CBSEEducationਸੰਖੇਪ ਰਚਨਾ (Precis writing)

ਸੰਖੇਪ ਰਚਨਾ : ਬੱਚਿਆਂ ਦੀ ਸਿੱਖਿਆ ਤੇ ਸੰਭਾਲ


ਅਖਾਣ ਹੈ ਕਿ ਜਿਹੜਾ ਹੱਥ ਬੱਚੇ ਦੇ ਪੰਘੂੜੇ ਨੂੰ ਝੂਟੇ ਦੇਂਦਾ ਹੈ, ਵਾਸਤਵ ਵਿਚ ਉਹੀ ਬਾਦਸ਼ਾਹੀ ਕਮਾਉਂਦਾ ਹੈ। ਮਤਲਬ ਇਹ ਕਿ ਬਾਦਸ਼ਾਹੀ ਕਰਨ ਵਾਲਿਆਂ ਦੇ ਆਚਾਰ ਉਨ੍ਹਾਂ ਦੀਆਂ ਮਾਵਾਂ ਦੇ ਪਾਲਣ ਦੇ ਢੰਗਾਂ ਅਨੁਸਾਰ ਢਲਦੇ ਹਨ। ਇਸੇ ਤਰ੍ਹਾਂ ਯੂਰਪ ਵਾਲਿਆਂ ਦੇ ਇਤਿਹਾਸ ਦੀ ਨੀਂਹ ਉਨ੍ਹਾਂ ਦੇ ਸਕੂਲਾਂ-ਕਾਲਜਾਂ ਵਿਚ ਬਝਦੀ ਹੈ। ਉਨਾਂ ਦੇ ਸਕੂਲ ਤੇ ਕਾਲਜ ਨਿਰੇ ਪੜ੍ਹਾਉਣ ਵਾਲੇ ਨਹੀਂ, ਸਗੋਂ ਆਦਮੀ ਪੈਦਾ ਕਰਨ ਵਾਲੇ ਜਾਂ ਆਖੋ ਬੰਦੇ ਬਣਾਉਣ ਵਾਲੇ ਹਨ। ਅੰਗਰੇਜ਼ਾਂ ਨੇ ਆਪਣੇ ਵਿਦਿਆਲਿਆਂ ਨੂੰ ਜ਼ਿੰਦਗੀ ਵਿਚ ਸੁਰਖਰੂਈ ਨਾਲ ਲੰਘਣ ਵਾਲੇ ਅਤੇ ਆਪਣੇ ਮਾਲਕ ਤੇ ਕੰਮ ਦੀ ਪਾਲਣਾ ਕਰਨ ਵਾਲੇ ਬੰਦੇ ਪੈਦਾ ਕਰਨ ਦਾ ਵਸੀਲਾ ਬਣਾਇਆ ਹੈ। ਉਨ੍ਹਾਂ ਦੇ ਬੱਚਿਆਂ ਦੀ ਸੁਚੱਜੀ ਸਿੱਖਿਆ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ। ਛੋਟੇ ਬੱਚਿਆਂ ਲਈ ਦਾਈ-ਘਰ ਹਨ, ਚਾਰ ਤੋਂ ਸਤ ਸਾਲ ਦੀ ਉਮਰ ਦੇ ਬੱਚਿਆਂ ਵਾਸਤੇ ਬਾਲ ਵਿਦਿਆਲੇ ਹਨ, ਜਿੱਥੇ ਇਸਤ੍ਰੀਆਂ ਹੀ ਪੜ੍ਹਾਉਂਦੀਆਂ ਹਨ। ਹਰ ਰੋਜ਼ ਵਿਦਿਆ ਦੇ ਨਵੇਂ ਢੰਗਾਂ ਨੂੰ ਖੋਜਿਆ ਤੇ ਪੜਤਾਲਿਆ ਜਾਂਦਾ ਹੈ। ਪੁਰਾਣੇ ਤਰੀਕਿਆਂ ਤੇ ਪੁਰਾਣੇ ਖਿਆਲਾਂ ਨੂੰ ਬਾਗ ਦੇ ਨਿਕੰਮੇ ਤੇ ਆਪੇ ਉਗੇ ਬੂਟਿਆਂ ਵਾਂਙ ਚੁਗ ਕੇ ਕੱਢ ਦਿੱਤਾ ਜਾਂਦਾ ਹੈ। ਇਉਂ ਕੌਮ ਦੀ ਪਨੀਰੀ ਨੂੰ ਅਰੋਗ, ਬਲਵਾਨ ਤੇ ਵਿਚਾਰਵਾਨ ਬਣਾਉਣ ਦੇ ਜਤਨ ਲਗਾਤਾਰ ਰਹਿੰਦੇ ਹਨ। ਜਿਸ ਕੌਮ ਵਿਚ ਬੱਚਿਆਂ ਦੀ ਸੰਭਾਲ ਵੱਲ ਇੰਨਾ ਧਿਆਨ ਜਾਂਦਾ ਹੈ ਉਹ ਉੱਨਤੀ ਦੇ ਸਿਖਰ ਤੇ ਪਹੁੰਚ ਸਕਦੀ ਹੈ। (204 ਸ਼ਬਦ)


ਇਸ ਪੈਰੇ ਵਿਚ ਇਕ ਤੋਂ ਜ਼ਿਆਦਾ ਵਿਚਾਰ ਹਨ ਤੇ ਇਹ ਕੁਝ ਮੁਸ਼ਕਲ ਤੇ ਲੰਮਾ ਹੈ। ਸੋ, ਇਸ ਨੂੰ ਦੋ ਵਾਰੀ ਧਿਆਨ ਨਾਲ ਪੜ੍ਹੋ। ਤੁਸੀਂ ਵੇਖੋਗੇ ਕਿ ਇਹਦੇ ਵਿਚ ਬੱਚਿਆਂ ਦੀ ਸਿੱਖਿਆ ਤੇ ਬਾਲ-ਸਿੱਖਿਆਂ ਦੀ ਮਹਾਨਤਾ, ਇਸ ਦੇ ਢੁਕਵੇਂ ਸਿਰਲੇਖ ਹੋ ਸਕਦੇ ਹਨ। ਪਹਿਲੇ ਦੋ ਵਾਕਾਂ ਤੇ ਸੰਭਾਲ ਦਾ ਵਰਨਣ ਕੀਤਾ ਗਿਆ ਹੈ ਸੋ, ‘ਬੱਚਿਆਂ ਦੀ ਸਿੱਖਿਆ ਤੇ ਸੰਭਾਲ‘ ਜਾਂ ਅਖੀਰਲੇ ਵਾਕ ਵਿਚ ਇਸੇ ਵਿਸ਼ੇ ਦਾ ਵਰਨਣ ਹੈ ਤੇ ਸਾਡੇ ਆਪਣੇ ਸਰਲ ਸ਼ਬਦਾਂ ਵਿਚ ਇਨ੍ਹਾਂ ਦਾ ਭਾਵ ਇਹ ਹੈ ਕਿ ਜਿਹੋ-ਜਿਹੀ ਸਿੱਖਿਆ ਅਸੀਂ ਬੱਚਿਆਂ ਨੂੰ ਦੇਵਾਂਗੇ, ਉਹੋ ਜਿਹੀ ਸਾਡੀ ਕੌਮ ਬਣੇਗੀ। ਜੋ ਬੱਚਿਆਂ ਨੂੰ ਬਚਪਨ ਵਿਚ ਠੀਕ ਢੰਗ ਨਾਲ ਸਿੱਖਿਆ ਦਿੱਤੀ ਜਾਏਗੀ, ਤਾਂ ਉਹ ਵੱਡੇ ਹੋ ਕੇ ਚੰਗੀ ਕੌਮ ਬਣਨਗੇ ਤੇ ਉਹ ਕੌਮ ਬਹੁਤ ਉਨਤੀ ਕਰੇਗੀ।

ਇਸ ਦੇ ਨਾਲ ਇਸ ਪੈਰੇ ਵਿਚ ਬੱਚਿਆਂ ਦੀ ਸਿੱਖਿਆ ਤੇ ਸੰਭਾਲ ਬਾਬਤ ਯੂਰਪ ਵਾਲਿਆਂ ਦੀ ਜਨਤਾ ਦਾ ਜ਼ਿਕਰ ਕੀਤਾ ਗਿਆ ਹੈ। ਇਹ ਵਿਚਾਰ ਪੈਰੇ ਦੇ ਅਸਲੀ ਨੁਕਤੇ ਨਾਲ ਸੰਬੰਧਿਤ ਹਨ, ਪਰ ਇਹ ਨਿਰਾ ਅਸਲੀ ਨੁਕਤੇ ਦਾ ਵਿਸਤਾਰ ਜਾਂ ਵਿਆਖਿਆ ਨਹੀਂ, ਸਗੋਂ ਵੱਖਰੀਆਂ ਤੇ ਜ਼ਰੂਰੀ ਗੱਲਾਂ ਹਨ। ਇਨ੍ਹਾਂ ਨੂੰ ਸੰਖੇਪ ਕਰਕੇ ਤਾਂ ਲਿਖ ਸਕਦੇ ਹੋ, ਪਰ ਛੱਡ ਨਹੀਂ ਸਕਦੇ ਇਹਦੇ ਵਿਚ ਦਸਿਆ ਗਿਆ ਹੈ ਕਿ ਯੂਰਪ ਵਾਲੇ ਬੱਚਿਆਂ ਦੀ ਸਹੀ ਸਿਖਲਾਈ ਲਈ ਹੇਠ ਲਿਖੇ ਤਿੰਨ ਢੰਗ ਵਰਤਦੇ ਹਨ:

1. ਉਹ ਆਪਣੇ ਸਕੂਲਾਂ-ਕਾਲਜਾਂ ਵਿਚ ਬੱਚਿਆਂ ਨੂੰ ਨਿਰਾ ਪੜ੍ਹਾਉਂਦੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਬੰਦੇ ਬਣਨ ਭਾਵ ਚੰਗੇ, ਲਾਇਕ ਤੇ ਸੁਚੱਜੇ ਸ਼ਹਿਰੀ ਬਣਨ ਦੀ ਸਿੱਖਿਆ ਵੀ ਦੇਂਦੇ ਹਨ।

2. ਉਹ ਬੱਚਿਆਂ ਨੂੰ ਜਨਮ ਤੇ ਸਿੱਖਿਆ ਦੇਣ ਲਈ ਦਾਈ-ਘਰ ਤੇ ਬਾਲ ਵਿਦਿਆਲੇ ਖੋਲ੍ਹਦੇ ਹਨ।

3. ਉਹ ਸਿੱਖਿਆ ਦੇ ਢੰਗਾਂ ਨੂੰ ਸਮੇਂ ਸਮੇਂ ਤੇ ਲੋੜ ਅਨੁਸਾਰ ਬਦਲਦੇ ਰਹਿੰਦੇ ਹਨ।

ਸੋ, ਉਪਰਲੀ ਲਿਖਤ ਵਿਚ ਦੋ ਜ਼ਰੂਰੀ ਗੱਲਾਂ ਹਨ ਤੇ ਦੂਜੀ ਦੇ ਤਿੰਨ ਜ਼ਰੂਰੀ ਅੰਗ ਹਨ।

ਹੁਣ, ਇਹ ਵੀ ਵੇਖੋ ਕਿ ਕਿਹੜੀਆਂ ਗੱਲਾਂ ਨੂੰ ਛੱਡਿਆ ਜਾ ਸਕਦਾ ਹੈ। ਪਹਿਲੇ ਵਾਕ ਦਾ ਪੂਰਾ ਭਾਵ ਦੂਜੇ ਵਾਕ ਵਿਚ ਆ ਗਿਆ ਹੈ। ਇਹ ਨਿਰੀ ਦੁਹਰਾਈ ਹੈ, ਇਸ ਦੀ ਸੰਖੇਪ ਰਚਨਾ ਵਿਚ ਲੋੜ ਨਹੀਂ। ਅਖੀਰਲੇ ਤੋਂ ਪਹਿਲੇ ਵਾਕ ਵਿਚ ਅਸਲ ਵਿਚਾਰ ਪੁਰਾਣੇ ਤਰੀਕਿਆਂ ਨੂੰ ਬਦਲਣ ਦਾ ਹੈ ਬਾਗ ਦੇ ਨਿਕੰਮੇ ਤੇ ਆਪੇ ਉਗੇ ਬੂਟਿਆਂ …………. ਵਾਲਾ ਸਾਰਾ ਪੈਰਾ ਦ੍ਰਿਸ਼ਟਾਂਤ ਤੇ ਦਲੀਲ ਦੇ ਲਈ ਵਰਤਿਆ ਗਿਆ ਹੈ, ਜਿਸ ਨੂੰ ਸੰਖੇਪ ਰਚਨਾ ਵਿਚ ਛੱਡਿਆ ਜਾ ਸਕਦਾ ਹੈ।

ਹੁਣ, ਜ਼ਰੂਰੀ ਗੱਲਾਂ ਤੇ ਲੜੀਵਾਰ, ਸਰਲ ਭਾਵਪੂਰਤ ਸੰਖੇਪ ਰਚਨਾ ਹੇਠ ਲਿਖੇ ਅਨੁਸਾਰ ਬਣੇਗੀ।


ਸਿਰਲੇਖ : ਬੱਚਿਆਂ ਦੀ ਸਿੱਖਿਆ ਤੇ ਸੰਭਾਲ

ਹਰੇਕ ਆਦਮੀ ਦਾ ਆਚਰਨ ਉਸਦੇ ਬਚਪਨ ਦੀ ਸਿੱਖਿਆ ਅਨੁਸਾਰ ਬਣਦਾ ਹੈ। ਇਸ ਲਈ ਕਿਸੇ ਕੌਮ ਦੀ ਉਨੱਤੀ ਉਸਦੇ ਬੱਚਿਆਂ ਦੀ ਸਹੀ ਸਿੱਖਿਆ ਉਤੇ ਨਿਰਭਰ ਹੈ। ਇਸੇ ਕਰਕੇ ਯੂਰਪ ਵਾਲੇ ਆਪਣੇ ਬੱਚਿਆਂ ਦੀ ਸਿੱਖਿਆ ਵੱਲ ਉਚੇਰਾ ਧਿਆਨ ਦੇਂਦੇ ਹਨ। ਉਥੇ ਛੋਟੇ ਬੱਚਿਆਂ ਲਈ ਦਾਈ-ਘਰ ਤੇ ਬਾਲ-ਵਿਦਿਆਲੇ ਹਨ। ਸਕੂਲਾਂ-ਕਾਲਜਾਂ ਵਿਚ ਪੜ੍ਹਾਉਣ ਦੇ ਨਾਲ ਸੁਚੱਜੀ ਜੀਵਨ ਜਾਂਚ ਵੀ ਸਿਖਾਈ ਜਾਂਦੀ ਹੈ ਤੇ ਉਹ ਸਿੱਖਿਆ ਦੇ ਢੰਗਾਂ ਨੂੰ ਤਜਰਬੇ ਦੀ ਰੋਸ਼ਨੀ ਵਿਚ ਬਦਲਦੇ ਰਹਿੰਦੇ ਹਨ। (72 ਸ਼ਬਦ)