ਅੱਖੀਂ ਡਿੱਠਾ ਯੁਵਕ ਮੇਲਾ
ਪੰਜਾਬੀ ਯੂਨੀਵਰਸਿਟੀ, ਸੰਬੰਧਿਤ ਕਾਲਜਾਂ ਨੂੰ ਕੁਝ ਖੇਤਰਾਂ ਵਿਚ ਵੰਡ ਕੇ ਹਰ ਸਾਲ ਯੁਵਕ ਮੇਲਾ ਲਾਉਂਦੀ ਤੇ ਸਭਿਆਚਾਰਕ ਪ੍ਰੋਗਰਾਮ ਦੇ ਮੁਕਾਬਲੇ ਕਰਾਉਂਦੀ ਹੈ। ਇਸ ਸਾਲ ਸਾਡੇ ਖੇਤਰ ਦਾ ਯੁਵਕ ਮੇਲਾ 12, 13 ਤੇ 14 ਫਰਵਰੀ ਨੂੰ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਓਂ ਵਿਚ ਲੱਗਾ, ਜੀਹਦੇ ਵਿਚ ਸਾਡੇ ਖੇਤਰ ਦੇ ਤੇਰਾਂ ਕਾਲਜ ਸ਼ਾਮਲ ਹੋਏ। ਸਾਡੇ ਕਾਲਜ ਤੋਂ ਭੰਗੜਾ, ਨਾਟਕ, ਸਮੂਹ ਗਾਨ, ਸਪਾਟ ਪੇਂਟਿੰਗ, ਕਾਵਿ ਪ੍ਰਤਿਯੋਗਤਾ, ਭਾਸਨ ਪ੍ਰਤਿਯੋਗਤਾ ਅਤੇ ਸੰਗੀਤ ਵਿਚ ਹਿੱਸਾ ਲੈਣ ਲਈ ਟੀਮਾਂ ਭੇਜੀਆਂ ਗਈਆਂ। ਕਿਉਂ ਜੁ ਮੈਂ ਆਪਣੇ ਕਾਲਜ ਵਿਚ ਚੰਗਾ ਵਕਤਾ ਮੰਨਿਆ ਜਾਂਦਾ ਹਾਂ ਇਸ ਲਈ ਭਾਸ਼ਣ ਤੇ ਕਾਵਿ ਪ੍ਰਤਿਯੋਗਤਾ ਵਿਚ ਹਿੱਸਾ ਲੈਣ ਲਈ ਮੈਨੂੰ ਚੁਣਿਆ ਗਿਆ।
ਅਸੀਂ ਜਦੋਂ ਬਸ ਰਾਹੀਂ ਉਥੇ ਪੁੱਜੇ, ਤਾਂ ਪਹਿਲਾਂ ਹੀ ਰੌਣਕਾਂ ਲੱਗੀਆਂ ਹੋਈਆਂ ਸਨ। ਕਾਲਜ ਦੇ ਖੁਲੇ ਮੈਦਾਨ ਵਿਚ ਸਾ਼ਮੀਆਨਾ ਲਾ ਕੇ ਪੰਡਾਲ ਉਸਾਰਿਆ ਗਿਆ ਸੀ। ਨੌਜਵਾਨ ਮੁੰਡੇ ਕੁੜੀਆਂ ਆਪਣੀ ਪੂਰੀ ਸਜ-ਧਜ ਨਾਲ ਉਥੇ ਫਿਰ ਰਹੇ ਸਨ। ਸਾਡੀ ਰਿਹਾਇਸ਼ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ। ਸੋ ਦੋ ਸ੍ਵੈਸੇਵਕ ਸਾਨੂੰ ਕਮਰੇ ਵਿਚ ਛੱਡ ਆਏ। ਪ੍ਰੋਗਰਾਮ ਦਸ ਵਜੇ ਸ਼ੁਰੂ ਹੋ ਜਾਣਾ ਸੀ, ਸੋ ਅਸੀਂ ਝਟਪਟ ਪੰਡਾਲ ਵੱਲ ਚਲ ਪਏ।ਪੰਡਾਲ ਦੇ ਇਕ ਪਾਸੇ ਵੱਡੀ ਸਾਰੀ ਸਟੇਜ ਉਸਾਰੀ ਗਈ ਸੀ, ਜਿਸ ਉੱਤੇ ਨਾਟਕ ਖੇਡਣ ਲਈ ਪੂਰੀ ਮੰਚ-ਜੜਤ ਵੀ ਕੀਤੀ ਹੋਈ ਸੀ। ਪੰਡਾਲ ਵਿਚ ਪੰਦਰਾਂ ਸੋਲਾਂ ਸੌ ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਸੀ, ਭਾਗ ਲੈਣ ਵਾਲਿਆਂ ਨੂੰ ਸਟੇਜ ਦੇ ਨੇੜੇ ਕਰਕੇ ਬਿਠਾਇਆ ਗਿਆ। ਇਸ ਦੇ ਦੂਜੇ ਪਾਸੇ ਪ੍ਰਤਿਸ਼ਠਿਤ ਪ੍ਰਾਹੁਣਿਆਂ ਦੀਆਂ ਕੁਰਸੀਆਂ ਸਨ।
ਕੁਝ ਸਮੇਂ ਪਿੱਛੋਂ ਪਹਿਲੇ ਸਮਾਗਮ ਦੇ ਪ੍ਰਮੁੱਖ ਮਹਿਮਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਤੇ ਯੁਵਕ ਵਿਭਾਗ ਦੇ ਡਾਇਰੈਕਟਰ ਸਾਹਿਬ ਦੇ ਨਾਲ ਪ੍ਰਵੇਸ਼ ਕੀਤਾ। ਸਕੱਤਰ ਸਾਹਿਬ ਨੇ ਪ੍ਰਿੰਸੀਪਲ ਸਾਹਿਬ ਨੂੰ ਪ੍ਰੋਗਰਾਮ ਦਾ ਆਰੰਭ ਕਰਨ ਲਈ ਬੇਨਤੀ ਕੀਤੀ। ਪ੍ਰਿੰਸੀਪਲ ਸਾਹਿਬ ਨੇ ਡੀ.ਸੀ. ਸਾਹਿਬ, ਡਾਇਰੈਕਟਰ ਸਾਹਿਬ, ਮਹਿਮਾਨਾਂ, ਭਾਗ ਲੈਣ ਵਾਲਿਆਂ ਤੇ ਹੋਰ ਸਭ ਨੂੰ ‘ਜੀ ਆਇਆਂ’ ਆਖਿਆ। ਉਪਰੰਤ ਡੀ.ਸੀ. ਸਾਹਿਬ ਨੇ ਯੁਵਕ ਸ਼ਕਤੀ ਦੀ ਗੱਲ ਕੀਤੀ ਤੇ ਪੜ੍ਹਾਈ ਵਿਚ ਅਜਿਹੇ ਪ੍ਰੋਗਰਾਮ ਦੀ ਲੋੜ ਬਾਰੇ ਆਪਣੇ ਵਿਚਾਰ ਪ੍ਰਗਟਾਏ। ਇਸ ਤੋਂ ਬਾਅਦ ਬਾਕਾਇਆ ਪ੍ਰੋਗਰਾਮ ਸ਼ੁਰੂ ਹੋਇਆ।
ਇਸ ਸਮਾਗਮ ਵਿਚ ਹੇਠ ਲਿਖੀਆਂ ਮੱਦਾਂ ਦਾ ਮੁਕਾਬਲਾ ਹੋਇਆਂ। ਹਲਕਾ (ਮਨੋਰੰਜਕ) ਸੰਗੀਤ, ਪੱਕਾ ਸੰਗੀਤ, ਸਾਜ਼ ਸੰਗੀਤ ਤੇ ਸਮੂਹ-ਗਾਨ। ਨਾਲ ਹੀ ਪੰਡਾਲ ਤੋਂ ਬਾਹਰ ਸਪਾਟ ਪੇਂਟਿੰਗ ਦਾ ਮੁਕਾਬਲਾ ਸ਼ੁਰੂ ਹੋ ਗਿਆ। ਸਮੂਹ-ਗਾਨ ਤੇ ਹਲਕੇ ਵਾਦਕ ਸੰਗੀਤ ਦੇ ਪ੍ਰੋਗਰਾਮ ਨੂੰ ਸਭਨੇ ਪਸੰਦ ਕੀਤਾ। ਕਈ ਵਾਰੀ ਤਾਂ ਸਰੋਤੇ ਅਸ਼-ਅਸ਼ ਕਰ ਉੱਠੇ। ਆਰੀਆ ਕਾਲਜ ਦੇ ਇਕ ਮੁੰਡੇ ਨੇ ਅਜਿਹੀ ਤੇ ਸੁਰੀਲੀ ਸੁਰ ਵਿਚ ਗਜ਼ਲ ਗਾਈ ਕਿ ਲੋਕ ਝੂਮ ਉੱਠੇ। ਸਾਰੇ ਸਮੂਹ-ਗਾਨ ਉਤਸਾਹ ਵਧਾਉਣ ਵਾਲੇ ਤੇ ਦੇਸ਼-ਭਗਤੀ ਦੀ ਭਾਵਨਾ ਨਾਲ ਭਰੇ ਹੋਏ ਸਨ। ਪਰ ਜਦੋਂ ਪੱਕੇ ਵਾਦਕ ਤੇ ਸਾਜ਼ ਸੰਗੀਤ ਦੀ ਵਾਰੀ ਆਈ ਤਾਂ ਪੰਡਾਲ ਅੱਧੇ ਤੋਂ ਵੱਧ ਖਾਲੀ ਹੋ ਗਿਆ। ਨਾ ਇਹਦੀ ਬਹੁਤਿਆਂ ਨੂੰ ਸਮਝ ਸੀ ਤੇ ਨਾ ਇਹਦੇ ਵਿਚ ਉਨ੍ਹਾਂ ਦੀ ਦਿਲਚਸਪੀ ਸੀ। ਇਹ ਸਮਾਗਮ ਪੰਜ ਵਜੇ ਖਤਮ ਹੋ ਗਿਆ। ਅਸੀਂ ਇਕ ਘੰਟੇ ਦੇ ਵਕਫੇ਼ ਵਿਚ ਖਾਣਾ ਖਾ ਆਏ ਸਾਂ। ਹੁਣ ਆ ਕੇ ਚਾਹ ਪੀਤੀ ਤੇ ਫਿਰ ਸੈਰ ਨੂੰ ਨਿਕਲ ਤੁਰੇ। ਰਾਤ ਨੂੰ ਦੇ ਘੰਟੇ ਕੈਂਪ ਫਾਇਰ ਦਾ ਪ੍ਰੋਗਰਾਮ ਹੋਇਆ। ਗੀਤ ਗਾਏ ਗਏ ਤੇ ਹਾਸ-ਰਸ ਦੀਆਂ ਗੱਲਾਂ ਹੁੰਦੀਆਂ ਰਹੀਆਂ। ਇਕ ਦੂਜੇ ਨਾਲ ਵਾਕਫ਼ੀਆਂ ਗੰਢੀਆਂ ਗਈਆਂ।
ਦੂਜੇ ਦਿਨ ਦਾ ਪਹਿਲਾ ਸਮਾਗਮ ਨੌ ਵਜੇ ਹੀ ਸ਼ੁਰੂ ਹੋ ਗਿਆ। ਇਸ ਸਮਾਗਮ ਦੇ ਪ੍ਰਧਾਨ ਪੰਜਾਬ ਦੇ ਵਿਦਿਆ ਮੰਤਰੀ ਜੀ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਭਾਸ਼ਨ ਦਿੱਤਾ, ਜਿਸ ਵਿਚ ਦੱਸਿਆ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਦੀ ਭਲਾਈ ਤੇ ਵਿਦਿਆ ਦੇ ਪ੍ਰਸਾਰ ਲਈ ਕੀ ਕੁਝ ਕਰ ਰਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਕੀਤੀ ਕਿ ਉਹ ਅਨੁਸ਼ਾਸਨ ਵਿਚ ਰਹਿ ਕੇ ਆਪਣੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ। ਉਨ੍ਹਾਂ ਨੇ ਕਿਸੇ ਹੋਰ ਸਮਾਗਮ ਵਿਚ ਪਹੁੰਚਣਾ ਸੀ, ਇਸ ਲਈ ਕੁਝ ਚਿਰ ਬਾਅਦ ਉਹ ਚਲੇ ਗਏ ਤੇ ਪ੍ਰਧਾਨਗੀ ਦੀ ਕੁਰਸੀ ਡਾਇਰੈਕਟਰ ਸਾਹਿਬ ਨੇ ਸੰਭਾਲੀ।
ਇਸ ਸਮਾਗਮ ਵਿਚ ਕਵਿਤਾ ਅਤੇ ਭਾਸ਼ਨ ਮੁਕਾਬਲੇ ਹੋਏ। ਮੈਂ ਇਨ੍ਹਾਂ ਦੋਹਾਂ ਮੱਦਾਂ ਵਿਚ ਹਿੱਸਾ ਲੈਣਾ ਸੀ। ਅੱਜ ਸਵੇਰੇ ਉੱਠ ਕੇ ਮੈਂ ਚੰਗਾ ਅਭਿਆਸ ਕਰ ਲਿਆ ਸੀ। ਮੇਰੇ ਤੋਂ ਪਹਿਲਾਂ ਚਾਰ ਵਿਦਿਆਰਥੀ ਬੋਲ ਗਏ ਸਨ- ਦੋ ਅੰਗਰੇਜ਼ੀ ਵਿਚ ਤੇ ਦੋ ਹਿੰਦੀ ਵਿਚ। ਪੰਜਾਬੀ ਵਿਚ ਭਾਸ਼ਣ ਦੇਣ ਵਾਲਾ ਮੈਂ ਪਹਿਲਾ ਵਿਦਿਆਰਥੀ ਸਾਂ। ਸਰੋਤੇ ਵੀ ਸਾਰੇ ਪੰਜਾਬੀ ਸਨ। ਮੇਰੇ ਭਾਸ਼ਣ ਦੇ ਵਿਚਕਾਰ ਕੋਈ ਤਿੰਨ ਵਾਰੀ ਉਤਸ਼ਾਹ-ਵਧਾਊ ਤਾੜੀਆਂ ਵੱਜੀਆਂ। ਮੈਂ ਬੜੇ ਭਰੋਸੇ ਨਾਲ ਗਹਿਰ ਗੰਭੀਰ ਹੋ ਕੇ ਆਪਣਾ ਭਾਸ਼ਣ ਦਿਤਾ। ਕਵਿਤਾ ਮੁਕਾਬਲੇ ਵਿਚ ਵੀ ਮੈਨੂੰ ਰਜਵੀਂ ਪ੍ਰਸੰਸ਼ਾ ਮਿਲੀ। ਮੇਰੇ ਸਾਥੀਆਂ ਨੇ ਤਾਂ ਮੈਨੂੰ ਪਹਿਲਾਂ ਹੀ ਵਧਾਈ ਦਿੱਤੀ ਕਿ ਤੇਰਾ ਆਵੱਸ਼ ਹੀ ਪਹਿਲਾ ਸਥਾਨ ਹੈ, ਖਾਸ ਕਰ ਕਾਵਿ ਪ੍ਰਤਿਯੋਗਤਾ ਵਿਚ। ਪਰ ਆਖਰ ਇਹ ਸਾਰੇ ਕਿਆਸ ਹੀ ਸਨ।
ਦੂਜੇ ਸਮਾਗਮ ਦੀ ਪ੍ਰਧਾਨਗੀ ਲਈ ਪ੍ਰਸਿੱਧ ਨਾਟਕ ਨਿਰਦੇਸ਼ਕ ਅਭਿਨੇਤਾ ਹਰਪਾਲ ਟਿਵਾਣਾ ਨੂੰ ਬੁਲਾਇਆ ਗਿਆ ਸੀ। ਇਸ ਮੁਕਾਬਲੇ ਦੇ ਜੱਜ ਵੀ ਨਾਟਕ ਸੰਬੰਧੀ ਕਾਫੀ ਸੂਝ-ਬੂਝ ਰੱਖਦੇ ਸਨ। ਖੇਡੇ ਗਏ ਸਤ ਨਾਟਕਾਂ ਵਿੱਚੋਂ ਤਿੰਨ ਤਾਂ ਬਹੁਤ ਹੀ ਉਤਮ ਪੇਸ਼ਕਾਰੀ ਵਾਲੇ ਸਨ। ਪਾਤਰ ਬਿਲਕੁਲ ਜੀਉਂਦੇ-ਜਾਗਦੇ ਜਾਪ ਰਹੇ ਸਨ, ਮੰਚ-ਜੜਤ ਬੜੀ ਸਫਲ ਅਤੇ ਅਦਾਕਾਰੀ ਤੇ ਵਾਰਤਾਲਾਪ ਬੜੀ ਪ੍ਰਭਾਵਸਾਲੀ ਸੀ। ਟਿਵਾਣਾ ਸਾਹਿਬ ਹੋਰਾਂ ਨੇ ਆਪਣੀ ਪ੍ਰਧਾਨਗੀ ਭਾਸ਼ਣ ਵਿਚ ਸਭ ਨੂੰ ਇਸ ਸਫ਼ਲ ਸਮਾਗਮ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਈ ਅਦਾਕਾਰਾਂ ਨਾਲ ਹੱਥ ਵੀ ਮਿਲਾਏ।
ਤੀਜੇ ਦਿਨ ਆਖਰੀ ਸਮਾਗਮ ਸੀ ਤੇ ਇਹ ਹੈ ਵੀ ਭੰਗੜੇ, ਗਿੱਧੇ ਤੇ ਨਾਚਾਂ ਦਾ ਸੀ। ਫਿਰ ਇਸੇ ਦਿਨ ਨਤੀਜੇ ਵੀ ਸੁਣਾਏ ਜਾਣੇ ਸਨ, ਇਸ ਲਈ ਵਿਦਿਆਰਥੀਆਂ ਵਿਚ ਬੜਾ ਉਤਸਾਹ ਸੀ ਅਤੇ ਸਵੇਰ ਦੀ ਬੇਸਬਰੀ ਨਾਲ ਉਡੀਕ ਹੋ ਰਹੀ ਸੀ। ਰਾਤ ਨੂੰ ਦੇਰ ਤਕ ਨਾਚਾਂ ਦੇ ਅਭਿਆਸ ਦੀ ਧਮਕ ਪੈਂਦੀ ਰਹੀ। ਸਵੇਰੇ ਠੀਕ ਨੌਂ ਵਜੇ ਸਮਾਗਮ ਸ਼ੁਰੂ ਹੋ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਪ੍ਰਧਾਨਗੀ ਕਰਨ ਤੇ ਇਨਾਮ ਵੰਡਣ ਲਈ ਪਧਾਰੇ ਹੋਏ ਸਨ। ਵੇਖਣ ਵਾਲਿਆਂ ਦੀ ਇੰਨੀ ਭੀੜ ਸੀ ਕਿ ਸਭ ਸੀਟਾਂ ਭਰੀਆਂ ਹੋਈਆਂ ਸਨ ਤੇ ਬਹੁਤ ਸਾਰੇ ਲੋਕ ਪਿੱਛੇ ਵੀ ਖੜ੍ਹੇ ਸਨ। ਇਸ ਵਿਚ ਭੰਗੜੇ ਦੀਆਂ ਸੱਤ ਤੇ ਗਿੱਧੇ ਦੀਆਂ ਦੋ ਟੀਮਾਂ ਅਤੇ ਕਲਾਸੀਕਲ ਨ੍ਰਿਤ ਕਰਨ ਵਾਲੀਆਂ ਦੋ ਕੁੜੀਆਂ ਸ਼ਾਮਲ ਹੋਈਆਂ। ਸਭ ਤੋਂ ਪਹਿਲਾਂ ਇਕ ਕੁੜੀ ਨੇ ਭਾਰਤ ਨਾਟਿਅਮ ਨ੍ਰਿਤ ਪੇਸ਼ ਕੀਤਾ ਤੇ ਦੂਜੀ ਨੇ ਕਥਕ। ਮੈਨੂੰ ਤਾਂ ਇਸ ਦੀ ਬਹੁਤੀ ਸਮਝ ਨਹੀਂ, ਪਰ ਉਨ੍ਹਾਂ ਦੀਆਂ ਨ੍ਰਿਤ ਮੁਦਰਾਵਾਂ ਬਹੁਤ ਦਿਲ ਖਿੱਚਵੀਆਂ ਸਨ। ਉਨ੍ਹਾਂ ਦਾ ਸ਼ਿੰਗਾਰ ਅਨੋਖੀ ਭਾਅ ਮਾਰਦਾ ਸੀ ਅਤੇ ਅੱਖਾਂ, ਉਂਗਲੀਆਂ ਤੇ ਪੈਰਾਂ ਦੀ ਥਕਰਣ ਅਚੰਭਿਤ ਕਰਦੀ ਸੀ।
ਇਸ ਤੋਂ ਬਾਅਦ ਪੰਜਾਬ ਦੇ ਹਰਮਨ ਪਿਆਰੇ ਨਾਚਾਂ-ਭੰਗੜੇ ਤੇ ਗਿੱਧੇ ਦੀ ਵਾਰੀ ਆਈ, ਦੋ ਕਿ ਇਕ ਦੂਜੇ ਤੋਂ ਵਧ ਸਫਲ ਸਨ। ਰੰਗ-ਬਰੰਗੇ ਚਾਦਰੇ, ਕੁੜਤੀਆਂ, ਸ਼ਮਲੇ ਵਾਲੀਆਂ ਪੱਗਾਂ ਉਤੇ ਚਮਕਦੀ ਕਿੰਗਰੀ, ਹੱਥਾਂ ਵਿਚ ਸੰਮਾਂ ਵਾਲੀਆਂ ਡਾਂਗਾਂ ਵਾਹਵਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਸਟੇਜ ਉਤੇ ਪੈਂਦੀ ਧਮਕ, ਨੱਚਣ ਵਾਲਿਆਂ ਦੀ ਤੇਜ਼ ਚਾਲ ਅਤੇ ਉਛਲਣ-ਕੁੱਦਣ ਢੋਲ ਉਤੇ ਵਜਦੇ ਡਗੇ ਮਾਹੀਏ, ਟੱਪਿਆਂ ਨੇ ਮਿਲ ਕੇ ਰੰਗ ਬੰਨ੍ਹ ਦਿੱਤਾ। ਡਗੇ ਦੇ ਤਾਲ ਬਦਲਣ ਨਾਲ ਨਚਾਰ ਆਪਣੀਆਂ ਸਰੀਰਕ ਹਰਕਤਾਂ ਵੀ ਬਦਲ ਲੈਂਦੇ। ਕਈ ਨਚਾਰਾਂ ਨੇ ਆਪਣੀ ਜਿਸਮਾਨੀ ਚੇਸ਼ਟਾ ਦੇ ਅਛੁਤੇਪਨ ਤੇ ਤਿਖੇਪਨ ਦੇ ਕਾਰਨ ਦਰਸ਼ਕਾਂ ਤੋਂ ਵਾਹ ਤੇ ਪ੍ਰਸ਼ੰਸਾ ਪ੍ਰਾਪਤ ਕੀਤੀ। ਗਿੱਧੇ ਵਿਚ ਘਗਰਿਆਂ, ਕੁੜੀਆਂ ਤੇ ਚੁੰਨੀਆਂ ਦੀ ਵੰਨ ਸੁਵੰਨਤਾ ਅਤੇ ਪੰਜਾਬੀ ਮੁਟਿਆਰਾਂ ਦੀ ਸੁੰਦਰਤਾ ਤੇ ਲੋਕ-ਗੀਤਾਂ ਦੀ ਮਧੁਰਤਾ ਦਰਸ਼ਕਾਂ ਉਤੇ ਛਾ ਗਈ। ਜੋਸ਼ ਤੇ ਉਤਸ਼ਾਹ ਦਾ ਹੜ੍ਹ ਆ ਗਿਆ।
ਸ਼ਾਮੀ ਚਾਰ ਵਜੇ ਨਾਚ ਮੁੱਕੇ ਤੇ ਅੱਧੇ ਘੰਟੇ ਬਾਅਦ ਮੁਕਾਬਲਿਆਂ ਦੇ ਨਤੀਜੇ ਸੁਣਾਉਣ ਦਾ ਵਕਤ ਆ ਗਿਆ। ਸੁਧਾਰ ਕਾਲਜ ਦੇ ਭੰਗੜੇ ਦੀ ਟੀਮ ਪਹਿਲੇ ਨੰਬਰ ਤੇ ਰਹੀ ਅਤੇ ਸਾਡੀ ਦੂਜੇ ਨੰਬਰ ਤੇ ਆਈ। ਮੈਂ ਕਵਿਤਾ ਵਿਚ ਪਹਿਲੇ ਨੰਬਰ, ਅਤੇ ਭਾਸ਼ਣ ਵਿਚ ਦੂਜੇ ਨੰਬਰ ਤੇ ਰਿਹਾ। ਸਪਾਟ ਪੇਂਟਿੰਗ ਵਿਚ ਕੁਝ ਝਗੜੇ ਕਾਰਨ ਫੈਸਲਾ ਅੱਗੇ ਪਾ ਦਿੱਤਾ ਗਿਆ। ਲਾਜਪਤ ਰਾਏ ਕਾਲਜ ਦਾ ਨਾਟਕ ਪਹਿਲੇ ਨੰਬਰ ਤੇ ਰਿਹਾ। ਕਲਾਸੀਕਲ ਤੇ ਸਾਜ਼ -ਸੰਗੀਤ ਵਿਚ ਪਹਿਲਾ ਅਸਥਾਨ ਖੰਨਾ ਕਾਲਜ ਨੂੰ ਮਿਲਿਆ। ਗਜ਼ਲ ਵਿਚ ਆਰੀਆ ਕਾਲਜ ਪਹਿਲੇ ਨੰਬਰ ਤੇ ਆਇਆ ਅਤੇ ਗਿੱਧੇ ਵਿਚ ਸਮਰਾਲਾ ਕਾਲਜ ਪ੍ਰਥਮ ਤੇ ਸਿਧਵਾਂ ਦੂਜੇ ਨੰਬਰ ‘ਤੇ ਰਿਹਾ।
ਵਾਈਸ ਚਾਂਸਲਰ ਸਾਹਿਬ ਨੇ ਬੜੀ ਭਾਵ-ਪੂਰਤ ਤੇ ਉਤਸ਼ਾਹ-ਵਧਾਊ ਤਕਰੀਰ ਕੀਤੀ। ਉਨ੍ਹਾਂ ਦੇ ਜਾਦੂ ਭਰੇ ਸ਼ਬਦਾਂ ਨੇ ਸਰੋਤਿਆਂ ਨੂੰ ਨਵੀਂ ਪਰੇਰਨਾ ਦਿੱਤੀ। ਕਾਲਜ ਦੇ ਪ੍ਰਬੰਧਕਾਂ ਨੇ ਸਭ ਟੀਮਾਂ ਤੇ ਕਾਲਜਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਅਸੀਂ ਮੇਲੇ ਦੀ ਮਿੱਠੀ ਯਾਦ ਲੈ ਕੇ ਕਾਲਜ ਪਰਤ ਆਏ।