ਖ਼ਬਰ – ਪੱਟੀ – ਪੈਰਾ ਰਚਨਾ
ਵਰਤਮਾਨ ਸਮੇਂ ਵਿਚ ਟੈਲੀਵਿਜ਼ਨ ਮਨੋਰੰਜਨ ਤੇ ਗਿਆਨ ਦੇ ਨਾਲ – ਨਾਲ ਸੂਚਨਾਵਾਂ ਪ੍ਰਦਾਨ ਕਰਨ ਦਾ ਪ੍ਰਮੁੱਖ ਸਾਧਨ ਹੈ। ਬਹੁਤ ਸਾਰੇ ਚੈਨਲ ਰਾਤ – ਦਿਨ ਸਿਰਫ਼ ਖਬਰਾਂ ਹੀ ਪ੍ਰਸਾਰਿਤ ਕਰਦੇ ਹਨ। ਇਨ੍ਹਾਂ ਚੈਨਲਾਂ ਦੇ ਪ੍ਰਸਾਰਨ ਸਮੇਂ ਟੀ. ਵੀ. ਸਕਰੀਨ ਦੇ ਬਿਲਕੁਲ ਹੇਠਾਂ ਇਕ ਲਿਖਤੀ ਪੱਟੀ ਸੱਜੇ ਤੇ ਖੱਬੇ ਲਗਾਤਾਰ ਚਲਦੀ ਰਹਿੰਦੀ ਹੈ, ਜਿਸਨੂੰ ‘ਖ਼ਬਰ – ਪੱਟੀ’ ਕਿਹਾ ਜਾਂਦਾ ਹੈ। ਇਸ ਪੱਟੀ ਰਾਹੀਂ ਸਾਨੂੰ ਕੁੱਝ ਮਿੰਟਾਂ ਵਿਚ ਹੀ ਸਾਰੇ ਦਿਨ ਦੀਆਂ ਖ਼ਬਰਾਂ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਸਰਲਤਾ, ਸੰਖੇਪਤਾ, ਸਪੱਸ਼ਟਤਾ ਤੇ ਭਾਸ਼ਾ ਦੀ ਸ਼ੁੱਧਤਾ ਇਸਦੇ ਪ੍ਰਮੁੱਖ ਤੱਤ ਹੁੰਦੇ ਹਨ। ਕਈ ਵਾਰ ਚੈਨਲ ਇਸ ਖ਼ਬਰ – ਪੱਟੀ ਵਿਚ ਪੇਸ਼ ਕੀਤੀਆਂ ਜਾਣ ਵਾਲੀਆਂ ਖ਼ਬਰਾਂ ਵਿਚ ਰਾਸ਼ਟਰੀ, ਅੰਤਰਰਾਸ਼ਟਰੀ, ਸਟਾਕ ਮਾਰਕੀਟ ਆਦਿ ਸਿਰਲੇਖ ਪਾ ਕੇ ਦਰਸ਼ਕ ਲਈ ਸਹੂਲਤ ਪੈਦਾ ਕਰ ਦਿੰਦੇ ਹਨ। ਜਿਸ ਦਰਸ਼ਕ ਕੋਲ ਘੱਟ ਸਮਾਂ ਹੁੰਦਾ ਹੈ, ਉਸ ਲਈ ਖ਼ਬਰ – ਪੱਟੀ ਬਹੁਤ ਹੀ ਲਾਭਦਾਇਕ ਸਿੱਧ ਹੁੰਦੀ ਹੈ। ਖ਼ਬਰ – ਪੱਟੀ ਵਿਚ ਕਈ ਵਾਰ ਇਸ਼ਤਿਹਾਰਬਾਜ਼ੀ ਵੀ ਕੀਤੀ ਜਾਂਦੀ ਹੈ। ਕਈ ਚੈਨਲ ਇਸ ਦੇ ਹਿੱਸਿਆਂ ਨੂੰ ਵੱਖ – ਵੱਖ ਰੰਗਾਂ ਵਿਚ ਪੇਸ਼ ਕਰਕੇ ਆਕਰਸ਼ਕ ਬਣਾ ਦਿੰਦੇ ਹਨ। ਕਈ ਚੈਨਲ ਇਸ਼ਤਿਹਾਰਬਾਜ਼ੀ ਸਮੇਂ ਖ਼ਬਰ – ਪੱਟੀ ਨੂੰ ਬੰਦ ਕਰ ਦਿੰਦੇ ਹਨ। ਖ਼ਬਰ – ਪੱਟੀ ਖਬਰਾਂ ਵਾਲੇ ਚੈਨਲ ਦਾ ਅਹਿਮ ਹਿੱਸਾ ਹੁੰਦੀ ਹੈ। ਇਸ ਦੀ ਗਤੀ ਇੰਨੀ ਕੁ ਰੱਖੀ ਜਾਂਦੀ ਹੈ, ਜਿਸ ਨਾਲ ਦਰਸ਼ਕ ਇਸ ਦਾ ਆਸਾਨੀ ਨਾਲ ਲਾਭ ਉਠਾ ਸਕਣ। ਇਸ ਵਿੱਚ ਮਹੱਤਵਪੂਰਨ ਖ਼ਬਰਾਂ ਹੀ ਸ਼ਾਮਿਲ ਕੀਤੀਆਂ ਜਾਂਦੀਆਂ ਹਨ, ਜਿਸ ਸਦਕੇ ਇਹ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ।