ਹੀਰ ਰਾਂਝਾ


ਹੀਰ ਰਾਂਝੇ ਦੇ ਕਿੱਸੇ ਦੀ ਮੂਲ ਕਹਾਣੀ ਇਉਂ ਹੈ। ਜੱਟਾਂ ਦਾ ਇੱਕ ਮੁੰਡਾ ਸੀ। ਆਪਣੇ ਬਾਪ ਦੇ ਮਰਨ ਪਿੱਛੋਂ ਭਾਈਆਂ ਦੇ ਹੱਥੋਂ ਤੰਗ ਆ ਕੇ ਪਿੰਡੋਂ ਬਾਹਰ ਨਿਕਲ ਗਿਆ। ਦੂਜੇ ਪਿੰਡ ਜਾ ਕੇ ਉਥੋਂ ਦੇ ਚੌਧਰੀ ਦੇ ਘਰ ਮੱਝੀਆਂ ਚਾਰਨ ਤੇ ਚਾਕ ਰਹਿ ਪਿਆ। ਚੌਧਰੀ ਦੀ ਧੀ ਬੇਲੇ ਵਿੱਚ ਰੋਟੀ ਲੈ ਕੇ ਜਾਂਦੀ ਸੀ। ਉਹਦਾ ਚਾਕ ਨਾਲ ਪ੍ਰੇਮ ਹੋ ਗਿਆ। ਕੁੜੀ ਦੇ ਮਾਪਿਆਂ ਨੂੰ ਇਹ ਗੱਲ ਬੁਰੀ ਲੱਗੀ। ਉਨ੍ਹਾਂ ਨੇ ਕੁੜੀ ਦਾ ਆਪਣੇ ਵਰਗੇ ਕਿਸੇ ਚੌਧਰੀ ਦੇ ਘਰ ਵਿਆਹ ਕਰ ਦਿੱਤਾ। ਚਾਕ ਮਗਰੇ ਗਿਆ। ਛਲ ਫ਼ਰੇਬ ਕਰ ਕੇ ਕੁੜੀ ਨੂੰ ਉਹਦੇ ਸਹੁਰਿਉਂ ਕੱਢ ਕੇ ਲੈ ਗਿਆ। ਜਦ ਕੁੜੀ ਦੇ ਮਾਪਿਆਂ ਨੇ ਮੁੰਡੇ-ਕੁੜੀ ਨੂੰ ਪਕੜ ਲਿਆ ਤਾਂ ਉਹ ਕੁੜੀ ਦਾ ਵਿਆਹ ਏਸ ਮੁੰਡੇ ਨਾਲ ਕਰਨ ‘ਤੇ ਰਾਜ਼ੀ ਹੋ ਗਏ।ਮੁੰਡੇ ਨੂੰ ਆਖਿਆ—ਪਈ ਤੂੰ ਆਪਣੇ ਪਿੰਡ ਜਾ ਕੇ ਜੰਞ ਲੈ ਆ ਤੇ ਆਪ ਕੁੜੀ ਨੂੰ ਜ਼ਹਿਰ ਦੇ ਕੇ ਮਾਰ ਛੱਡਿਆ। ਕੁੜੀ ਦੀ ਮੌਤ ਸੁਣ ਕੇ ਮੁੰਡਾ ਵੀ ਹਉਕੇ ਨਾਲ ਮਰ ਗਿਆ। ਕਈ ਕਵੀ ਇਉਂ ਆਖਦੇ ਹਨ—ਪਈ ਮੁੰਡਾ-ਕੁੜੀ ਰਾਜੇ ਦੀ ਕਚਹਿਰੀ ਵਿੱਚ ਲਿਆਂਦੇ ਗਏ ਜਿਸ ਨੇ ਕੁੜੀ ਮੁੰਡੇ ਨੂੰ ਦੇ ਦਿੱਤੀ ਤੇ ਉਥੋਂ ਮੁੰਡਾ-ਕੁੜੀ ਦੋਵੇਂ ਮਿਲ ਕੇ ਮੱਕੇ ਨੂੰ ਚਲੇ ਗਏ।