CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thParagraphPunjab School Education Board(PSEB)Punjabi Viakaran/ Punjabi Grammar

ਲੇਖ ਰਚਨਾ : ਕੰਪਿਊਟਰ ਦਾ ਮਹੱਤਵ


ਕੰਪਿਊਟਰ ਦਾ ਮਹੱਤਵ


ਜਾਣ ਪਛਾਣ : ਕੰਪਿਊਟਰ ਅੱਜ ਦੇ ਯੁੱਗ ਦੀ ਇੱਕ ਮਹੱਤਵਪੂਰਨ ਵਿਗਿਆਨਕ ਕਾਢ ਹੈ। ਇਸ ਨੇ ਪੂਰੀ ਦੁਨੀਆ ਦਾ ਨਕਸ਼ਾ ਹੀ ਬਦਲ ਦਿੱਤਾ ਹੈ। ਇਹ ਛੋਟਾ ਜਿਹਾ ਯੰਤਰ ਆਪਣੇ ਅੰਦਰ ਕਈ ਕੁਝ ਸਮੇਟੀ ਬੈਠਾ ਹੈ। ਅੱਜ ਹਰ ਮਨੁੱਖ ਇਸ ਨਾਲ ਜੁੜਿਆ ਹੋਇਆ ਹੈ। ਸਕੂਲਾਂ, ਕਾਲਜਾਂ ਵਿੱਚ ਇਸ ਦੀ ਲਾਜ਼ਮੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਇਸ ਦੇ ਮਹੱਤਵ ਬਾਰੇ ਜਾਣ ਸਕੇ।

ਕੰਪਿਊਟਰ ਦੀ ਉਤਪਤੀ – ਕੰਪਿਊਟਰ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਕੰਪਿਊਟ ਤੋਂ ਬਣਿਆ ਹੈ ਜਿਸਦਾ ਅਰਥ ਹੈ- ਗਿਣਤੀ ਕਰਨਾ। ਸੋ ਕੰਪਿਊਟਰ ਇੱਕ ਅਜਿਹਾ ਯੰਤਰ ਹੈ ਜੋ ਗਿਣਤੀ ਕਰਨ ਦੀ ਯੋਗਤਾ ਰੱਖਦਾ ਹੈ। ਇਹ ਅਸਲ ਵਿੱਚ ਤੇਜ਼ ਗਤੀ ਵਾਲੇ ਗਣਨ-ਯੰਤਰ ਹੀ ਹਨ। ਇਨ੍ਹਾਂ ਦੀ ਯਾਦ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਅਜੋਕਾ ਕੰਪਿਊਟਰ ਚਾਰਲਸ ਬਾਬੇਜ਼ ਦੀ ਕਾਢ ਹੈ। ਇਸ ਨੂੰ ਕੰਪਿਊਟਰ ਦਾ ਪਿਤਾਮ੍ਹਾ ਆਖਿਆ ਜਾਂਦਾ ਹੈ। ਉਸ ਨੇ ਡਿਫਰੈਨਸ਼ੀਅਲ ਇੰਜਣ ਨਾਂ ਦਾ ਇੱਕ ਯੰਤਰ ਬਣਾਇਆ, ਜੋ ਅਲਜਬਰੇ ਦੇ ਪ੍ਰਗਟਾਵਿਆਂ ਅਤੇ ਗਣਿਤ ਦੀਆਂ ਸਾਰਨੀਆਂ ਨੂੰ ਵੀਹ ਦਸ਼ਮਲਵ ਤੱਕ ਠੀਕ ਹੱਲ ਕਰ ਸਕਦਾ ਸੀ। ਉਸਨੇ ਇੱਕ ਅਜਿਹੀ ਮਸ਼ੀਨ ਵੀ ਬਣਾਈ ਜੋ ਇੱਕ ਮਿੰਟ ਵਿੱਚ ਸੱਠ ਜਮ੍ਹਾਂ ਦੇ ਸਵਾਲ ਕੱਢ ਸਕਦੀ ਸੀ। ਇਸ ਵਿੱਚ ਯਾਦ ਸ਼ਕਤੀ ਵੀ ਮੌਜੂਦ ਸੀ।

ਕੇਲਵਿਨ ਦੀ ਕਾਢ – ਲਾਰਡ ਕੇਲਵਿਨ ਦਾ ਪਹਿਲਾ ਐਨਾਲਾਗ ਕੰਪਿਊਟਰ ਭਾਵੇਂ 1876 ਵਿੱਚ ਬਣਿਆ ਸੀ, ਪਰ ਇਸ ਦੀ ਆਮ ਵਰਤੋਂ 1936 ਈ. ਵਿੱਚ ਹੀ ਸੰਭਵ ਹੋਈ।

ਬਿਜਲੀ ਨਾਲ ਚੱਲਣ ਵਾਲਾ ਕੰਪਿਊਟਰ – 1930 ਈ. ਵਿੱਚ ਆਈ. ਬੀ. ਐੱਮ. ਕੰਪਨੀ ਨੇ ਬਿਜਲੀ ਨਾਲ ਚੱਲਣ ਵਾਲੇ ਇੱਕ ਕੰਪਿਊਟਰ ਦੀ ਕਾਢ ਕੱਢੀ ਜੋ ਆਮ ਵਰਤੋਂ ਲਈ ਬਹੁਤ ਚੰਗਾ ਸਾਬਤ ਹੋਇਆ। ਇਸ ਦਾ ਅਕਾਰ ਵੱਡਾ ਸੀ ਤੇ ਇਸ ਨੂੰ ਮਾਰਕ-ਇੱਕ ਦਾ ਨਾਂ ਦਿੱਤਾ ਗਿਆ। 1959 ਤੱਕ ਇਹ ਆਮ ਵਰਤੋਂ ਵਿੱਚ ਆਉਂਦਾ ਰਿਹਾ।

ਹੋਰ ਕੰਪਿਊਟਰ – 1960 ਈ. ਵਿੱਚ ਟਰਾਂਜਿਸਟਰ ਟੈਕਨਾਲੋਜੀ ਨੇ ਦੂਜੀ ਪੀੜ੍ਹੀ ਦੇ ਕੰਪਿਊਟਰਾਂ ਨੂੰ ਜਨਮ ਦਿੱਤਾ। ਇਹ ਕੰਪਿਊਟਰ ਚੰਗੀ ਕਾਰਜਕੁਸ਼ਲਤਾ ਵਾਲੇ ਸਨ। ਇਨ੍ਹਾਂ ਦੀ ਕੀਮਤ ਵਧੇਰੇ ਸੀ। 1965 ਈ. ਵਿੱਚ ਤੀਜੀ ਪੀੜ੍ਹੀ ਦੇ ਕੰਪਿਊਟਰ ਆਏ। ਇਨ੍ਹਾਂ ਦੀ ਕੰਮ ਕਰਨ ਦੀ ਰਫ਼ਤਾਰ ਤੇਜ਼ ਸੀ ਅਤੇ ਭੰਡਾਰ ਕਰਨ ਦੀ ਸਮਰੱਥਾ ਵੀ ਬਹੁਤ ਸੀ। ਚੌਥੀ ਪੀੜ੍ਹੀ ਦੇ ਕੰਪਿਊਟਰ 1975 ਈ. ਦੇ ਨੇੜੇ ਬਣੇ।

ਕੰਪਿਊਟਰ ਤਕਨੀਕ ਵਿੱਚ ਉੱਨਤੀ – ਕੰਪਿਊਟਰ ਤਕਨੀਕ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਕਾਫ਼ੀ ਉੱਨਤੀ ਹੋਈ ਹੈ। ਅੱਜ ਸੰਸਾਰ ਕੰਪਿਊਟਰ ਕ੍ਰਾਂਤੀ ਦੇ ਪ੍ਰਵੇਸ਼ ਦਰਵਾਜ਼ੇ ਉੱਤੇ ਖੜ੍ਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਅੱਜ ਵਧੀਆ ਤੋਂ ਵਧੀਆ ਤਕਨੀਕ ਨਾਲ ਬਣੇ ਕੰਪਿਊਟਰ ਮੌਜੂਦ ਹਨ।

ਕੰਪਿਊਟਰੀ ਭਾਸ਼ਾਵਾਂ – ਆਧੁਨਿਕ ਕੰਪਿਊਟਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਹਨ। ਇਨ੍ਹਾਂ ਵਿੱਚ ਬੇਸਿਕ, ਕਬੋਲ, ਫੋਰਟਾਨ, ਅਲਗੋਲ, ਡੀ. ਬੇਸ ਆਦਿ ਪ੍ਰਮੁੱਖ ਹਨ। ਬੇਸਿਕ ਇਸ ਦੀ ਸਭ ਤੋਂ ਸਰਲ ਅਤੇ ਅਸਾਨ ਭਾਸ਼ਾਹੈ। ਉਦਯੋਗਾਂ ਵਿੱਚ ਬੇਸਿਕ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ ਜਾ ਸਕਦਾ। ਇੱਥੇ ਕਬੋਲ ਭਾਸ਼ਾ ਵਰਤੀ ਜਾਂਦੀ ਹੈ। ਵਿਗਿਆਨਕ ਫੋਰਟਾਨ ਭਾਸ਼ਾ ਦਾ ਪ੍ਰਯੋਗ ਕਰਦੇ ਹਨ। ਕੰਪਿਊਟਰ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਕਿਸੇ ਵੀ ਪ੍ਰਸ਼ਨ ਦਾ ਹੱਲ ਵੱਖ-ਵੱਖ ਤਰੀਕੇ ਨਾਲ ਕੱਢਿਆ ਜਾ ਸਕਦਾ ਹੈ।

ਕੰਪਿਊਟਰ ਗ਼ਲਤੀਆਂ ਰਹਿਤ – ਕਈ ਲੋਕਾਂ ਦਾ ਵਿਚਾਰ ਹੈ ਕਿ ਕੰਪਿਊਟਰ ਗ਼ਲਤੀਆਂ ਕਰਦਾ ਹੈ, ਪਰ ਇਹ ਠੀਕ ਨਹੀਂ ਹੈ। ਇਹ ਗ਼ਲਤੀਆਂ ਨਹੀਂ ਕਰਦਾ, ਸਗੋਂ ਉਸਨੂੰ ਚਲਾਉਣ ਵਾਲਾ ਵਿਅਕਤੀ ਗ਼ਲਤੀਆਂ ਕਰਦਾ ਹੈ। ਇਸਨੂੰ ਸਿੱਖਣ ਲਈ ਹਿਸਾਬ ਦਾ ਆਉਣਾ ਜ਼ਰੂਰੀ ਨਹੀਂ ਹੈ।

ਕੰਪਿਊਟਰ ਦੇ ਲਾਭ – ਆਧੁਨਿਕ ਕੰਪਿਊਟਰ ਨਾਲ ਸਾਨੂੰ ਬਹੁਤ ਲਾਭ ਪਹੁੰਚਿਆ ਹੈ। ਅੱਜ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿੱਥੇ ਕੰਪਿਊਟਰ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਖੇਤੀ-ਬਾੜੀ, ਉਦਯੋਗ, ਵਿਗਿਆਨਕ ਖੋਜਾਂ, ਮਸ਼ੀਨ ਨਿਰਮਾਣ, ਆਵਾਜਾਈ ਦੇ ਸਾਧਨਾਂ ਤੇ ਡਾਕਟਰੀ ਦੇ ਖੇਤਰ ਵਿੱਚ ਨਾ ਭੁੱਲਣਯੋਗ ਯੋਗਦਾਨ ਕੰਪਿਊਟਰ ਦਾ ਹੀ ਹੈ। ਵੱਡੇ-ਵੱਡੇ ਸਟੇਸ਼ਨਾਂ, ਬੈਂਕਾਂ, ਵਪਾਰਕ ਅਦਾਰਿਆਂ ਵਿੱਚ ਇਸਦੀ ਮਹੱਤਵਪੂਰਨ ਭੂਮਿਕਾ ਹੈ। ਕਾਲਜਾਂ ਸਕੂਲਾਂ ਵਿੱਚ ਵੀ ਇਹ ਅਤੀ ਜ਼ਰੂਰੀ ਹੈ। ਗੱਲ ਕੀ ਅੱਜ ਹਰੇਕ ਖੇਤਰ ਵਿੱਚ ਇਸਦੀ ਲੋੜ ਹੈ ਤੇ ਇਸਦੇ ਅਣਗਿਣਤ ਲਾਭ ਪ੍ਰਾਪਤ ਹੋਏ ਹਨ।

ਕੰਪਿਊਟਰ ਦੀ ਸਮਰੱਥਾ – ਇਹ ਮਨੁੱਖ ਦੇ ਦਿਮਾਗ ਵਾਂਗ ਥੱਕਦਾ ਜਾਂ ਅੱਕਦਾ ਨਹੀਂ। ਇਹ ਦਿਨ-ਰਾਤ ਬਿਨਾਂ ਅਰਾਮ ਕੀਤੇ ਕੰਮ ਕਰ ਸਕਦਾ ਹੈ। ਕੰਪਿਊਟਰ ਉਹੀ ਕੁਝ ਕਰਦਾ ਹੈ ਜੋ ਮਨੁੱਖ ਰਾਹੀਂ ਉਸਨੂੰ ਕਰਨ ਲਈ ਆਖਿਆ ਜਾਂਦਾ ਹੈ। ਇਸ ਦੇ ਸਹਿਯੋਗ ਨਾਲ ਮਨੁੱਖੀ ਦਿਮਾਗ਼ ਦੀ ਸ਼ਕਤੀ ਕਈ ਗੁਣਾਂ ਵੱਧ ਗਈ ਹੈ।

ਸਾਰ ਅੰਸ਼ – ਕੰਪਿਊਟਰ ਨਿਸ਼ਚੇ ਹੀ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਹੈ। ਇਸਦਾ ਪ੍ਰਯੋਗ ਹਰੇਕ ਕੰਮ ਵਿੱਚ ਕੀਤਾ ਜਾਂਦਾ ਹੈ। ਇਸਦੇ ਸਹੀ ਉਪਯੋਗ ਦੀ ਲੋੜ ਹੈ ਤੇ ਗ਼ਲਤ ਵਰਤੋਂ ਖ਼ਤਰਨਾਕ ਸਿੱਧ ਹੋ ਸਕਦੀ ਹੈ। ਇਸ ਦੀ ਸਮਰੱਥਾ ਮਨੁੱਖ ਨਾਲੋਂ ਕਈ ਗੁਣਾਂ ਜ਼ਿਆਦਾ ਹੈ। ਇਸ ਲਈ ਅੱਜ ਇਹ ਹਰੇਕ ਦੀ ਲੋੜ ਬਣ ਗਿਆ ਹੈ।