ਦੂਜਾ ਵਿਆਹ : ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ (25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ)
ਪ੍ਰਸ਼ਨ 1. ਸੰਤ ਸਿੰਘ ਸੇਖੋਂ ਦੇ ਜਨਮ ਅਤੇ ਮਾਤਾ-ਪਿਤਾ ਬਾਰੇ ਜਾਣਕਾਰੀ ਦਿਓ।
ਉੱਤਰ : ਸੰਤ ਸਿੰਘ ਸੇਖੋਂ ਦਾ ਜਨਮ 31 ਮਈ, 1908 ਈ. ਨੂੰ ਚੱਕ ਨੰਬਰ 70, ਝੰਗ ਬਰਾਂਚ, ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ ਵਿੱਚ) ਵਿਖੇ ਹੋਇਆ। ਆਪਦੇ ਪਿਤਾ ਜੀ ਦਾ ਨਾਂ ਸ. ਹੁਕਮ ਸਿੰਘ ਅਤੇ ਮਾਤਾ ਜੀ ਦਾ ਨਾਂ ਸ੍ਰੀਮਤੀ ਪ੍ਰੇਮ ਕੌਰ ਸੀ। ਆਪ ਦਾ ਦਾਦਕਾ ਪਿੰਡ ਦਾਖਾ (ਲੁਧਿਆਣਾ) ਹੈ।
ਪ੍ਰਸ਼ਨ 2. ਸੰਤ ਸਿੰਘ ਸੇਖੋਂ ਦੀ ਵਿੱਦਿਅਕ ਯੋਗਤਾ ਅਤੇ ਕਿੱਤੇ ਬਾਰੇ ਜਾਣਕਾਰੀ ਦਿਓ।
ਉੱਤਰ : ਸੰਤ ਸਿੰਘ ਸੇਖੋਂ ਨੇ ਅੰਗਰੇਜ਼ੀ ਅਤੇ ਅਰਥ-ਸ਼ਾਸਤਰ ਦੇ ਵਿਸ਼ਿਆਂ ਵਿੱਚ ਐੱਮ. ਏ. ਦੀ ਪਰੀਖਿਆ ਪਾਸ ਕੀਤੀ। ਆਪ ਵੱਖ-ਵੱਖ ਕਾਲਜਾਂ ਵਿੱਚ ਪ੍ਰੋਫ਼ੈਸਰ ਵਜੋਂ ਸੇਵਾ ਕਰਦੇ ਰਹੇ। ਇਸ ਤੋਂ ਬਿਨਾਂ ਆਪ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਵੀ ਰਹੇ।
ਪ੍ਰਸ਼ਨ 3. ਸੰਤ ਸਿੰਘ ਸੇਖੋਂ ਦੇ ਪੂਰੇ ਨਾਟਕਾਂ ਅਤੇ ਇਕਾਂਗੀ-ਸੰਗ੍ਰਹਿਆਂ ਦਾ ਵੇਰਵਾ ਦਿਓ।
ਉੱਤਰ : ਸੰਤ ਸਿੰਘ ਸੇਖੋਂ ਦੇ ਪੂਰੇ ਨਾਟਕ ‘ਕਲਾਕਾਰ’, ‘ਨਾਰਕੀ’, ‘ਮੋਇਆਂ ਸਾਰ ਨ ਕਾਈ’, ‘ਭੂਦਾਨ’, ‘ਵਾਰਿਸ’, ‘ਮਿੱਤਰ- ਪਿਆਰਾ’, ‘ਦਮਯੰਤੀ’ ਆਦਿ ਹਨ। ਆਪ ਦੇ ਇਕਾਂਗੀ-ਸੰਗ੍ਰਹਿਆਂ ਵਿੱਚ ‘ਛੇ ਘਰ’, ‘ਤਪਿਆ ਕਿਉਂ ਖਪਿਆ’, ‘ਨਾਟ-ਸੁਨੇਹੇਂ ਆਦਿ ਵਰਨਣਯੋਗ ਹਨ।
ਪ੍ਰਸ਼ਨ 4. ਸੰਤ ਸਿੰਘ ਸੇਖੋਂ ਦੇ ਕਿਸ ਨਾਟਕ ਲਈ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ? ਭਾਰਤ ਸਰਕਾਰ ਵੱਲੋਂ ਆਪ ਨੂੰ ਕਿਸ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ?
ਉੱਤਰ : ਸੰਤ ਸਿੰਘ ਸੇਖੋਂ ਦੇ ਨਾਟਕ ‘ਮਿੱਤਰ-ਪਿਆਰਾ’ ਲਈ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ਪੁਰਸਕਾਰ ਦਿੱਤਾ ਗਿਆ। ਭਾਰਤ ਸਰਕਾਰ ਵੱਲੋਂ ਆਪ ਨੂੰ ਸਾਹਿਤਕ ਸੇਵਾਵਾਂ ਲਈ ‘ਪਦਮ ਸ੍ਰੀ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਪ੍ਰਸ਼ਨ ਗਿਆ।
ਪਸ਼ਨ 5. ਨਾਟਕਕਾਰ ਸੰਤ ਸਿੰਘ ਸੇਖੋਂ ਬਾਰੇ ਸੰਖੇਪ ਚਰਚਾ ਕਰੋ।
ਉੱਤਰ : ਸੰਤ ਸਿੰਘ ਸੇਖੋਂ ਇੱਕ ਬੌਧਿਕ ਨਾਟਕਕਾਰ ਹੈ। ਉਸ ਦੇ ਨਾਟਕ ਖੇਡੇ ਘੱਟ ਪਰ ਪੜ੍ਹੇ ਜ਼ਿਆਦਾ ਜਾਂਦੇ ਹਨ। ਉਸ ਨੇ ਇਤਿਹਾਸਿਕ ਅਤੇ ਮਿਥਿਹਾਸਿਕ ਘਟਨਾਵਾਂ ‘ਤੇ ਨਾਟਕ ਲਿਖ ਕੇ ਇਹਨਾਂ ਨੂੰ ਨਵੇਂ ਅਰਥ ਦੇਣ ਦੀ ਕੋਸ਼ਸ਼ ਕੀਤੀ ਹੈ। ਸੇਖੋਂ ਨੇ ਆਪਣੇ ਨਾਟਕਾਂ ਵਿੱਚ ਸਮਾਜਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾਇਆ। ਉਸ ਦੇ ਪੂਰੇ ਨਾਟਕਾਂ ਨਾਲੋਂ ਉਸ ਦੇ ਇਕਾਂਗੀ ਰੰਗ-ਮੰਚ ‘ਤੇ ਵਧੇਰੇ ਸਫਲ ਹਨ।
ਪ੍ਰਸ਼ਨ 6. ‘ਦੂਜਾ ਵਿਆਹ’ ਇਕਾਂਗੀ ਦੇ ਵਿਸ਼ੇ ਅਥਵਾ ਇਸ ਦੀ ਸਮੱਸਿਆ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ : ‘ਦੂਜਾ ਵਿਆਹ’ ਇਕਾਂਗੀ ਦਾ ਵਿਸ਼ਾ ਦੂਜੇ ਵਿਆਹ ਦੀ ਸਮੱਸਿਆ ਨਾਲ ਸੰਬੰਧਿਤ ਹੈ। ਇਕਾਂਗੀਕਾਰ ਨੇ ਜਗੀਰਦਾਰੀ ਪ੍ਰਬੰਧ ਦੇ ਸਮੇਂ ਤੋਂ ਚਲੀ ਆ ਰਹੀ ਦੂਜੇ ਵਿਆਹ ਦੀ ਸਮੱਸਿਆ ਨੂੰ ਬੜੀ ਸਫਲਤਾ ਨਾਲ ਪ੍ਰਗਟਾਇਆ ਹੈ। ਇਕਾਂਗੀਕਾਰ ਨੇ ਦੱਸਿਆ ਹੈ ਕਿ ਹੁਣ ਔਰਤ ਤਰਸ ਦੀ ਪਾਤਰ ਨਹੀਂ ਰਹੀ ਸਗੋਂ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਜਾਗ੍ਰਿਤ ਹੋ ਰਹੀ ਹੈ।
ਪ੍ਰਸ਼ਨ 7. ‘ਦੂਜਾ ਵਿਆਹ’ ਇਕਾਂਗੀ ਦੇ ਇਸ ਸਿਰਲੇਖ ਦੀ ਸਾਰਥਕਤਾ ਬਾਰੇ ਵਿਚਾਰ ਕਰੋ।
ਜਾਂ
ਪ੍ਰਸ਼ਨ. ‘ਦੂਜਾ ਵਿਆਹ’ ਇਕਾਂਗੀ ਦਾ ਇਹ ਸਿਰਲੇਖ ਕਿਸ ਹੱਦ ਤੱਕ ਸਫਲ ਹੈ?
ਉੱਤਰ : ‘ਦੂਜਾ ਵਿਆਹ’ ਇਕਾਂਗੀ ਦਾ ਇਹ ਸਿਰਲੇਖ ਢੁੱਕਵਾਂ ਅਤੇ ਪ੍ਰਭਾਵਸ਼ਾਲੀ ਹੈ। ਇਸ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਦਾ ਹੀ ਜ਼ਿਕਰ ਹੈ। ਇਕਾਂਗੀ ਦੇ ਸਾਰੇ ਪਾਤਰ ਕਿਸੇ ਨਾ ਕਿਸੇ ਰੂਪ ਵਿੱਚ ਦੂਜੇ ਵਿਆਹ ਦੀ ਸਮੱਸਿਆ ਬਾਰੇ ਵਿਚਾਰ ਕਰਦੇ ਹਨ। ਇਸ ਇਕਾਂਗੀ ਦੀ ਕੇਂਦਰੀ ਸਮੱਸਿਆ ਵੀ ਦੂਜੇ ਵਿਆਹ ਨਾਲ ਸੰਬੰਧਿਤ ਹੈ। ਇਸ ਤਰ੍ਹਾਂ ਇਸ ਇਕਾਂਗੀ ਦਾ ਇਹ ਸਿਰਲੇਖ ਢੁੱਕਵਾਂ ਅਤੇ ਸਾਰਥਕ ਹੈ।
ਪ੍ਰਸ਼ਨ 8. ਨਿਹਾਲ ਕੌਰ ਨੂੰ ਕਿਸ ਦੇ ਘੜੀ ਦੇਖ ਕੇ ਕੰਮ ਕਰਨ ‘ਤੇ ਇਤਰਾਜ਼ ਹੈ?
ਉੱਤਰ : ਨਿਹਾਲ ਕੌਰ ਨੂੰ ਮਨਜੀਤ ਦੇ ਘੜੀ ਦੇਖ ਕੇ ਕੰਮ ਕਰਨ ‘ਤੇ ਇਤਰਾਜ਼ ਹੈ। ਇਸੇ ਲਈ ਉਹ ਕਹਿੰਦੀ ਹੈ ਕਿ ਉਹ (ਮਨਜੀਤ) ਵਜੇ ਦੇਖ-ਦੇਖ ਕੇ ਹੀ ਪੈਰ ਧਰਦੀ ਹੈ। ਉਸ ਨੂੰ ਇਹ ਵੀ ਦੁੱਖ ਹੈ ਕਿ ਸੁਖਦੇਵ ਮਨਜੀਤ ਨੂੰ ਵਜੇ/ਸਮਾਂ ਦੇਖਣ ਲਈ ਘੜੀ ਕਿਉਂ ਲੈ ਕੇ ਦੇ ਗਿਆ ਹੈ। ਨਿਹਾਲ ਕੌਰ ਕਹਿੰਦੀ ਹੈ ਕਿ ਘੜੀ ਦੀਆਂ ਸ਼ੁਕੀਨਾਂ ਘੜੀ ਦੇਖੇ ਬਿਨਾਂ ਮੰਜੇ ਤੋਂ ਨਹੀਂ ਉੱਠਦੀਆਂ।
ਪ੍ਰਸ਼ਨ 9. ਨਿਹਾਲ ਕੌਰ ਘੜੀ ਦੇਖੇ ਬਿਨਾਂ ਸਾਰੇ ਕੰਮ ਕਿਵੇਂ ਵੇਲੇ ਸਿਰ ਕਰ ਲੈਂਦੀ ਸੀ?
ਉੱਤਰ : ਨਿਹਾਲ ਕੌਰ ਕਹਿੰਦੀ ਹੈ ਕਿ ਉਹਨਾਂ ਸਾਰੀ ਉਮਰ ਲੰਘਾ ਦਿੱਤੀ ਕਦੇ ਘੜੀ ਨਹੀਂ ਸੀ ਦੇਖੀ ਅਤੇ ਨਾ ਹੀ ਇਹ ਉਸ ਨੂੰ ਦੇਖਣੀ ਆਉਂਦੀ ਹੈ। ਉਹ ਕਹਿੰਦੀ ਹੈ ਕਿ ਉਹ ਧੁੱਪ ਦੇ ਹਿਸਾਬ ਨਾਲ ਹੀ ਸਾਰੇ ਕੰਮ ਵੇਲ਼ੇ ਸਿਰ ਕਰ ਲੈਂਦੇ ਸੀ।
ਪ੍ਰਸ਼ਨ 10. ‘ਅੱਜ-ਕੱਲ੍ਹ ਦੀਆਂ ਨੋਂਹਾਂ ਤਾਂ ਸਹੁਰਿਆਂ ਨੂੰ ਵੀ ਡਰਾ ਲੈਂਦੀਆਂ ਨੇ।” ਨਿਹਾਲ ਕੌਰ ਇਹ ਸ਼ਬਦ ਕਿਸ ਪ੍ਰਸੰਗ ਵਿੱਚ ਕਹਿੰਦੀ ਹੈ?
ਉੱਤਰ : ਨਿਹਾਲ ਕੌਰ ਦੱਸਦੀ ਹੈ ਕਿ ਉਹਨਾਂ ਦੇ ਸਮੇਂ ਤਾਂ ਬਾਪੂ ਜੀ ਵੀ ਚੜ੍ਹਦੇ ਤੋਂ ਚੜ੍ਹਦਾ ਸੀ। ਉਹਨਾਂ ਤੋਂ ਜੇਕਰ ਸਬਜ਼ੀ-ਭਾਜੀ ਵਿੱਚ ਕੋਈ ਨੁਕਸ ਰਹਿ ਜਾਂਦਾ ਸੀ ਤਾਂ ਥਾਲ ਮੱਥੇ ਵਿੱਚ ਮਾਰਦੇ ਸਨ। ਪਰ ਅੱਜ-ਕੱਲ੍ਹ ਦੀਆਂ ਨੋਂਹਾਂ ਤਾਂ ਸਹੁਰਿਆਂ ਨੂੰ ਵੀ ਡਰਾ ਲੈਂਦੀਆਂ ਹਨ ਅਤੇ ਉਹ ਜਿਸ ਤਰ੍ਹਾਂ ਦੀ ਸਬਜ਼ੀ-ਭਾਜੀ ਬਣੇ ਖਾ ਲੈਂਦੇ ਹਨ।
ਪ੍ਰਸ਼ਨ 11. ਮਨਜੀਤ ਜ਼ਿਆਦਾ ਆਟਾ ਕਿਉਂ ਗੁੰਨ੍ਹਦੀ ਹੈ?
ਉੱਤਰ : ਮਨਜੀਤ ਇਸ ਲਈ ਜ਼ਿਆਦਾ ਆਟਾ ਗੁੰਨ੍ਹਦੀ ਹੈ ਕਿਉਂਕਿ ਉਸ ਦੇ ਪਤੀ ਸੁਖਦੇਵ ਨੇ ਆਉਣਾ ਹੈ। ਨਿਹਾਲ ਕੌਰ ਆਪਣੇ ਪੁੱਤਰ ਦੇ ਆਉਣ ਦੀ ਤਾਰੀਖ਼ ਭੁੱਲ ਚੁੱਕੀ ਹੈ ਤੇ ਮਨਜੀਤ ਉਸ ਨੂੰ ਭੁਲੇਖੇ ਵਿੱਚ ਰੱਖਣਾ ਚਾਹੁੰਦੀ ਹੈ।
ਪ੍ਰਸ਼ਨ 12. ਮਨਜੀਤ ਜਦ ਮਾਂ ਜੀ ਨੂੰ ਕਹਿੰਦੀ ਹੈ ਕਿ ਗੁਆਂਢਣ ਨੇ ਉਹਨਾਂ ਦਾ ਕੀ ਵਿਗਾੜਿਆ ਹੈ ਤਾਂ ਨਿਹਾਲ ਕੌਰ ਕੀ ਜਵਾਬ ਦਿੰਦੀ ਹੈ?
ਉੱਤਰ : ਨਿਹਾਲ ਕੌਰ ਕਹਿੰਦੀ ਹੈ ਕਿ ਗੁਆਂਢਣ ਉਹਦਾ ਕੀ ਵਿਗਾੜ ਸਕਦੀ ਹੈ। ਉਹ ਆਪਣੇ ਘਰ ਦਿਆਂ ਦਾ ਵਿਗਾੜੇ ਅਤੇ ਜਾਂ ਫਿਰ ਉਹਦੇ ਵਰਗੀਆਂ ਮਗਰ ਲੱਗਣ ਵਾਲੀਆਂ ਦਾ ਵਿਗਾੜੇ।
ਪ੍ਰਸ਼ਨ 13. ਸੁਖਰਾਜ ਕੌਣ ਸੀ? ਨਿਹਾਲ ਕੌਰ ਉਸ ਨੂੰ ਬੁਰਾ-ਭਲਾ ਕਿਵੇਂ ਕਹਿੰਦੀ ਹੈ?
ਉੱਤਰ : ਨਿਹਾਲ ਕੌਰ ਦੇ ਪੁੱਛਣ ‘ਤੇ ਮਨਜੀਤ ਦੱਸਦੀ ਹੈ ਕਿ ਸੁਖਰਾਜ ਜ਼ਿਲ੍ਹੇ ਦੀ ਇਸਤਰੀ-ਸਭਾ ਦੀ ਸਕੱਤਰ ਹੈ। ਨਿਹਾਲ ਕੌਰ ਪੁੱਛਦੀ ਹੈ ਕਿ ਉਹ ਵੀ ਗੁਆਂਢਣ ਵਰਗੀ ਛੁੱਟੜ ਤਾਂ ਨਹੀਂ? ਜਦ ਮਨਜੀਤ ਉਸ ਨੂੰ ਕਿਸੇ ਵੱਡੇ ਘਰ ਦੀ ਦੱਸਦੀ ਹੈ ਤਾਂ ਨਿਹਾਲ ਕੌਰ ਕਹਿੰਦੀ ਹੈ ਉਹ ਕੋਈ ਛੁੱਟੜ ਹੋਣੀ ਹੈ। ਇਸ ਤਰ੍ਹਾਂ ਨਿਹਾਲ ਕੌਰ ਗੁਆਂਢਣ ਤੋਂ ਬਿਨਾਂ ਸੁਖਰਾਜ ਨੂੰ ਵੀ ਬੁਰਾ-ਭਲਾ ਕਹਿੰਦੀ ਹੈ।
ਪ੍ਰਸ਼ਨ 14. ਜਦੋਂ ਨਿਹਾਲ ਕੌਰ ਮਨਜੀਤ ਨੂੰ ਕਹਿੰਦੀ ਹੈ ਕਿ ਉਸ ਦਾ ਤਾਂ ਛੁੱਟੜ ਹੋਣ ਨੂੰ ਦਿਲ ਕਰਦਾ ਹੀ ਹੈ ਤਾਂ ਮਨਜੀਤ ਕੀ ਕਹਿੰਦੀ ਹੈ?
ਉੱਤਰ : ਮਨਜੀਤ ਕਹਿੰਦੀ ਹੈ ਕਿ ਉਸ ਦਾ ਤਾਂ ਛੁੱਟੜ ਹੋਣ ਨੂੰ ਕੋਈ ਦਿਲ ਨਹੀਂ ਕਰਦਾ ਸਗੋਂ ਮਾਂ ਜੀ ਆਪ ਹੀ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਹਨ। ਪਰ ਉਹ ਮਾਂ ਜੀ ਨੂੰ ਕਹਿੰਦੀ ਹੈ ਕਿ ਉਹ ਏਡੀ ਸੌਖੀ ਮਗਰੋਂ ਲਹਿਣ ਵਾਲੀ ਨਹੀਂ। ਜੇਕਰ ਉਹ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨਗੇ ਤਾਂ ਉਹ ਉਹਨਾਂ ਦੇ ਦਰ ‘ਤੇ ਸ਼ਹੀਦ ਹੋ ਜਾਵੇਗੀ।
ਪ੍ਰਸ਼ਨ 15. ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਰਹਿੰਦੀ ਹੈ?
ਉੱਤਰ : ਮਨਜੀਤ ਦੀ ਸੱਸ ਉਸ ਨੂੰ ਆਪਣੇ ਪੁੱਤਰ ਸੁਖਦੇਵ ਦੇ ਦੂਜੇ ਵਿਆਹ ਦਾ ਡਰਾਵਾ ਦਿੰਦੀ ਰਹਿੰਦੀ ਹੈ। ਉਹ ਸਮਝਦੀ ਹੈ ਕਿ ਇਸਤਰੀ ਨੂੰ ਕਾਬੂ ਵਿੱਚ ਰੱਖਣ ਲਈ ਉਸ ਨੂੰ ਦੂਜੇ ਵਿਆਹ ਦੀ ਧਮਕੀ ਜ਼ਰੂਰੀ ਹੈ। ਉਹ ਸੁਖਦੇਵ ਦਾ ਦੂਜਾ ਵਿਆਹ ਇਸ ਲਈ ਵੀ ਕਰਨਾ ਚਾਹੁੰਦੀ ਹੈ ਕਿਉਂਕਿ ਵਿਆਹ ਤੋਂ ਢਾਈ ਸਾਲ ਬਾਅਦ ਵੀ ਮਨਜੀਤ ਦੇ ਕੋਈ ਬੱਚਾ ਨਹੀਂ ਹੋਇਆ।
ਪ੍ਰਸ਼ਨ 16. ਮਨਜੀਤ ਦਾ ਆਪਣੀ ਸੱਸ ਨਾਲ ਵਿਹਾਰ ਕਿਸ ਤਰ੍ਹਾਂ ਦਾ ਹੈ?
ਉੱਤਰ : ਮਨਜੀਤ ਦਾ ਆਪਣੀ ਸੱਸ ਨਾਲ ਵਿਹਾਰ ਪਿਆਰ, ਸਤਿਕਾਰ ਤੇ ਨਿਮਰਤਾ ਵਾਲਾ ਹੈ। ਉਹ ਆਪਣੀ ਸੱਸ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੀ ਸਗੋਂ ਇਹਨਾਂ ਨੂੰ ਹਾਸੇ ਵਿੱਚ ਟਾਲ ਦਿੰਦੀ ਹੈ। ਉਹ ਸੱਸ ਵੱਲੋਂ ਬੁਰਾ-ਭਲਾ ਕਹਿਣ ‘ਤੇ ਵੀ ਉਸ ਦਾ ਸਤਿਕਾਰ ਕਰਦੀ ਹੈ। ਮਨਜੀਤ ਸਿਆਣਪ ਤੋਂ ਕੰਮ ਲੈ ਕੇ ਆਪਣੀ ਸੱਸ ਦੀਆਂ ਵਧੀਕੀਆਂ ‘ਤੇ ਕਾਬੂ ਪਾ ਲੈਂਦੀ ਹੈ ਅਤੇ ਘਰ ਦੇ ਮਾਹੌਲ ਨੂੰ ਸੁਖਾਵਾਂ ਬਣਾਈ ਰੱਖਦੀ ਹੈ।
ਪ੍ਰਸ਼ਨ 17. ਮਨਜੀਤ ਸੁਖਦੇਵ ਦਾ ਨਾਂ ਕਦ ਤੋਂ ਲੈਣ ਲੱਗ ਪਈ ਸੀ?
ਉੱਤਰ : ਮਨਜੀਤ ਨਿਹਾਲ ਕੌਰ ਨੂੰ ਦੱਸਦੀ ਹੈ ਕਿ ਪਿਛਲੀ ਵਾਰ ਜਦ ਉਹ ਛਾਉਣੀ ਰਹੀ ਸੀ ਤਾਂ ਸੁਖਦੇਵ ਹੋਰਾਂ ਨੇ ਆਪ ਹੀ ਉਸ ਨੂੰ ਆਪਣਾ ਨਾਂ ਲੈਣ ਲਾ ਲਿਆ ਸੀ।
ਪ੍ਰਸ਼ਨ 18. ਪਤੀ ਦਾ ਨਾਂ ਲੈਣ ਸੰਬੰਧੀ ਸੁਖਦੇਵ ਦੇ ਕੀ ਵਿਚਾਰ ਹਨ?
ਉੱਤਰ : ਸੁਖਦੇਵ ਪਤਨੀ ਵੱਲੋਂ ਪਤੀ ਦਾ ਨਾਂ ਲੈਣ ਦੇ ਹੱਕ ਵਿੱਚ ਹੈ ਅਤੇ ਕਹਿੰਦਾ ਹੈ ਕਿ ਇਸ ਵਿੱਚ ਕੋਈ ਦੋਸ਼ ਨਹੀਂ। ਸੁਖਦੇਵ ਸਿੰਘ ਕਹਿੰਦਾ ਹੈ ਕਿ ਔਰਤ ਆਪਣੇ ਪਤੀ ਨੂੰ ਸਰਦਾਰ ਜੀ ਕਹਿੰਦੀ ਚੰਗੀ ਨਹੀਂ ਲੱਗਦੀ।
ਪ੍ਰਸ਼ਨ 19. ਆਪਣੇ ਦੂਜੇ ਵਿਆਹ ਦਾ ਪ੍ਰਬੰਧ ਕੀਤੇ ਜਾਣ ਸੰਬੰਧੀ ਸੁਖਦੇਵ ਮਾਂ ਨੂੰ ਕੀ ਕਹਿੰਦਾ ਹੈ?
ਉੱਤਰ : ਸੁਖਦੇਵ ਮਾਂ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਦੂਜੇ ਵਿਆਹ ਦਾ ਪ੍ਰਬੰਧ ਬੜੀ ਖ਼ੁਸ਼ੀ ਨਾਲ ਕਰੇ। ਮਨਜੀਤ ਉਸ ਕੋਲ ਛਾਉਣੀ ਰਿਹਾ ਕਰੇਗੀ ਅਤੇ ਉਹਨਾਂ ਦੀ ਦੂਜੀ ਨੋਂਹ ਉਹਨਾਂ ਦੀ ਸੇਵਾ ਕਰਿਆ ਕਰੇਗੀ।
ਪ੍ਰਸ਼ਨ 20. ਬਾਪੂ ਜੀ ਵੱਲੋਂ ਮਾਂ ਜੀ ਨੂੰ ਦੂਜੇ ਵਿਆਹ ਦੀਆਂ ਧਮਕੀਆਂ ਬਾਰੇ ਸੁਖਦੇਵ ਮਨਜੀਤ ਨੂੰ ਕੀ ਦੱਸਦਾ ਹੈ?
ਉੱਤਰ : ਸੁਖਦੇਵ ਮਨਜੀਤ ਨੂੰ ਦੱਸਦਾ ਹੈ ਕਿ ਸਾਰੀ ਉਮਰ ਬਾਪੂ ਜੀ ਵੱਲੋਂ ਵਿਚਾਰੀ ਮਾਂ ਜੀ ਨੂੰ ਦੂਜੇ ਵਿਆਹ ਦੀਆਂ ਧਮਕੀਆਂ ਮਿਲ਼ਦੀਆਂ ਰਹੀਆਂ। ਸੋ ਮਾਂ ਜੀ ਦੇ ਖ਼ਿਆਲ ਵਿੱਚ ਇਸਤਰੀ ‘ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਓਨੀ ਹੀ ਜ਼ਰੂਰੀ ਹੈ ਜਿੰਨੀ ਟਾਂਗੇ ਦੇ ਘੋੜੇ ਲਈ ਛਾਂਟ।
ਪ੍ਰਸ਼ਨ 21. ਸੁਖਦੇਵ ਦਾ ਬਾਪੂ ਦੂਜਾ ਵਿਆਹ ਕਿਉਂ ਕਰਾਉਂਦਾ ਹੈ?
ਉੱਤਰ : ਜਦ ਸੁਖਦੇਵ ਦਾ ਬਾਪੂ ਫ਼ੌਜ ਵਿੱਚ ਸਿਪਾਹੀ ਭਰਤੀ ਹੋਇਆ ਸੀ ਤਾਂ ਉਸ ਦਾ ਵਿਆਹ ਹੋਇਆ ਸੀ। ਸੂਬੇਦਾਰ ਬਣਨ ਤੱਕ ਉਸ ਦੇ ਘਰ ਇੱਕ ਕੁੜੀ ਤੇ ਇੱਕ ਮੁੰਡਾ (ਸੁਖਦੇਵ ਤੇ ਉਸ ਦੀ ਭੈਣ) ਹੀ ਪੈਦਾ ਹੋਏ ਸਨ। ਫ਼ੌਜੀ ਨੁਕਤੇ ਤੋਂ ਗੁਰਦਿੱਤ ਸਿੰਘ ਨੇ ਏਨੀ ਸੰਤਾਨ ਸ਼ਾਇਦ ਕਾਫ਼ੀ ਨਾ ਸਮਝੀ ਅਤੇ ਦੂਜਾ ਵਿਆਹ ਕਰਵਾ ਲਿਆ।
ਪ੍ਰਸ਼ਨ 22. ਸੁਖਦੇਵ ਦੀ ਮਤਰੇਈ ਮਾਂ ਦੀ ਸੰਤਾਨ ਬਾਰੇ ਜਾਣਕਾਰੀ ਦਿਓ ਅਤੇ ਦੱਸੋ ਕਿ ਉਹ ਵਿਆਹ ਤੋਂ ਕਿੰਨੇ ਸਾਲਾਂ ਬਾਅਦ ਅਤੇ ਕਿਉਂ ਮਰ ਗਈ?
ਉੱਤਰ : ਸੁਖਦੇਵ ਦੀ ਮਤਰੇਈ ਮਾਂ ਦੇ ਕੋਈ ਸੰਤਾਨ ਨਹੀਂ ਸੀ ਹੋਈ। ਵਿਆਹ ਦੇ ਪੰਜ ਕੁ ਸਾਲ ਬਾਅਦ ਹੀ ਉਹ ਬਿਮਾਰ ਹੋ ਗਈ ਸੀ ਅਤੇ ਉਸ ਦਾ ਦਿਹਾਂਤ ਹੋ ਗਿਆ ਸੀ।
ਪ੍ਰਸ਼ਨ 23. ਮਾਂ ਜੀ ਦੇ (ਨਿਹਾਲ ਕੌਰ ਦੇ) ਸੌਂਕਣ ਨਾਲ ਗੁਜ਼ਾਰੇ ਸਮੇਂ ਬਾਰੇ ਜਾਣਕਾਰੀ ਦਿਓ।
ਉੱਤਰ : ਮਾਂ ਜੀ ਦੀ ਚੰਗੀ ਕਿਸਮਤ ਨੂੰ ਉਸ ਦੀ ਸੌਂਕਣ ਦੇ ਕੋਈ ਸੰਤਾਨ ਨਾ ਹੋਈ। ਉਹ ਪੰਜ ਕੁ ਸਾਲ ਬਾਅਦ ਹੀ ਬਿਮਾਰ ਹੋ ਕੇ ਮਰ ਗਈ। ਮਾਂ ਜੀ ਨੇ ਉਹ ਪੰਜ ਕੁ ਸਾਲ ਬਹੁਤ ਕਲੇਸ਼ ਦੇ ਗੁਜ਼ਾਰੇ ਸਨ।
ਪ੍ਰਸ਼ਨ 24. ਸੁਖਦੇਵ ਆਪਣੀ ਭੈਣ ਦੀ ਆਈ ਚਿੱਠੀ ਪੜ੍ਹ ਕੇ ਮਾਂ ਜੀ ਨੂੰ ਕੀ ਦੱਸਦਾ ਹੈ?
ਉੱਤਰ : ਸੁਖਦੇਵ ਮਾਂ ਜੀ ਨੂੰ ਦੱਸਦਾ ਹੈ ਕਿ ਭੈਣ ਜੀ ਬਹੁਤ ਦੁਖੀ ਹਨ ਕਿਉਂਕਿ ਬਲਵੰਤ ਸਿੰਘ ਹੋਰੀਂ ਸ਼ਰਾਬ ਪੀਣ ਲੱਗ ਪਏ ਹਨ ਤੇ ਅੱਧੀ-ਅੱਧੀ ਰਾਤ ਤੱਕ ਘਰ ਨਹੀਂ ਆਉਂਦੇ। ਭੈਣ ਜੀ ਦੇ ਅੱਗੋਂ ਕੁਝ ਬੋਲਣ ਤੇ ਉਹ ਮਾਰਨ ਨੂੰ ਪੈਂਦੇ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਦੂਜਾ ਵਿਆਹ ਕਰਵਾ ਲੈਣਾ ਹੈ।
ਪ੍ਰਸ਼ਨ 25. ਜਦ ਨਿਹਾਲ ਕੌਰ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਦਾ ਜਵਾਈ ਬਲਵੰਤ ਸਿੰਘ, ਸੁਖਦੇਵ ਕੌਰ ਦੇ ਕੋਈ ਮੁੰਡਾ ਨਾ ਹੋਣ ਕਾਰਨ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਕੀ ਕਹਿੰਦੀ ਹੈ?
ਉੱਤਰ : ਨਿਹਾਲ ਕੌਰ ਕਹਿੰਦੀ ਹੈ ਕਿ ਉਸ ਦੀ ਧੀ ਦੇ ਮੁੰਡਾ ਵੀ ਹੋ ਜਾਏਗਾ। ਉਸ ਦੀ ਧੀ ਕੋਈ ਹੁਣੇ ਹੀ ਬੁੱਢੀ ਨਹੀਂ ਹੋ ਗਈ। ਉਹ ਕਹਿੰਦੀ ਹੈ ਕਿ ਦੋ ਕੁੜੀਆਂ ਕੋਈ ਜ਼ਿਆਦਾ ਨਹੀਂ ਹੁੰਦੀਆਂ। ਫਿਰ ਜੇਕਰ ਦੂਜੀ ਪਤਨੀ ਦੇ ਵੀ ਕੁੜੀਆਂ ਹੀ ਹੋਈਆਂ ਤਾਂ ਉਹ ਕੀ ਕਰੇਗਾ!
ਪ੍ਰਸ਼ਨ 26. ਜਦ ਨਿਹਾਲ ਕੌਰ ਨੂੰ ਦੱਸਿਆ ਜਾਂਦਾ ਹੈ ਕਿ ਬਲਵੰਤ ਸਿੰਘ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਮਨਜੀਤ ਉਹਨਾਂ ਨੂੰ (ਨਿਹਾਲ ਕੌਰ ਨੂੰ) ਕਿਵੇਂ ਹੌਸਲਾ ਦਿੰਦੀ ਹੈ?
ਉੱਤਰ : ਮਨਜੀਤ ਨਿਹਾਲ ਕੌਰ ਨੂੰ ਕਹਿੰਦੀ ਹੈ ਕਿ ਉਹ ਰੋਵੇ ਨਾ। ਹੁਣ ਜ਼ਮਾਨਾ ਬਦਲ ਗਿਆ ਹੈ ਤੇ ਇਸਤਰੀ ਹੁਣ ਏਨੀ ਬੇਵੱਸ ਨਹੀਂ। ਉਹ ਕਹਿੰਦੀ ਹੈ ਕਿ ਬੀਬੀ (ਸੁਖਦੇਵ ਕੌਰ) ਦੇ ਦੁੱਖ ਦਾ ਇਲਾਜ ਉਹਨਾਂ ਦੀ ਇਸਤਰੀ-ਸਭਾ ਕਰ ਲਏਗੀ। ਸਭਾ ਬਲਵੰਤ ਸਿੰਘ ਨੂੰ ਸਿੱਧੇ ਰਾਹ ‘ਤੇ ਲੈ ਆਵੇਗੀ।
ਪ੍ਰਸ਼ਨ 27. ਨਿਹਾਲ ਕੌਰ ਗੁਆਂਢਣ ਨੂੰ ਕਹੇ ਬੋਲਾਂ-ਕਬੋਲਾਂ ਲਈ ਕਦੋਂ ਭੁੱਲ ਬਖ਼ਸ਼ਾਉਣ ਲਈ ਕਹਿੰਦੀ ਹੈ?
ਉੱਤਰ : ਜਦ ਮਨਜੀਤ ਕਹਿੰਦੀ ਹੈ ਕਿ ਉਹਨਾਂ ਦੀ ਇਸਤਰੀ-ਸਭਾ ਦੂਜੇ ਵਿਆਹ ਦੀ ਇੱਛਾ ਰੱਖਣ ਵਾਲ਼ੇ ਬਲਵੰਤ ਸਿੰਘ ਨੂੰ ਝੱਟ ਹੀ ਸਿੱਧੇ ਰਾਹ ‘ਤੇ ਲੈ ਆਵੇਗੀ ਤਾਂ ਨਿਹਾਲ ਕੌਰ ਕਹਿੰਦੀ ਹੈ ਕਿ ਉਹ ਗੁਆਂਢਣ ਤੋਂ ਵੀ ਜਾ ਕੇ ਉਸ ਨੂੰ ਕਹੇ ਬੋਲਾਂ-ਕਬੋਲਾਂ ਲਈ ਭੁੱਲ ਬਖ਼ਸ਼ਾਏਗੀ।
ਪ੍ਰਸ਼ਨ 28. ਜਦ ਸੁਖਦੇਵ ਬਾਪੂ ਜੀ ਨੂੰ ਦੱਸਦਾ ਹੈ ਕਿ ਬਲਵੰਤ ਸਿੰਘ ਦੂਜਾ ਵਿਆਹ ਕਰਵਾ ਲੈਣ ਲਈ ਕਹਿੰਦਾ ਹੈ ਤਾਂ ਉਹ (ਬਾਪੂ ਜੀ) ਕੀ ਕਹਿੰਦੇ ਹਨ?
ਉੱਤਰ : ਬਾਪੂ ਜੀ ਕਹਿੰਦੇ ਹਨ ਕਿ ਜੇਕਰ ਉਸ ਨੇ (ਬਲਵੰਤ ਸਿੰਘ ਨੇ) ਦੂਜਾ ਵਿਆਹ ਕੱਲ੍ਹ ਕਰਾਉਣਾ ਹੈ ਤਾਂ ਅੱਜ ਹੀ ਕਰਾ ਲਏ। ਉਹ ਆਪਣੀ ਧੀ ਨੂੰ ਆਪਣੇ ਕੋਲ ਬੁਲਾ ਲੈਣਗੇ। ਉਹਨਾਂ ਕੋਲ ਧੀ ਦੀ ਉਮਰ ਲੰਘਾਉਣ ਲਈ ਗੁਰੂ ਦਾ ਦਿੱਤਾ ਹੋਇਆ ਬਹੁਤ ਹੈ।
ਪ੍ਰਸ਼ਨ 29. ਮੁਜਾਰਿਆਂ ਨਾਲ ਬਲਵੰਤ ਸਿੰਘ ਦੇ ਵਤੀਰੇ ਬਾਰੇ ਮਨਜੀਤ ਕੀ ਦੱਸਦੀ ਹੈ?
ਉੱਤਰ : ਮਨਜੀਤ ਦੱਸਦੀ ਹੈ ਕਿ ਮੁਜਾਰਿਆਂ ਨਾਲ ਵੀ ਬਲਵੰਤ ਸਿੰਘ ਦਾ ਵਤੀਰਾ ਚੰਗਾ ਨਹੀਂ। ਉਸ ਨੇ ਨਿੱਤ-ਦਿਹਾੜੀ ਦਾ ਵੈਰ ਚੁੱਕਿਆ ਹੋਇਆ ਹੈ। ਸੁਖਦੇਵ ਕੌਰ ਮਨਜੀਤ ਨੂੰ ਦੱਸਦੀ ਹੈ ਕਿ ਹਰਦਮ ਉਹਨਾਂ ਨੂੰ ਜਾਨ ਦਾ ਖ਼ਤਰਾ ਰਹਿੰਦਾ ਹੈ।
ਪ੍ਰਸ਼ਨ 30. ਜਦ ਬਾਪੂ ਜੀ ਸੁਖਦੇਵ ਕੌਰ ਨੂੰ ਚਿੱਠੀ ਬਾਰੇ ਪੁੱਛਦੇ ਹਨ ਕਿ ਇਹ ਉਸ ਦੀ ਹੀ ਚਿੱਠੀ ਹੈ ਤਾਂ ਸੁਖਦੇਵ ਕੌਰ ਕੀ ਜਵਾਬ ਦਿੰਦੀ ਹੈ?
ਉੱਤਰ : ਸੁਖਦੇਵ ਕੌਰ ਕਹਿੰਦੀ ਹੈ ਕਿ ਚਿੱਠੀ ਤਾਂ ਉਸ ਦੀ ਹੀ ਹੈ ਪਰ ਇਸ ਵਿੱਚ ਫ਼ਿਕਰ ਵਾਲੀ ਕਿਹੜੀ ਗੱਲ ਹੈ। ਸ਼ਰਾਬ ਉਸ ਦੇ ਪਤੀ ਲਈ ਕੋਈ ਨਵੀਂ ਗੱਲ ਨਹੀਂ। ਸਾਡੇ ਘਰ ਦਾ ਕਲੇਸ਼ ਵੀ ਤੁਹਾਡੇ ਲਈ ਕੋਈ ਨਵੀਂ ਗੱਲ ਨਹੀਂ।
ਪ੍ਰਸ਼ਨ 31. ਜਦ ਮਨਜੀਤ ਕਹਿੰਦੀ ਹੈ ਕਿ ਚਿੱਠੀ ਵਿੱਚ ਲਿਖਿਆ ਹੈ ਕਿ ਬਲਵੰਤ ਸਿੰਘ ਦੂਜਾ ਵਿਆਹ ਕਰਾਉਣ ਲਈ ਕਹਿੰਦਾ ਹੈ ਤਾਂ ਸੁਖਦੇਵ ਕੌਰ ਕੀ ਕਹਿੰਦੀ ਹੈ?
ਉੱਤਰ : ਸੁਖਦੇਵ ਕੌਰ ਕਹਿੰਦੀ ਹੈ ਕਿ ਅਜੇ ਤੱਕ ਤਾਂ ਦੂਜੇ ਵਿਆਹ ਦੀ ਕੋਈ ਗੱਲ ਨਹੀਂ ਪਰ ਜੇਕਰ ਕੱਲ੍ਹ ਨੂੰ ਹੋ ਜਾਵੇ ਤਾਂ ਹੈਰਾਨੀ ਵੀ ਨਹੀਂ। ਉਹ ਚਿੱਠੀ ਪੜ੍ਹ ਕੇ ਦੱਸਦੀ ਹੈ ਕਿ ਉਹਨਾਂ ਨੂੰ ਡਰਾਵਾ ਦੇਣ ਲਈ ਦੂਜੇ ਵਿਆਹ ਦੀ ਗੱਲ ਬਲਵੰਤ ਸਿੰਘ ਨੇ ਆਪ ਲਿਖ ਦਿੱਤੀ ਹੈ। ਉਹਨਾਂ ਦੀ ਵੱਖਰੀ ਹੱਥ-ਲਿਖਤ ਪਛਾਣੀ ਜਾ ਸਕਦੀ ਹੈ।
ਪ੍ਰਸ਼ਨ 32. ‘ਦੂਜਾ ਵਿਆਹ’ ਇਕਾਂਗੀ ਵਿੱਚ ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਪ੍ਰਤਿਨਿਧਤਾ ਕਰਨ ਵਾਲੇ ਇਸਤਰੀ ਪਾਤਰ ਕਿਹੜੇ ਹਨ?
ਉੱਤਰ : ‘ਦੂਜਾ ਵਿਆਹ’ ਇਕਾਂਗੀ ਵਿੱਚ ਨਵੀਂ ਪੀੜ੍ਹੀ ਦੀ ਪ੍ਰਤਿਨਿਧ ਪਾਤਰ ਮਨਜੀਤ ਹੈ। ਉਹ ਇਸਤਰੀ ਵਿੱਚ ਪੈਦਾ ਹੋ ਰਹੀ ਜਾਗ੍ਰਿਤੀ ਦੀ ਪ੍ਰਤੀਕ ਹੈ। ਨਿਹਾਲ ਕੌਰ ਪੁਰਾਣੀ ਪੀੜ੍ਹੀ ਦੀ ਪ੍ਰਤਿਨਿਧਤਾ ਕਰਦੀ ਹੈ। ਉਹ ਮਨਜੀਤ ‘ਤੇ ਕਾਬੂ ਰੱਖਣਾ ਚਾਹੁੰਦੀ ਹੈ। ਉਹ ਉਸ ਦੇ ਕੰਮਾਂ ਵਿੱਚ ਨੁਕਸ ਕੱਢਦੀ ਹੈ ਅਤੇ ਉਸ ਨੂੰ ਦੂਜੇ ਵਿਆਹ ਦਾ ਡਰਾਵਾ ਦਿੰਦੀ ਹੈ।
ਪ੍ਰਸ਼ਨ 33. ਮਨਜੀਤ ਅਤੇ ਨਿਹਾਲ ਕੌਰ ਦੇ ਸੁਭਾਅ ਵਿੱਚ ਕੀ ਭਿੰਨਤਾ ਹੈ?
ਉੱਤਰ : ਮਨਜੀਤ ਪੜ੍ਹੀ-ਲਿਖੀ ਅਤੇ ਅਗਾਂਹਵਧੂ ਵਿਚਾਰਾਂ ਦੀ ਮਾਲਕ ਹੈ। ਉਹ ਇੱਕ ਆਦਰਸ਼ ਪਤਨੀ ਤੇ ਸੁਚੱਜੀ ਨੋਂਹ ਹੈ। ਦੂਸਰੇ ਪਾਸੇ ਨਿਹਾਲ ਕੌਰ ਪਿਛਾਂਹ-ਖਿੱਚੂ ਵਿਚਾਰਾਂ ਦੀ ਹੈ। ਉਹ ਆਪਣੀ ਨੋਂਹ ਨੂੰ ਤੰਗ ਕਰਦੀ ਹੈ ਅਤੇ ਘਰ ਦੇ ਮਾਹੌਲ ਨੂੰ ਖ਼ਰਾਬ ਕਰਦੀ ਹੈ। ਪਰ ਮਨਜੀਤ ਦੀ ਸਿਆਣਪ ਕਾਰਨ ਇਹ ਮਾਹੌਲ ਸੁਖਾਵਾਂ ਬਣਿਆ ਰਹਿੰਦਾ ਹੈ।
ਪ੍ਰਸ਼ਨ 34. ‘ਦੂਜਾ ਵਿਆਹ’ ਇਕਾਂਗੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?
ਉੱਤਰ : ‘ਦੂਜਾ ਵਿਆਹ’ ਇੱਕ ਸਿੱਖਿਆਦਾਇਕ ਇਕਾਂਗੀ ਹੈ। ਇਸ ਇਕਾਂਗੀ ਤੋਂ ਸਾਨੂੰ ਸਹਿਣਸ਼ੀਲਤਾ, ਪਿਆਰ, ਸਿਆਣਪ ਤੋਂ ਕੰਮ ਲੈਣ, ਅਗਾਂਹਵਧੂ ਵਿਚਾਰਾਂ ਨੂੰ ਅਪਣਾਉਣ, ਘਰ ਦੇ ਮਾਹੌਲ ਨੂੰ ਸੁਖਾਵਾਂ ਬਣਾਈ ਰੱਖਣ, ਨੋਂਹਾਂ ਨੂੰ ਵੀ ਧੀਆਂ ਵਾਂਗ ਸਮਝਣ ਅਤੇ ਸਮੇਂ ਨਾਲ ਬਦਲਨ ਦੀ ਸਿੱਖਿਆ ਮਿਲਦੀ ਹੈ।
ਪ੍ਰਸ਼ਨ 35. ਕੀ ‘ਦੂਜਾ ਵਿਆਹ’ ਇਕਾਂਗੀ ਰੰਗ-ਮੰਚ ਦੇ ਪੱਖੋਂ ਸਫਲ ਹੈ?
ਉੱਤਰ : ‘ਦੂਜਾ ਵਿਆਹ’ ਇਕਾਂਗੀ ਰੰਗ-ਮੰਚ ਦੇ ਪੱਖੋਂ ਬਹੁਤ ਸਫਲ ਹੈ। ਇਹ ਬਹੁਤ ਵਾਰ ਸਕੂਲਾਂ, ਕਾਲਜਾਂ ਅਤੇ ਇਸਤਰੀ ਸਭਾਵਾਂ ਦੀਆਂ ਸਟੇਜਾਂ ‘ਤੇ ਸਫਲਤਾ ਨਾਲ ਖੇਡਿਆ ਜਾ ਚੁੱਕਾ ਹੈ। ਇਕਾਂਗੀਕਾਰ ਇਸ ਇਕਾਂਗੀ ਵਿੱਚ ਨਾਟਕੀ ਗੁਣ ਪੈਦਾ ਕਰਨ ਵਿੱਚ ਸਫਲ ਰਿਹਾ ਹੈ। ਬੱਝਵਾਂ ਪ੍ਰਭਾਵ, ਹਾਸ-ਰਸ, ਪ੍ਰਭਾਵਸ਼ਾਲੀ ਤੇ ਦਿਲਚਸਪ ਵਾਰਤਾਲਾਪ ਅਤੇ ਸਫਲ ਪਾਤਰ-ਉਸਾਰੀ ਇਸ ਇਕਾਂਗੀ ਨੂੰ ਰੰਗ-ਮੰਚ ਦੇ ਪੱਖੋਂ ਸਫਲ ਬਣਾਉਂਦੇ ਹਨ।
ਪ੍ਰਸ਼ਨ 36. ਸੰਤ ਸਿੰਘ ਸੇਖੋਂ ਨੇ ਆਪਣੇ ਇਕਾਂਗੀ ‘ਦੂਜਾ ਵਿਆਹ’ ਵਿੱਚ ਭਾਰਤੀ ਸੱਭਿਆਚਾਰ ਦਾ ਕਿਹੋ ਜਿਹਾ ਰੂਪ ਪੇਸ਼ ਕੀਤਾ ਹੈ?
ਉੱਤਰ : ਸੰਤ ਸਿੰਘ ਸੇਖੋਂ ਨੇ ਆਪਣੇ ਇਕਾਂਗੀ ‘ਦੂਜਾ ਵਿਆਹ’ ਵਿੱਚ ਭਾਰਤੀ ਸੱਭਿਆਚਾਰ ਦਾ ਸਹੀ ਅਤੇ ਪ੍ਰਭਾਵਸ਼ਾਲੀ ਰੂਪ/ਚਿੱਤਰ ਪੇਸ਼ ਕੀਤਾ ਹੈ। ਮਰਦ-ਪ੍ਰਧਾਨ ਭਾਰਤੀ ਸਮਾਜ ਵਿੱਚ ਜਗੀਰਦਾਰੀ ਪ੍ਰਥਾ ਦੇ ਸਮੇਂ ਤੋਂ ਪ੍ਰਚਲਿਤ ਦੂਜੇ ਵਿਆਹ ਦੀ ਸਮੱਸਿਆ ਬਹੁਤ ਘਾਤਕ ਰਹੀ ਹੈ। ਇਕਾਂਗੀਕਾਰ ਨੇ ਇਸ ਸਮੱਸਿਆ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ।