ਲੇਖ : ਅਮਰਤਿਆ ਸੇਨ
ਭਾਰਤੀ ਨੋਬਲ ਇਨਾਮ ਜੇਤੂ – ਅਮਰਤਿਆ ਸੇਨ
ਭਾਰਤ ਲਈ ਇਹ ਬੜੇ ਗੌਰਵ ਦੀ ਗੱਲ ਹੈ ਕਿ ਜਿੱਥੇ ਸੀ. ਵੀ. ਰਮਨ ਨੂੰ ਵਿਗਿਆਨ ਲਈ, ਟੈਗੋਰ ਨੂੰ ਸਾਹਿਤ ਲਈ ਨੋਬਲ ਇਨਾਮ ਪ੍ਰਾਪਤ ਹੋਇਆ ਹੈ, ਉੱਥੇ ਇਹ ਸਰਵੋਤਮ ਇਨਾਮ ਅਰਥ ਸ਼ਾਸਤਰ ਵਿਚ ਕਲਕੱਤਾ ਨਿਵਾਸੀ ਅਮਰਤਿਆ ਸੇਨ ਨੂੰ ਪ੍ਰਾਪਤ ਹੋਇਆ। ਅਮਰਤਿਆ ਸੇਨ ਦੇ ਜੀਵਨ ‘ਤੇ ਖਾਸ ਤੌਰ ਤੇ ਬੱਚਪਨ ਵਿਚ ਟੈਗੋਰ ਦਾ ਪ੍ਰਭਾਵ ਬਹੁਤ ਹੱਦ ਤੱਕ ਸਵੀਕਾਰ ਕੀਤਾ ਜਾਂਦਾ ਹੈ। ਪਹਿਲੀ ਵਿਸ਼ੇਸ਼ ਗੱਲ ਇਹ ਹੈ ਕਿ ਅਮਰਤਿਆ ਸੇਨ ਦਾ ਜਨਮ ਹੀ 1936 ਵਿਚ ਟੈਗੋਰ ਦੇ ਣਰੋਸਾਏ ਵਿਦਿਆਲੇ ਸ਼ਾਂਤੀ ਨਿਕੇਤਨ ਵਿਚ ਹੋਇਆ। ਸ਼ਾਂਤੀ ਨਿਕੇਤਨ ਵਿਦਿਆਲਾ ਆਪਣੇ ਆਪ ਵਿਚ ਭਾਰਤੀ ਸੰਸਕ੍ਰਿਤੀ ਤੇ ਸਭਿਆਚਾਰ ਦਾ ਇੱਕ ਸੰਕੇਤ ਬਣ ਗਿਆ ਹੈ। ਅਮਰਤਿਆ ਸੇਨ ਨੇ ਬੱਚਪਨ ਵਿਚ ਇਸ ਆਸ਼ਰਮ ਵਿਚ ਰਹਿ ਕੇ ਵਿੱਦਿਆ, ਦਰਸ਼ਨ ਤੇ ਸਮਾਜਕ ਚੇਤਨਾ ਦੀ ਗੁੜ੍ਹਤੀ ਟੈਗੋਰ ਤੋਂ ਪ੍ਰਾਪਤ ਕੀਤੀ। ਜੀਵਨ ਦੇ ਸਾਰੇ ਸੰਸਕਾਰ ਤੇ ਪੜ੍ਹਨ-ਲਿਖਣ ਲਈ ਪਿਆਰ ਸੇਨ ਨੇ ਬਚਪਨ ਵਿਚ ਟੈਗੋਰ ਦੇ ਇਸ ਵਿਦਿਅਕ ਆਸ਼ਰਮ ਤੋਂ ਹੀ ਪ੍ਰਾਪਤ ਕੀਤਾ।
ਅਮਰਤਿਆ ਸੇਨ ਨੂੰ ਸ਼ਾਂਤੀ ਨਿਕੇਤਨ ਅਤੇ ਕਲਕੱਤਾ ਸ਼ਹਿਰ ਨੂੰ ਵਿਸ਼ੇਸ਼ ਤੌਰ ਤੇ ਮੋਹ ਤੇ ਪਿਆਰ ਸੀ। ਉਹ ਜਦੋਂ ਵੀ ਬਾਹਰ ਪ੍ਰਦੇਸਾਂ ਵਿਚ ਪੜ੍ਹਨ ਅਤੇ ਨੌਕਰੀ ਲਈ ਜਾਂਦੇ ਸਦਾ ਉਨ੍ਹਾਂ ਦਾ ਮਨ ਕਲਕੱਤਾ ਮੁੜਨ ਦਾ ਤਾਂਘਦਾ ਰਹਿੰਦਾ। ਸੇਨ ਨੇ ਬੀ. ਏ. ਦੀ ਪੜ੍ਹਾਈ ਕਲਕੱਤੇ ਦੇ ਮਸ਼ਹੂਰ ਕਾਲਜ ਪ੍ਰੈਜ਼ੀਡੈਂਸੀ ਕਾਲਜ ਤੋਂ ਕੀਤੀ। ਫਿਰ ਉਚੇਰੀ ਪੜ੍ਹਾਈ ਲਈ ਅਮਰਤਿਆ ਸੇਨ ਕੈਂਬਰਿਜ ਚਲੇ ਗਏ ਤੇ ਪੀ. ਐਚ. ਡੀ. ਦੀ ਉੱਚੀ ਡਿਗਰੀ ਲੈ ਕੇ ਹੀ ਮੁੜੇ। ਕੁਝ ਸਮਾਂ ਸੇਨ ਨੇ ਯਾਦਵਪੁਰ ਵਿਸ਼ਵ ਵਿਦਿਆਲਾ ਵਿਚ ਪੜ੍ਹਾਇਆ ਤੇ ਦਿੱਲੀ ਦੀ ਮਸ਼ਹੂਰ ਅਰਥ ਸ਼ਾਸਤਰ ਦੀ ਵਿਦਿਅਕ ਸੰਸਥਾ ਦਿੱਲੀ ਸਕੂਲ ਆਫ਼ ਇਕਨਾਮਿਕਸ ਵਿਚ ਅੱਠ ਸਾਲ ਲਗਾਏ। ਉਹ ਸਦਾ ਪ੍ਰਗਤੀ ਦੀਆਂ ਵੱਖੋ-ਵੱਖਰੀਆਂ ਮੰਜਲਾਂ ਨੂੰ ਤਹਿ ਕਰਦੇ ਰਹੇ। ਉਨ੍ਹਾਂ ਦਾ ਮਨ ਸਦਾ ਸਫਲਤਾ ਦੀਆਂ ਉਚਾਈਆਂ ਛੁਹਣ ਨੂੰ ਕਰਦਾ ਰਿਹਾ। ਉਹ ਕੈਂਬਰਿਜ, ਹਾਰਵਰਡ, ਅਰਥ ਸ਼ਾਸਤਰ ਤੇ ਦਰਸ਼ਨ ਦੇ ਸਾਂਝੇ ਪ੍ਰੋਫੈਸਰ ਬਣ ਗਏ ਤੇ ਇਸ ਤਰ੍ਹਾਂ ਅਰਥ ਸ਼ਾਸਤਰ ਅਤੇ ਫਿਲਾਸਫੀ ਦੀਆਂ ਉੱਚੀਆਂ ਮੰਜਲਾਂ ਉਨ੍ਹਾ ਨੇ ਛੋਹੀਆਂ। ਜਦੋਂ ਉਨ੍ਹਾਂ ਨੂੰ ਨੋਬਲ ਇਨਾਮ ਪ੍ਰਾਪਤ ਹੋਇਆ ਤਾਂ ਉਸ ਵੇਲੇ ਵੀ ਅਮਰਤਿਆ ਸੇਨ ਇਕ ਅਹਿਮ ਵਿਦਿਅਕ ਅਦਾਰੇ ਵਿਚ ਮਾਸਟਰ ਆਫ਼ ਟਰਿਨਿਟੀ ਕੈਬਰਿਜ ਦੇ ਉੱਚੇ ਅਹੁਦੇ ‘ਤੇ ਸਨ।
ਅਮਰਤਿਆ ਸੇਨ ਨੂੰ ਜਿੱਥੇ ਭਾਰਤ ਤੇ ਵਿਸ਼ੇਸ਼ ਕਰਕੇ ਕਲਕੱਤੇ ਨਾਲ ਵਿਸ਼ੇਸ਼ ਮੋਹ ਸੀ, ਉਥੇ ਉਨ੍ਹਾਂ ਨੇ ਭਾਰਤੀ ਨਾਗਰਿਕ ਹੋਣ ਦਾ ਮਾਣ ਸਦਾ ਲਈ ਕਾਇਮ ਰੱਖਿਆ। ਉਹ ਹਰ ਵਰ੍ਹੇ ਆਪਣੇ ਬਜ਼ੁਰਗ ਮਾਂ ਬਾਪ ਨੂੰ ਮਿਲਣ ਲਈ ਸਦਾ ਆਉਂਦੇ ਰਹਿੰਦੇ ਸਨ। ਨੌ ਸਾਲ ਦੀ ਉਮਰ ਵਿਚ 1943 ਨੂੰ ਜਦੋਂ ਬੰਗਾਲ ਵਿਖੇ ਕਾਲ ਪਿਆ ਤਾਂ ਹੋਣਹਾਰ ਸੇਨ ਦੇ ਮਨ ਵਿਚ ਇਹ ਫੁਰਨਾ ਉਠਿਆ ਕਿ ਕੀ ਕਾਰਨ ਹੈ ਕਿ ਬੰਗਾਲ ਵਿਚ ਕਾਲ ਕਰਕੇ ਬੇਅੰਤ ਲੋਕ ਮਰੇ ਹਨ, ਪਰ ਉਹ ਕੁਝ ਖ਼ੁਸ਼ਕਿਸਮਤ ਲੋਕਾਂ ਵਿਚੋਂ ਹਨ, ਜਿਨ੍ਹਾਂ ਦੇ ਪਰਿਵਾਰ ਸਲਾਮਤ ਬਚੇ ਰਹਿ ਗਏ ਹਨ। ਉਹ ਡੂੰਘੀ ਸੋਚ ਰੱਖਣ ਵਾਲੇ ਵਿਅਕਤੀ ਸਨ। ਇਸ ਫੁਰਨੇ ਤੇ ਹੀ ਸੇਨ ਨੇ ਗ਼ਰੀਬੀ, ਭੁਖਮਰੀ, ਕਾਲ, ਸਮਾਜ ਵਿਚ ਅਸਮਾਨਤਾ ਤੇ ਡੂੰਘਾ ਅਧਿਐਨ ਸ਼ੁਰੂ ਕੀਤਾ ਤੇ ਇਨ੍ਹਾਂ ਸਾਰਿਆਂ ਮਸਲਿਆਂ ਤੇ ਗਣਿਤ ਦੀ ਸਹਾਇਤਾ ਨਾਲ ਨਵੀਂ ਵਿਚਾਰਧਾਰਾ ਪੇਸ਼ ਕੀਤੀ। ਇਸ ਇਨਾਮ ਦੇ ਅਨੇਕਾਂ ਪਹਿਲੂ ਹਨ। ਇਹ ਇਨਾਮ ਇਸ ਕਰਕੇ ਮਹਾਨ ਨਹੀਂ ਕਿ ਇਸ ਵਿਚ 960,000 ਡਾਲਰ ਦੀ ਇੱਕ ਵੱਡੀ ਧਨ ਰਾਸ਼ੀ ਸ਼ਾਮਿਲ ਹੈ, ਸਗੋਂ ਇਸ ਕਰਕੇ ਮਹਾਨ ਹੈ ਕਿ ਭਾਰਤ ਦੀ ਆਰਥਿਕ ਸਥਿਤੀ ਜੋ ਕਿ ਵਿਸ਼ੇਸ਼ ਕਰਕੇ ਇਨ੍ਹਾਂ ਦਿਨਾਂ ਵਿਚ ਆਰਥਿਕ ਪਤਨ ਵੱਲ ਜਾ ਰਹੀ ਸੀ, ਉਸ ਆਰਥਿਕ ਤੌਰ ‘ਤੇ ਪਛੜੇ ਹੋਏ ਦੇਸ਼ ਦੇ ਨਿਵਾਸੀ ਨੂੰ ਹੀ ਅਰਥ-ਸ਼ਾਸਤਰ ਦਾ ਉੱਚਾ ਇਨਾਮ ਮਿਲਿਆ ਹੈ। ਉੱਨੀ ਸੌ ਪਚਾਨਵੇਂ (1995) ਤੋਂ ਬਾਅਦ ਇਹ ਪਹਿਲੀ ਵਾਰੀ ਹੈ ਕਿ ਇਹ ਇਨਾਮ ਏਸ਼ੀਆ ਦੇ ਇਕੱਲੇ ਵਿਅਕਤੀ ਨੂੰ ਦਿੱਤਾ ਗਿਆ ਹੈ।
ਇਸ ਮਹੱਤਵਪੂਰਨ ਇਨਾਮ ਨਾਲ ਸਹਿਜੇ ਹੀ ਕੁਝ ਜ਼ਰੂਰੀ ਨੁਕਤੇ ਜੁੜ ਜਾਂਦੇ ਹਨ। ਪਹਿਲੀ ਤੇ ਮੁੱਢਲੀ ਜ਼ਰੂਰੀ ਗੱਲ ਇਹ ਹੈ ਕਿ ਇਸ ਇਨਾਮ ਦਾ ਵਿਸ਼ਾ-ਖੇਤਰ ਹੀ ਅਜਿਹਾ ਹੈ, ਜੋ ਵਿਸ਼ੇਸ਼ ਤੌਰ ‘ਤੇ ਇਸ ਨੂੰ ਭਾਰਤ ਦੀ ਅਰਥ-ਵਿਵਸਥਾ ਨਾਲ ਜੋੜਦਾ ਹੈ। ਅਮਰਤਿਆ ਸੇਨ ਨੇ ਜੋ ਆਰਥਿਕ ਸਿਧਾਂਤ ਸਾਡੇ ਸਾਹਮਣੇ ਪ੍ਰਸਤੁਤ ਕੀਤਾ ਹੈ, ਉਹ ਕੇਵਲ ਭਾਰਤ ਵਰਗੇ ਪਛੜੇ ਹੋਏ ਦੇਸ਼ਾਂ ਲਈ ਹੀ ਹੈ ਤੇ ਉਸ ਨੇ ਅਮੀਰ ਲੋਕਾਂ ਦੇ ਅਰਥ-ਸ਼ਾਸਤਰ ਨੂੰ ਗ਼ਰੀਬ ਤੇ ਵਿਕਸਿਤ ਹੋਣ ਜਾ ਰਹੇ ਅਰਥ-ਸ਼ਾਸਤਰ ਨਾਲੋਂ ਵੱਖ ਕਰਕੇ ਨਵੀਂ ਆਰਥਿਕ ਪ੍ਰਣਾਲੀ ਦਿੱਤੀ ਹੈ। ਇਸ ਤਰ੍ਹਾਂ ਅਮਰਤਿਆ ਦਾ ਅਰਥ-ਸ਼ਾਸਤਰ ਜੋ ਦੇਸ਼ ਆਪਣੀ ਆਰਥਿਕ ਹੋਣੀ ਸੰਵਾਰ ਰਹੇ ਹਨ, ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਜੁੜਿਆ ਹੋਇਆ ਹੈ। ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਕੀ ਸੇਨ ਦੀ ਆਰਥਿਕ ਪ੍ਰਣਾਲੀ ਦੇ ਸੰਸਾਰ ਪੱਧਰ ‘ਤੇ ਸਵੀਕਾਰ ਹੋਣ ਕਾਰਨ ਭਾਰਤ ਦੀ ਆਰਥਿਕ ਨੀਤੀ ਪਰਿਵਰਤਨ ਦੇ ਦੌਰ ਵਿਚੋਂ ਗੁਜ਼ਰੇਗੀ? ਕੀ ਭਾਰਤ ਹੁਣ ਆਪਣੀ ਵਿਸ਼ਵੀਕਰਨ (Globalisation) ਦੀ ਨੀਤੀ ਤੋਂ ਮੂੰਹ ਮੋੜ ਸਕੇਗਾ? ਜਿਹੜੀਆਂ ਬਹੁ-ਰਾਸ਼ਟਰੀ ਕੰਪਨੀਆਂ ਨੂੰ ਮਨਮੋਹਨ ਸਿੰਘ ਦੀ ਆਰਥਿਕ ਨੀਤੀ ਅਨੁਸਾਰ ਤੇ ਬਾਅਦ ਵਿਚ ਹੁਣ ਭਾਰਤੀ ਜਨਤਾ ਪਾਰਟੀ ਸਰਕਾਰ ਤੇ ਚੌਦਾਂ ਪਾਰਟੀਆਂ ਦੇ ਸਾਂਝੇ ਮੋਰਚੇ ਨੇ ਪ੍ਰਵਾਨਗੀ ਦਿੱਤੀ ਹੋਈ ਹੈ ਤੇ ਜੋ ਵਿਸ਼ੇਸ਼ ਤੌਰ ‘ਤੇ ਪੂੰਜੀਪਤੀ ਸ਼੍ਰੇਣੀ ਦੇ ਹਿਤਾਂ ਨੂੰ ਪਾਲਦੀ ਆਈ ਹੈ, ਉਸ ਨੀਤੀ ਨੂੰ ਸੇਨ ਦੇ ਅਰਥ-ਸ਼ਾਸਤਰ ਦੇ ਸਿਧਾਂਤਾਂ ਦੇ ਸਨਮੁੱਖ ਤਿਲਾਂਜਲੀ ਮਿਲ ਸਕੇਗੀ?
ਜਿਹੜੀ ਸਵੀਡਸ਼ ਅਕੈਡਮੀ ਨੇ ਇਸ ਇਨਾਮ ਦਾ ਐਲਾਨ ਕੀਤਾ ਹੈ, ਉਸ ਵਿਚ ਇਹ ਕਿਹਾ ਗਿਆ ਹੈ ਕਿ ਸੇਨ ਨੂੰ ਇਹ ਇਨਾਮ ਲੋਕ ਕਲਿਆਣ ਅਰਥ-ਸ਼ਾਸਤਰ ਲਿਖਣ ਕਰਕੇ ਦਿੱਤਾ ਗਿਆ ਹੈ। ਸੇਨ ਨੇ ਇਸ ਇਨਾਮ ਨੂੰ ਪ੍ਰਵਾਨ ਕਰਦੇ ਹੋਏ ਬੜੇ ਨਿਮਰਤਾ-ਪੂਰਬਕ ਇਹ ਪ੍ਰਣ ਦੁਹਰਾਇਆ ਹੈ ਕਿ ਇਹ ਇਨਾਮ ਉਸ ਦੇ ਵਿਸ਼ੇ ਅਤੇ ਵਿਚਾਰਾਂ ਨੂੰ ਪ੍ਰਵਾਨਗੀ ਦੇ ਕੇ ਦਿੱਤਾ ਗਿਆ ਹੈ, ਇਹ ਵਿਚਾਰ ਪਹਿਲਾਂ ਹੀ ਦੁਹਰਾਏ ਜਾਂਦੇ ਰਹੇ ਹਨ, ਪਰ ਪ੍ਰਵਾਨ ਹੁਣ ਹੋਏ ਹਨ। ਇਨਾਮ ਦੇ ਹੱਕਦਾਰ ਉਹ ਲੋਕ ਵੀ ਹਨ ਜਿਹੜੇ ਇਸ ਖੇਤਰ ਵਿਚ ਲਗਾਤਾਰ ਕੰਮ ਕਰਦੇ ਰਹੇ ਹਨ ਪਰ ਹੁਣ ਇਹ ਇਨਾਮ ਵੰਡਿਆ ਨਹੀਂ ਜਾ ਸਕਦਾ।
ਭਾਰਤ ਸਰਕਾਰ ਦੀ ਅਤੇ ਆਮ ਲੋਕਾਂ ਦੀ ਸਨਮਾਨ ਦੀ ਦ੍ਰਿਸ਼ਟੀ ਇਹ ਹੀ ਹੋ ਸਕਦੀ ਹੈ ਕਿ ਜਿਨ੍ਹਾਂ ਵਿਸ਼ੇਸ਼ ਮਹੱਤਵਪੂਰਨ ਗੱਲਾਂ ਨੂੰ ਅਮਰਤਿਆ ਸੇਨ ਸਦਾ ਦ੍ਰਿੜ ਕਰਾਉਂਦਾ ਰਿਹਾ ਹੈ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇ। ਸੇਨ ਅਨੁਸਾਰ ਸਾਡੀ ਸਭ ਤੋਂ ਵੱਡੀ ਪਹਿਲ ਲੋਕਤੰਤਰ ਹੈ, ਜਿਸ ਨੂੰ ਮੁੱਢਲੇ ਰੂਪ ਵਿਚ ਸਾਨੂੰ ਬਲਵਾਨ ਬਣਾਉਣ ਦੀ ਲੋੜ ਹੈ। ਲੋਕਤੰਤਰ ਹੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦਾ ਹੈ ਤੇ ਜੇ ਇਸ ਦੀਆਂ ਜੜ੍ਹਾਂ ਹੀ ਮਜ਼ਬੂਤ ਨਹੀਂ ਹੋਣਗੀਆਂ ਤਾਂ ਇਸ ਨਾਲ ਆਰਥਿਕ ਨਾ-ਬਰਾਬਰੀ ਹੋਰ ਵੱਧਦੀ ਹੈ। ਅਮਰਤਿਆ ਸੇਨ ਅਨੁਸਾਰ ਤਿੰਨ ਪ੍ਰਮੁੱਖ ਤਰੁਟੀਆਂ ਸਾਡੇ ਲੋਕਤੰਤਰ ਦੇ ਜੜ੍ਹ ਰੂਪ ਨੂੰ ਖਾ ਰਹੀਆਂ ਹਨ। ਇਹ ਹਨ : ਮੁੱਢਲੀ ਵਿੱਦਿਆ, ਮੁੱਢਲੀ ਸਿਹਤ ਤੇ ਇਸਤਰੀ-ਮਰਦਾਂ ਦੀ ਨਾ-ਬਰਾਬਰੀ। ਕੁਝ ਵਰ੍ਹੇ ਪਹਿਲਾਂ ਦਿੱਲੀ ਵਿਚ ਇਕ ਸੈਮੀਨਾਰ ਵਿਚ ਬੋਲਦੇ ਹੋਏ ਅਮਰਤਿਆ ਸੇਨ ਨੇ ਕਿਹਾ ਸੀ ਕਿ ਜਿੱਥੇ ਮੁੱਢਲੀ ਵਿੱਦਿਆ ਰਾਜਾਂ ਦੇ ਅਧਿਕਾਰ ਅਧੀਨ ਹੈ ਤੇ ਉਚੇਰੀ ਵਿੱਦਿਆ ਕੇਂਦਰ ਸਰਕਾਰ ਕੋਲ, ਇਸ ਲਈ ਪੰਚਾਇਤਾਂ ਕੋਲ ਆਰਥਿਕ ਵਸੀਲੇ ਨਾਂ-ਮਾਤਰ ਹੋਣ ਕਰਕੇ ਜਿੰਨੇ ਬੱਚੇ ਪਹਿਲਾਂ ਦਾਖਲ ਹੁੰਦੇ ਹਨ, ਉਹ ਉਚੇਰੀ ਵਿੱਦਿਆ ਤੱਕ ਪਹੁੰਚਦੇ ਨਹੀਂ। ਅਸੀਂ ਹਮੇਸ਼ਾ ਬੱਚਿਆਂ ਨੂੰ ਸਕੂਲ ਵਿਚ ਦਾਖਲ ਕਰਾ ਕੇ ਚੈਨ ਮਹਿਸੂਸ ਕਰਦੇ ਹਾਂ, ਪਰ ਉਨ੍ਹਾਂ ਵਿਚੋਂ ਕਿੰਨੇ ਅੱਗੋਂ ਪੜ੍ਹਾਈ ਕਰਦੇ ਹਨ, ਇਸ ਬਾਰੇ ਧਿਆਨ ਹੀ ਨਹੀਂ ਦਿੱਤਾ ਜਾਂਦਾ। ਇਸ ਸੰਬੰਧੀ ਘੋਰ ਅਣਗਹਿਲੀ ਵਰਤੀ ਜਾਂਦੀ ਹੈ, ਜਿਸ ਨਾਲ ਸਾਡੇ ਲੋਕਤੰਤਰ ਦੀਆਂ ਜੜ੍ਹਾਂ ਹੀ ਕਮਜ਼ੋਰ ਹੋ ਜਾਂਦੀਆਂ ਹਨ। ਨਾ ਕੇਵਲ ਸਕੂਲ ਪੱਧਰ ਤੱਕ ਸਾਡੇ ਆਰਥਿਕ ਸਾਧਨ ਹੀ ਸੀਮਤ ਹਨ ਸਗੋਂ ਪ੍ਰਾਇਮਰੀ ਅਧਿਆਪਕਾਂ ‘ਤੇ ਜੋ ਨਾਦਰਸ਼ਾਹੀ ਹਕੂਮਤ ਉਨ੍ਹਾਂ ਦੇ ਤਬਾਦਲਿਆ ਦੇ ਸੰਬੰਧ ਵਿਚ ਕੀਤੀ ਜਾਂਦੀ ਹੈ, ਉਹ ਅਧਿਆਪਕਾਂ ਵਿਚ ਪੜ੍ਹਾਉਣ ਲਈ ਜਜ਼ਬੇ ਤੇ ਜੋਸ਼ ਨੂੰ ਬਿਲਕੁਲ ਖ਼ਤਮ ਕਰ ਦਿੰਦੀ ਹੈ।
ਅਮਰਤਿਆ ਸੇਨ ਨੂੰ ਨੋਬਲ ਇਨਾਮ ਮਿਲਣ ‘ਤੇ ਭਾਰਤ ਦਾ ਗੌਰਵ ਵਿਸ਼ਵ ਵਿਚ ਵਧਾਉਣ ‘ਤੇ ਸਹੀ ਸਨਮਾਨ ਇਹ ਹੋਵੇਗਾ ਕਿ ਸੇਨ ਦੇ ਵਿਚਾਰਾਂ ਨੂੰ ਅਪਣਾਇਆ ਜਾਵੇ। ਹੁਣ ਜਦੋਂ ਕਿ ਸਾਰੇ ਭਾਰਤ ਵਿਚ ਬਿਹਾਰ ਨੂੰ ਛੱਡ ਕੇ ਪੰਚਾਇਤਾਂ ਚੁਣੀਆਂ ਗਈਆਂ ਹਨ, ਪਿੰਡਾਂ ਦੇ ਚੁਣੇ ਹੋਏ ਮੈਂਬਰਾਂ ਅਤੇ ਪਿੰਡਾਂ ਵਿਚ ਪੜ੍ਹਨ ਵਾਲੇ ਬੱਚਿਆਂ ਵਿਚਕਾਰ ਪੂਰਾ ਤਾਲਮੇਲ ਬਣਾਉਣਾ ਚਾਹੀਦਾ ਹੈ। ਪਿੰਡਾਂ ਵਿਚ ਪੰਚਾਇਤਾਂ ਨੂੰ ਹੀ ਅਧਿਆਪਕ ਭਰਤੀ ਕਰਨ, ਅਨੁਸ਼ਾਸਨ ਅਧਿਆਪਕ ਨੂੰ ਰੱਖਣ ਅਤੇ ਵਿੱਤੀ ਸਹਾਇਤਾ ਨੂੰ ਇਸ ਤਰ੍ਹਾਂ ਫੈਲਾਅ ਕੇ ਇਨਕਲਾਬੀ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਨੌਵੀਂ ਪੰਜ ਸਾਲਾ ਯੋਜਨਾ ਵਿਚ ਪੰਚਾਇਤਾਂ ਦੇ ਬੈਂਕ ਖਾਤਿਆਂ ਵਿਚ ਪਹਿਲਾਂ ਹੀ ਧਨ-ਰਾਸ਼ੀ ਜਮ੍ਹਾਂ ਕਰਕੇ ਉਨ੍ਹਾਂ ਤੋਂ ਚੰਗੇ ਨਤੀਜਿਆਂ ਦੀ ਆਸ ਰੱਖੀ ਜਾ ਸਕਦੀ ਹੈ। ਅਮਰਤਿਆ ਸੇਨ ਨੇ ਵਾਰ-ਵਾਰ ਸਕੂਲ ਜਾਂਦੇ ਬੱਚਿਆਂ ਦੀ ਸਮੱਸਿਆ ਨੂੰ ਪੇਸ਼ ਕੀਤਾ ਹੈ ਤੇ ਸਾਡੀਆਂ ਸਾਰੀਆਂ ਸਰਕਾਰਾਂ ਹਮੇਸ਼ਾ ਇਹ ਦਾਅਵਾ ਤਾਂ ਕਰਦੀਆਂ ਹਨ ਕਿ ਸਾਰੇ ਬੱਚਿਆਂ ਲਈ ਵਿੱਦਿਆ ਲਾਜ਼ਮੀ ਕਰ ਦਿੱਤੀ ਹੈ ਪਰ ਇਹ ਨਹੀਂ ਦੇਖਿਆ ਜਾਂਦਾ ਕਿ ਕੁਝ ਵਰ੍ਹਿਆਂ ਬਾਅਦ ਉਨ੍ਹਾਂ ਦਾ ਕੀ ਬਣਦਾ ਹੈ। ਅਜਿਹੇ ਯਤਨ ਕਰਨ ਦੀ ਲੋੜ ਹੈ ਕਿ ਬੱਚੇ ਸਕੂਲ ਵਿਚ ਹੀ ਸਮੇਂ ਅਨੁਸਾਰ ਪੜ੍ਹ-ਲਿਖ ਸਕਣ। ਤਾਮਿਲਨਾਡੂ ਦੀ ਸਰਕਾਰ ਨੇ ਇਹ ਚਮਤਕਾਰ ਕਰ ਵਿਖਾਇਆ ਹੈ, ਜਿੱਥੇ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਦਿੱਤਾ ਜਾਂਦਾ ਹੈ। ਹਰ ਸਕੂਲ ਦੇ ਨਾਲ ਇਕ ਰਸੋਈ ਹੋਣੀ ਵੀ ਲਾਜ਼ਮੀ ਕੀਤੀ ਹੈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੜ੍ਹਾਈ ਦੇ ਖੇਤਰ ਵਿਚ ਪ੍ਰਾਇਮਰੀ ਅਵਸਥਾ ਵਿਚ ਤਾਮਿਲਨਾਡੂ ਹੁਣ ਕੇਰਲਾ ਦੇ ਬਰਾਬਰ ਹੋ ਗਿਆ ਹੈ।
ਮੁੱਢਲੀ ਵਿੱਦਿਆ ਵਿਚ ਸਾਡੇ ਸਕੂਲਾਂ ਦਾ ਇਕੋ ਜਿਹਾ ਪੱਧਰ ਨਾ ਹੋਣ ਕਰਕੇ ਸਿਹਤ ਦੀਆਂ ਸਮੱਸਿਆਵਾਂ ਤੇ ਇਸਤਰੀ-ਪੁਰਸ਼ ਦੀ ਨਾ-ਬਰਾਬਰੀ ਵੀ ਨਾਲ ਜੁੜ ਜਾਂਦੀਆਂ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਸੇਨ ਅਨੁਸਾਰ ਮੁੱਢਲੀ ਵਿੱਦਿਆ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ ਤੇ ਪੰਚਾਇਤਾਂ ਦੇ ਵਿੱਤੀ ਸਾਧਨਾਂ ਨੂੰ ਬਲਵਾਨ ਬਣਾਉਣਾ ਹੈ।
ਅਮਰਤਿਆ ਸੇਨ ਨੇ ਅਰਥ-ਸ਼ਾਸਤਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਤੇ ਸੇਨ ਦੇ ‘ਕਾਲ (Famine) ਬਾਰੇ ਸਿਧਾਂਤਕ ਵਿਚਾਰ ਵੀ ਮਹੱਤਵਪੂਰਨ ਹਨ ਜੋ ਕਿਸੇ ਵੀ ਵਸਤੂ ਦੀ ਕਾਲ ਵਰਗੀ ਸਥਿਤੀ ਨੂੰ ਨਜਿੱਠਦੇ ਹਨ। ਸੇਨ ਨੇ ਉਨ੍ਹਾਂ ਵਿਚਾਰਾਂ ਦਾ ਲੇਖਾ-ਜੋਖਾ ਵੀ ਕੀਤਾ ਹੈ ਜਿਨ੍ਹਾਂ ਨਾਲ ਚੀਨ ਵਰਗੇ ਦੇਸ਼ ਨੂੰ ਕਾਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਆਰਥਿਕ ਤੌਰ ‘ਤੇ ਅਧਿਐਨ ਕਰਕੇ ਤੇ ਇਸ ਵਿਸ਼ੇ-ਵਸਤੂ ਨੂੰ ਦਰਸ਼ਨ ਦਾ ਰੂਪ ਦੇ ਕੇ ਜੋ ਪ੍ਰਸਿੱਧੀ ਪਹਿਲਾਂ ਕਾਰਲ ਮਾਰਕਸ ਦੇ ਵਿਚਾਰਾਂ ਨੇ ਪਾਈ ਸੀ ਤੇ ਰਾਜ ਪ੍ਰਬੰਧਾਂ ਨੂੰ ਹੀ ਬਦਲ ਸੁੱਟਿਆ ਸੀ ਤੇ ਇਕ ਨਵੇਂ ਸਮਾਜਵਾਦੀ ਨਿਜ਼ਾਮ ਦੀ ਸ਼ੁਰੂਆਤ ਹੋਈ ਸੀ। ਅਮਰਤਿਆ ਸੇਨ ਦੇ ਵਿਚਾਰ ਵੀ ਆਪਣੇ-ਆਪ ਵਿਚ ਇਨਕਲਾਬੀ ਵਿਚਾਰ ਹਨ, ਆਰਥਿਕ ਨਾ-ਬਰਾਬਰੀ ਨੂੰ ਦੂਰ ਕਰਦੇ ਹਨ। ਇਹ ਰੌਸ਼ਨੀ ਦਾ ਦੀਪਕ ਅਜਿਹੇ ਸਮੇਂ ਰੌਸ਼ਨ ਹੋਇਆ ਹੈ, ਜਦੋਂ ਅਸੀਂ ਆਪਣੀ ਨਿਤਾਣੀ ਆਰਥਿਕ ਨੀਤੀ ਕਾਰਨ ਅਧੋਗਤੀ ਦੇ ਸਮੇਂ ਵਿਚ ਦਾਖਲ ਹੋ ਰਹੇ ਸੀ।
ਅਮਰਤਿਆ ਸੇਨ ਨੂੰ ਇਹ ਨੋਬਲ ਇਨਾਮ ਬਿਨਾਂ ਮਿਹਨਤ ਕਰਨ ਤੋਂ ਸੋਨੇ ਦੀ ਤਸ਼ਤਰੀ ਵਿਚ ਸਜਾ ਕੇ ਨਹੀਂ ਦਿੱਤਾ ਗਿਆ। ਇਸ ਪਿੱਛੋਂ ਉਸ ਦੀ ਬਲਵਾਨ ਸੋਚ, ਉਸ ਦਾ ਨਿੱਗਰ ਵਿਰਸਾ ਤੇ ਸਹੀ ਵਾਤਾਵਰਨ ਹੈ। ਇਸ ਮਹਾਨ ਅਰਥ-ਸ਼ਾਸਤਰੀ ਦੇ ਜੀਵਨ ਦੀਆਂ ਜੇ ਅਸੀਂ ਪ੍ਰਮੁੱਖ ਘਟਨਾਵਾਂ ਦੇਖੀਏ ਤਾਂ ਸਹਿਜੇ ਹੀ ਪਤਾ ਚੱਲ ਜਾਂਦਾ ਹੈ ਕਿ ਉਸਦੀ ਪਰਵਰਿਸ਼ ਇਕ ਮਹਾਨ ਸੰਸਕ੍ਰਿਤੀ ਪੈਦਾ ਕਰਨ ਲਈ ਹੀ ਕੀਤੀ ਗਈ ਸੀ। ਟੈਗੋਰ ਦੇ ਸ਼ਾਂਤੀ ਨਿਕੇਤਨ ਵਿਚ ਜਨਮੇ, ਵਿੱਦਿਆ, ਦਰਸ਼ਨ ਤੇ ਸਮਾਜਿਕ ਚੇਤਨਤਾ ਦੀ ਗੁੜ੍ਹਤੀ ਟੈਗੋਰ ਤੋਂ ਪ੍ਰਾਪਤ ਕਰਕੇ, ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਤੋਂ ਬੀ. ਏ. ਪਾਸ ਕਰਕੇ ਕੈਂਬਰਿਜ਼ ਤੋਂ ਪੀ. ਐਚ. ਡੀ., ਕੁਝ ਸਮੇਂ ਯਾਦਵਪੁਰ ਵਿਸ਼ਵ ਯੂਨੀਵਰਸਿਟੀ ਵਿਚ ਪੜ੍ਹਾ ਕੇ, ਅੱਠ ਸਾਲ ਦਿੱਲੀ ਸਕੂਲ ਆਫ ਇਕਨਾਮਿਕਸ ਵਿਚ ਲਗਾ ਕੇ, ਕੈਂਬਰਿਜ਼ ਹਾਰਵਰਡ ਵਿਖੇ ਅਰਥ-ਸ਼ਾਸਤਰ ਤੇ ਦਰਸ਼ਨ ਦੇ ਸਾਂਝੇ ਪ੍ਰੋਫੈਸਰ ਬਣ ਕੇ ਤੇ ਹੁਣ ਵਰਤਮਾਨ ਵਿਚ ਮਾਸਟਰ ਆਫ ਟਰਿਨਿਟੀ ਕੈਂਬਰਿਜ਼ ਵਿਖੇ ਹੋਣ ‘ਤੇ ਵੀ ਅਮਰਤਿਆ ਸੇਨ ਨੂੰ ਆਪਣਾ ਕਲਕੱਤਾ ਨਹੀਂ ਭੁੱਲਿਆ ਤੇ ਅਜੇ ਵੀ ਉਹ ਭਾਰਤੀ ਨਾਗਰਿਕ ਹਨ ਤੇ ਹਰ ਵਰ੍ਹੇ ਆਪਣੀ ਬਜ਼ੁਰਗ ਮਾਂ ਨੂੰ ਮਿਲਣ ਆਉਂਦੇ ਹਨ। ਨੌਂ ਸਾਲ ਦੀ ਉਮਰ ਵਿਚ ਜਦੋਂ ਬੰਗਾਲ ਵਿਚ 1943 ਵਿਚ ਕਾਲ ਪਿਆ ਤਾਂ ਹੋਣਹਾਰ ਸੇਨ ਦੇ ਮਨ ਵਿਚ ਇਹ ਫੁਰਨਾ ਉੱਠਿਆ ਕਿ ਕੀ ਕਾਰਨ ਹੈ ਕਿ ਬੰਗਾਲ ਦੇ ਕਾਲ ਕਾਰਨ ਬੇਅੰਤ ਲੋਕ ਮਰੇ ਹਨ, ਪਰ ਉਨ੍ਹਾਂ ਦਾ ਪਰਿਵਾਰ ਕਿਨ੍ਹਾਂ ਕਾਰਨਾਂ ਕਰਕੇ ਜਿਊਂਦਾ ਰਹਿ ਗਿਆ ਹੈ। ਇਸ ਫੁਰਨੇ ‘ਤੇ ਹੀ ਸੇਨ ਨੇ ਗਰੀਬੀ, ਭੁੱਖਮਰੀ, ਕਾਲ ਅਤੇ ਅਸਮਾਨਤਾ ‘ਤੇ ਡੂੰਘਾ ਅਧਿਐਨ ਸ਼ੁਰੂ ਕੀਤਾ ਤੇ ਇਨ੍ਹਾਂ ਸਮੱਸਿਆਵਾਂ ਬਾਰੇ ਗਣਿਤ ਦੀ ਸਹਾਇਤਾ ਨਾਲ ਨਵੀਂ ਵਿਚਾਰਧਾਰਾ ਪੇਸ਼ ਕੀਤੀ।
ਨਿਰਾ ਕਲਕੱਤਾ ਹੀ ਨਹੀਂ ਸਗੋਂ ਸਾਰਾ ਭਾਰਤ ਹੀ ਪੱਬਾਂ ਭਾਰ ਹੋ ਕੇ ਅਮਰਤਿਆ ਸੇਨ ਦੀ ਭਾਰਤ ਵੱਲ ਫੇਰੀ ਨੂੰ ਉਡੀਕਦਾ ਰਹਿੰਦਾ ਹੈ। ਉਸ ਲਈ ਸਨਮਾਨ ਦੀ ਦ੍ਰਿਸ਼ਟੀ ਕੇਵਲ ਇਹ ਹੀ ਹੋ ਸਕਦੀ ਹੈ ਕਿ ਜਿਨ੍ਹਾਂ ਆਰਥਿਕ ਵਿਚਾਰਾਂ ਨੂੰ ਜਨ-ਸਧਾਰਨ ਦੇ ਕਲਿਆਣ ਲਈ ਸੇਨ ਨੇ ਪੇਸ਼ ਕੀਤਾ, ਉਨ੍ਹਾਂ ਦੀ ਸਾਰਥਿਕਤਾ ਨੂੰ ਸੁਹਿਰਦਤਾ ਸਹਿਤ ਅਪਣਾਇਆ ਜਾਵੇ।