ਲੇਖ – ਅੰਮ੍ਰਿਤਸਰ ਦੀ ਦੀਵਾਲੀ
ਅੰਮ੍ਰਿਤਸਰ ਦੀ ਦੀਵਾਲੀ
ਦੀਵਾਲੀ ਸਾਰੇ ਭਾਰਤ ਵਾਸੀਆਂ ਦਾ ਸਾਂਝਾ ਤਿਉਹਾਰ ਹੈ। ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਸਨ ਤੇ ਸ਼ਹਿਰ ਵਾਸੀਆਂ ਨੇ ਦੀਪਮਾਲਾ ਕਰਕੇ ਖੁਸ਼ੀ ਮਨਾਈ ਸੀ। ਇਸ ਗੱਲ ਦੀ ਯਾਦਗਾਰ ਵਜੋਂ, ਇਹ ਤਿਉਹਾਰ ਭਾਰਤ ਵਿਚ ਹਰ ਸਾਲ ਹਰੇਕ ਥਾਂ ਮਨਾਇਆ ਜਾਂਦਾ ਹੈ। ਰਾਤ ਵੇਲੇ ਘਰਾਂ, ਬਾਜ਼ਾਰਾਂ, ਦੁਕਾਨਾਂ, ਆਦਿ ਵਿਚ ਦੀਵੇ ਤੇ ਮੋਮਬੱਤੀਆਂ ਜਗਾ ਕੇ ਰੋਸ਼ਨੀ ਕੀਤੀ ਜਾਂਦੀ ਹੈ। ਲੋਕ ਰੱਜ-ਰੱਜ ਮਿਠਾਈਆਂ ਖਾਂਦੇ ਤੇ ਸੱਜਣਾ-ਮਿੱਤਰਾਂ ਦੇ ਘਰ ਭੇਜਦੇ ਹਨ। ਸਭ ਪਾਸੇ ਖੁਸ਼ੀਆਂ ਤੇ ਖੇੜਾ ਨਜ਼ਰ ਆਉਂਦਾ ਹੈ।
ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਵਿਸ਼ੇਸ਼ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਅੰਮ੍ਰਿਤਸਰ ਵਾਸੀਆਂ ਤੇ ਸਿੱਖਾਂ ਲਈ ਇਸ ਦਿਨ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਸ ਦਿਨ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜਹਾਂਗੀਰ ਦੀ ਕੈਦ ਤੋਂ ਰਿਹਾਈ ਪਾ ਕੇ ਗਵਾਲੀਅਰ ਦੇ ਕਿਲ੍ਹੇ ਤੋਂ ਵਾਪਸ ਅੰਮ੍ਰਿਤਸਰ ਪਰਤੇ ਸਨ ਤੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਦਾ ਸੁਆਗਤ ਦੀਵਾਲੀ ਦੀ ਸਾਰੀ ਸਜ-ਧਜ ਨਾਲ ਘਿਓ ਦੇ ਦੀਵੇ ਜਗਾ ਕੇ ਕੀਤਾ ਸੀ। ਦਰਬਾਰ ਸਾਹਿਬ ਵਿਚ ਜਿਵੇਂ ਵਿਸਾਖੀ ਦੀ ਗਹਿਮਾ-ਗਹਿਮੀ ਹੁੰਦੀ ਹੈ, ਤਿਵੇਂ ਹੀ ਦੀਵਾਲੀ ਉਤੇ ਲੋਕਾਂ ਦਾ ਠਾਠਾਂ ਮਾਰਦਾ ਸਮੁੰਦਰ ਨਜ਼ਰ ਆਉਂਦਾ ਹੈ।
ਐਤਕੀਂ ਅਸੀਂ ਤਿੰਨ ਮਿੱਤਰ ਇਕੱਠੇ ਹੋ ਕੇ ਦਰਬਾਰ ਸਾਹਿਬ ਦੀ ਦੀਵਾਲੀ ਦੀ ਰੌਣਕ ਵੇਖਣ ਲਈ ਇਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਪੁੱਜ ਗਏ। ਸਾਨੂੰ ‘ਗੁਰੂ ਰਾਮਦਾਸ ਨਿਵਾਸ’ ਵਿਚ ਰਿਹਾਇਸ਼ ਲਈ ਕਮਰਾ ਮਿਲ ਗਿਆ। ਪਹਿਲੇ ਦਿਨ ਅਸਾਂ ਜਲ੍ਹਿਆਂ ਵਾਲਾ ਬਾਗ, ਦੁਰਗਿਆਨਾ ਮੰਦਰ, ਬਾਬਾ ਅਟੱਲ ਸਾਹਿਬ, ਕੌਲ ਸਰ, ਰਾਮ ਸਰ, ਸੰਤੋਖ ਸਰ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰ ਲਏ ਤੇ ਰਾਤ ਆਪਣੇ ਕਮਰੇ ਵਿਚ ਆਰਾਮ ਕੀਤਾ।
ਦੀਵਾਲੀ ਵਾਲਾ ਦਿਨ ਚੜ੍ਹਿਆ ਤਾਂ ਦੀਵਾਲੀ ਦੇ ਵਿਸ਼ੇਸ਼ ਸ਼ਰਧਾਲੂ ਤਾਂ ਇਕ ਦਿਨ ਪਹਿਲਾਂ ਹੀ ਪਹੁੰਚ ਜਾਂਦੇ ਹਨ, ਪਰ ਅੱਜ ਤਾਂ ਭੀੜਾਂ ਦੀਆਂ ਭੀੜਾਂ ਤੁਰੀਆਂ ਆ ਰਹੀਆਂ ਸਨ। ਅਸਾਂ ਸਵੇਰੇ ਅੰਮ੍ਰਿਤ ਵੇਲੇ ਉਠ ਕੇ ਸਰੋਵਰ ਵਿਚ ਇਸ਼ਨਾਨ ਕੀਤਾ। ਫਿਰ ਹਰਿਮੰਦਰ ਸਾਹਿਬ ਮੱਥਾ ਟੇਕਿਆ, ਪਰਸ਼ਾਦ ਕਰਾਇਆ ਤੇ ਬਾਹਰ ਆ ਗਏ। ਦੁਪਹਿਰੇ ਲੰਗਰ ਛਕ ਕੇ ਅਸੀਂ ਫਿਰ ਅੰਦਰ ਚਲੇ ਗਏ। ਸਾਨੂੰ ਪਤਾ ਸੀ ਕਿ ਬਾਅਦ ਵਿਚ ਇੰਨੀ ਭੀੜ ਹੋ ਜਾਂਦੀ ਹੈ ਕਿ ਕਿਤੇ ਬੈਠ ਕੇ ਦੀਵਾਲੀ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਸ਼ਰਧਾਲੂਆਂ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਸੀ। ਪਿੰਡਾਂ ਵਿੱਚੋਂ ਇਸਤਰੀਆਂ, ਪੁਰਸ਼, ਜਵਾਨ, ਬੱਚੇ ਤੇ ਬਜ਼ੁਰਗ ਨਵੇਂ-ਨਵੇਂ ਕੱਪੜੇ ਪਾਈ ਢੁੱਕ ਰਹੇ ਸਨ। ਸ਼ਹਿਰੀਏ ਵੀ ਬੇਅੰਤ ਸਨ ਤੇ ਬਾਹਰ ਦੇ ਵੀ ਹਜ਼ਾਰਾਂ ਆਦਮੀ ਪਹੁੰਚੇ ਹੋਏ ਸਨ। ਇਨ੍ਹਾਂ ਵਿਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਹਰ ਮਜ੍ਹਬ ਦੇ ਲੋਕ ਸਨ, ਸਗੋਂ ਬਾਹਰਲੇ ਦੇਸ਼ਾਂ ਤੋਂ ਵੀ ਕਈ ਸ਼ਰਧਾਲੂ ਯਾਤਰਾ ਲਈ ਪਹੁੰਚੇ ਹੋਏ ਸਨ।
ਅਸਾਂ ਮੰਜੀ ਸਾਹਿਬ ਦੇ ਦੀਵਾਨ ਅਸਥਾਨ ਵਾਲੇ ਪਾਸੇ ਤੋਂ ਅੰਦਰ ਪ੍ਰਵੇਸ਼ ਕੀਤਾ। ਬਾਬਾ ਦੀਪ ਸਿੰਘ ਜੀ ਦੀ ਸਮਾਧੀ ਦੇ ਕੋਲੋਂ ਲੰਘ ਕੇ ਅਸੀਂ ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਉਚੀਆਂ ਪੌੜੀਆਂ ਤੇ ਚੜ੍ਹ ਕੇ ਬੈਠ ਗਏ। ਅਸੀਂ ਅਨੁਮਾਨ ਲਾ ਲਿਆ ਸੀ ਕਿ ਇਥੋਂ ਨਜ਼ਾਰਾ ਬੜਾ ਸ਼ਾਨਦਾਰ ਦਿੱਸੇਗਾ। ਦਰਬਾਰ ਸਾਹਿਬ ਦੇ ਅੰਦਰ ਲਗਾਤਾਰ ਕੀਰਤਨ ਹੁੰਦਾ ਹੈ ਤੇ ਬਾਹਰ ਲੱਗੇ ਲਾਊਡ ਸਪੀਕਰਾਂ ਰਾਹੀਂ ਸੁਣਿਆ ਜਾਂਦਾ ਹੈ। ਅਸੀਂ ਕੀਰਤਨ ਸੁਣਨ ਵਿਚ ਮਸਤ ਹੋ ਗਏ। ਛੇਤੀ ਹੀ ਪਰਕਰਮਾ ਦੇ ਬਰਾਂਡਿਆਂ ਦੀਆਂ ਛੱਤਾਂ ਉਤੇ ਲੋਕਾਂ ਦੀ ਭੀੜ ਲਗ ਗਈ। ਜਿਉਂ-ਜਿਉਂ ਸ਼ਾਮ ਨੇੜੇ ਆ ਰਹੀ ਸੀ, ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀਆਂ ਸਭ ਇਮਾਰਤਾਂ ਦੀਆਂ ਛੱਤਾਂ ਲੋਕਾਂ ਨਾਲ ਭਰੀਆਂ ਜਾ ਰਹੀਆਂ ਸਨ। ਪਰਕਰਮਾ ਤਾਂ ਪਹਿਲਾਂ ਹੀ ਖਚਾਖਚ ਭਰ ਗਈ ਸੀ ਤੇ ਹੁਣ ਕਿਤੇ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ।
ਸ਼ਾਮ ਢਲ ਆਈ। ਪਰਕਰਮਾ ਦੀਆਂ ਬੱਤੀਆਂ ਜਗ ਪਈਆਂ ਤੇ ਲੋਕਾਂ ਦੀਆਂ ਅੱਖਾਂ ਵਿਚ ਚਮਕ ਆ ਗਈ। ਪਰਕਰਮਾ ਦੇ ਆਲੇ-ਦੁਆਲੇ ਤੇ ਸਰੋਵਰ ਦੀਆਂ ਪੌੜੀਆਂ ਉਤੇ ਦੀਵੇ ਜਗਾਏ ਜਾ ਰਹੇ ਸਨ। ਪਰਕਰਮਾਂ ਤੇ ਬਰਾਂਡਿਆਂ ਉਤੇ ਬਿਜਲੀ ਦੇ ਬਲਬਾਂ ਦੀਆਂ ਲੜੀਆਂ ਸਨ। ਹਰਿਮੰਦਰ ਸਾਹਿਬ ਦੇ ਸੁਨਹਿਰੀ ਕਲਸ ਉਤੇ ਰੰਗ-ਬਰੰਗੇ ਲਾਟੂਆਂ ਦੀ ਜਗਮਗ ਬੜਾ ਸੁਖਾਵਾਂ ਪ੍ਰਭਾਵ ਪਾ ਰਹੀ ਸੀ। ਸਾਮ੍ਹਣੇ ਘੰਟਾ ਘਰ ਦੀ ਡਿਓਢੀ ਉਤਲੀਆਂ ਬੱਤੀਆਂ ਤੇ ਇਧਰੋਂ ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਬੱਤੀਆਂ ਇਕ ਦੂਜੀ ਨਾਲ ਰਮਜ਼ ਭਰੀਆਂ ਗੱਲਾਂ ਕਰ ਰਹੀਆਂ ਜਾਪਦੀਆਂ ਸਨ। ਲਾਚੀ ਬੇਰ, ਬਾਬੇ ਬੁੱਢੇ ਦੀ ਬੇਰੀ ਤੇ ਦੁੱਖ ਭੰਜਣੀ ਬੇਰੀ ਉਤੇ ਜਗਮਗ ਕਰਦੇ ਬਲਬ ਦਰਖੱਤਾਂ ਵਿੱਚੋਂ ਝਾਕਦੇ ਸੁੰਦਰ ਦ੍ਰਿਸ਼ ਪੇਸ਼ ਕਰ ਰਹੇ ਸਨ। ਦਰਸ਼ਨੀ ਡਿਓਢੀ ਤੋਂ ਲੈ ਕੇ ਹਰਿਮੰਦਰ ਸਾਹਿਬ ਤਕ ਜਾਂਦਾ ਪੁਲ ਤਾਂ ਇਕ ਸਜੇ-ਸੰਵਰੇ ਮਾਰਗ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਦਰਸ਼ਨੀ ਡਿਓਢੀ ਉਤੇ ਰੋਸ਼ਨੀ ਵੀ ਕੋਈ ਘੱਟ ਸ਼ਾਨਦਾਰ ਨਹੀਂ ਸੀ। ਗੁਰੂ ਨਾਨਕ ਦੇਵ ਜੀ ਦੇ ਪੰਜ-ਸੌ–ਸਾਲਾ ਪ੍ਰਕਾਸ਼ ਉਤਸਵਾਂ ਉਤੇ ਇਕ ਵਿਸ਼ੇਸ਼ੱਗ ਨੇ ਦਰਬਾਰ ਸਾਹਿਬ ਵਿਚ ਸਥਾਈ ਤੌਰ ਤੇ ਬਿਜਲੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਸੀ। ਅੱਜ ਦੇ ਦਿਨ ਖਾਸ ਥਾਵਾਂ ਉਤੇ ਰੋਸ਼ਨੀਆਂ ਪਾਂਦੇ ਤੇ ਅਕਸ ਛਡਦੇ ਲਾਈਟਾਂ ਦੇ ਸੰਜੋਗ ਹਰਿਮੰਦਰ ਸਾਹਿਬ ਨੂੰ ਜਗਮਗਾ ਰਹੇ ਸਨ। ਸਾਰਾ ਹਰਿਮੰਦਰ ਕੌਲ (ਕਮਲ) ਦੇ ਫੁੱਲ ਵਰਗਾ ਖਿੜਿਆ-ਖਿੜਿਆ ਨਜ਼ਰ ਆ ਰਿਹਾ ਸੀ। ਇਸ ਰੋਸ਼ਨੀ ਪ੍ਰਬੰਧ ਨੇ ਸਰੋਵਰ ਵਿਚ ਜਗਮਗ ਦੀ ਛਹਿਬਰ ਲਾ ਰੱਖੀ ਸੀ। ਜਦੋਂ ਪਾਣੀ ਵਿਚ ਹਲਕੀਆਂ-ਹਲਕੀਆਂ ਲਹਿਰਾਂ ਨਾਲ ਰੋਸ਼ਨੀ ਦੇ ਅਕਸ ਹਿਲਦੇ ਤਾਂ ਰੋਸ਼ਨੀਆਂ ਮਾਰਦੀਆਂ ਪ੍ਰਤੀਤ ਹੁੰਦੀਆਂ। ਸਾਰਾ ਵਾਤਾਵਰਨ ਮਸਤੀ ਤੇ ਧਾਰਮਿਕ ਭਾਵਨਾ ਵਾਲਾ ਸੀ, ਮਾਨੋ ਸ੍ਵਰਗ ਵਿਚ ਬੈਠੇ ਹੋਈਏ ਜਾਂ ਰੱਬੀ ਚਰਨਾਂ ਵਿਚ ਜੁੜੇ ਹੋਈਏ। ਦੀਪਮਾਲਾ ਤੇ ਰੋਸ਼ਨੀਆਂ ਤਾਂ ਅਸੀਂ ਹੋਰ ਵੀ ਬਥੇਰੀਆਂ ਵੇਖੀਆਂ ਸਨ, ਪਰ ਇਥੇ ਦੀ ਸੁੰਦਰਤਾ ਆਪਣੀ ਮਿਸਾਲ ਆਪ ਹੀ ਸੀ।
ਹੁਣ ਆਤਸ਼ਬਾਜੀ ਦੀ ਵਾਰੀ ਆਈ। ਰਾਤ ਕਾਲੀ ਸ਼ਾਹ ਸੀ, ਪਰ ਅਸਮਾਨੀ ਚੁੰਨੀ ਤਾਰਿਆਂ ਨਾਲ ਜੜੀ ਹੋਈ ਸੀ। ਰੋਸ਼ਨੀਆਂ ਵੀ ਤਾਰਿਆਂ ਵਾਂਙ ਅਟੱਲ ਤੇ ਅਡੋਲ ਸਨ। ਪਰ ਜਦ ਆਤਸ਼ਬਾਜੀ ਸ਼ੁਰੂ ਹੋਈ, ਤਾਂ ਇਨ੍ਹਾਂ ਵਿਚ ਵੀ ਹਿਲਜੁਲ ਸ਼ੁਰੂ ਹੋ ਗਈ। ਮਤਾਬੀਆਂ ਜਲ ਰਹੀਆਂ ਸਨ, ਪਟਾਖੇ ਚਲ ਰਹੇ ਸਨ। ਕਦੀ ਚੱਕਰ ਚਲਦੇ, ਕਦੀ ਰੰਗ-ਬਰੰਗੀਆਂ ਹਵਾਈਆਂ ਰਾਕਟਾਂ ਵਾਂਙ ਉਪਰ ਚੜ੍ਹਦੀਆਂ, ਸਤ ਰੰਗੇ ਫੁੱਲਾਂ ਦੀ ਵਰਖਾ ਕਰਦੀਆਂ ਤੇ ਫਿਰ ਸਰੋਵਰ ਵਿਚ ਟੁੱਭੀ ਮਾਰਨ ਲਈ ਝਟਪਟ ਥੱਲੇ ਨੂੰ ਦੌੜ ਪੈਂਦੀਆਂ ਤਾਂ ਸਰੋਵਰ ਦੇ ਜਲ ਵਿਚ ਅਲੋਪ ਹੋ ਜਾਂਦੀਆਂ। ਆਤਸ਼ਬਾਜੀ ਦੋ ਥਾਵਾਂ ਤੋਂ ਚਲ ਰਹੀ ਸੀ। ਲੋਕ ਕਦੇ ਉਪਰ ਵੇਖਦੇ, ਕਦੇ ਥੱਲੇ। ਕਦੇ ਸੱਜੇ ਪਾਸੇ ਦੀ ਰੰਗੀਨੀ ਖਿਚ ਪਾਂਦੀ ਤੇ ਕਦੇ ਖੱਬੇ ਪਾਸੇ ਦੀ ਅਤੇ ਕਈ ਵਾਰੀ ਸਭ ਪਾਸੇ ਖੂਬ ਜਗਮਗ ਹੋ ਜਾਂਦੀ। ਲੋਕਾਂ ਦੇ ਸਿਰਾਂ ਦੀਆਂ ਰੰਗ-ਬਰੰਗੀਆਂ ਦਸਤਾਰਾਂ ਤੇ ਚੁੰਨੀਆਂ ਵਿਚ ਵੀ ਰੋਸ਼ਨੀ ਦੀ ਲਹਿਰ ਦੌੜ ਜਾਂਦੀ। ਸਭ ਪਾਸੇ ਵਾਹਵਾ ਮਨਮੋਹਣਾ ਨਜ਼ਾਰਾ ਸੀ। ਆਤਸ਼ਬਾਜੀ ਤੇਜ਼ੀ ਨਾਲ ਚੱਲ ਰਹੀ ਸੀ ਤੇ ਲੋਕ ਮੁਗਧ ਹੋਏ ਬੈਠੇ ਸਨ। ਠੰਢ ਦੀ ਵੀ ਕਿਸੇ ਨੂੰ ਪਰਵਾਹ ਨਹੀਂ ਸੀ। ਇੰਨੀ ਭੀੜ ਵਿਚ ਠੰਡ ਭਲਾ ਆਖ ਵੀ ਕੀ ਸਕਦੀ ਸੀ।
ਜਦ ਆਤਸ਼ਬਾਜੀ ਖਤਮ ਹੋਈ, ਤਾਂ ਫਿਰ ਟਿਕਵੇਂ ਤੇ ਅਹਿਲ ਅਕਸ ਪਰਤ ਆਏ। ਹਰਿਮੰਦਰ ਸਾਹਿਬ ਓਵੇਂ ਦਾ ਓਵੇਂ ਜਗਮਗਾ ਰਿਹਾ ਸੀ। ਪਾਣੀ ਵਿਚ ਰੋਸ਼ਨੀਆਂ ਦੇ ਅਕਸ ਤਾਰੀਆਂ ਲਾ ਰਹੇ ਸਨ। ਲੋਕ ਘਰਾਂ ਨੂੰ ਪਰਤਣ ਲਗ ਪਏ; ਧੱਕੇ ਪੈ ਰਹੇ ਸਨ, ਕਿਉਂਕਿ ਹਰ ਕੋਈ ਘਰ ਪਹੁੰਚਣ ਨੂੰ ਕਾਹਲਾ ਸੀ। ਅਜਿਹੀ ਭੀੜ ਵਿਚ ਜ਼ਰੂਰ ਕਈਆਂ ਦੀਆ ਜੇਬਾਂ ਦਾ ਸਫਾਇਆ ਹੋ ਗਿਆ ਹੋਣਾ ਹੈ। ਅਸੀਂ ਬਚਦੇ-ਬਚਾਂਦੇ ਆਪਣੇ ਕਮਰੇ ਵਿਚ ਪਰਤ ਆਏ। ਕਿੰਨੀ ਰਾਤ ਗਈ ਤਕ ਅਸੀਂ ਦੀਵਾਲੀ ਦੀ ਰੌਣਕ ਦੀਆਂ ਗੱਲਾਂ ਕਰਦੇ ਰਹੇ। ਜਦ ਅੱਖਾਂ ਮੀਟੀਆਂ, ਤਾਂ ਫਿਰ ਉਹੀ ਨਜਾਰਾ ਕਈ ਵਾਰੀ ਅੱਖਾਂ ਸਾਮ੍ਹਣੇ ਆਇਆ ਕਿਤੇ ਅੱਧੀ ਰਾਤ ਗਈ ਅੱਖ ਲੱਗੀ। ਸਵੇਰੇ ਉਠੇ ਤਾਂ ਨੌ ਵਜ ਚੁੱਕੇ ਸੀ। ਬਰਾਂਡੇ ਵਿਚ ਆ ਕੇ ਨਜ਼ਰ ਮਾਰੀ, ਦਰਬਾਰ ਸਾਹਿਬ ਵਿਚ ਓਵੇਂ ਸ਼ਾਂਤੀ ਪਸਰੀ ਹੋਈ ਸੀ, ਜਿਵੇਂ ਕਲ੍ਹ ਸਵੇਰੇ ਸੀ। ਸ਼ਰਧਾਲੂ ਆ ਜਾ ਰਹੇ ਸਨ। ਕੀਰਤਨ ਦੀ ਮਿੱਠੀ ਤੇ ਮਧੁਰ ਆਵਾਜ਼ ਆ ਰਹੀ ਸੀ। ਅਸੀਂ ਵੀ ਤਿਆਰ ਹੋਕੇ, ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਦੁਪਹਿਰ ਦੀ ਗੱਡੀ ਚੜ੍ਹ ਕੇ ਘਰ ਪਰਤ ਆਏ।