ਹੀਰ ਰਾਂਝੇ ਦੇ ……… ਨਵੀਉਂ ਨਵੀਂ ਬਹਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ : ਬੁੱਲ੍ਹੇ ਸ਼ਾਹ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਹੀਰ ਰਾਂਝੇ ਦੇ ਹੋ ਗਏ ਮੇਲੇ ।
ਭੁੱਲੀ ਹੀਰ ਢੂੰ ਢੇਦੀ ਬੇਲੇ ।
ਰਾਂਝਣ ਯਾਰ ਬੁੱਕਲ ਵਿਚ ਖੇਲ੍ਹੇ ।
ਮੈਨੂੰ ਸੁੱਧ ਬੁੱਧ ਰਹੀ ਨਾ ਸਾਰ ।
ਇਸ਼ਕ ਦੀ ਨਵੀਉਂ ਨਵੀਂ ਬਹਾਰ ।
ਪ੍ਰਸੰਗ : ਇਹ ਕਾਵਿ-ਟੋਟਾ ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਰਚੀ ਹੋਈ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਨੇ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼ਹਬੀ-ਕਾਂਡ ਦਾ ਖੰਡਨ ਕੀਤਾ ਹੈ ਅਤੇ ਇਸ਼ਕ ਦੁਆਰਾ ਪ੍ਰਾਪਤ ਹੋਣ ਵਾਲੀ ਰੂਹਾਨੀ ਅਵਸਥਾ ਦੀ ਮਹਿਮਾ ਗਾਈ ਹੈ।
ਵਿਆਖਿਆ : ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਮੁਰਸ਼ਦ ਪਾਸੋਂ ਪ੍ਰਭੂ ਦਾ ਗਿਆਨ ਹਾਸਲ ਹੋਣ ਨਾਲ ਮੇਰਾ ਆਪਣੇ ਪਿਆਰੇ ਪ੍ਰਭੂ ਨਾਲ ਇਸ ਤਰ੍ਹਾਂ ਮਿਲਾਪ ਹੋ ਗਿਆ, ਜਿਸ ਤਰ੍ਹਾਂ ਰਾਂਝੇ ਤੇ ਹੀਰ ਦਾ ਮਿਲਾਪ ਹੋ ਗਿਆ ਹੋਵੇ। ਇਸ ਸਥਿਤੀ ‘ਤੇ ਪਹੁੰਚਣ ਤੋਂ ਪਹਿਲਾਂ ਮੇਰੀ ਸਥਿਤੀ ਹੀਰ ਵਰਗੀ ਸੀ, ਜੋ ਕਿ ਭੁੱਲੀ-ਭਟਕੀ ਰਾਂਝੇ ਨੂੰ ਜੰਗਲਾਂ ਵਿੱਚ ਢੂੰਢਦੀ ਸੀ, ਜਦਕਿ ਰਾਂਝਾ ਤਾਂ ਉਸ ਦੀ ਬਗਲ ਵਿੱਚ ਨੇੜੇ ਹੀ ਖੇਡਦਾ ਸੀ, ਪਰ ਉਸ ਨੂੰ ਉਸ ਦੀ ਕੋਈ ਸੁੱਧ-ਬੁੱਧ ਹੀ ਨਹੀਂ ਸੀ। ਇਸ਼ਕ ਦੁਆਰਾ ਆਪਣੇ ਪ੍ਰੀਤਮ ਨੂੰ ਪਾ ਕੇ ਰੱਬੀ ਆਸ਼ਕ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ।