CBSEEducationHistoryHistory of Punjab

ਪ੍ਰਸ਼ਨ. ਚਮਕੌਰ ਸਾਹਿਬ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ।

ਉੱਤਰ : ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਮੁਗ਼ਲ ਫ਼ੌਜਾਂ ਬੜੀ ਤੇਜ਼ੀ ਨਾਲ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਇੱਕ ਕੱਚੀ ਗੜ੍ਹੀ ਵਿੱਚ 40 ਸਿੱਖਾਂ ਨਾਲ ਸ਼ਰਨ ਲਈ। ਛੇਤੀ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮੁਗ਼ਲ ਸੈਨਿਕਾਂ ਨੇ ਇਸ ਗੜ੍ਹੀ ਨੂੰ ਘੇਰਾ ਪਾ ਲਿਆ।

ਚਮਕੌਰ ਸਾਹਿਬ ਦੀ ਇਹ ਲੜਾਈ ਜੋ 22 ਦਸੰਬਰ, 1704 ਈ. ਵਿੱਚ ਲੜੀ ਗਈ, ਬੜੀ ਘਮਸਾਣ ਦੀ ਲੜਾਈ ਸੀ। ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਬਹਾਦਰੀ ਦੇ ਉਹ ਜੌਹਰ ਵਿਖਾਏ ਕਿ ਮੁਗ਼ਲਾਂ ਨੂੰ ਦਿਨੇ ਤਾਰੇ ਨਜ਼ਰ ਆ ਗਏ। ਉਨ੍ਹਾਂ ਨੇ ਅਣਗਿਣਤ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ।

ਚਮਕੌਰ ਸਾਹਿਬ ਦੀ ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਸਿੱਖਾਂ ਨੇ ਜੋ ਸੂਰਬੀਰਤਾ ਦਿਖਾਈ, ਉਸ ਦੀ ਕੋਈ ਹੋਰ ਮਿਸਾਲ ਮਿਲਣੀ ਬੜੀ ਮੁਸ਼ਕਿਲ ਹੈ। ਪੰਜ ਸਿੱਖਾਂ ਦੀ ਬੇਨਤੀ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਗੜ੍ਹੀ ਨੂੰ ਛੱਡ ਦਿੱਤਾ। ਗੜ੍ਹੀ ਛੱਡਣ ਸਮੇਂ ਗੁਰੂ ਸਾਹਿਬ ਨੇ ਮੁਗ਼ਲ ਫ਼ੌਜਾਂ ਨੂੰ ਤਾੜੀ ਵਜਾ ਕੇ ਲਲਕਾਰਿਆ ਪਰ ਉਹ ਗੁਰੂ ਸਾਹਿਬ ਦਾ ਕੁਝ ਨਾ ਵਿਗਾੜ ਸਕੀਆਂ।