ਸੰਖੇਪ ਸਾਰ : ਪੰਜਾਬ ਦੀਆਂ ਲੋਕ-ਖੇਡਾਂ
ਪ੍ਰਸ਼ਨ. ‘ਪੰਜਾਬ ਦੀਆਂ ਲੋਕ-ਖੇਡਾਂ’ ਲੇਖ ਦਾ ਸੰਖੇਪ-ਸਾਰ ਲਿਖੋ ।
ਉੱਤਰ : ਲੋਕ-ਖੇਡਾਂ ਪੰਜਾਬੀ ਲੋਕ-ਜੀਵਨ ਦਾ ਅਭਿੰਨ ਅੰਗ ਹਨ। ਇਹ ਪੰਜਾਬੀ ਲੋਕਾਂ ਦੇ ਦਿਲ-ਪਰਚਾਵੇ ਦਾ ਪ੍ਰਮੁੱਖ ਸਾਧਨ ਰਹੀਆਂ ਹਨ।
ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਖੇਡ-ਕਿਰਿਆ ਬੱਚੇ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀ ਹੈ ਅਤੇ ਇਹ ਬੱਚੇ ਦੇ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਦੀ ਸੂਚਕ ਹੁੰਦੀ ਹੈ।
ਖੇਡ ਆਰੰਭ ਕਰਨ ਤੋਂ ਪਹਿਲਾਂ ਬੱਚੇ ਪੁੱਗਦੇ ਹਨ। ਇਸ ਲਈ ਉਹ ਇਸ ਦਾਇਰੇ ਵਿਚ ਖੜ੍ਹੇ ਹੋ ਜਾਂਦੇ ਹਨ ਤੇ ਇਕ ਜਣਾ ਇਕੱਲੇ-ਇਕੱਲੇ ਨੂੰ ਹੱਥ ਲਾ ਕੇ ਛੰਦ ਬੋਲਦਾ ਹੈ :
ਗੁੜ ਖਾਵਾਂ ਵੇਲ ਵਧਾਵਾਂ
ਮੂਲੀ ਪੱਤਰਾ।
ਪੱਤਰਾਂ ਵਾਲੇ ਘੋੜੇ ਆਏ,
ਹੱਥ ਕੁਤਾੜੀ ਪੈਰ ਕੁਤਾੜੀ,
ਨਿਕਲ ਬਾਲਿਆ ਤੇਰੀ ਬਾਰੀ।
ਆਖਰੀ ਸ਼ਬਦ ਬੋਲਣ ਵੇਲੇ ਜਿਸ ਬੱਚੇ ਨੂੰ ਹੱਥ ਲਗਦਾ ਹੈ, ਉਹ ਪੁੱਗਿਆ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਵਾਰ-ਵਾਰ ਇਕ ਛੰਦ ਬੋਲ ਕੇ ਸਾਰੇ ਜਣੇ ਪੁਗਾਏ ਜਾਂਦੇ ਹਨ। ਅੰਤ ਵਿਚ ਜਿਹੜਾ ਪੁੱਗਣ ਤੋਂ ਰਹਿ ਜਾਂਦਾ ਹੈ, ਦਾਈ ਉਸ ਦੇ ਸਿਰ ਆ ਜਾਂਦੀ ਹੈ।
ਪੁੱਗਣ ਲਈ ਇਕ ਹੋਰ ਤਰੀਕਾ ਵੀ ਵਰਤਿਆ ਜਾਂਦਾ ਹੈ। ਤਿੰਨ ਜਣੇ ਇਕ-ਦੂਜੇ ਦੇ ਹੱਥ ਫੜ ਕੇ ਉੱਪਰ ਉਛਾਲ ਕੇ ਛੱਡਦੇ ਹੋਏ ਆਪਣੇ ਹੱਥਾਂ ਨੂੰ ਇਕ-ਦੂਜੇ ਉੱਤੇ ਸਿੱਧੇ-ਪੁੱਠੇ ਰੱਖਦੇ ਹਨ। ਜਿਸ ਦੇ ਹੱਥ ਦੂਜਿਆਂ ਤੋਂ ਉਲਟੇ ਰੱਖੇ ਹੋਣ, ਉਹ ਪੁੱਗਿਆ ਸਮਝਿਆ ਜਾਂਦਾ ਹੈ। ਇਸ ਕਿਰਿਆ ਨੂੰ ਵਾਰ-ਵਾਰ ਦੁਹਰਾ ਕੇ ਸਾਰੇ ਜਣੇ ਪੁਗਾ ਲਏ ਜਾਂਦੇ ਹਨ। ਅੰਤ ਪੁੱਗਣ ਤੋਂ ਰਹਿ ਗਏ ਬੱਚੇ ਨੂੰ ਦਾਈ ਦੇਣ ਲਈ ਚੁਣਿਆ ਜਾਂਦਾ ਹੈ।
ਕਈ ਲੋਕ-ਖੇਡਾਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ, ਜਿਵੇਂ ਕਬੱਡੀ, ਰੱਸਾ-ਕਸ਼ੀ ਸ਼ੱਕਰ-ਭਿੱਜੀ, ਲੂਣ-ਮਿਆਣੀ, ਕੂਕਾਂ-ਕਾਂਗੜੇ ਅਤੇ ਟਿਬਲਾ-ਟਿਬਲੀ ਆਦਿ। ਟੋਲੀਆਂ ਬਣਾਉਣ ਲਈ ਵੀ ‘ਆੜੀ ਮਲੱਕਣ ਦਾ ਤਰੀਕਾ ਅਪਣਾਇਆ ਜਾਂਦਾ ਹੈ। ਖੇਡਦੇ ਸਮੇਂ ਜੇਕਰ ਕੋਈ ਬੱਚਾ ਆਪਣੀ ਦਾਈ ਨਾ ਦੇਵੇ, ਤਾਂ ਸਮਝਿਆ ਜਾਂਦਾ ਹੈ ਕਿ ਉਸ ਦੇ ਸਿਰ ਭਾਰ ਚੜ੍ਹੇਗਾ। ਜੇਕਰ ਕੋਈ ਬੱਚਾ ਆਪਣੀ ਮਿੱਤ ਛੱਡ ਕੇ ਦੌੜ ਜਾਂਦਾ ਹੈ, ਤਾਂ ਦੂਜੇ ਬੱਚੇ ਇਹ ਗੀਤ ਗਾਉਂਦੇ ਹੋਏ ਉਸ ਦੇ ਘਰ ਤੱਕ ਜਾਂਦੇ ਹਨ-
ਸਾਡੀ ਮਿੱਤ ਦੱਬਣਾ,
ਘਰ ਦੇ ਚੂਹੇ ਚੱਬਣਾ।
ਇਕ ਚੂਹਾ ਰਹਿ ਗਿਆ,
ਸਿਪਾਹੀ ਫੜ ਕੇ ਲੈ ਗਿਆ।
ਸਿਪਾਹੀ ਨੇ ਮਾਰੀ ਇੱਟ,।
ਚਾਹੇ ਰੋ ਚਾਹੇ ਪਿੱਟ।
ਖੇਡਾਂ ਆਦਿ-ਕਾਲ ਤੋਂ ਹੀ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਸਾਧਨ ਰਹੀਆਂ ਹਨ। ਇਹ ਹਰ ਰੋਜ਼ ਆਥਣ ਵੇਲੇ ਪਿੰਡ ਦੀ ਜੂਹ ਵਿਚ ਖੇਡੀਆਂ ਜਾਂਦੀਆਂ ਹਨ। ਸਾਰਾ ਪਿੰਡ ਖਿਡਾਰੀਆਂ ਦੀਆਂ ਖੁਰਾਕਾਂ ਤੇ ਘਿਓ ਦੇ ਪੀਪਿਆਂ ਦਾ ਪ੍ਰਬੰਧ ਕਰਦਾ ਸੀ। ਮੇਲਿਆਂ ਵਿਚ ਕਿਸੇ ਖਿਡਾਰੀ ਦਾ ਪਹਿਲਵਾਨੀ ਵਿਚ ਆਪਣਾ ਨਾ ਚਮਕਾਉਣਾ, ਮੁਗਲੀਆ ਫੇਰਨਾ, ਬੋਰੀ ਚੁੱਕਣਾ, ਰੱਸਾਕਸੀ ਵਿਚ ਬਾਜ਼ੀ ਮਾਰਨਾ ਸਾਰੇ ਪਿੰਡ ਲਈ ਮਾਣ ਦੀ ਗੱਲ ਹੁੰਦੀ ਸੀ। ਖੇਡਾਂ ਦੇ ਆਹਰ ਵਿਚ ਲੱਗੇ ਨੌਜਵਾਨ ਘੱਟ ਹੀ ਕੁਰਾਹੇ ਪੈਂਦੇ ਸਨ। ਮੁੰਡੇ-ਕੁੜੀਆਂ ਬੁੱਢੀ ਮਾਈ, ਭੰਡਾ-ਭੰਡਾਰੀਆ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੁਹਕੜੇ, ਬਾਦਰ ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ-ਕਾਨੀ, ਅੰਨ੍ਹਾ ਝੋਟਾ, ਪੂਛ-ਪੂਛ, ਗੁੱਲੀ ਡੰਡਾ, ਪਿੱਠੂ, ਪੀਚੋ-ਬੱਕਰੀ, ਅੱਡੀ-ਛੜੱਪਾ, ਕੂਕਾਂ ਕਾਂਗੜੇ ਅਖ਼ਰੋਟ ਤੇ ਸ਼ੱਕਰ-ਭਿੱਜੀ ਖੇਡਾਂ ਦਾ ਖੂਬ ਆਨੰਦ ਮਾਣਦੇ ਸਨ।
ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਰਹੀਆਂ ਹਨ। ਪਿੰਡਾਂ ਵਿਚ ਛਿੰਜਾਂ ਪੈਂਦੀਆਂ ਸਨ ਅਤੇ ਮੇਲਿਆਂ ਵਿਚ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ। ਪੰਜਾਬ ਦੀ ਧਰਤੀ ਨੇ ਹੀ ਗਾਮਾ, ਗੂੰਗਾ, ਮਿਹਰਦੀਨ ਤੇ ਦਾਰਾ ਸਿੰਘ ਵਰਗੇ ਜਗਤ-ਪ੍ਰਸਿੱਧ ਪਹਿਲਵਾਨ ਪੈਦਾ ਕੀਤੇ ਹਨ।
ਕਬੱਡੀ ਪੰਜਾਬੀਆਂ ਦੀ ਕੌਮੀ ਖੇਡ ਹੈ, ਜਿਸ ਤੋਂ ਇਨ੍ਹਾਂ ਦੇ ਸੁਭਾ ਮਰਦਉਪਣੇ ਤੇ ਬਲ ਦਾ ਪ੍ਰਗਟਾਵਾ ਹੁੰਦਾ ਹੈ। ਲੰਬੀ ਕੌਡੀ, ਗੂੰਗੀ ਕੌਡੀ ਤੇ ਸੌਂਚੀ ਪੱਕੀ ਇਸਦੀਆਂ ਹੋਰ ਕਿਸਮਾਂ ਹਨ। ਅੱਜ ਇਨ੍ਹਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ। ਵਪਾਰ ਦੇ ਮੇਲੇ ਉੱਤੇ ਸੌਂਚੀ ਪੱਕੀ ਦੇ ਮੁਕਾਬਲੇ ਹੁੰਦੇ ਹਨ। ਇਹ ਖੇਡ ਬਾਕਸਿੰਗ ਨਾਲ ਮਿਲਦੀ-ਜੁਲਦੀ ਹੈ।
ਖਿੱਦੋ-ਖੂੰਡੀ, ਲੂਣ ਤੇ ਲੱਲ੍ਹੇ ਮੁੰਡਿਆਂ ਦੀਆਂ ਤੇ ਅੱਡੀ-ਛੜੱਪਾ ਜਾਂ ਅੱਡੀ ਟੱਪਾ ਕੁੜੀਆਂ ਦੀਆਂ ਟੋਲੀਆਂ ਬਣਾ ਕੇ ਖੇਡੀਆ ਜਾਣ ਵਾਲੀਆਂ ਰੋਚਕ ਖੇਡਾਂ ਹਨ।
ਸ਼ੱਕਰ-ਭਿੱਜੀ ਵਿੱਚ ਦੋ ਟੋਲੀਆਂ ਵਿਚੋਂ ਇਕ ਟੋਲੀ ਇਕ-ਦੂਜੇ ਦੇ ਲੱਕ ਫੜ ਕੇ ਰੁਕ ਜਾਂਦੀ ਹੈ। ਇਸ ਤਰ੍ਹਾਂ ਬੜੀ ਲੰਮੀ ਘੋੜੀ ਉੱਤੇ ਦੂਜੀ ਟੋਲੀ ਦੇ ਖਿਡਾਰੀ ਸਵਾਰੀ ਕਰਕੇ ਇਸ ਦਾ ਅਨੰਦ ਮਾਨਦੇ ਹਨ। ਇਸੇ ਤਰ੍ਹਾਂ ਡੰਡ-ਪਲਾਘੜਾ ਤੇ ਬਾਂਦਰ ਕੀਲਾ ਰੌਚਕ ਖੇਡਾਂ ਹਨ।
ਅੱਜ ਲੋਕ-ਖੇਡਾਂ ਸਾਡੇ ਜੀਵਨ ਵਿਚੋਂ ਅਲੋਪ ਹੋ ਰਹੀਆਂ ਹਨ। ਇਹ ਸਾਡਾ ਗੌਰਵਮਈ ਵਿਰਸਾ ਹਨ। ਇਨ੍ਹਾਂ ਦੀ ਸੰਭਾਲ ਤੇ ਸੁਰਜੀਤੀ ਬਹੁਤ ਜਰੂਰੀ ਹੈ।