ਲੇਖ : ਭਗਤ ਰਵੀਦਾਸ ਜੀ


ਭਗਤ ਕਵੀ ਰਵਿਦਾਸ / ਭਗਤ ਰੈਦਾਸ ਜੀ


ਭਗਤ ਰਵਿਦਾਸ ਜੀ ਦੀ ਰਚਨਾ ਨੂੰ ਆਦਿ ਗ੍ਰੰਥ ਵਿਚ ਸ਼ਾਮਲ ਕਰਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਆਸ਼ੇ ਦੇ ਅਨੁਕੂਲ ਹੀ ਉਨ੍ਹਾਂ ਦੀ ਰਚਨਾ ਨੂੰ ਸਮਝ ਕੇ ਸਮੁੱਚਾ ਮਾਨਵਜਾਤੀ ਸਾਹਮਣੇ ਮਾਨਵਵਾਦੀ ਦੀ ਭਰਾਤਰੀਪੁਣਾ, ਆਸ਼ਾਵਾਦ ਮਨੁੱਖੀ ਫਿਰਕਿਆਂ ਵਿਚ ਬਰਾਬਰੀ ਦੇ ਸੰਕਲਪ ਨੂੰ ਮਾਨਤਾ ਪ੍ਰਦਾਨ ਕੀਤੀ ਹੈ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਾਂ, ਤੇ ਨਾਲ ਰਵਿਦਾਸ ਜੀ ਦੀ ਰਚਨਾ ਨੂੰ ਵੀ ਆਦਰ ਸਤਿਕਾਰ ਭੇਂਟ ਕਰਦੇ ਹੋਏ ਮੱਥਾ ਟੇਕਦੇ ਹਾਂ। ਭਗਤ ਰਵਿਦਾਸ ਜੀ ਦੇ ਜੀਵਨ ਦਾ ਜੇ ਅਸੀਂ ਅਧਿਐਨ ਕਰੀਏ ਤਾਂ ਉਨ੍ਹਾਂ ਦੇ ਜੀਵਨ ਦੀਆਂ ਘਟਨਾਵਾਂ ਵਿਚ ਜੋ ਮਾਨਵੀ ਸਰੋਕਾਰ ਅਸੀਂ ਪ੍ਰਾਪਤ ਕਰ ਸਕਦੇ ਹਾਂ, ਉਹ ਅੱਜ ਦੇ ਮਨੁੱਖੀ ਜੀਵਨ ਨੂੰ ਸੇਧ ਦੇ ਸਕਦੇ ਹਨ।

ਭਗਤ ਰਵਿਦਾਸ ਜੀ ਦੇ ਜੀਵਨ-ਕਾਲ ਬਾਰੇ ਭਾਵੇਂ ਵਿਦਵਾਨਾਂ ਵਿਚ ਬਹੁਤ ਮਤਭੇਦ ਹਨ, ਪਰ ਇਸ ਗੱਲ ਬਾਰੇ ਆਮ ਸਹਿਮਤੀ ਬਣਦੀ ਹੈ ਕਿ ਭਗਤ ਰਵਿਦਾਸ ਬਿਕ੍ਰਮੀ ਦੀ ਪੰਦਰਵੀਂ ਸਦੀ ਵਿਚ ਪੈਦਾ ਹੋਏ। ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿਚ ਲਿਖਦੇ ਹਨ ਰਵਿਦਾਸ ਕਾਸ਼ੀ ਦੇ ਵਸਨੀਕ ਰਾਮਾਨੰਦ ਜੀ ਦੇ ਚੇਲੇ ਤੇ ਕਬੀਰ ਜੀ ਦੇ ਸਮਕਾਲੀ ਸਨ। ਭਗਤ ਰਵਿਦਾਸ ਅਛੂਤ ਘਰ ਪੈਦਾ ਹੋਏ। ਕਈ ਵਾਰ ਉਨ੍ਹਾਂ ਨੇ ਆਪਣੇ ਆਪ ਨੂੰ ਚਮਾਰ ਜਾਤ ਦਾ ਦੱਸਿਆ ਹੈ। ਅਜਿਹੇ ਅਣਗੌਲੇ, ਅਛੂਤ ਬਾਰੇ ਉਨ੍ਹਾਂ ਦੇ ਜੀਵਨ ਦੀ ਜਾਣਕਾਰੀ ਪ੍ਰਾਪਤ ਕਰਨੀ ਅਸੰਭਵ ਜਿਹੀ ਜਾਪਦੀ ਹੈ। ‘ਕਹੇ ਰਵਿਦਾਸ ਚਮਾਰਾ’ ਦੀਆਂ ਸਤਰਾਂ ਇਹ ਸਪਸ਼ਟ ਕਰਦੀਆਂ ਹਨ ਕਿ ਉਹ ਕਿਸੇ ਚਮਾਰ ਬਸਤੀ ਵਿਚ ਪੈਦਾ ਹੋਏ ਸਨ, ਪਰ ਮਹਤਵਪੂਰਨ ਗੱਲ ਅੱਜ ਦੇ ਸਮਾਜ ਲਈ ਇਹ ਹੈ ਕਿ ਇਕ ਅਛੂਤ ਬਸਤੀ ਵਿਚ ਪੈਦਾ ਹੋ ਕੇ ਵੀ ਰਵਿਦਾਸ ਇੰਨੇ ਮਹਾਨ ਸਮਾਜ ਸੁਧਾਰਕ ਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਵਾਲੇ ਬਣੇ ਕਿ ਜਿਨ੍ਹਾਂ ਦੀ ਅੱਜ ਦੇ ਯੁੱਗ ਲਈ ਬਹੁਤ ਸਾਰਥਿਕਤਾ ਹੈ।

ਭਗਤ ਰਵਿਦਾਸ ਜੀ ਦੇ ਜੀਵਨ, ਪਰਿਵਾਰ, ਮਾਂ-ਬਾਪ, ਪਤਨੀ ਬਾਰੇ ਜੋ ਕੁੱਝ ਜਾਣਕਾਰੀ ਹਾਸਲ ਹੋ ਸਕਦੀ ਹੈ ਉਸਦਾ ਆਧਾਰ ਕੇਵਲ ਉਨ੍ਹਾਂ ਦੀ ਬਾਣੀ ਹੈ, ਜਿਸਦੇ ਆਧਾਰ ਤੇ ਸਾਰੇ ਕਿਆਸ ਲਾਏ ਜਾਂਦੇ ਰਹੇ ਹਨ। ਪ੍ਰਮਾਣਿਕ ਸਬੂਤ ਸਹਿਤ ਖੋਜ ਅਜੇ ਤੱਕ ਸਾਹਮਣੇ ਨਹੀ ਆਈ। ਇਸ ਨਾਲ ਉਨ੍ਹਾਂ ਦੀ ਮਹਤੱਤਾ ਘੱਟਦੀ ਨਹੀਂ, ਸਗੋਂ ਇਹ ਗੱਲ ਬੜੇ ਮਾਣ ਨਾਲ ਕਹੀ ਜਾ ਸਕਦੀ ਹੈ ਕਿ ਅਜਿਹਾ ਪੁਰਸ਼ ਜਿਸਨੂੰ ਆਪਣੇ ਆਪ ਨੂੰ ਚਮਾਰ ਅਖਵਾਉਣ ਵਿਚ ਕੋਈ ਹੇਠੀ ਨਹੀਂ, ਜੋ ਜੁੱਤੀਆਂ ਗੰਢਣ, ਤੇ ਪਸ਼ੂਆਂ ਦੀ ਚਮੜੀ ਲਾਹੁਣ ਦਾ ਕੰਮ ਵੀ ਕਰਦੇ ਰਹੇ,ਉਹ ਅੱਜ ਦੇ ਯੁੱਗ ਨੂੰ ਇਹ ਪ੍ਰੇਰਣਾ ਦਿੰਦੇ ਹਨ ਕਿ ਕੰਮ ਕੋਈ ਵੀ ਹੋਵੇ ਛੋਟਾ ਨਹੀਂ ਹੁੰਦਾ, ਬੱਸ ਇਮਾਨਦਾਰੀ ਨਾਲ ਕੀਤਾ ਗਿਆ ਹੋਵੇ ਅਤੇ ਨਾ ਹੀ ਕੋਈ ਜਾਤ ਛੋਟੀ ਹੁੰਦੀ ਹੈ। ਜਿਥੋਂ ਤੱਕ ਉਨ੍ਹਾਂ ਦੀ ਜਾਤ ਅਤੇ ਕੰਮ ਦਾ ਸੁਆਲ ਹੈ, ਸਪਸ਼ਟ ਤੌਰ ਤੇ ਉਨ੍ਹਾਂ ਨੇ ਆਪ ਹੀ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ ਤੇ ਇਹ ਸਾਰੇ ਤੱਥ ਉਨ੍ਹਾਂ ਦੀ ਰਚਨਾ ਵਿਚ ਸ਼ਾਮਲ ਆਦਿ ਗ੍ਰੰਥ ਵਿਚ ਸ਼ਾਮਲ ਹਨ।

ਅਜਿਹੇ ਅਣਪਛਾਤੇ, ਅਛੂਤ, ਸਹੂਲਤਾਂ ਤੋਂ ਸਖਣੇ ਮਾਹੌਲ ਵਿਚ ਪਲਦਿਆਂ ਅਜਿਹੇ ਬਾਲਕ ਨੂੰ ਕਿਹੜੇ ਆਮ ਬੱਚਿਆਂ ਵਰਗੇ ਖਿਡਾਉਣੇ ਤੇ ਚਾਅ ਮਲਾਰ ਨਾਲ ਕਿਸ ਤਰ੍ਹਾਂ ਪਾਲਿਆ ਜਾ ਸਕਦਾ ਸੀ। ਅਜੋਕੀ ਮਾਨਵੀ ਬੁੱਧੀ ਇਸ ਤੱਥ ਨਾਲ ਹੈਰਾਨ ਹੋ ਜਾਂਦੀ ਹੈ ਕਿ ਵਿਦਿਆ ਦੇ ਮੁੱਢਲੇ ਅੱਖਰ ਸਿੱਖਣ ਲਈ ਵੀ ਉਨ੍ਹਾਂ ਨੂੰ ਕੋਈ ਪਾਠਸ਼ਾਲਾ ਵਾਲਾ ਸਾਧਨ ਨਹੀਂ ਮਿਲਿਆ ਹੋਵੇਗਾ, ਪਰ ਇਹ ਤਾਂ ਉਨ੍ਹਾਂ ਦੀ ਤੀਖਣ ਬੁਧੀ, ਮਾਹੌਲ ਨੂੰ ਪੜ੍ਹਨ ਦੀ ਸੋਝੀ, ਵਿਦਵਾਨ ਸਾਧੂ ਜਿਨ੍ਹਾਂ ਦੀ ਸੰਗਤ ਸੀ, ਜਿਸਨੇ ਉਨ੍ਹਾਂ ਨੂੰ ਵਿਦਿਆ ਦੇ ਮੁੱਢਲੇ ਅੱਖਰ ਸਿਖਾਏ ਤੇ ਮਾਨਵਤਾ ਦੇ ਪਿਆਰ ਲਈ ਚਾਨਣ ਦੇ ਬੀਜ ਬੋਏ। ਵਾਲ ਤੋਂ ਵੀ ਬਰੀਕ ਤਲਵਾਰ ਨਾਲੋਂ ਵੀ ਤੇਜ਼ ਰਸਤੇ ਤੇ ਨੰਗੇ ਪੈਰ ਤੁਰਨ ਵਾਲੇ ਲੋਕ ਹੀ ਮਨੁੱਖਤਾ ਲਈ ਸਦੀਵੀ ਪੈੜਾਂ ਛੱਡਦੇ ਹਨ, ਜਿਨ੍ਹਾਂ ਤੇ ਅਜੋਕੀ ਪੀੜ੍ਹੀ ਦੇ ਲੋਕ ਚਲਕੇ ਆਪਣੇ ਆਪ ਨੂੰ ਮਾਣ ਵਾਲਾ ਮਹਿਸੂਸ ਕਰਦੇ ਹਨ।

ਆਦਿ ਗ੍ਰੰਥ ਵਿਚ ਬਾਣੀ ਸ਼ਾਮਲ ਹੋਣ ਕਰਕੇ, ਆਪ ਜੀ ਦੀ ਰਚਨਾ ਸਿੱਖੀ ਦੇ ਮੁੱਢਲੇ ਅਸੂਲ ਗ੍ਰਹਿਸਥ ਜੀਵਨ ਦੀ ਮਹਿਮਾ ਨੂੰ ਸੰਪੂਰਣ ਢੰਗ ਨਾਲ ਸਵੀਕਾਰ ਕਰਦੀ ਹੈ। ਆਪ ਜੀ ਦੀ ਰਚਨਾ ਵਿਚ ‘ਸੋਹੰ’, ‘ਸੁਹਾਗਨ’, ‘ਦੁਹਾਗਨਿ’ ਆਦਿ ਦੇ ਸੰਕੇਤ ਇਹ ਪ੍ਰਗਟ ਕਰਦੇ ਹਨ ਕਿ ਆਪ ਜੀ ਨੇ ਗ੍ਰਹਿਸਥ ਮਾਰਗ ਨੂੰ ਜਰੂਰ ਅਪਣਾਇਆ ਹੋਵੇਗਾ। ਜਨਮ ਸਾਖੀਆਂ ਵਿਚ ਉਨ੍ਹਾਂ ਦੀ ਪਤਨੀ ਦਾ ਨਾ ‘ਲੋਨਾ’ ਮੰਨਿਆ ਗਿਆ ਹੈ, ਪਰ ਸੰਤਾਨ ਬਾਰੇ ਕੋਈ ਠੋਸ ਹਕੀਕਤ ਸਬੂਤਾਂ ਸਹਿਤ ਸਾਹਮਣੇ ਨਹੀਂ ਆਈ।

ਭਗਤ ਰਵਿਦਾਸ ਜੀ ਦੀ ਲਿਵ ਚਾਹੇ ਪਰਮਾਤਮਾ ਨਾਲ ਜੁੜੀ ਰਹਿੰਦੀ ਸੀ, ਪਰ ਆਪਣੀ ਰਚਨਾ ਵਿਚ ਉਨ੍ਹਾਂ ਦੇ ਸਮਾਜਕ ਸਰੋਕਾਰ ਬੜੀ ਉੱਚੀ ਸੁਰ ਉਭਾਰਦੇ ਹੋਏ ਵੀ ਨਜ਼ਰ ਆਉਂਦੇ ਹਨ। ਅੱਜ ਦੇ ਮਨੁੱਖ ਲਈ ਉਨ੍ਹਾਂ ਦਾ ਪੈਗਾਮ ਇਹ ਹੈ ਕਿ ਸਾਰੇ ਲੋਕ ਪਰਮਾਤਮਾ ਦੁਆਰਾ ਸਾਜੇ ਹੋਏ ਇਕ ਸਮਾਨ ਹਨ ਤੇ ਜੋ ਸੰਸਾਰ ਵਿਚ ਜਾਤ-ਪਾਤ, ਰੰਗ, ਨਸਲ ਦੇ ਵਿਤਕਰੇ ਹਨ, ਉਹ ਸਭ ਮਨੁੱਖ ਦੇ ਆਪ ਬਣਾਏ ਹੋਏ ਹਨ ਤੇ ਉਨ੍ਹਾਂ ਨੂੰ ਸਮੁੱਚੀ ਮਾਨਵਜਾਤੀ ਲਈ ਖਤਮ ਕਰਨ ਦੀ ਲੋੜ ਹੈ। ਰਚਨਾ ਦਾ ਪੂਰੀ ਤਰ੍ਹਾਂ ਵਿਸ਼ਲੇਸ਼ਣ ਕਰੀਏ ਤਾਂ ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਤਾਂ ਰਾਗ ਮਾਰੂ ਵਿਚ ਇਹ ਸ਼ਬਦ ਉੱਚ ਨੀਚ ਦਾ ਫਰਕ ਮਿਟਾਉਣ ਲਈ ਇਕ ਸੁਨਿਹਰੀ ਅਸੂਲ ਪ੍ਰਵਾਨ ਕੀਤਾ ਜਾ ਸਕਦਾ ਹੈ।

(ੳ) ਐਸੀ ਲਾਲ ਤੁਝ ਬਿਨੁ ਕਉਨੁ ਕਰੇ॥

ਗਰੀਬ ਨਿਵਾਜੁ ਗੁਸਈਆ, ਮੇਰੇ ਮਾਥੈ ਛਤ੍ਰ ਧਰੈ॥ ਰਹਾਉ॥

ਜਾ ਕੀ ਛੋਤਿ ਜਗਤ ਕਉ ਲਾਗੇ, ਤਾ ਫਿਰ ਤੁਹੀਂ ਢਰੈ॥

(ਰਾਹਾ ਮਾਰੂ ਅੰਗ 1106)

(ਅ) ਨੀਚਹੁ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ।।1।।

ਇਸੇ ਤਰ੍ਹਾਂ ਰਾਗ ਗਾਉੜੀ ਵਿਚ ਉਨ੍ਹਾਂ ਨੇ ਇਸ ਭਾਵ ਨੂੰ ਵਧਰੇ ਬਲਵਾਨ ਬਣਾ ਕੇ ਸੁੱਚ ਤੇ ਭਿੱਟ ਦਾ ਸੰਕਲਪ ਪੇਸ਼ ਕਰਦੇ ਹੋਏ, ਜੋ ਇਨ੍ਹਾਂ ਦਾ ਖੰਡਨ ਰਵਿਦਾਸ ਜੀ ਨੇ ਕੀਤਾ ਹੈ, ਉਹ ਅੱਜ ਦੇ ਵਿਗਿਆਨਕ ਯੁੱਗ ਵਿਚ ਆ ਕੇ ਉਸਦੀ ਉਪਯੋਗਿਤਾ ਵਧੇਰੇ ਹੋ ਗਈ ਹੈ। ਰਾਗ ਮਲਾਹ ਤੇ ਰਾਗ ਸੋਰਠਿ ਵਿਚ ਨਸ਼ਿਆ ਦੇ ਵਿਰੁਧ ਵਿਚ ਜੋ ਆਵਾਜ ਭਗਤ ਰਵਿਦਾਸ ਨੇ ਉਠਾਈ ਹੈ, ਉਹ ਅੱਜ ਦੀ ਮਾਨਵਜਾਤੀ ਲਈ ਬੜੀ ਉਪਯੋਗੀ ਹੈ, ਜਿੱਥੇ ਪੰਜਾਬ ਵਿਚ ਹੁਣ ਸ਼ਰਾਬ ਦਾ ਛੇਵਾਂ ਦਰਿਆ ਹੀ ਵਗਣਾ ਆਰੰਭ ਹੋ ਗਿਆ ਹੈ। ਆਧੁਨਿਕ ਸਮੇਂ ਵਿਚ ਆ ਕੇ ਜਿੱਥੇ ਪਦਾਰਥਵਾਦ ਵਿਚ ਬੇਲੋੜਾ ਵਾਧਾ ਹੋਇਆ ਹੈ, ਉੱਥੇ ਧਰਮ ਵਿਚ ਅਡੰਬਰਵਾਦ ਸਿਰ ਚੜ੍ਹਕੇ ਬੋਲ ਰਿਹਾ ਹੈ। ਭਗਤ ਰਵਿਦਾਸ ਜੀ ਨੇ ਸਪਸ਼ਟ ਸ਼ਬਦਾਂ ਵਿਚ ਦਿਖਾਵਾਵਾਦ ਨੂੰ ਤਿਆਗਣ ਦੀ ਪ੍ਰੇਰਣਾ ਕੀਤੀ ਹੈ ਤੇ ਹਰ ਪ੍ਰਕਾਰ ਦੇ ਪਾਖੰਡ ਕਰਨ ਤੋਂ ਮਨ੍ਹਾਂ ਕੀਤਾ ਹੈ। ਇਸ ਤਰ੍ਹਾਂ ਕਈ ਤਰ੍ਹਾਂ ਦੇ ਅਖੌਤੀ ਤੀਰਥ ਅਸਥਾਨ ਤੇ ਅਠਾਹਠ ਤੀਰਥਾਂ ਦੀ ਨਿਖੇਧੀ ਜੋ ਉਨ੍ਹਾਂ ਦੀ ਰਚਨਾ ਵਿਚ ਪੇਸ਼ ਹੋਈ ਹੈ। ਉਹ ਅੱਜ ਦੇ ਅਖੌਤੀ ਸੰਤਾਂ ਤੇ ਧਰਮ ਦੇ ਠੇਕੇਦਾਰਾਂ ਲਈ ਇਕ ਸਪਤ ਨਸੀਹਤ ਹੈ ਕਿ ਅਸੀਂ ਇਨ੍ਹਾਂ ਧਾਰਮਕ ਰਹੁ ਰੀਤਾਂ ਤੇ ਕਰਾਮਾਤਾਂ ਨੂੰ ਮੰਨ ਕੇ ਪਰਮਾਤਮਾ ਨਾਲ ਲਿਵ ਨਹੀਂ ਜੋੜ ਸਕਦੇ।

ਆਧੁਨਿਕ ਯੁੱਗ ਵਿਚ ਮਨੁੱਖ ਰਹਿਣ ਲਈ ਬਹੁਤ ਮਹਿੰਗੇ ਤੇ ਸ਼ਾਨਦਾਰ ਮਹੱਲਾ ਵਰਗੇ ਘਰ ਬਣਾਉਂਦਾ ਹੈ, ਪਰ ਜੋ ਆਦਰਸ਼ ਰਹਿਣ ਬਸੇਰੇ ਲਈ ਭਗਤ ਰਵਿਦਾਸ ਜੀ ਨੇ ਸਾਨੂੰ ਦਿੱਤਾ ਹੈ, ਉਸ ਦੀ ਮਿਸਾਲ ਲਭਣੀ ਸੰਸਾਰ ਵਿਚ ਮੁਸ਼ਕਲ ਹੈ। ਰਵਿਦਾਸ ਜੀ ਨੇ ਇਕ ਆਦਰਸ਼ਕ ਸ਼ਹਿਰ ਬਾਰੇ ਮਨੁੱਖਤਾ ਸਾਹਮਣੇ ਇਹ ਆਦਰਸ਼ ਰੱਖਿਆ ਹੈ ਕਿ ਅਜਿਹਾ ਸ਼ਹਿਰ ਬਣਨਾ ਚਾਹੀਦਾ ਹੈ ਜਿਸ ਥਾਂ ਤੇ ਕੋਈ ਗਮ ਨਾ ਹੋਵੇ, ਕੋਈ ਖਰਾਜ (ਕਰ/Tax) ਨਾਂਹ ਮੰਗੇ, ਸਾਰੇ ਲੋਕ ਇਕ ਸਮਾਨ ਹੋਣ। ਕੋਈ ਬੇਲੋੜੀ ਨੁਕਸਾਨ ਜਾਂ ਦੌਲਤ ਸਾਂਭਣ ਦੀ ਚਿੰਤਾ ਨਾ ਹੋਵੇ। ਬਹੁਤ ਸੋਹਣੀ ਕਲਾਤਮਕ ਸ਼ੈਲੀ ਵਿਚ ਲਿਖੀਆਂ ਗਾਉੜੀ ਰਾਗ ਵਿਚ ਲਿਖੀਆਂ ਇਹ ਸਤਰਾਂ ਜਿਥੇ ਮਨੁੱਖੀ ਮਨ ਵਿਚ ਟਿਕਾਓ ਲਿਆਂਦੀਆਂ ਹਨ, ਉਥੇ ਅੱਜੇ ਦੇ ਭਟਕਦੇ ਹੋਏ ਮਾਇਆ ਵਿਚ ਫਸੇ ਵਿਅਕਤੀ ਲਈ ਮਾਰਗ ਦਰਸ਼ਨ ਕਰਦੀਆਂ ਹਨ।

ਬੇਗਮਪੁਰਾ, ਸਹਰ ਕੋ ਨਾਉ॥

ਦੂਖ ਅੰਦਹੁ ਨਹੀਂ ਤਿੰਹਿ ਠਾਉ॥

ਨਾ ਤਸਵੀਸ ਖਿਰਾਜੁ ਨ ਮਾਲੁ॥

ਖਉਫੁ ਨ ਖਤਾ ਨ ਤਰਸੁ ਜੁਆਲੁ॥

(ਅੰਗ 345)

ਮਹਾਨ ਕਵੀ ਟੈਗੋਰ ਤੇ ਗੁਰਬਾਣੀ ਦਾ ਵਿਸ਼ੇਸ਼ ਪ੍ਰਭਾਵ ਪਿਆ। ਉਨ੍ਹਾਂ ਨੇ ਜਦੋਂ ਆਪਣੀ ਸੰਸਾਰ ਪ੍ਰਸਿਧ ਕਵਿਤਾ ‘Where the mind is without fear’ ਲਿਖੀ ਤਾਂ ਸੁਭਾਵਕ ਰੂਪ ਵਿਚ ਪ੍ਰੇਰਿਤ ਕਰਨ ਵਾਲੀ ਰਚਨਾ ਰਵਿਦਾਸ ਜੀ ਦੀ ਇਹ ਰਚਨਾ ਹੀ ਬਣੀ। ਭਗਤ ਰਵਿਦਾਸ ਨੇ ਸਮੁੱਚੀ ਮਾਨਵਤਾ ਨੂੰ ਇਕ ਮਾਲਾ ਵਿਚ ਪਰੋ ਕੇ ਰੱਖ ਦਿੱਤਾ।