌਣ ਹੈ?
ਉੱਤਰ : ਨਵਤੇਜ ਸਿੰਘ।
ਪ੍ਰਸ਼ਨ 2. ਬਸ਼ੀਰਾ/ਕਥਾਕਾਰ (ਕਹਾਣੀਕਾਰ ਜਾਂ ਮੈਂ-ਪਾਤਰ), ਕਾਂਤੀ ਕਿਸ ਕਹਾਣੀ ਦੇ ਪਾਤਰ ਹਨ?
ਉੱਤਰ : ਬਸ਼ੀਰਾ।
ਪ੍ਰਸ਼ਨ 3. ਕੌਣ-ਕੌਣ ਚੰਗੇ ਬੇਲੀ ਸਨ?
ਉੱਤਰ : ਬਸ਼ੀਰਾ ਤੇ ਮੈਂ ਪਾਤਰ ।
ਪ੍ਰਸ਼ਨ 4. ਕਹਾਣੀਕਾਰ ਦਾ ਬੇਲੀ ਕੌਣ ਸੀ?
ਉੱਤਰ : ਬਸ਼ੀਰਾ ।
ਪ੍ਰਸ਼ਨ 5. ਖੇਡਾਂ ਵਿਚ ਕੌਣ-ਕੌਣ ਹਾਣੀ ਬਣਦੇ?
ਉੱਤਰ : ਬਸ਼ੀਰਾ ਤੇ ਮੈਂ-ਪਾਤਰ ।
ਪ੍ਰਸ਼ਨ 6. ‘ਬਸ਼ੀਰੇ ਦੇ ਮੱਥੇ ਉੱਤੇ ਕਾਬਲੀ ਭੂੰਡ ਲੜਨ ਤੇ ਉਸ ਦੇ ਨੱਕ ਵਿਚੋਂ ਖੂਨ ਦੀ ਤਤੀਰੀ ਵਗਣ ਕਰਕੇ ਮੈਂ-ਪਾਤਰ ਰੋਣ ਲੱਗਾ। ਇਹ ਕਥਨ ਠੀਕ ਹੈ ਕਿ ਗਲਤ?
ਉੱਤਰ : ਠੀਕ ।
ਪ੍ਰਸ਼ਨ 7. ਮੈਂ-ਪਾਤਰ ਪੜ੍ਹਾਈ ਵਿਚ ਚੰਗਾ (ਤੇਜ਼) ਸੀ, ਪਰ ਬਸ਼ੀਰਾ ………..?
ਉੱਤਰ : ਖੇਡਾਂ ਤੇ ਦੌੜਾਂ ਵਿਚ ਚੰਗਾ (ਤੇਜ਼) ਸੀ।
ਪ੍ਰਸ਼ਨ 8. ਲੇਖਕ ਨੂੰ ਕਾਂਤੀ ਦਾ ਹਾਸਾ ਕਿਸ ਵਰਗਾ ਜਾਪਦਾ ਸੀ?
ਉੱਤਰ : ਬਾਸਮਤੀ ਦੀ ਮਹਿਕ ਵਰਗਾ।
ਪ੍ਰਸ਼ਨ 9. ਕੌਣ ਚੰਗਾ ਗਾਉਂਦਾ ਸੀ?
ਉੱਤਰ : ਬਸ਼ੀਰਾ।
ਪ੍ਰਸ਼ਨ 10. ……….. ਦੀ ਫੁੱਟਬਾਲ ਦੀ ਕਿੱਕ ਬੜੀ ਮਸ਼ਹੂਰ ਸੀ। ਵਾਕ ਵਿਚਲੀ ਖ਼ਾਲੀ ਥਾਂ ਭਰੋ।
ਉੱਤਰ : ਬਸ਼ੀਰੇ ।
ਪ੍ਰਸ਼ਨ 11. ਕਿਸ ਦਾ ਜਨਮ-ਦਿਨ ਮਨਾਇਆ ਜਾਂਦਾ ਸੀ?
ਉੱਤਰ : ਮੈਂ-ਪਾਤਰ ਦਾ ।
ਪ੍ਰਸ਼ਨ 12. ਮੈਂ-ਪਾਤਰ (ਲੇਖਕ) ਨੂੰ ਕਿਹੜੀ ਕੁੜੀ ਚੰਗੀ ਲਗਦੀ ਸੀ?
ਉੱਤਰ : ਕਾਂਤੀ ।
ਪ੍ਰਸ਼ਨ 13. ਕਾਂਤੀ ਨੇ ਬਸ਼ੀਰੇ ਨੂੰ ਕੀ ਦਿੱਤਾ ਸੀ?
ਉੱਤਰ : ਰੰਗ-ਬਰੰਗੀ ਜਰਸੀ ।
ਪ੍ਰਸ਼ਨ 14. ਮੈਂ-ਪਾਤਰ ਨੇ ਆਪਣੇ ਜਨਮ-ਦਿਨ ਉੱਤੇ ਬਸ਼ੀਰੇ ਨੂੰ ਕੀ ਸੁਗਾਤ ਦਿੱਤੀ?
ਉੱਤਰ : ਇਕ ਫੁੱਟਬਾਲ ।
ਪ੍ਰਸ਼ਨ 15. ਬਸ਼ੀਰੇ ਨੇ ਸਕੂਲੇ ਆਉਣਾ ਕਿਉਂ ਛੱਡ ਦਿੱਤਾ?
ਉੱਤਰ : ਘਰ ਦੇ ਗੁਜ਼ਾਰੇ ਲਈ ਮੱਝ ਚਾਰਨ ਖ਼ਾਤਰ ।
ਪ੍ਰਸ਼ਨ 16. ਬਸ਼ੀਰੇ ਦੇ ਘਰ ਵਾਲੇ ਸਾਰਾ ਦੁੱਧ ਕਿਉਂ ਵੇਚ ਦਿੰਦੇ ਸਨ?
ਉੱਤਰ : ਘਰ ਦੇ ਗੁਜ਼ਾਰੇ ਲਈ ।
ਪ੍ਰਸ਼ਨ 17. ਮੈਂ-ਪਾਤਰ ਲਈ ਮੱਝ ਦਾ ਜੋੜ ਕਿਸ ਚੀਜ਼ ਨਾਲ ਸੀ?
ਉੱਤਰ : ਦੁੱਧ ਲੱਸੀ ਨਾਲ ।
ਪ੍ਰਸ਼ਨ 18. ‘ਬਸ਼ੀਰੇ ਲਈ ਮੱਝ ਦਾ ਜੋੜ ਘਰ ਦੇ ਗੁਜ਼ਾਰੇ ਨਾਲ ਸੀ।’ ਇਹ ਕਥਨ ਸਹੀ ਹੈ ਜਾਂ ਗਲਤ?
ਉੱਤਰ : ਸਹੀ ।