CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਮੜ੍ਹੀਆਂ ਤੋਂ ਦੂਰ : ਸੰਖੇਪ ਉੱਤਰ ਵਾਲੇ ਪ੍ਰਸ਼ਨ


ਸੰਖੇਪ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਵਿਦੇਸ਼ੋਂ ਆਏ ਬਲਵੰਤ ਨੂੰ ਉਸ ਦੀ ਮਾਂ ਕੀ ਕਹਿੰਦੀ ਹੈ?

ਉੱਤਰ : ਵਿਦੇਸ਼ੋਂ ਆਏ ਬਲਵੰਤ ਦੀ ਮਾਂ ਉਸ ਨੂੰ ਗੁੱਸੇ ਤੇ ਦੁੱਖ ਨਾਲ ਕਹਿੰਦੀ ਹੈ ਕਿ ਉਸ ਨੂੰ ਪੰਝੀ ਸਾਲ ਇੰਗਲੈਂਡ ਗਏ ਨੂੰ ਹੋ ਗਏ ਹਨ, ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਂਵਾਂ ਨੂੰ ਕਿੰਨੀ ਵਾਰੀ ਇੰਗਲੈਂਡ ਬੁਲਾਇਆ ਹੈ, ਪਰ ਉਸ ਨੇ ਉਸ ਨੂੰ ਕਦੇ ਨਹੀਂ ਬੁਲਾਇਆ, ਜਿਸ ਕਰਕੇ ਆਢਣਾਂ-ਗੁਆਢਣਾਂ ਬੋਲੀਆਂ ਮਾਰਦੀਆਂ ਹਨ। ਉਹ ਉਨ੍ਹਾਂ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹੀ। ਉਹ ਤਾਂ ਰੰਨ ਦਾ ਹੀ ਹੋ ਕੇ ਰਹਿ ਗਿਆ ਹੈ ਤੇ ਉਹ ਤੁੱਲ ਗਿਆ ਹੈ ਕਿ ਉਸ ਨੇ ਉਸ ਦੀ ਪਾਲਣਾ ਕਰਦਿਆਂ ਕਿੰਨੇ ਦੁੱਖ ਸਹੇ ਹਨ।

ਪ੍ਰਸ਼ਨ 2 ਲੇਖਕ ਦੀ ਮਾਸੀ ਦਾ ਸੁਭਾ ਕਿਹੋ ਜਿਹਾ ਹੈ?

ਉੱਤਰ : ਮਾਸੀ ‘ਮੜ੍ਹੀਆਂ ਤੋਂ ਦੂਰ ਕਹਾਣੀ ਦੀ ਮੁੱਖ ਪਾਤਰ ਹੈ। ਉਹ ਸ਼ਕਲ-ਸੂਰਤ ਦੀ ਖੂਬਸੂਰਤ ਹੋਣ ਤੋਂ ਇਲਾਵਾ ਮਿਲਾਪੜੀ, ਮਿੱਠੀ ਤੇ ਮੋਹ ਲੈਣ ਵਾਲੀ ਸ਼ਖ਼ਸੀਅਤ ਦੀ ਮਾਲਕ ਹੈ। ਆਪਣੀ ਘੁੰਮਣ-ਫਿਰਨ ਦੀ ਇੱਛਾ ਪੂਰੀ ਕਰਾਉਣ ਲਈ ਉਹ ਨਿਹੋਰਿਆਂ ਤੇ ਗਿਲਿਆਂ ਤੋਂ ਕੰਮ ਲੈਂਦੀ ਹੈ। ਭਾਵਕ ਹੋਣ ਕਰਕੇ ਉਹ ਇੰਗਲੈਂਡ ਦੀ ਪਦਾਰਥਕ ਖ਼ੁਸ਼ਹਾਲੀ, ਸੁੰਦਰਤਾ, ਸੁਖ-ਸਹੂਲਤਾਂ ਤੇ ਮੌਸਮ ਨੂੰ ਦੇਖ ਕੇ ਇੰਨੀ ਮੋਹਿਤ ਹੋ ਜਾਂਦੀ ਹੈ ਕਿ ਮਹਾ-ਪ੍ਰਸੰਨਤਾ ਦੇ ਵੇਗ ਵਿੱਚ ਇੰਗਲੈਂਡ ਦੀਆਂ ਸਿਫ਼ਤਾਂ ਤੇ ਇੰਡੀਆ ਦੀ ਨਿੰਦਿਆ ਕਰਦੀ ਹੈ। ਉਹ ਸਹੀ ਅਰਥਾਂ ਵਿੱਚ ਧਾਰਮਿਕ, ਸੇਵਾ-ਭਾਵ ਵਾਲੀ, ਭਜਨ ਗਾ ਕੇ ਧੂੜਾਂ ਪੁੱਟਣ ਵਾਲੀ ਅੰਧ-ਵਿਸ਼ਵਾਸੀ ਤੇ ਪੁਰਾਣੇ ਵਕਤਾਂ ਦੀ ਔਰਤ ਦਾ ਨਮੂਨਾ ਹੈ। ਉਹ ਸਫ਼ਾਈ-ਪਸੰਦ, ਖਾਣ-ਪੀਣ ਦੀ ਸੁਕੀਨ, ਸ਼ਾਕਾਹਾਰੀ ਤੇ ਪਿਆਰ ਦੀ ਭੁੱਖੀ ਹੈ। ਉਹ ਇਕੱਲਤਾ ਭਰੇ ਅਪਣੱਤਹੀਨ ਜੀਵਨ ਅਤੇ ਓਪਰੇ ਸਭਿਆਚਾਰ ਕਾਰਨ ਘੋਰ ਨਿਰਾਸ਼ਾ ਦੀ ਸ਼ਿਕਾਰ, ਦੁਖਾਂਤਕ ਤੇ ਵਿਅੰਗਾਤਮਿਕ ਪਾਤਰ ਹੈ।

ਪ੍ਰਸ਼ਨ 3. ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਵਤੀਰਾ ਕਿਹੋ ਜਿਹਾ ਹੈ?

ਉੱਤਰ : ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚੇ ਆਪਣੇ ਮਾਪਿਆ ਦੇ ਕਹੇ ਨਹੀਂ ਲਗਦੇ। ਉਹ ਆਪਣੇ ਮਾਪਿਆ ਜਾਂ ਬਜ਼ੁਰਗਾਂ ਪ੍ਰਤੀ ਆਪਣਾ ਕੋਈ ਫਰਜ਼ ਨਹੀਂ ਸਮਝਦੇ ਤੇ ਉਨ੍ਹਾਂ ਦੀ ਮਰਜ਼ੀ ਦੀ ਪਰਵਾਹ ਕੀਤੇ ਬਗ਼ੈਰ ਆਪਣੇ ਫਰੈਂਡਾਂ ਨਾਲ ਬਣੇ ਪ੍ਰੋਗਰਾਮਾਂ ਤੇ ਟੈਲੀਵਿਜ਼ਨ ਦੇਖਣ ਆਦਿ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਨੂੰ ਮਾਪਿਆ ਨਾਲ ਗੁਰਦੁਆਰੇ ਤੇ ਮੰਦਰ ਜਾਣਾ ਵੀ ਪਸੰਦ ਨਹੀਂ।

ਪ੍ਰਸ਼ਨ 4. ਮਾਸੀ ਵਲੋਂ ਅਜਿਹੀ ਕਿਹੜੀ ਗੱਲ ਕਹੀ ਗਈ ਸੀ, ਜਿਸ ਨੇ ਲੇਖਕ ਨੂੰ ਕੀਲ ਲਿਆ ਸੀ?

ਉੱਤਰ : ਮਾਸੀ ਨੇ ਲੇਖਕ ਦੇ ਪੁੱਛਣ ‘ਤੇ ਕਿਹਾ ਸੀ ਕਿ ਉਹ ਗੁਰਦੁਆਰੇ ਵੀ ਜਾਵੇਗੀ ਤੇ ਮੰਦਰ ਵੀ। ਇਹ ਗੱਲ ਲੇਖਕ ਨੂੰ ਬਹੁਤ ਚੰਗੀ ਲੱਗੀ। ਮਾਸੀ ਨੇ ਕਿਹਾ ਕਿ ਹਿੰਦੂਆਂ-ਸਿੱਖਾ ਵਿੱਚ ਫ਼ਰਕ ਵਾਲੀ ਬਿਮਾਰੀ ਤਾਂ ਹੁਣੇ ਹੀ ਚੱਲੀ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ-ਘਰ ਨਾਲ ਬਹੁਤ ਪਿਆਰ ਸੀ। ਉਹ ਆਪਣੇ ਇੱਕ ਪੁੱਤਰ ਨੂੰ ਸਿੱਖ ਜ਼ਰੂਰ ਬਣਾਉਂਦੇ ਸਨ ਮਾਸੀ ਦੀ ਇਸ ਗੱਲ ਨੇ ਲੇਖਕ ਨੂੰ ਕੀਲ ਲਿਆ।

ਪ੍ਰਸ਼ਨ 5. ਮਾਸੀ ਨੇ ਲੇਖਕ ਨੂੰ ਮੜ੍ਹੀਆਂ-ਸਿਵਿਆਂ ਵਰਗੇ ਨਹਿਸ਼ ਬੋਲ ਬੋਲਣ ਤੋਂ ਕਿਉਂ ਵਰਜਿਆ?

ਉੱਤਰ : ਮਾਸੀ ਨੇ ਲੇਖਕ ਨੂੰ ਇੰਗਲੈਂਡ ਲਈ ਮੜ੍ਹੀਆਂ-ਸਿਵਿਆਂ ਵਰਗੇ ਨਹਿਸ਼ ਬੋਲ ਬੋਲਣ ਤੋਂ ਇਸ ਕਰਕੇ ਵਰਜਿਆ ਕਿਉਂਕਿ ਮਾਸੀ ਇੰਗਲੈਂਡ ਦੇ ਲੋਕਾਂ, ਉੱਥੋਂ ਦੀ ਸਫ਼ਾਈ, ਮੌਸਮ ਤੇ ਸੁਖ-ਸਹੂਲਤਾਂ ਨੂੰ ਦੇਖ ਕੇ ਇੰਨੀ ਦੀਵਾਨੀ ਹੋ ਗਈ ਸੀ ਕਿ ਉਹ ਉਸ ਥਾਂ ਨੂੰ ਧਰਤੀ ਦਾ ਸਵਰਗ ਸਮਝਣ ਲੱਗੀ ਸੀ ਤੇ ਉਹ ਸਦਾ ਲਈ ਉੱਥੇ ਵਸ ਜਾਣਾ ਚਾਹੁੰਦੀ ਸੀ। ਜਦੋਂ ਲੇਖਕ ਨੇ ਬੁਖ਼ਾਰ ਹੋਣ ਕਰਕੇ ਛੁੱਟੀ ਲਈ ਤੇ ਉਸ ਨੇ ਇਕੱਲਤਾ ਕਾਰਨ ਮਾਸੀ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨੂੰ ਇੰਗਲੈਂਡ ਦੀ ‘ਮੜ੍ਹੀਆਂ ਵਰਗੀ ਚੁੱਪ’ ਖਾਣ ਨੂੰ ਆਉਂਦੀ ਹੈ, ਤਾਂ ਮਾਸੀ ਨੂੰ ਸੁਖ-ਸਹੂਲਤਾਂ ਤੇ ਖੁਸ਼ਹਾਲੀ ਨਾਲ ਭਰੇ ਇੰਗਲੈਂਡ ਲਈ ਲੇਖਕ ਦੁਆਰਾ ਵਰਤੇ ਇਹ ਸ਼ਬਦ ਬਹੁਤ ਬੁਰੇ ਲੱਗੇ। ਇਸੇ ਕਰਕੇ ਹੀ ਉਸ ਨੇ ਲੇਖਕ ਨੂੰ ਇਹ ਸ਼ਬਦ ਵਰਤਣ ਤੋਂ ਵਰਜਿਆ।

ਪ੍ਰਸ਼ਨ 6. ”ਮੈਂ ਆਪਨੀਆਂ-ਬੰਤ ਬੇਟਾ, ਆਹ ਇੰਡੀਆ ਤੋਂ ਤੇਰੇ ਬਾਊ ਜੀ ਦੀ ਚਿੱਠੀ ਆਈ ਹੈ, ਨਾਲੇ ਤੇਰੀ ਭੈਣ ਦੀ ਵੀ।’ ਮਾਸੀ ਨੇ ਇਹ ਸ਼ਬਦ ਲੇਖਕ ਨੂੰ ਕਿਉਂ ਕਹੇ?

ਉੱਤਰ : ਇਹ ਸ਼ਬਦ ਮਾਸੀ ਨੇ ਲੇਖਕ ਨੂੰ ਇਹ ਦੱਸਣ ਲਈ ਕਹੇ ਕਿ ਕਿਸ ਤਰ੍ਹਾਂ ਉਸ ਦੇ ਪੁੱਤਰ ਦੀ ਆਪਣੇ ਮਾਪਿਆ ਵਿੱਚ ਕੋਈ ਦਿਲਚਸਪੀ ਨਹੀਂ ਰਹੀ, ਸਗੋਂ ਉਸ ਦਾ ਵਤੀਰਾ ਬੇਰੁਖ਼ੀ ਭਰਿਆ ਹੈ। ਉਹ ਤੇ ਉਸ ਦੀ ਪਤਨੀ ਤਾਂ ਸਵੇਰੇ ਪਤਾ ਨਹੀਂ ਕਦੋਂ ਕੰਮ ਉੱਤੇ ਚਲੇ ਜਾਂਦੇ ਹਨ ਤੇ ਰਾਤ ਨੂੰ ਦਸ ਵਜੇ ਤੋਂ ਪਿੱਛੇ ਇੰਨੇ ਥੱਕੇ ਹੋਏ ਘਰ ਆਉਂਦੇ ਹਨ ਕਿ ਬੀਅਰ ਦਾਰੂ ਪੀ ਕੇ ਰੋਟੀ ਖਾਂਦਿਆ ਹੀ ਕਮਰੇ ਵਲ ਨੱਸਣ ਦੀ ਗੱਲ ਕਰਦੇ ਹਨ। ਜੇਕਰ ਉਹ ਬਲਵੰਤ ਨੂੰ ਦੱਸਦੀ ਹੈ ਕਿ ਉਸ ਦੇ ਬਾਊ ਜੀ ਜਾਂ ਭੈਣ ਦੀ ਚਿੱਠੀ ਆਈ ਹੈ, ਤਾਂ ਉਹ ਉਸ ਵਿੱਚ ਕੋਈ ਦਿਲਚਸਪੀ ਜ਼ਾਹਿਰ ਨਹੀਂ ਕਰਦਾ, ਸਗੋਂ ਕਹਿ ਦਿੰਦਾ ਹੈ ਕਿ ਉਹ ਆਪ ਹੀ ਉਸਦਾ ਜਵਾਬ ਦੇ ਦੇਵੇ। ਉਹ ਉਸ ਦੇ ਇਸ ਬੇਪਰਵਾਹੀ ਭਰੇ ਤੇ ਮੋਹ-ਪਿਆਰ ਤੋਂ ਸੱਖਣੇ ਵਤੀਰੇ ਕਰਕੇ ਬਹੁਤ ਦੁਖੀ ਹੈ। ਇਸ ਕਰਕੇ ਉਹ ਉੱਥੇ ਨਹੀਂ ਰਹਿਣਾ ਚਾਹੁੰਦੀ।

ਪ੍ਰਸ਼ਨ 7. ਮਾਸੀ ਇੰਗਲੈਂਡ ਤੋਂ ਇੰਡੀਆ ਕਿਉਂ ਪਰਤ ਆਉਣਾ ਚਾਹੁੰਦੀ ਹੈ?

ਉੱਤਰ : ਮਾਸੀ ਆਪਣੇ ਪੁੱਤਰ ਬਲਵੰਤ ਤੇ ਉਸ ਦੀ ਪਤਨੀ ਦੇ ਬੇ-ਰੁਖ਼ੀ ਭਰੇ ਅਤੇ ਉਸ ਦੇ ਬੱਚਿਆਂ ਦੇ ਮੋਹ-ਪਿਆਰ ਤੋਂ ਸੱਖਣੇ ਵਤੀਰੇ ਕਰਕੇ ਇੰਗਲੈਂਡ ਨੂੰ ਛੱਡ ਕੇ ਇੰਡੀਆ ਪਰਤ ਆਉਣਾ ਚਾਹੁੰਦੀ ਹੈ। ਉਸ ਨੂੰ ਆਪਣੇ ਪੁੱਤਰ ਬਲਵੰਤ ਦਾ ਵਤੀਰਾ ਆਪਣੇ ਲਈ ਕਿਸੇ ਦਿਲਚਸਪੀ ਤੋਂ ਸੱਖਣਾ ਜਾਪਦਾ ਹੈ, ਜਿਸ ਕੋਲ ਆਪਣੇ ਬਾਊ ਜੀ ਤੇ ਭੈਣ ਦੀ ਚਿੱਠੀ ਪੜ੍ਹਨ ਲਈ ਵਕਤ ਨਹੀਂ ਸੀ। ਉਸ ਨੂੰ ਆਪਣੀ ਨੂੰਹ ਦਾ ਰਵੱਈਆ ਗੋਰੀਆਂ ਤੋਂ ਵੀ ਭੈੜਾ ਤੇ ਆਦਰ-ਸਤਿਕਾਰ ਰਹਿਤ ਜਾਪਦਾ ਹੈ। ਉਸਨੂੰ ਆਪਣੇ ਪੋਤੇ-ਪੋਤਰੀਆਂ ਵੀ ਕਹਿਣੇ ਤੋਂ ਬਾਹਰ ਤੇ ਚੰਗੇ ਲੱਛਣਾਂ ਵਾਲੇ ਨਹੀਂ ਜਾਪਦੇ। ਉਸ ਨੂੰ ਬੱਚਿਆਂ ਦੁਆਰਾ ਮਾਸ-ਮੱਛੀ ਤਲ-ਤਲ ਕੇ ਖਾਣ ਨਾਲ ਆਪਣਾ ਧਰਮ ਭ੍ਰਿਸ਼ਟ ਹੋਇਆ ਜਾਪਦਾ ਹੈ। ਉਸ ਦੀ ਬੱਚਿਆਂ ਨਾਲ ਬੋਲੀ ਦੀ ਸਾਂਝ ਨਹੀਂ ਸੀ। ਅਜਿਹੀ ਸਥਿਤੀ ਵਿੱਚ ਉਸਨੂੰ ਜਾਪਦਾ ਹੈ ਕਿ ਉਹ ਉੱਥੇ ਘੁੱਟ-ਘੁੱਟ ਕੇ ਮਰ ਜਾਵੇਗੀ। ਉਸ ਨੂੰ ਉੱਥੋਂ ਦਾ ਵਾਤਾਵਰਨ ਮੜ੍ਹੀਆਂ ਤੋਂ ਵੀ ਬੁਰਾ ਜਾਪਦਾ ਹੈ। ਇਸ ਕਰਕੇ ਉਹ ਉੱਥੋਂ ਵਾਪਸ ਭਾਰਤ ਪਰਤ ਆਉਣਾ ਚਾਹੁੰਦੀ ਹੈ।

ਪ੍ਰਸ਼ਨ 8. ਬਲਵੰਤ ਰਾਏ ਦਾ ਸੁਭਾਅ ਕਿਹੋ ਜਿਹਾ ਹੈ? 

ਉੱਤਰ : ਬਲਵੰਤ ਰਾਏ ‘ਮੜ੍ਹੀਆਂ ਤੋਂ ਦੂਰ’ ਕਹਾਣੀ ਦਾ ਇਕ ਮਹੱਤਵਪੂਰਨ ਪਾਤਰ ਹੈ। ਉਹ ਪਿਛਲੇ 25 ਸਾਲਾਂ ਤੋਂ ਇੰਗਲੈਂਡ ਵਿਚ ਰਹਿ ਰਿਹਾ ਸੀ। ਉਸ ਦੀ ਪਤਨੀ ਦਾ ਨਾਂ ਬਿੰਦੂ ਹੈ। ਉਸ ਦੀ ਪਤਨੀ ਤੋਂ ਬਿਨਾਂ ਉਸ ਦੀਆਂ ਦੋ ਧੀਆਂ ਤੇ ਇਕ ਪੁੱਤਰ ਹੈ। ਉਹ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਜਾਂਦਾ ਹੈ। ਉਹ ਤੇ ਉਸ ਦੀ ਪਤਨੀ ਦੁਕਾਨਾਂ ਚਲਾਉਂਦੇ ਹਨ। ਉਸ ਦਾ ਸਰੀਰਕ ਰੰਗ-ਰੂਪ ਆਪਣੀ ਮਾਂ ਦੇ ਮੁਕਾਬਲੇ ‘ਕਣਕ ‘ਚ ਕਾਂਗਿਆਰੀ’ ਵਰਗਾ ਹੈ। ਉਹ ਮਾਂ ਨੂੰ ਪਿਆਰ ਕਰਨ ਵਾਲਾ ਸੱਚਾ, ਸਪੱਸ਼ਟ, ਬੱਚਿਆਂ ਸਾਹਮਣੇ ਬੇਵੱਸ ਤੇ ਕੰਮ ਵਿਚ ਫਸਿਆ ਰਹਿਣ ਵਾਲਾ ਵਿਅਕਤੀ ਹੈ। ਉਹ ਇੰਗਲੈਂਡ ਵਿਚ ਉਸ ਵਲ ਪੂਰੀ ਤਰ੍ਹਾਂ ਧਿਆਨ ਦੇਣ ਤੋਂ ਅਸਮਰਥ ਰਹਿੰਦਾ ਹੈ, ਜਿਸ ਦੇ ਸਿੱਟੇ ਵਜੋਂ ਉਹ ਬੁਰੀ ਤਰ੍ਹਾਂ ਨਿਰਾਸ਼ ਹੋ ਜਾਂਦੀ ਹੈ। ਆਪਣੇ ਰੁਝੇਵੇਂ ਬਾਰੇ ਉਸ ਨੇ ਆਪਣੀ ਮਾਂ ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਸ ਨੇ ਆਪਣਾ ਦਿਲ ਆਪ ਹੀ ਲਾਉਣਾ ਹੈ।