ਅਣਡਿੱਠਾ ਪੈਰਾ : ਜ਼ਕਰੀਆ ਖਾਂ
ਜ਼ਕਰੀਆ ਖ਼ਾਂ ਦੇ ਅੱਤਿਆਚਾਰ ਜਦੋਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਹੇ ਤਾਂ ਉਸ ਨੇ 1733 ਈ. ਵਿੱਚ ਸਿੱਖਾਂ ਨਾਲ ਸਮਝੌਤਾ ਕਰ ਲਿਆ। ਇਸ ਕਾਰਨ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ।
1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਾਰੇ ਛੋਟੇ-ਛੋਟੇ ਦਲਾਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਸੰਗਠਿਤ ਕਰ ਦਿੱਤਾ। ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ। ਬੁੱਢਾ ਦਲ ਵਿੱਚ 40 ਸਾਲ ਤੋਂ ਉੱਪਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦਲ ਦਾ ਕੰਮ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ।
ਤਰੁਣਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦਲ ਦਾ ਮੁੱਖ ਕੰਮ ਆਪਣੀ ਕੌਮ ਦੀ ਰੱਖਿਆ ਕਰਨਾ ਅਤੇ ਦੁਸ਼ਮਣਾਂ ਨਾਲ ਮੁਕਾਬਲਾ ਕਰਨਾ ਸੀ। ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ ਅਤੇ ਹਰੇਕ ਜੱਥੇ ਨੂੰ ਇੱਕ ਵੱਖਰੇ ਤਜਰਬੇਕਾਰ ਸਿੱਖ ਜੱਥੇਦਾਰ ਦੇ ਅਧੀਨ ਰੱਖਿਆ ਗਿਆ ਸੀ।
ਹਰੇਕ ਜੱਥੇ ਵਿੱਚ 1300 ਤੋਂ ਲੈ ਕੇ 2000 ਤਕ ਨੌਜਵਾਨ ਸਨ। ਹਰੇਕ ਜੱਥੇ ਦਾ ਆਪਣਾ ਵੱਖਰਾ ਝੰਡਾ ਅਤੇ ਨਗਾਰਾ ਸੀ। ਭਾਵੇਂ ਨਵਾਬ ਕਪੂਰ ਸਿੰਘ ਜੀ ਨੂੰ ਬੁੱਢਾ ਦਲ ਦੀ ਅਗਵਾਈ ਸੌਂਪੀ ਗਈ ਸੀ, ਪਰ ਉਹ ਦੋਹਾਂ ਦਲਾਂ ਵਿਚਕਾਰ ਇੱਕ ਸਾਂਝੀ ਕੜੀ ਦਾ ਕੰਮ ਵੀ ਕਰਦੇ ਸਨ। ਦੋ ਦਲਾਂ ਵਿੱਚ ਸੰਗਠਿਤ ਹੋ ਜਾਣ ਕਾਰਨ ਸਿੱਖ ਸਰਕਾਰ ਵਿਰੁੱਧ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਸਕੇ।
ਪ੍ਰਸ਼ਨ 1. ਜ਼ਕਰੀਆ ਖ਼ਾਂ ਕੌਣ ਸੀ?
ਉੱਤਰ : ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਸੀ।
ਪ੍ਰਸ਼ਨ 2. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਅਤੇ ਕਿਸਨੇ ਕੀਤਾ ਸੀ?
ਉੱਤਰ : ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ 1734 ਈ. ਵਿਚ ਨਵਾਬ ਕਪੂਰ ਸਿੰਘ ਨੇ ਕੀਤਾ ਸੀ।
ਪ੍ਰਸ਼ਨ 3. ਤਰੁਣਾ ਦਲ ਵਿੱਚ ਕੌਣ ਸ਼ਾਮਲ ਸੀ?
ਉੱਤਰ : ਤਰੁਣਾ ਦਲ ਵਿੱਚ 40 ਸਾਲ ਤੋਂ ਹੇਠਾਂ ਦੇ ਨੌਜਵਾਨ ਸ਼ਾਮਲ ਸਨ।
ਪ੍ਰਸ਼ਨ 4. ਬੁੱਢਾ ਦਲ ਦੀ ਅਗਵਾਈ ਕਿਸਨੇ ਕੀਤੀ ਸੀ?
ਉੱਤਰ : ਬੁੱਢਾ ਦਲ ਦੀ ਅਗਵਾਈ ਨਵਾਬ ਕਪੂਰ ਸਿੰਘ ਨੇ ਕੀਤੀ ਸੀ।