ਸਾਹਿਤਕ ਕਿਰਨਾਂ -2 ਦਸਵੀਂ ਜਮਾਤ
ਪ੍ਰਸ਼ਨ 1 . ਨਿਮਰਤਾ ਜਾਂ ਹਲੀਮੀ ਦਾ ਕਿਸ ਨਾਲ ਤਾਲਮੇਲ ਨਹੀਂ ਬੈਠਦਾ ?
ਉੱਤਰ – ਨਿਮਰਤਾ ਅਤੇ ਹਲੀਮੀ ਦਾ ਉੱਚੇ ਰੁਤਬੇ, ਪੈਸੇ ਅਤੇ ਇਲਮ ਨਾਲ ਤਾਲਮੇਲ ਨਹੀਂ ਬੈਠਦਾ।
ਪ੍ਰਸ਼ਨ 2. ਬੱਚੇ ਦਾ ਹੱਥ ਤੋੜਨ ਦਾ ਕੀ ਕਾਰਨ ਸੀ ?
ਉੱਤਰ – ਬੱਚੇ ਦਾ ਹੱਥ ਤੋੜਨ ਦਾ ਕਾਰਨ ਉਸ ਦੇ ਅਮੀਰ ਪਰ ਹੰਕਾਰੀ ਪਿਤਾ ਦਾ ਅੱਤ ਦਾ ਗੁੱਸਾ ਸੀ। ਬੱਚੇ ਨੇ ਆਪਣੇ ਪਿਉ ਦੀ ਮਹਿੰਗੀ ਨਵੀਂ ਕਾਰ ਤੇ ਕਿੱਲ ਨਾਲ “ਆਈ ਲਵ ਯੂ ਪਾਪਾ” ਲਿੱਖ ਰਿਹਾ ਸੀ।
ਪਰ ਉਸ ਦੇ ਪਿਉ ਨੇ ਕੁੱਝ ਨਾ ਵੇਖਿਆ ਅਤੇ ਨਾ ਹੀ ਸਮਝਿਆ ਤੇ ਕਾਰ ਦੇ ਰੈਂਚ ਨਾਲ ਬੱਚੇ ਦਾ ਹੱਥ ਤੋੜ ਦਿੱਤਾ।
ਪ੍ਰਸ਼ਨ 3. ਵਿਆਹ ਕਿਸ ਦਾ ਟੁੱਟ ਗਿਆ ਸੀ ਤੇ ਕਿਉਂ ?
ਉੱਤਰ – ਜਿਸ ਹੰਕਾਰੀ ਪਿਉ ਨੇ ਆਪਣੇ ਬੱਚੇ ਦਾ ਹੱਥ ਤੋੜਿਆ ਸੀ, ਉਸੇ ਹੰਕਾਰੀ ਪਿਉ ਅਤੇ ਮਾਂ ਦਾ ਵਿਆਹ ਟੁੱਟ ਗਿਆ ਸੀ।
ਉਸ ਪਿਉ ਨੂੰ ਆਪਣੇ ਛੋਟੇ ਜਿਹੇ ਬੱਚੇ ਨਾਲੋਂ ਕਾਰ ਜਿਆਦਾ ਪਿਆਰੀ ਸੀ। ਉਸ ਨੇ ਆਪਣੇ ਬੱਚੇ ਨੂੰ ਏਨਾ ਮਾਰਿਆ ਕਿ ਉਸ ਦਾ ਸੱਜਾ ਹੱਥ ਸਾਰੀ ਜਿੰਦਗੀ ਲਈ ਨਕਾਰਾ ਹੋ ਗਿਆ ਸੀ। ਉਸ ਦੀ ਮਾਂ ਵੀ ਆਪਣੇ ਪਤੀ ਦੇ ਜ਼ੁਲਮ ਸਹਾਰ ਨਾ ਸਕੀ ਅਤੇ ਉਸਨੇ ਤਲਾਕ ਲੈ ਲਿਆ।
ਪ੍ਰਸ਼ਨ 4. ਲੇਖਿਕਾ ਦੇ ਪ੍ਰਿੰਸੀਪਲ ਦਾ ਸੁਭਾਅ ਕਿਹੋ ਜਿਹਾ ਸੀ ?
ਉੱਤਰ – ਲੇਖਿਕਾ ਦੇ ਪ੍ਰਿੰਸੀਪਲ ਦਾ ਸੁਭਾਅ ਹੈਂਕੜਬਾਜ, ਆਕੜ ਭਰਿਆ ਅਤੇ ਖੜੂਸ ਸੀ। ਉਹ ਤੇ ਉਸ ਦੇ ਸਾਥੀ ਪ੍ਰਿੰਸੀਪਲ ਦੀ ਛੇੜ – “ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈਂ ਖਿੜਕੀਆਂ, ਖਿੜਕਿਓਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ” ਕਹਿ ਕੇ ਆਪਣੇ ਮਨ ਦਾ ਗ਼ੁਬਾਰ ਕੱਢ ਲੈਂਦੇ ਸਨ।
ਪ੍ਰਸ਼ਨ 5. ‘ਹੰਕਾਰਿਆ ਸੋ ਮਾਰਿਆ’ ਅਖਾਣ ਕਿਸ ਭਾਵ ਨਾਲ ਵਰਤਿਆ ਗਿਆ ਹੈ ?
ਉੱਤਰ – ‘ਹੰਕਾਰਿਆ ਸੋ ਮਾਰਿਆ’ ਅਖਾਣ ਇਸ ਭਾਵ ਨਾਲ ਵਰਤਿਆ ਗਿਆ ਹੈ ਕਿ ਹੰਕਾਰ ਨਾਲ ਭਰਿਆ ਮਨੁੱਖ ਹਰ ਵੇਲੇ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਸ ਵਿਚ ਦੋਸਤੀ ਦਾ ਨਿੱਘ ਉੱਕਾ ਹੀ ਨਹੀਂ ਹੁੰਦਾ।
ਪ੍ਰਸ਼ਨ 6. ਆਪਣੇ ਆਪ ਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ ਹੈ ?
ਉੱਤਰ – ਜੇਕਰ ਕਿਸੇ ਹੰਕਾਰੀ ਬੰਦੇ ਰਾਹੀਂ ਬੇਇੱਜਤੀ ਹੋ ਗਈ ਹੋਵੇ ਤਾਂ ਉਸ ਨੂੰ ਦਿਲ ਉੱਤੇ ਲਾਉਣ ਦੀ ਲੋੜ ਨਹੀਂ ਹੈ, ਬਲਕਿ ਬਾਅਦ ਵਿਚ ਉਸ ਵਿਚੋਂ ਕੋਈ ਹਾਸੇ ਦੀ ਗੱਲ ਕੱਢਕੇ ਅਤੇ ਉਸਦੇ ਹਾਵਾ – ਭਾਵਾਂ ਉੱਤੇ ਆਪਣੇ ਹੀ ਦਿਲ ਵਿੱਚ ਮਜ਼ਾਕ ਕੱਸ ਕੇ ਜਾਂ ਆਪਣੇ ਦੋਸਤਾਂ ਨਾਲ ਹੱਸ ਖੇਡ ਕੇ ਆਪਣੇ ਆਪ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।
ਪ੍ਰਸ਼ਨ 7. ਮਨੋਵਿਗਿਆਨੀ ਕੀ ਸੁਝਾਅ ਦਿੰਦੇ ਹਨ ?
ਉੱਤਰ – ਮਨੋਵਿਗਿਆਨੀ ਸੁਝਾਅ ਦਿੰਦੇ ਹਨ ਕਿ ਆਪਣੇ ਮਨੋਬਲ ਨੂੰ ਹੋਰ ਤਾਕਤਵਰ ਬਣਾਉਣ ਲਈ ਅਤੇ ਆਪਣੀ ਸੁਣਨ ਸ਼ਕਤੀ ਦੇ ਨਾਲ – ਨਾਲ ਆਪਣੇ ਹਾਵ- ਭਾਵ ਉੱਤੇ ਕਾਬੂ ਪਾਉਣ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਕਿ ਕਿਸੇ ਫਜੂਲ ਹੰਕਾਰੀ ਬੰਦੇ ਤੋਂ ਬਕਵਾਸ ਸੁਣ ਲੈਣ ਤੋਂ ਬਾਅਦ ਵੀ ਆਪਣੇ ਆਪ ਨੂੰ ਬੇਕਾਬੂ ਨਾ ਹੋਣ ਦਿੱਤਾ ਜਾਵੇ। ਇਸ ਨਾਲ ਹੰਕਾਰੀ ਬੰਦੇ ਦੀ ਹਉਮੈ ਨੂੰ ਤਗੜੀ ਸੱਟ ਵੱਜਦੀ ਹੈ। ਉਹ ਅਜਿਹਾ ਸੋਚਣ ਉੱਤੇ ਮਜਬੂਰ ਹੋ ਜਾਂਦਾ ਹੈ ਕਿ ਮੇਰੇ ਬੋਲਣ ਦਾ ਅਗਲੇ ਬੰਦੇ ਉੱਤੇ ਉੱਕਾ ਹੀ ਕੋਈ ਅਸਰ ਨਹੀਂ ਹੁੰਦਾ ਤਾਂ ਮੇਰੇ ਬੋਲਣ ਦਾ ਕੋਈ ਫਾਇਦਾ ਨਹੀਂ।
ਪ੍ਰਸ਼ਨ 8. ਹੰਕਾਰੀ ਮਨੁੱਖ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਉੱਤਰ – ਠਰੰਮੇ ਨਾਲ ਪਰ ਸਖ਼ਤ ਆਵਾਜ਼ ਵਿੱਚ ਹੰਕਾਰੇ ਬੰਦੇ ਨੂੰ ਇਹ ਦਰਸਾਇਆ ਜਾ ਸਕਦਾ ਹੈ ਕਿ ਇਨਸਾਨ ਇਸ ਲਹਿਜੇ ਵਿਚ ਗੱਲ ਨਹੀਂ ਕਰਦੇ ਤੇ ਨਾ ਹੀ ਅੱਗੇ ਤੋਂ ਇਸ ਤਰ੍ਹਾਂ ਗੱਲ ਕਰਨ ਦੀ ਲੋੜ ਹੈ।
ਜੇਕਰ ਕਹਿਣਾ ਸੰਭਵ ਨਾ ਹੋਵੇ ਤਾਂ ਇਸ ਤਰ੍ਹਾਂ ਦੇ ਬੰਦੇ ਨੂੰ ਪੂਰੀ ਤਰ੍ਹਾਂ ਆਪਣੀ ਸੋਚ ਵਿਚੋਂ ਮਨਫ਼ੀ ਕਰ ਦੇਣਾ ਹੀ ਠੀਕ ਹੁੰਦਾ ਹੈ ਤੇ ਉਸ ਦੀ ਉੱਕਾ ਪਰਵਾਹ ਕਰਨੀ ਛੱਡ ਦੇਣੀ ਚਾਹੀਦੀ ਹੈ।
ਪ੍ਰਸ਼ਨ 9 . ਹੰਕਾਰੀ ਵਿਅਕਤੀ ਦੀ ਪਹਿਚਾਣ ਕੀ ਹੈ ?
ਉੱਤਰ – ਹੰਕਾਰੀ ਵਿਅਕਤੀ ਆਪਣੇ ਬਾਰੇ ਮਾਮੂਲੀ ਜਿਹੀ ਟੋਕਾਟਕੀ ਵੀ ਬਰਦਾਸ਼ਤ ਨਹੀਂ ਕਰ ਸਕਦਾ। ਦੂਜਿਆਂ ਦੀ ਗੱਲ ਦਾ ਜਵਾਬ ਨਹੀਂ ਦਿੰਦਾ, ਫੋਨ ਨਹੀਂ ਸੁਣਦਾ, ਝੱਟ ਆਪੇ ਤੋਂ ਬਾਹਰ ਹੋ ਜਾਂਦਾ ਹੈ।
ਪ੍ਰਸ਼ਨ 10. ਛੋਟੇ ਬੱਚਿਆਂ ਵਿਚਲੀ ਹਉਮੈ ਕਿਹੋ ਜਿਹੀ ਹੁੰਦੀ ਹੈ?
ਉੱਤਰ – ਛੋਟੇ ਬੱਚਿਆਂ ਵਿਚਲੀ ਹਉਮੈ ਅਸਥਿਰ ਹੁੰਦੀ ਹੈ। ਅਮੀਰੀ – ਗਰੀਬੀ ਦਾ ਫ਼ਰਕ ਹੋਣ ਦੇ ਬਾਵਜੂਦ ਵੀ ਉਹਨਾਂ ਵਿੱਚ ਦੋਸਤੀ ਤੇ ਨਿੱਘ ਬਣ ਜਾਂਦਾ ਹੈ।
ਪ੍ਰਸ਼ਨ 11. ਲੇਖਕ ਅਨੁਸਾਰ ਛੋਟੇ ਬੱਚਿਆਂ ਵਿੱਚ ਹਉਮੈ ਕਿਵੇਂ ਪ੍ਰਵੇਸ਼ ਕਰਦੀ ਹੈ ?
ਉੱਤਰ – ਲੇਖਕ ਅਨੁਸਾਰ ਛੋਟੇ ਬੱਚਿਆਂ ਵਿਚ ਹਉਮੈ ਦੀ ਪਹਿਲੀ ਕਿਰਨ ਉਦੋਂ ਪ੍ਰਵੇਸ਼ ਕਰਦੀ ਹੈ ਜਦੋਂ ਉਸ ਨੂੰ ਪੈਸੇ ਦੀ ਅਹਿਮੀਅਤ ਪਤਾ ਲੱਗਦੀ ਹੈ। ਉਹ ਆਪਣੇ ਤੋਂ ਗ਼ਰੀਬ ਬੱਚਿਆਂ ਦਾ ਮਜ਼ਾਕ ਉਡਾਉਣ ਲੱਗ ਜਾਂਦਾ ਹੈ।
ਪ੍ਰਸ਼ਨ 12. ਹਉਮੈ ਨੂੰ ਕਾਬੂ ਵਿੱਚ ਰੱਖਣ ਵਾਲਾ ਵਿਅਕਤੀ ਕਿਹੋ ਜਿਹਾ ਹੁੰਦਾ ਹੈ ?
ਉੱਤਰ – ਹਉਮੈ ਨੂੰ ਕਾਬੂ ਵਿੱਚ ਰੱਖਣ ਵਾਲਾ ਵਿਅਕਤੀ ਰੱਬ ਰੂਪੀ ਹੋ ਜਾਂਦਾ ਹੈ, ਜਿਸ ਨਾਲ ਉਸਦੇ ਆਲੇ – ਦੁਆਲੇ ਦਾ ਮਾਹੌਲ ਵੀ ਸੁਖਾਵਾਂ ਹੋ ਜਾਂਦਾ ਹੈ ਤੇ ਹਰ ਕਿਸੇ ਨੂੰ ਆਤਮਿਕ ਆਨੰਦ ਮਿਲਦਾ ਹੈ।
ਪ੍ਰਸ਼ਨ 13. ਕੀ ਹਉਮੈ ਇੱਕ ਰੋਗ ਹੈ? ਦੱਸੋ ਕਿਵੇਂ ?
ਉੱਤਰ – ਹਾਂ, ਹਉਮੈ ਇੱਕ ਰੋਗ ਹੈ ਜੋ ਵਧੇਰੇ ਧਨ ਜਾਂ ਉੱਚੇ ਰੁਤਬੇ ਨਾਲ ਕਿਸੇ ਨੂੰ ਵੀ ਲੱਗ ਜਾਂਦਾ ਹੈ। ਇਹ ਬੇਚੈਨੀ ਅਤੇ ਕਲੇਸ਼ ਦਾ ਕਾਰਣ ਬਣਦੀ ਹੈ, ਜਿਸ ਨਾਲ ਛੇਤੀ ਬੀਮਾਰੀਆਂ ਲੱਗ ਜਾਂਦੀਆਂ ਹਨ।
ਵਿਦਿਆਰਥੀਆਂ ਨੂੰ ਇਹ ਤਸਦੀਕ ਦਿੱਤੀ ਜਾਂਦੀ ਹੈ ਕਿ ਉਹ ਪੂਰਾ ਪਾਠ ਧਿਆਨ ਨਾਲ ਪੜ੍ਹ ਕੇ ਪ੍ਰੀਖਿਆ ਦੇਣ ਜਾਣ, ਕਿਉਂਕਿ ਕਈ ਵਾਰ ਪੇਪਰ ਪਾਠ ਦੇ ਵਿੱਚੋਂ ਆ ਜਾਂਦਾ ਹੈ।