ਪ੍ਰਸ਼ਨ. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ : ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣੀਆਂ ਹੋਈਆਂ ਲਗਾਤਾਰ ਹਾਰਾਂ ਦੇ ਅਪਮਾਨ ਦਾ ਬਦਲਾ ਲੈਣਾ ਚਾਹੁੰਦੇ ਸਨ। ਇਸ ਉਦੇਸ਼ ਨਾਲ ਉਨ੍ਹਾਂ ਨੇ ਮੁਗ਼ਲ ਫ਼ੌਜਾਂ ਨਾਲ ਮਿਲ ਕੇ ਮਈ, 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਦੂਸਰੀ ਵਾਰ ਹਮਲਾ ਕਰ ਦਿੱਤਾ।

ਇਸ ਸਾਂਝੀ ਫ਼ੌਜ ਨੇ ਕਿਲ੍ਹੇ ਅੰਦਰ ਜਾਣ ਦੇ ਅਨੇਕਾਂ ਯਤਨ ਕੀਤੇ ਪਰ ਸਿੱਖ ਯੋਧਿਆਂ ਨੇ ਇਨ੍ਹਾਂ ਸਾਰੇ ਯਤਨਾਂ ਨੂੰ ਅਸਫਲ ਬਣਾ ਦਿੱਤਾ। ਘੇਰੇ ਦੇ ਲੰਬੇ ਹੋ ਜਾਣ ਕਾਰਨ ਕਿਲ੍ਹੇ ਦੇ ਅੰਦਰ ਰਸਦ ਥੁੜ੍ਹਨੀ ਸ਼ੁਰੂ ਹੋ ਗਈ।

ਇਸ ਲਈ ਸਿੱਖਾਂ ਲਈ ਜ਼ਿਆਦਾ ਸਮੇਂ ਤਕ ਲੜਾਈ ਨੂੰ ਜਾਰੀ ਰੱਖਣਾ ਸੰਭਵ ਨਹੀਂ ਸੀ। ਜਦੋਂ ਭੁੱਖ ਨਾਲ ਸਿੱਖਾਂ ਦਾ ਸਬਰ ਡੋਲਣ ਲੱਗਾ ਤਾਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਨੇ ਸਿੱਖਾਂ ਨੂੰ ਕੁਝ ਦਿਨ ਹੋਰ ਸੰਘਰਸ਼ ਜਾਰੀ ਰੱਖਣ ਦੀ ਸਲਾਹ ਦਿੱਤੀ।

ਇਸ ਸਲਾਹ ਨੂੰ ਨਾ ਮੰਨਦੇ ਹੋਏ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲ੍ਹਾ ਛੱਡ ਕੇ ਚਲੇ ਗਏ। ਦੂਜੇ ਪਾਸੇ ਇੰਨੇ ਲੰਬੇ ਸਮੇਂ ਤੋਂ ਘੇਰੇ ਕਾਰਨ ਸਾਂਝੀ ਫ਼ੌਜ ਵੀ ਬੜੀ ਪ੍ਰੇਸ਼ਾਨ ਸੀ। ਇਸ ਲਈ ਉਨ੍ਹਾਂ ਨੇ ਇੱਕ ਚਾਲ ਚੱਲੀ। ਉਨ੍ਹਾਂ ਨੇ ਕੁਰਾਨ ਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਭਰੋਸਾ ਦੁਆਇਆ ਕਿ ਜੇ ਉਹ ਸ੍ਰੀ ਆਨੰਦਪੁਰ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਪਰ ਜਦੋਂ ਗੁਰੂ ਜੀ ਕਿਲ੍ਹੇ ਤੋਂ ਬਾਹਰ ਨਿਕਲੇ ਤਾਂ ਮੁਗ਼ਲ ਅਤੇ ਪਹਾੜੀ ਫ਼ੌਜਾਂ ਉਨ੍ਹਾਂ ‘ਤੇ ਟੁੱਟ ਪਈਆਂ।