ਲੇਖ – ਇਨਾਮ ਵੰਡ ਦਾ ਸਮਾਗਮ
ਕਾਲਜ ਵਿੱਚ ਇਨਾਮ ਵੰਡ ਦਾ ਸਮਾਗਮ
ਐਤਕਾਂ ਸਾਡੇ ਕਾਲਜ ਦਾ ਵਾਰਸ਼ਿਕ ਇਨਾਮ ਵੰਡ ਦਾ ਸਮਾਰੋਹ 13 ਮਾਰਚ ਨੂੰ ਹੋਣਾ ਨੀਯਤ ਹੋਇਆ ਸੀ। ਇਸ ਸਮਾਰੋਹ ਵਿਚ ਮੁੱਖ ਪ੍ਰਾਹੁਣੇ ਵਜੋਂ ਪੰਜਾਬ ਦੇ ਗਵਰਨਰ-ਸ੍ਰੀ ਚੰਨਾ ਰੈਡੀ ਨੇ ਆਉਣਾ ਪ੍ਰਵਾਨ ਕਰ ਲਿਆ ਸੀ, ਇਸ ਲਈ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਵਿਚ ਬੜਾ ਉਤਸ਼ਾਹ ਸੀ, ਇਸ ਸਮੇਂ ਸਭਿਆਚਾਰਕ ਸਮਾਰੋਹਾਂ ਤੇ ਸਾਹਿੱਤਕ ਮੁਕਾਬਲਿਆਂ ਵਿਚ ਵਿਸ਼ੇਸ਼ ਅਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨਿਆ ਜਾਣਾ ਸੀ, ਅਤੇ ਇਮਤਿਹਾਨਾਂ ਵਿੱਚੋਂ ਤੇ ਖੇਡ-ਮੁਕਾਬਲਿਆਂ ਵਿਚ ਪਹਿਲੇ, ਦੂਜੇ ਦਰਜੇ ‘ਤੇ ਆਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਣੇ ਸਨ।
ਇਸ ਸਮਾਰੋਹ ਲਈ ਨਿਯਤ ਤਰੀਕ ਤੋਂ ਕਈ ਦਿਨ ਪਹਿਲਾਂ ਜ਼ੋਰ-ਸ਼ੋਰ ਨਾਲ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ। ਕਾਲਜ ਦੇ ਇਹਾਤੇ ਦੀ ਉਚੇਚੀ ਸਫਾਈ ਕਰਾ ਕੇ ਬਿਲਡਿੰਗ ਦੀ ਸਫਾਈ ਕਰਾਈ ਗਈ। ਸੋ; ਸਮਾਗਮ ਵਾਲੇ ਦਿਨ ਕਾਲਜ ਸੱਜ-ਵਿਆਹੀ ਵਹੁਟੀ ਸਮਾਨ ਸੱਜਿਆ ਹੋਇਆ ਵਿਖਾਈ ਦੇਂਦਾ ਸੀ। ਕਾਲਜ ਦੇ ਗੇਟ ਤੋਂ ਹਾਲ ਤਕ, ਰਸਤੇ ਦੇ ਦੋਹੀਂ ਪਾਸੀਂ ਰੰਗ-ਬਰੰਗੀਆਂ ਝੰਡੀਆਂ ਲਾਈਆਂ ਹੋਈਆਂ ਸਨ। ਮਨ-ਮੋਹਣੇ ਗਮਲਿਆਂ ਦੀਆਂ ਕਤਾਰਾਂ ਅਤੇ ਚੂਨੇ ਤੇ ਹੋਰ ਕਈ ਰੰਗਾਂ ਦੀ ਮਿੱਟੀ ਨਾਲ ਰਾਹ ਨੂੰ ਸ਼ਿੰਗਾਰਿਆ ਗਿਆ। ਹਾਲ ਦੀ ਸਜਾਵਟ ਤਾਂ ਖਾਸ ਕਰ ਕੇ ਵੇਖਣ ਯੋਗ ਸੀ। ਸਟੇਜ ਉਤੇ ਮੁੱਖ ਮਹਿਮਾਨ ਅਤੇ ਕੁਝ ਹੋਰਨਾਂ ਲਈ ਵੱਡੀਆਂ ਕੁਰਸੀਆਂ ਰੱਖੀਆਂ ਗਈਆਂ ਸਨ ਅਤੇ ਮੇਜ਼ ਨੂੰ ਰੰਗ- ਬਰੰਗੇ ਸੁੰਦਰ ਗੁਲਦਸਤਿਆਂ ਨਾਲ ਸਜਾਇਆ ਹੋਇਆ ਸੀ। ਇਕ ਪਾਸੇ ਵੱਡੇ ਸਾਰੇ ਮੇਜ਼ ਉਤੇ ਇਨਾਮ ਵਿਚ ਦੇਣ ਵਾਲੀਆਂ ਭਾਂਤ-ਭਾਂਤ ਦੀਆਂ ਚੀਜਾਂ, ਪੁਸਤਕਾਂ ਤੇ ਕਪ ਆਦਿ ਰੱਖੀਆਂ ਹੋਈਆਂ ਸਨ।
ਸਮਾਗਮ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਸਾਰਾ ਹਾਲ ਵਿਦਿਆਰਥੀਆਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਹੋਰ ਪਤਵੰਤਿਆਂ ਨਾਲ ਭਰ ਗਿਆ। ਹਾਲ ਵਿਚ ਇਕ ਪਾਸੇ ਚਿੱਟੇ ਕਪੜਿਆਂ ਤੇ ਨੇਵੀ ਬਲਿਊ ਪੱਗਾਂ ਵਿਚ ਇਨਾਮ ਜੇਤੂ ਵਿਦਿਆਰਥੀ ਬੈਠੇ ਹੋਏ ਸਨ। ਉਨ੍ਹਾਂ ਦੇ ਚਿਹਰਿਆਂ ਉਤੇ ਕਿਸੇ ਜਿੱਤ ਦੀ ਖੁਸ਼ੀ ਦਾ ਅਨੋਖਾ ਜਿਹਾ ਇਹਸਾਸ ਸੀ। ਫੋਟੋਗ੍ਰਾਫਰ ਵਿਦਿਆਰਥੀਆਂ ਦੀਆਂ ਫੋਟੋਆਂ ਖਿੱਚਣ ਲਈ ਤਿਆਰੀ ਕਰਦਿਆਂ ਇਧਰ-ਉਧਰ ਘੁੰਮ ਰਹੇ ਸਨ।
ਹਾਲ ਤੋਂ ਬਾਹਰ ਕਾਲਜ ਦੇ ਮੁੱਖ ਫਾਟਕ ਉਤੇ ਪ੍ਰਿੰਸੀਪਲ ਸਾਹਿਬ, ਪ੍ਰੋਫੈਸਰ ਸਾਹਿਬਾਨ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਅਤੇ ਕੁਝ ਹੋਰ ਪਤਵੰਤੇ ਗਵਰਨਰ ਸਾਹਿਬ ਨੂੰ ਜੀ ਆਇਆਂ ਆਖਣ ਲਈ ਹਾਰ ਤੇ ਗੁਲਦਸਤੇ ਲੈ ਕੇ ਖੜ੍ਹੇ ਹੋ ਗਏ। ਉਸ ਤੋਂ ਅੱਗੇ ਕਾਲਜ ਦੇ ਐਨ.ਸੀ.ਸੀ. ਦੇ ਕੈਡਿਟ ਸੁੰਦਰ ਵਰਦੀਆਂ ਪਾਈ ਖੜ੍ਹੇ ਸਨ। ਠੀਕ ਗਿਆਰਾਂ ਵਜੇ ਮੋਟਰ-ਸਾਈਕਲ ਤੇ ਸਵਾਰ ਇਕ ਥਾਨੇਦਾਰ ਸਾਹਿਬ ਦੇ ਆਉਣ ਤੇ ਸਭ ਸੁਚੇਤ ਹੋ ਗਏ। ਪੁਲਿਸ ਦੀ ਇਕ ਜੀਪ ਤੋਂ ਬਾਅਦ, ਗਵਰਨਰ ਸਾਹਿਬ ਦੀ ਕਾਰ ਆ ਕੇ ਰੁਕੀ। ਉਨ੍ਹਾਂ ਦੇ ਉਤਰਨ ਉਤੇ ਪ੍ਰਿੰਸੀਪਲ ਸਾਹਿਬ ਤੇ ਹੋਰ ਪਤਵੰਤਿਆਂ ਨੇ ਉਨ੍ਹਾਂ ਦੇ ਗਲ ਵਿਚ ਹਾਰ ਪਾਏ ਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਪੁਲਸ ਦੇ ਬੈਂਡ ਨੇ ਸਵਾਗਤੀ ਧੁਨ ਵਜਾਈ ਤੇ ਐਨ.ਸੀ.ਸੀ. ਦੇ ਦਸਤੇ ਨੇ ਉਨ੍ਹਾਂ ਨੂੰ ਗਾਰਡ ਆੱਫ ਆਨਰ ਪੇਸ਼ ਕੀਤਾ। ਇਸ ਤੋਂ ਬਾਅਦ ਸਭ ਇਕ ਜਲੂਸ ਦੀ ਸ਼ਕਲ ਵਿਚ ਹਾਲ ਵੱਲ ਵਧੇ।
ਜਿਉਂ ਹੀ ਮੁੱਖ ਮਹਿਮਾਨ ਦੇ ਅੱਗੇ-ਅੱਗੇ ਕਤਾਰਾਂ ਵਿਚ ਤੁਰਦੇ ਪ੍ਰੋਫੈਸਰ ਸਾਹਿਬਾਨ ਹਾਲ ਵਿਚ ਦਾਖਲ ਹੋਏ, ਦਰਸ਼ਕਾਂ ਨੇ ਖੜ੍ਹੇ ਹੋ ਕੇ ਗਵਰਨਰ ਸਾਹਿਬ ਦਾ ਸੁਆਗਤ ਕੀਤਾ। ਉਨ੍ਹਾਂ ਦੇ ਕੁਰਸੀ ਤੇ ਸੁਸ਼ੋਭਿਤ ਹੁੰਦਿਆਂ ਹੀ ਕਾਲਜ ਦੇ ਚਾਰ ਵਿਦਿਆਰਥੀਆਂ ਨੇ ‘ਦੇਹ ਸ਼ਿਵਾ ਬਰ ਮੋਹਿ ਇਹੈ’ ਦਾ ਸ਼ਬਦ ਬੜੀ ਸੁਰੀਲੀ ਆਵਾਜ਼ ਵਿਚ ਪੜ੍ਹਿਆ, ਜੋ ਸਭ ਨੇ ਖੜ੍ਹੇ ਹੋ ਕੇ ਸਰਵਣ ਕੀਤਾ। ਇਸ ਦੇ ਬਾਅਦ ਪ੍ਰਿੰਸੀਪਲ ਸਾਹਿਬ ਨੇ ਗਵਰਨਰ ਸਾਹਿਬ ਤੇ ਹੋਰ ਪ੍ਰਾਹੁਣਿਆਂ ਨੂੰ ਜੀ ਆਇਆਂ ਆਖਿਆ ਤੇ ਫਿਰ ਕਾਲਜ ਦੀ ਵਾਰਸ਼ਿਕ ਰਿਪੋਰਟ ਪੜ੍ਹੀ, ਜਿਸ ਵਿਚ ਕਾਲਜ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ ਗਿਆ ਸੀ। ਜਦ ਵੀ ਉਹ ਯੂਨੀਵਰਸਿਟੀ ਇਮਤਿਹਾਨਾਂ ਵਿਚ ਜਾਂ ਅੰਤਰ-ਕਾਲਜ ਖੇਡ-ਮੁਕਾਬਲਿਆਂ ਵਿਚ ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ, ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਦਾ। ਰਿਪੋਰਟ ਪੜ੍ਹਨ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਨੇ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਕਰ ਕਮਲਾਂ ਨਾਲ ਜੇਤੂ ਵਿਦਿਆਰਥਿਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦਾ ਹੌਸਲਾ ਵਧਾਉਣ।
ਇਨਾਮਾਂ ਦੀ ਵੰਡ ਸ਼ੁਰੂ ਹੁੰਦਿਆਂ ਹੀ ਸਭ ਤੋਂ ਪਹਿਲਾਂ ਬੀ.ਏ. ਦੀ ਪ੍ਰੀਖਿਆ ਵਿਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਇਕ ਵਿਦਿਆਰਥੀ ਜਗਜੀਤ ਸਿੰਘ ਨੂੰ ਰੋਲ ਆੱਫ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਵੱਖ-ਵੱਖ ਖੇਡਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਕਲਰ ਪ੍ਰਦਾਨ ਕੀਤੇ ਗਏ। ਉਨ੍ਹਾਂ ਤੋਂ ਪਿੱਛੋਂ ਕਾਲਜ ਦੇ ਇਮਤਿਹਾਨਾਂ ਵਿਚ ਹਰੇਕ ਮਜ਼ਮੂਨ ਵਿਚ ਤੇ ਵੱਖ-ਵੱਖ ਖੇਡਾਂ ਵਿਚ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਜਿਉਂ ਹੀ ਕੋਈ ਵਿਦਿਆਰਥੀ ਗਵਰਨਰ ਸਾਹਿਬ ਤੋਂ ਇਨਾਮ ਪ੍ਰਾਪਤ ਕਰਦਾ, ਤਾਂ ਹਾਲ ਤਾੜੀਆਂ ਨਾਲ ਗੂੰਜ ਉਠਦਾ ਅਤੇ ਕੈਮਰਿਆਂ ਦੀ ਲਿਸ਼ਕ ਨਾਲ ਜਗਮਗਾ ਉਠਦਾ।
ਅੰਤ ਵਿਚ ਗਵਰਨਰ ਸਾਹਿਬ ਨੇ ਆਪਣੇ ਭਾਸ਼ਣ ਵਿਚ ਜਿੱਥੇ ਇਨਾਮ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਉਥੇ ਉਨ੍ਹਾਂ ਨੂੰ ਹੋਰ ਵਧੇਰੇ ਮਿਹਨਤ ਤੇ ਲਗਨ ਨਾਲ ਕੰਮ ਕਰਨ ਤੇ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਵੀ ਦਿੱਤੀ। ਉਨ੍ਹਾਂ ਨੇ ਪ੍ਰਿੰਸੀਪਲ ਸਾਹਿਬ ਤੇ ਸਟਾਫ ਦੇ ਹੋਰ ਮੈਂਬਰਾਂ ਦੀ ਚੰਗੇ ਨਤੀਜੇ ਵਿਖਾਉਣ ਅਤੇ ਕਾਲਜ ਦੀ ਉਨੱਤੀ ਲਈ ਕੀਤੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਇਸ ਕਾਲਜ ਦੀ ਹਰ ਭਾਂਤ ਦੀ ਮਦਦ ਕਰੇਗੀ। ਕੌਮੀ ਗੀਤ: ਜਨ-ਗਨ-ਮਨ ਦੇ ਗਾਉਣ ਤੋਂ ਬਾਅਦ ਸਮਾਗਮ ਦੀ ਸਮਾਪਤੀ ਘੋਸ਼ਤ ਕਰ ਦਿੱਤੀ ਗਈ।
ਹਾਲ ਤੋਂ ਬਾਹਰ ਆ ਕੇ ਇਨਾਮ ਜੇਤੂ ਵਿਦਿਆਰਥੀਆਂ, ਪ੍ਰਿੰਸੀਪਲ ਸਾਹਿਬ ਤੇ ਪ੍ਰੋਫੈਸਰ ਸਾਹਿਬਾਨ ਦੀ ਗਵਰਨਰ ਸਾਹਿਬ ਨਾਲ ਛੋਟੇ ਖਿੱਚੀ ਗਈ। ਉਸ ਤੋਂ ਬਾਅਦ ਸਭ ਨੂੰ ਬੜੀ ਸ਼ਾਨਦਾਰ ਚਾਹ-ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਉਂ ਵਿਦਿਆਰਥੀ ਤੇ ਹੋਰ ਦਰਸ਼ਕ ਇਸ ਸਮਾਗਮ ਦੀਆਂ ਮਿੱਠੀਆਂ ਯਾਦਾਂ ਲੈ ਕੇ ਖੁਸ਼ੀ-ਖੁਸ਼ੀ ਘਰਾਂ ਨੂੰ ਪਰਤੇ।