ਸੰਖੇਪ ਰਚਨਾ – ਪੰਜਾਬੀ ਵਾਰਤਕ ਦਾ ਠੁੱਕ
ਪੰਜਾਬੀ ਵਿਚ ਇਸ ਸਮੇਂ ਹਰ ਵਿਸ਼ੇ ਤੇ ਹਰ ਰੂਪ ਦੀ ਵਾਰਤਕ ਦੇ ਸੁੰਦਰ ਨਮੂਨੇ ਮਿਲ ਜਾਂਦੇ ਹਨ, ਪਰ ਪੰਜਾਬੀ ਵਾਰਤਕ ਦੀ ਪੂਰੀ ਰੂਪ-ਰੇਖਾ ਅੱਜ ਤਕ ਨਹੀਂ ਬਣੀ। ਪੰਜਾਬੀ ਵਾਰਤਕ ਲਿਖਾਰੀਆਂ ਨੂੰ ਘੱਟੋ-ਘੱਟ ਕੁਝ ਇਕ ਅਜਿਹੇ ਟਕਸਾਲੀ ਨਿਯਮ ਸਵੀਕਾਰ ਕਰ ਲੈਣੇ ਚਾਹੀਦੇ ਹਨ, ਜਿਨ੍ਹਾਂ ਵਿਚ ਪੰਜਾਬੀ ਗੇਂਦ ਦੀ ਪ੍ਰਮਾਣਤ ਰੂਪ-ਰੇਖਾਂ ਉਲੀਕੀ ਜਾ ਸਕੇ : ਅਤੇ ਉਨ੍ਹਾਂ ਦੇ ਆਧਾਰ ਤੇ ਇਸ ਦਾ ਠੀਕ ਮੁਲਾਂਕਣ ਕੀਤਾ ਜਾ ਸਕੇ। ਕੁਝ ਇਕ ਸੁਝਾਓ ਇਸ ਪ੍ਰਕਾਰ ਦਿੱਤੇ ਜਾ ਸਕਦੇ ਹਨ :
(1) ਪੰਜਾਬੀ ਵਿਚ ਸ਼ਬਦ ਜੋੜਾਂ ਦੀ ਬੜੀ ਸਮੱਸਿਆ ਹੈ। ਕਈ ਵਾਰ ਇੱਕੋ ਸ਼ਬਦ ਦੇ ਇਕ ਤੋਂ ਵਖਰੇ ਜੋੜ, ਇੱਕੋ ਰਚਨਾ ਵਿਚ ਵੇਖਣ ਵਿਚ ਆਉਂਦੇ ਹਨ, ਜੋ ਠੀਕ ਨਹੀਂ। ਸ਼ਬਦ-ਜੋੜਾਂ ਵਿਚ ਇਕਸਾਰਤਾ ਹੋਣੀ ਜ਼ਰੂਰੀ ਹੈ।
(2) ਸ਼ੁੱਧ ਤੇ ਠੀਕ ਸ਼ਬਦਾਵਲੀ ਦੇ ਨਾਲ-ਨਾਲ ਵਾਕ ਬਣਤਰ ਵਿਚ ਵਿਆਕਰਨ ਦੇ ਨਿਯਮਾਂ ਦੀ ਉਲੰਘਣਾ ਵੀ ਨਹੀਂ ਹੋਣੀ ਚਾਹੀਦੀ।
(3) ਦੂਜੀਆਂ ਭਾਸ਼ਾਵਾਂ ਉਰਦੂ, ਫਾਰਸੀ ਅਤੇ ਅੰਗਰੇਜ਼ੀ ਆਦਿ ਦੇ ਉਨ੍ਹਾਂ ਸ਼ਬਦਾਂ ਦੀ ਵਰਤੋਂ ਤੋਂ, ਪੰਜਾਬੀ ਵਿਚ ਰਚ ਮਿਚ ਗਏ ਹਨ, ਸੰਕੋਚ ਨਹੀਂ ਕਰਨਾ ਚਾਹੀਦਾ। ਨਾਲ ਹੀ ਹੋਰ ਭਾਰਤੀ ਬੋਲੀਆਂ ਵਾਂਗ ਪੰਜਾਬੀ ਦੀ ਉਸਾਰੀ ਲਈ ਸੰਸਕ੍ਰਿਤ ਦੇ ਦਰਵਾਜ਼ੇ ਵੀ ਬੰਦ ਨਹੀਂ ਹੋਣੇ ਚਾਹੀਦੇ। (167 ਸ਼ਬਦ)
ਇਸ ਪੈਰੇ ਵਿਚ ਲੇਖਕ ਨੇ ਦੱਸਿਆ ਹੈ ਕਿ ਅਜੇ ਪੰਜਾਬੀ ਵਾਰਤਕ ਦੀ ਰੂਪ-ਰੇਖਾ ਨਹੀਂ ਉਘੜੀ ਜਾਂ ਇਸ ਦਾ ਠੁੱਕ ਨਹੀਂ ਬੱਝਾ। ਇਹ ਠੁੱਕ ਬੰਨ੍ਹਣ ਲਈ ਉਹ ਪੰਜਾਬੀ ਦੇ ਵਾਰਤਕ-ਲਿਖਾਰੀਆਂ ਨੂੰ ਤਿੰਨ ਸੁਝਾਅ ਦੇਂਦਾ ਹੈ, ਜਿਨ੍ਹਾਂ ਨੂੰ ਸੰਖੇਪ ਨਾਲ ਬਿਆਨ ਕੀਤਾ ਜਾ ਸਕਦਾ ਹੈ। ਵਿਦਿਆਰਥੀ ਵੇਖਣਗੇ ਕਿ ਪਹਿਲੇ ਸੁਝਾਅ ਦਾ ਸਾਰ ਇੱਕੋ ਆਖਰੀ ਵਾਕ ਵਿਚ ਆ ਗਿਆ ਹੈ। ਪੰਜਾਬੀ ਵਾਰਤਕ ਦਾ ‘ਡੁੱਕ’ ਜਾਂ ‘ਪੰਜਾਬੀ ਵਾਰਤਕ ਦੀ ਰੂਪ-ਰੇਖਾ ਬਣਾਨ ਦੀ ਲੋੜ’ ਇਸ ਦਾ ਢੁਕਵਾਂ ਸਿਰਲੇਖ ਹੋ ਸਕਦਾ ਹੈ।
ਸਿਰਲੇਖ : ਪੰਜਾਬੀ ਵਾਰਤਕ ਦਾ ਠੁੱਕ
ਭਾਵੇਂ ਪੰਜਾਬੀ ਵਾਰਤਕ ਕਾਫੀ ਵਿਕਸਿਤ ਹੋ ਚੁੱਕੀ ਹੈ, ਪਰ ਅਜੇ ਇਹਦਾ ਪੂਰਾ ਠੁੱਕ ਨਹੀਂ ਬੱਝਾ। ਇਹਦੇ ਲਈ ਲਿਖਾਰੀਆਂ ਨੂੰ ਹੋਰਨਾਂ ਤੋਂ ਛੁੱਟ ਅਗੇ ਲਿਖੇ ਨੇਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸ਼ਬਦ ਜੋੜਾਂ ਵਿਚ ਇਕਸਾਰਤਾ ਹੋਵੇ, ਠੀਕ ਸ਼ਬਦ ਵਰਤੇ ਜਾਣ ਤੇ ਵਾਕ-ਰਚਨਾ ਵਿਆਕਰਨਿਕ ਨੇਮਾਂ ਅਨੁਸਾਰ ਹੋਵੇ। ਹੋਰਨਾਂ ਬੋਲੀਆਂ ਦੇ ਪੰਜਾਬੀ ਵਿਚ ਰਚ-ਮਿਚ ਗਏ ਸ਼ਬਦ ਤੇ ਸੰਸਕ੍ਰਿਤ ਦੇ ਢੁੱਕਵੇਂ ਸ਼ਬਦ ਨਿਰਸੰਕੋਚ ਵਰਤਣੇ ਚਾਹੀਦੇ ਹਨ। (60 ਸ਼ਬਦ)