ਸੰਖੇਪ ਰਚਨਾ (ਪ੍ਰੈੱਸੀ)


ਸੰਖੇਪ ਰਚਨਾ (ਪ੍ਰੈੱਸੀ) (Precis Writing)


ਪ੍ਰਸ਼ਨ. ਸੰਖੇਪ ਰਚਨਾ (ਪ੍ਰੈੱਸੀ) ਤੋਂ ਤੁਹਾਡਾ ਕੀ ਭਾਵ ਹੈ?

ਉੱਤਰ : ਜਦ ਕਿਸੇ ਰਚਨਾ ਦਾ ਸਮੁੱਚਾ ਭਾਵ ਜਾਂ ਸਾਰੰਸ਼ ਥੋੜ੍ਹੇ ਸ਼ਬਦਾਂ ਵਿਚ ਦਿੱਤਾ ਜਾਏ, ਤਾਂ ਉਹ ਸੰਖੇਪ ਰਚਨਾ ਅਖਵਾਂਦੀ ਹੈ। ਅੰਗਰੇਜ਼ੀ ਵਿਚ ਇਹਦੇ ਲਈ ਪ੍ਰੈਸੀ (precis), ਸਮਰੀ (summary) ਤੇ ਸਬਸਟੈਂਨਸ (substance) ਆਦਿ ਸ਼ਬਦ ਪ੍ਰਚਲਿਤ ਹਨ ਤੇ ਇਨ੍ਹਾਂ ਦਾ ਅਰਥ ਹੈ, ਨਿਚੋੜ, ਤੱਤ ਜਾਂ ਸਾਰ। ਥੋੜ੍ਹੀ ਤੇ ਬਹੁਤੀ ਮਾਤਰਾ ਵਿਚ ਸੰਖੇਪਤਾ ਦੇ ਹਿਸਾਬ ਵੇਖੀਏ, ਤਾਂ ਸਬਸਟੈਂਨਸ ਵਿਚ ਸੰਖੇਪਤਾ ਵਧੇਰੇ ਹੁੰਦੀ ਹੈ ਤੇ ਇਸ ਨੂੰ ਪੰਜਾਬੀ ਵਿਚ ਸਮੁੱਚਾ ਭਾਵ ਜਾਂ ਤੱਤ ਕਹਿ ਸਕਦੇ ਹਾਂ। ਪ੍ਰੈੱਸੀ ਜਾਂ ਸੰਖੇਪ-ਰਚਨਾ ਵਿਚ ਕਿਸੇ ਲਿਖਿਤ ਦਾ ਸਾਰ ਇਸ ਤਰ੍ਹਾਂ ਦਿੱਤਾ ਜਾਂਦਾ ਹੈ ਕਿ ਉਸ ਵਿਚ ਦਿੱਤੇ ਸਭ ਵਿਚਾਰ ਸਪਸ਼ੱਟ ਤੇ ਨਿੱਖਰ ਕੇ ਸਾਮ੍ਹਣੇ ਆ ਜਾਣ, ਪਰ ਹਰ ਕਿਸਮ ਦਾ ਵਿਸਤਾਰ ਤੇ ਗੈਰ-ਜ਼ਰੂਰੀ ਜਾਂ ਦੁਹਰਾਈਆਂ ਗਈਆਂ ਗੱਲਾਂ ਛੱਡ ਦਿੱਤੀਆਂ ਜਾਣ। ਇਸ ਦਾ ਆਕਾਰ ਮੂਲ ਦੇ ਲਗਭਗ ਤੀਜੇ ਹਿੱਸੇ ਦੇ ਬਰਾਬਰ ਹੁੰਦਾ ਹੈ।


ਪ੍ਰਸ਼ਨ. ਸੰਖੇਪ ਰਚਨਾ ਦੀ ਕੀ ਲੋੜ ਹੈ ਤੇ ਇਸ ਦੇ ਕੀ ਲਾਭ ਹਨ?

ਉੱਤਰ : ਸੰਖੇਪ ਰਚਨਾ ਇਕ ਲੋੜੀਂਦਾ ਤੇ ਕੰਮ ਆਉਣ ਵਾਲਾ ਹੁਨਰ ਹੈ। ਰੋਜ਼ਾਨਾ ਜੀਵਨ ਵਿਚ ਇਸ ਦੀ ਕਈ ਵਾਰੀ ਲੋੜ ਪੈਂਦੀ ਹੈ। ਅਸੀਂ ਰੋਜ਼ਾਨਾ ਅਖਬਾਰ ਪੜ੍ਹਦੇ ਹਾਂ, ਕੋਈ ਫਿਲਮ ਜਾਂ ਕੋਈ ਘਟਨਾ ਵੇਖਦੇ ਹਾਂ ਕੋਈ ਭਾਸ਼ਣ ਸੁਣਦੇ ਹਾਂ, ਤਾਂ ਇਨ੍ਹਾਂ ਦੀਆਂ ਮੋਟੀਆਂ ਤੇ ਮਹੱਤਵਪੂਰਨ ਗੱਲਾਂ ਸੰਖੇਪ ਵਿਚ ਤਾਂ ਹੀ ਦਸ ਸਕਦੇ ਹਾਂ, ਜੇ ਸਾਨੂੰ ਸੰਖੇਪ ਰਚਨਾ ਦੀਆਂ ਵਿਸ਼ੇਸ਼ਤਾਈਆਂ ਦਾ ਪਤਾ ਹੋਵੇ। ਸਿਆਣਾ ਸੰਖੇਪਕ ਕੰਮ ਦੀਆਂ ਗੱਲਾਂ ਦਾ ਸਾਰ ਥੋੜ੍ਹੇ ਜਿਹੇ ਸ਼ਬਦਾਂ ਵਿਚ ਇਸ ਤਰ੍ਹਾਂ ਵਰਣਨ ਕਰਦਾ ਹੈ ਕਿ ਅਗਲੇ ਦੀ ਇਉਂ ਤਸੱਲੀ ਹੋ ਜਾਂਦੀ ਹੈ, ਜਿਵੇਂ ਉਸ ਨੇ ਆਪ ਅਖਬਾਰ ਪੜ੍ਹੀ ਹੋਵੇ, ਭਾਸ਼ਨ ਸੁਣਿਆ ਹੋਵੇ ਜਾਂ ਕੋਈ ਘਟਨਾ ਵੇਖੀ ਹੋਵੇ।

ਸੰਖੇਪ-ਰਚਨਾ ਸਮੇਂ ਤੇ ਮਿਹਨਤ ਦੀ ਬੱਚਤ ਕਰਦੀ ਹੈ। ਵਿਧਾਨ ਸਭਾਵਾਂ, ਕਾਨਫਰੰਸਾਂ ਤੇ ਹੋਰ ਸਮਾਗਮਾਂ ਦੀਆਂ ਕਾਰਵਾਈਆਂ ਅਤੇ ਵਿਦਵਾਨਾਂ ਤੇ ਆਗੂਆਂ ਦੇ ਭਾਸ਼ਨ ਅਖਬਾਰਾਂ ਵਿਚ ਇੰਨ-ਬਿੰਨ ਤੇ ਅੱਖਰ ਛਾਪਣੇ ਅਸੰਭਵ ਹੁੰਦੇ ਹਨ। ਸੋ, ਅਖਬਾਰਾਂ ਵਾਲੇ ਇਨ੍ਹਾਂ ਭਾਸ਼ਨਾਂ ਤੇ ਕਾਰਵਾਈਆਂ ਦਾ ਸੰਖੇਪ ਪਾਠਕਾਂ ਤਕ ਪਹੁੰਚਾਉਂਦੇ ਹਨ। ਨਾ ਕੇਵਲ ਇਨ੍ਹਾਂ ਦਾ ਛਾਪਣਾ ਹੀ ਅਸੰਭਵ ਹੈ, ਸਗੋਂ ਆਧੁਨਿਕ ਸਮੇਂ ਵਿਚ ਆਮ ਆਦਮੀ ਕੋਲ ਇੰਨੀ ਵਿਹਲ ਹੀ ਨਹੀਂ ਕਿ ਉਹ ਪੂਰੇ ਦੇ ਪੂਰੇ ਭਾਸ਼ਨ ਜਾਂ ਕਾਰਵਾਈਆਂ ਪੜ੍ਹ ਸਕੇ। ਇਸ ਲਈ ਅਖਬਾਰਾਂ ਜੋ ਕਾਰਵਾਈਆਂ ਛਾਪਦੀਆਂ ਹਨ, ਉਸ ਨੂੰ ਵੀ ਹੋਰ ਸੰਖਿਅਤ ਕਰਕੇ ਸ਼ੁਰੂ ਵਿਚ ਮੋਟੀਆਂ ਤੇ ਜ਼ਰੂਰੀ ਗੱਲਾ ਦਾ ਨਿਚੋੜ (substance) ਦੇ ਦੇਂਦੀਆਂ ਹਨ, ਤਾਂ ਜੁ ਵਧੇਰੇ ਰੁਝੇਵੇਂ ਵਾਲੇ ਆਦਮੀ ਉਸ ਨੂੰ ਪੜ੍ਹ ਕੇ ਹੀ ਮੋਟੀਆਂ ਗੱਲਾਂ ਤੋਂ ਜਾਣੂੰ ਹੋ ਜਾਣ।

ਅਖਬਾਰੀ ਜ਼ਰੂਰਤਾਂ ਤੋਂ ਬਿਨਾਂ ਸਰਕਾਰੀ ਤੇ ਕਾਰੋਬਾਰੀ ਦਫਤਰਾਂ ਵਿਚ ਵੀ ਸੰਖੇਪ-ਰਚਨਾ ਦੀ ਲੋੜ ਪੈਂਦੀ ਹੈ। ਸਰਕਾਰੀ ਤੇ ਵਿਹਾਰੀ ਕੰਮਾਂ ਵਿਚ ਰੋਜ਼ਾਨਾ ਸੈਂਕੜੇ ਚਿੱਠੀਆਂ ਆਉਂਦੀਆਂ ਹਨ। ਜ਼ਿੰਮੇਵਾਰ ਅਫ਼ਸਰ ਤੇ ਉੱਚ ਅਧਿਕਾਰੀਆਂ ਨੂੰ ਇਹ ਸਾਰਾ ਚਿੱਠੀ-ਪੱਤਰ ਪੜ੍ਹਨ ਦੀ ਵਿਹਲ ਨਹੀਂ ਹੁੰਦੀ। ਸੋ, ਉਨ੍ਹਾਂ ਦੇ ਹੇਠਲੇ ਕਰਮਚਾਰੀ ਸਾਰੀਆਂ ਚਿੱਠੀਆਂ ਤੇ ਅਰਜ਼ੀਆਂ ਵਿੱਚੋਂ ਜ਼ਰੂਰੀ ਗੱਲਾਂ ਦਾ ਸਾਰ ਜਾਂ ਸੰਖੇਪ ਭਾਵ ਉਨ੍ਹਾਂ ਦੇ ਸਾਮ੍ਹਣੇ ਪੇਸ਼ ਕਰ ਦੇਂਦੇ ਹਨ। ਅੱਜ ਕਲ੍ਹ ਤਾਂ ਮੰਨੇ-ਪ੍ਰਮੰਨੇ ਲਿਖਾਰੀਆਂ ਦੀਆਂ ਪੁਸਤਕਾਂ (ਨਾਵਲਾਂ ਆਦਿ) ਦਾ ਸੰਖੇਪ ਰੂਪ ਛਾਪ ਕੇ ਵੀ ਪਾਠਕਾਂ ਕੋਲ ਪਹੁੰਚਾਇਆ ਜਾਂਦਾ ਹੈ, ਤਾਂ ਜੁ ਰੁਝੇਵੇਂ ਵਾਲੇ ਆਦਮੀ ਵੀ ਉਨ੍ਹਾਂ ਤੋਂ ਲਾਭ ਉਠਾ ਸਕਣ।

ਸੰਖੇਪ-ਰਚਨਾ ਨਿਰਾ ਵਕਤ ਦੀ ਹੀ ਬਚਤ ਨਹੀ ਕਰਦੀ, ਸਗੋਂ ਕਈ ਵਾਰੀ ਲੰਮੀ ਤੇ ਵਿਸਥਾਰ-ਪੂਰਵਕ ਲਿਖਿਤ ਨਾਲੋਂ ਉਸ ਦਾ ਸਾਰ ਸਮਝਣਾ ਸੌਖਾ ਹੁੰਦਾ ਹੈ। ਥੋੜ੍ਹੀ ਲਿਆਕਤ ਵਾਲੇ ਆਦਮੀ ਲੰਮੀ ਲਿਖਿਤ ਨੂੰ ਪੜ੍ਹ ਕੇ ਜਾਂ ਲੰਮਾ ਲੈਕਚਰ ਸੁਣ ਕੇ ਭੰਬਲ-ਭੂਸਿਆਂ ਵਿਚ ਪੈ ਜਾਂਦੇ ਹਨ ਤੇ ਉਨ੍ਹਾਂ ਦੇ ਪਿੜ ਪੱਲੇ ਕੁਝ ਨਹੀਂ ਪੈਂਦਾ। ਸੰਖੇਪ ਰਚਨਾ ਵਿਚ ਮੋਟੀਆਂ-ਮੋਟੀਆਂ ਜ਼ਰੂਰੀ ਤੇ ਕੰਮ ਦੀਆਂ ਗੱਲਾਂ ਨੂੰ ਸਪਸ਼ਟ, ਸਰਲ ਤੇ ਸਾਦੇ ਢੰਗ ਨਾਲ ਥੋੜ੍ਹੇ ਸ਼ਬਦਾਂ ਵਿਚ ਬਿਆਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਉਹ ਨਾ ਕੇਵਲ ਛੇਤੀ ਤੇ ਸੌਖਿਆਂ ਸਮਝ ਵਿਚ ਆ ਜਾਂਦੀਆਂ ਹਨ, ਸਗੋਂ ਉਨ੍ਹਾਂ ਨੂੰ ਯਾਦ ਰੱਖਣ ਵਿਚ ਸੌਖ ਰਹਿੰਦਾ ਹੈ।

ਸੰਖੇਪ-ਰਚਨਾ ਵਿਦਿਆਰਥੀਆਂ ਲਈ ਵਿਸ਼ੇਸ਼ ਕਰਕੇ ਬਹੁਤ ਕੰਮ ਆਉਣ ਵਾਲਾ ਹੁਨਰ ਹੈ। ਇਹ ਕਿਸੇ ਵਿਸ਼ੇ ਨੂੰ ਸਮਝਣ ਤੇ ਯਾਦ ਰੱਖਣ ਵਿਚ ਸਹਾਇਤਾ ਕਰਦਾ ਹੈ। ਜੋ ਵਿਦਿਆਰਥੀ ਕਿਸੇ ਪੈਰੇ, ਕਾਂਡ, ਕਹਾਣੀ ਜਾਂ ਕਵਿਤਾ ਦਾ ਸੰਖੇਪ ਭਾਵ ਠੀਕ ਠੀਕ ਕਰ ਸਕਦਾ ਹੈ, ਉਹ ਨਾ ਕੇਵਲ ਉਸ ਨੂੰ ਸਮਝ ਹੀ ਲੈਂਦਾ ਹੈ, ਸਗੋਂ ਨੋਟ ਲੈ ਕੇ ਸਹਿਜੇ ਹੀ ਉਸ ਨੂੰ ਯਾਦ ਵੀ ਕਰ ਲੈਂਦਾ ਹੈ। ਸਾਰੇ ਵਿਸ਼ੇ ਨਾਲੋਂ ਉਸ ਦੇ ਸਾਰ ਨੂੰ ਯਾਦ ਕਰਨਾ ਆਸਾਨ ਹੁੰਦਾ ਹੈ ਤੇ ਫਿਰ ਲੋੜ ਅਨੁਸਾਰ ਉਸ ਦਾ ਵਿਸਤਾਰ ਕਰ ਲਈਦਾ ਹੈ। ਸੰਖੇਪ ਭਾਵ ਦਾ ਅਭਿਆਸ ਧਿਆਨ ਨਾਲ ਪੜ੍ਹਨ ਦੀ ਆਦਤ ਪਾਉਂਦਾ ਤੇ ਪਾਠਕ ਦੀ ਸੋਚ-ਸ਼ਕਤੀ ਨੂੰ ਟੁੰਬਦਾ ਹੈ। ਇਸ ਤਰ੍ਹਾਂ ਚਿਤਵਣ ਤੇ ਸੋਚਣ ਵਿਚ ਬੌਧਿਕ ਸ਼ਕਤੀ ਦੀ ਵਰਤੋਂ ਹੁੰਦੀ ਹੈ, ਜਿਸ ਨਾਲ ਸੰਖੇਪਕ ਦੀ ਬੁੱਧੀ ਤੀਖਣ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਸਾਨੂੰ ਜ਼ਰੂਰੀ ਤੇ ਲੋੜੀਂਦੀ ਅਤੇ ਗੈਰ-ਜ਼ਰੂਰੀ ਤੇ ਅਣ-ਲੋੜੀਂਦੀ ਸਾਮੱਗਰੀ ਵਿਚ ਨਿਰਨਾ ਕਰਨ ਦੀ ਜਾਚ ਆ ਜਾਂਦੀ ਹੈ ਤੇ ਅਸੀਂ ਬੇਲੋੜੇ ਵਿਸਥਾਰ ਨੂੰ ਛੱਡ ਕੇ ਕੇਵਲ ਜ਼ਰੂਰੀ ਗੱਲਾਂ ਵੱਲ ਧਿਆਨ ਦੇਂਦੇ ਹਾਂ। ਪ੍ਰਸਿੱਧ ਨਿਬੰਧ ਲੇਖਕ ਹੈਜ਼ਿਲਟ ਇਸ ਸੰਬੰਧ ਵਿਚ ਲਿਖਦਾ ਹੈ, “ਮੈਂ ਹਰ ਉਸ ਚੀਜ਼ ਨੂੰ ਘਿਰਨਾ ਕਰਦਾ ਹਾਂ, ਜੋ ਲੋੜ ਤੋਂ ਵਧ ਥਾਂ ਮੱਲਦੀ ਹੈ।”

ਸੰਖੇਪਣ ਦਾ ਢੰਗ ਜਾਣਨ ਵਾਲੇ ਸਿਆਣੇ ਵਿਦਿਆਰਥੀ ਜਮਾਤ ਵਿਚ ਦਿੱਤੇ ਲੈਕਚਰਾਂ ਤੋਂ ਪੂਰਾ ਲਾਭ ਉਠਾਉਂਦੇ ਹਨ। ਉਹ ਲੈਕਚਰ ਸੁਣਦਿਆਂ ਬੇਲੋੜੇ ਵਿਸਤਾਰ ਨੂੰ ਛੱਡ ਕੇ ਜ਼ਰੂਰੀ ਤੇ ਮਹੱਤਵਪੂਰਨ ਨੁਕਤਿਆਂ ਨੂੰ ਨੋਟ ਕਰ ਲੈਂਦੇ ਹਨ। ਇਹ ਨੋਟ ਵਿਸ਼ੇ ਨੂੰ ਸਮਝਣ ਤੇ ਯਾਦ ਰੱਖਣ ਵਿਚ ਬਹੁਤ ਸਹਾਇਕ ਹੁੰਦੇ ਹਨ। ਸੰਖੇਪਤਾ ਦੇ ਉਨ੍ਹਾਂ ਗੁਣਾਂ ਦਾ ਖਿਆਲ ਕਰਕੇ ਹੀ ਪ੍ਰਸਿੱਧ ਨਾਟਕ-ਲਿਖਾਰੀ ਸ਼ੈਕਸਪੀਅਰ ਨੇ ਸੰਖੇਪਤਾ ਨੂੰ ‘ਸਿਆਣਪ ਦਾ ਤੱਤ’ ਜਾਂ ‘ਸਿਆਣਪ ਦੀ ਰੂਹ’ ਆਖਿਆ ਹੈ।


ਪ੍ਰਸ਼ਨ. ਚੰਗੀ ਸੰਖੇਪ-ਰਚਨਾ ਦੀਆਂ ਕੀ ਵਿਸ਼ੇਸ਼ਤਾਈਆਂ ਦੱਸੀਆਂ ਗਈਆਂ ਹਨ?

ਉੱਤਰ : ਕਿਸੇ ਚੰਗੀ ਸੰਖੇਪ-ਰਚਨਾ ਵਿਚ ਹੇਠ ਲਿਖੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਹਨ :

(ੳ) ਸੰਖੇਪ-ਰਚਨਾ ਸੰਖੇਪ ਹੋਵੇ – ਸੰਖੇਪ ਰਚਨਾ ਦੀ ਪਹਿਲੀ ਤੇ ਵੱਡੀ ਖੂਬੀ ਇਹ ਹੈ ਕਿ ਉਹ ਸੰਖੇਪ ਹੋਵੇ। ਕਈ ਵਿਦਿਆਰਥੀ ਸੰਖੇਪ ਭਾਵ ਤੇ ਸਰਲ ਭਾਵ ਨੂੰ ਇੱਕੋ ਗੱਲ ਸਮਝਦੇ ਹਨ ਤੇ ਸੰਖੇਪ ਭਾਵ ਕਰਨ ਵੇਲੇ ਅਸਲ ਲਿਖਤ ਨੂੰ ਕੇਵਲ ਸੌਖੇ ਸ਼ਬਦਾਂ ਵਿਚ ਬਿਆਨ ਕਰ ਦੇਂਦੇ ਹਨ। ਸਗੋਂ, ਕਈ ਵਾਰੀ ਅਸਲ ਦੇ ਭਾਵਾਂ ਨੂੰ ਖੋਲ੍ਹਦੇ ਖੋਲ੍ਹਦੇ ਸੰਖੇਪ ਭਾਵ ਵਿਚ ਅਸਲ ਨਾਲੋਂ ਵੀ ਵਧੀਕ ਵਿਸਤਾਰ ਕਰ ਦੇਂਦੇ ਹਨ। ਯਾਦ ਰੱਖੋ ਕਿ ਸੰਖੇਪ-ਰਚਨਾ ਦਾ ਮੁਖ ਮੰਤਵ ਕਿਸੇ ਲਿਖਿਤ ਦਾ ਭਾਵ ਥੋੜ੍ਹੇ ਸ਼ਬਦਾਂ ਵਿਚ ਸਮਝਣਾ ਹੁੰਦਾ ਹੈ। ਇਸ ਲਈ ਸੰਖੇਪ ਭਾਵ ਆਮ ਤੌਰ ਤੇ ਇਕ-ਤਿਹਾਈ ਤੋਂ ਵਧ ਕੇ ਇਕ-ਚੁਥਾਈ ਤੋਂ ਘੱਟ ਨਹੀਂ ਹੁੰਦਾ। ਪਰ ਜੇ ਪ੍ਰੀਖਿਅਕ ਨੇ ਕਿਸੇ ਲਿਖਿਤ ਦਾ ਸੰਖੇਪ ਕਰਨ ਲਈ ਸ਼ਬਦਾਂ ਦੀ ਗਿਣਤੀ ਦਿੱਤੀ ਹੋਈ ਹੈ, ਸੰਖੇਪ ਭਾਵ ਲਗਭਗ ਉਨੇ ਸ਼ਬਦਾਂ ਵਿਚ ਹੀ ਦਿਓ। ਉਦਾਹਰਨ ਵਜੋਂ, 250 ਸ਼ਬਦਾਂ ਤੇ ਪੈਰ੍ਹੇ ਦਾ ਸੰਖੇਪ 75 ਤੋਂ 90 ਸ਼ਬਦਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ।

(ਅ) ਬੇਲੋੜਾ ਵਿਸਥਾਰ ਛੱਡ ਦਿਓ – ਮੂਲ ਰਚਨਾ ਤੇ ਸੰਖੇਪ ਰਚਨਾ ਵਿਚ ਇਕ ਵਿਸ਼ੇਸ਼ ਫਰਕ ਇਹ ਹੈ ਕਿ ਮੂਲ ਰਚਨਾ ਵਿਚ ਲੇਖਕ ਆਪਣੇ ਵਿਚਾਰ ਖੋਲ੍ਹ ਕੇ ਪੇਸ਼ ਕਰਦਾ ਹੈ। ਆਪਣੇ ਵਿਚਾਰਾਂ ਨੂੰ ਵਧੇਰੇ ਸਪਸ਼ਟ ਕਰਨ ਲਈ ਦ੍ਰਿਸ਼ਟਾਂਤ, ਉਦਾਹਰਨਾਂ ਤੇ ਦਲੀਲਾਂ ਦੇਂਦਾ ਹੈ ਤੇ ਕਈ ਵਾਰੀ ਵਧੀਕ ਪ੍ਰਭਾਵ ਪਾਉਣ ਲਈ ਆਪਣੀ ਲਿਖਤ ਨੂੰ ਅਲੰਕਾਰਾਂ ਨਾਲ ਸਜਾਉਂਦਾ ਹੈ। ਇਸ ਦੇ ਉਲਟ ਸੰਖੇਪ-ਰਚਨਾ ਦਾ ਕੰਮ ਮੂਲ ਲਿਖਿਤ ਵਿਚ ਦਿੱਤੇ ਵਿਚਾਰਾਂ ਨੂੰ ਥੋੜ੍ਹੇ ਸ਼ਬਦਾਂ ਵਿਚ (ਪਰ ਸਪਸ਼ਟ ਕਰਕੇ) ਬਿਆਨ ਕਰਨਾ ਹੈ। ਇਸ ਲਈ ਇਹਦੇ ਵਿਚ ਦਿਲ-ਖਿਚਵੇਂ ਵਿਸ਼ੇਸ਼ਣਾਂ ਤੇ ਅਲੰਕਾਰਾਂ, ਉਦਾਹਰਨਾਂ ਤੇ ਦ੍ਰਿਸ਼ਟਾਂਤਾਂ, ਕਹਾਣੀਆਂ ਤੇ ਪ੍ਰਸੰਗਾਂ ਅਤੇ ਲੱਛੇਦਾਰ ਸ਼ਿੰਗਾਰੀ ਹੋਈ ਬੋਲੀ, ਰੰਗੀਨ ਸ਼ਬਦਾਂ, ਵਾਕੰਸ਼ਾਂ ਤੇ ਅਖਾਉਤਾਂ-ਮੁਹਾਵਰਿਆਂ ਲਈ ਕੋਈ ਥਾਂ ਨਹੀਂ ਹੁੰਦੀ। ਸੰਖੇਪ ਰਚਨਾ ਦੀ ਬੋਲੀ ਸਿੱਧੀ, ਸਰਲ ਤੇ ਸਾਦਾ (direct and simple) ਹੋਣੀ ਚਾਹੀਦੀ ਹੈ ਥੋੜ੍ਹੇ ਸ਼ਬਦਾਂ ਵਿਚ ਸਭ ਕੰਮ ਦੀਆਂ ਤੇ ਜ਼ਰੂਰੀ ਗੱਲਾਂ ਦਾ ਵਰਣਨ ਕਰੋ, ਪਰ ਵਾਧੂ ਤੇ ਗੈਰ-ਜ਼ਰੂਰੀ ਵਿਸਤਾਰ ਤੇ ਵੇਰਵੇ ਅਤੇ ਦੁਹਰਾਈਆਂ ਗਈਆਂ ਗੱਲਾਂ ਛੱਡ ਦਿਓ।

(ੲ) ਸੰਖੇਪ ਰਚਨਾ ਸਰਲ ਤੇ ਸਪੱਸ਼ਟ ਹੋਵੇ – ਸੰਖੇਪ ਤੋਂ ਬਿਨਾਂ ਸੰਖੇਪ ਰਚਨਾ ਦਾ ਸਪਸ਼ਟ ਤੇ ਸਰਲ ਹੋਣਾ ਵੀ ਆਵੱਸ਼ਕ ਹੈ। ਇਹ ਸੰਖੇਪ ਤਾਂ ਹੋਵੇ, ਪਰ ਅਸਪੱਸ਼ਟ ਤੇ ਧੁੰਦਲੀ ਨਾ ਹੋਵੇ। ਭਾਵ ਇਹ ਹੈ ਕਿ ਇਸ ਵਿਚ ਇੰਨੀ ਸੰਖੇਪਤਾ ਨਾ ਹੋਵੇ ਕਿ ਪਾਠਕ ਦੇ ਪਿੜ-ਪੱਲੇ ਕੁਝ ਨਾ ਪਏ। ਸਗੋਂ, ਇਹ ਆਪਣੇ ਆਪ ਵਿਚ ਇੰਨੀ ਪੂਰਨ ਹੋਵੇ ਕਿ ਜਿਸ ਨੇ ਅਸਲ ਲਿਖਤ ਨੂੰ ਨਹੀਂ ਪੜ੍ਹਿਆ, ਉਹ ਵੀ ਇਸ ਦੇ ਭਾਵ ਤੋਂ ਜਾਣੂੰ ਹੋ ਜਾਏ। ਸੋ, ਸੰਖੇਪ ਰਚਨਾ ਵਿਚ ਮੂਲ ਲਿਖਿਤ ਦੇ ਸਭ ਜ਼ਰੂਰੀ ਵਿਚਾਰ ਆ ਜਾਣੇ ਚਾਹੀਦੇ ਹਨ।

(ਸ) ਸੰਖੇਪ ਰਚਨਾ ਸੰਖੇਪਕ ਦੇ ਆਪਣੇ ਸ਼ਬਦਾਂ ਵਿਚ ਹੋਵੇ – ਚੰਗੀ ਸੰਖੇਪ ਰਚਨਾ ਹਮੇਸ਼ਾ ਸੰਖੇਪਕ ਦੇ ਆਪਣੇ ਸ਼ਬਦਾਂ ਵਿਚ ਹੋਣੀ ਚਾਹੀਦੀ ਹੈ। ਮੂਲ ਲਿਖਿਤ ਵਿੱਚੋਂ ਦੋ- ਦੋ, ਚਾਰ-ਚਾਰ ਵਾਕ ਛੱਡ ਕੇ ਅਤੇ ਇਕ-ਇਕ, ਦੋ-ਦੋ ਵਾਕ ਰਖ ਕੇ ਜੋੜ ਦੇਣ ਨਾਲ ਸੰਖੇਪ ਰਚਨਾ ਨਹੀਂ ਬਣ ਜਾਂਦੀ। ਸੋ, ਜਿੱਥੇ ਤਕ ਹੋ ਸਕੇ, ਅਸਲ ਦੇ ਸ਼ਬਦ, ਮੁਹਾਵਰੇ, ਵਾਕੰਸ਼ ਤੇ ਅਲੰਕਾਰ ਨਾ ਵਰਤੋਂ। ਹਾਂ, ਜਦ ਕਿਸੇ ਖਾਸ ਸ਼ਬਦ, ਜਿਹਾ ਕਿ ਕਿਸੇ ਨਾਂਵ ਜਾਂ ਸੰਕੇਤਕ ਤੇ ਪਰਿਭਾਸ਼ਕ ਸ਼ਬਦ ਦੀ ਵਰਤੋਂ ਤੋਂ ਬਿਨਾਂ ਕੰਮ ਨਹੀਂ ਸਰਦਾ, ਤਾਂ ਉਨ੍ਹਾਂ ਦੀ ਵਰਤੋਂ ਆਵੱਸ਼ਕ ਹੋ ਜਾਂਦੀ ਹੈ।

(ਹ) ਸੰਖੇਪ-ਰਚਨਾ ਇਕ ਲੜੀ ਵਿਚ ਪ੍ਰੋਤੀ ਹੋਈ ਹੋਵੇ- ਸੰਖੇਪ ਰਚਨਾ ਇਕ ਪੂਰਨ ਤੇ ਲੜੀ-ਬੱਧ ਰਚਨਾ ਹੋਣੀ ਚਾਹੀਦੀ ਹੈ। ਇਹ ਕੁਝ ਉਘੜ ਤੇ ਬੇਜੋੜ ਵਾਕਾਂ ਦਾ ਢੇਰ ਨਾ ਜਾਪੇ! ਸਗੋਂ, ਇਸ ਵਿਚ ਬੜੀ ਰਸਦਾਇਕ ਇਕਸਰਤਾ ਤੇ ਵਿਓਂਤ ਹੋਵੇ। ਹਰੇਕ ਵਾਕ ਆਪਣੇ ਤੋਂ ਪਹਿਲੇ ਵਾਕ ਨਾਲ ਜੁੜਿਆ ਹੋਇਆ ਹੋਵੇ ਤੇ ਉਹਦੇ ਵਿੱਚੋਂ ਸੁਭਾਵਿਕ ਨਿਕਲਦਾ ਜਾਪੇ। ਸੰਖੇਪ-ਰਚਨਾ ਗੰਢਲ ਤੇ ਬੇਢੱਬੀ ਨਾ ਹੋਵੇ। ਸਗੋਂ, ਉਹਦੇ ਵਿਚ ਅਸਲ ਵਰਗਾ ਸੁਆਦ ਤੇ ਵਹਾ ਹੋਵੇ। ਸਿਆਣਿਆਂ ਦੇ ਵਿਚਾਰ ਵਿਚ ਸਭ ਤੋਂ ਚੰਗੀ ਸੰਖੇਪ-ਰਚਨਾ ਉਹ ਹੁੰਦੀ ਹੈ, ਜਿਸ ਵਿੱਚੋਂ ਸੰਖੇਪ ਰਚਨਾ ਹੋਣ ਦਾ ਝਾਉਲਾ ਨਾ ਪਏ। ਆਮ ਤੌਰ ਤੇ ਮੂਲ ਲਿਖਤ ਦੀ ਵਿਓਂਤ ਤੇ ਤਰਤੀਬ ਹੀ ਚੰਗੀ ਰਹਿੰਦੀ ਹੈ। ਪਰ ਕਈ ਵਾਰੀ ਭਾਵ ਨੂੰ ਵਧੇਰੇ ਸਪਸ਼ਟ ਤੇ ਕ੍ਰਮਵਾਰ ਕਰਨ ਲਈ ਤਰਤੀਬ ਬਦਲਣ ਦੀ ਲੋੜ ਵੀ ਪੈ ਜਾਂਦੀ ਹੈ। ਜੋ ਮੂਲ ਲਿਖਿਤ ਦੋ ਜਾਂ ਤਿੰਨ ਪੈਰਿਆਂ ਵਿਚ ਵੰਡੀ ਹੋਈ ਹੋਵੇ, ਤਾਂ ਹਰੇਕ ਪੈਰੇ ਦੀ ਵੱਖਰੀ-ਵੱਖਰੀ ਸੰਖੇਪ ਰਚਨਾ ਕਰਨੀ ਚੰਗੀ ਰਹਿੰਦੀ ਹੈ।

(ਕ) ਸੰਖੇਪ ਰਚਨਾ ਵਿਚ ਅਸਲ ਦੇ ਭਾਵ ਨੂੰ ਕਾਇਮ ਰੱਖੋ – ਇਹ ਯਾਦ ਰੱਖੋ ਕਿ ਸੰਖੇਪ-ਰਚਨਾ ਵਿਚ ਅਸਾਂ ਮੂਲ ਲੇਖਕ ਦੇ ਵਿਚਾਰਾਂ ਨੂੰ ਜਿਓਂ ਦਾ ਤਿਓਂ ਪਰਗਟ ਕਰਨਾ ਹੈ। ਸੋ, ਇਨ੍ਹਾਂ ਵਿਚਾਰਾਂ ਵਿਚ ਨਾ ਕੋਈ ਤਬਦੀਲੀ ਕਰੋ ਤੇ ਨਾ ਇਨ੍ਹਾਂ ਉਤੇ ਕੋਈ ਟੀਕਾ ਟਿੱਪਣੀ ਕਰੋ। ਹੋ ਸਕਦਾ ਹੈ ਕਿ ਮੂਲ ਲਿਖਿਤ ਵਿਚ ਲੇਖਕ ਨੇ ਕੁਝ ਅਜਿਹੇ ਵਿਚਾਰ ਦਿੱਤੇ ਹੋਣ, ਜਿਨ੍ਹਾਂ ਨਾਲ ਤੁਸੀਂ ਸਹਿਮਤ ਨਾ ਹੋਵੋ ਤੇ ਸ਼ਾਇਦ ਉਹ ਮੂਲੋਂ ਹੀ ਗ਼ਲਤ ਹੋਣ। ਪਰ ਇਸ ਹਾਲਤ ਵਿਚ ਵੀ ਤੁਸੀਂ ਇਨ੍ਹਾਂ ਨੂੰ ਸੋਧਣ ਦੇ ਹੱਕਦਾਰ ਨਹੀਂ। ਤੁਸਾਂ ਪ੍ਰੈਸੀ, ਲੇਖਕ ਦੇ ਵਿਚਾਰਾਂ ਦੀ ਬਣਾਈ ਹੈ, ਨਾ ਕਿ ਆਪਣੇ ਵਿਚਾਰਾਂ ਦੀ। ਸੋ, ਅਸਲ ਵਿੱਚੋਂ ਨਾ ਕੋਈ ਵਿਚਾਰ ਕੱਢੋ, ਨਾ ਕੋਈ ਨਾਂਵ ਪਾਉ ‘ਤੇ ਨਾ ਲੇਖਕ ਦੇ ਵਿਚਾਰਾਂ ਦੀ ਵਿਆਖਿਆ ਕਰੋ ਤੇ ਸਪਸ਼ਟੀਕਰਨ ਕਰੋ। ਯਾਦ ਰੱਖੋ ਵਿਆਖਿਆ ਸੰਖੇਪ ਭਾਵ ਦਾ ਐਨ ਉਲਟ ਹੈ। ਪੈਰੇ ਵਿਚ ਦਿੱਤੇ ਵਿਚਾਰਾਂ ਦੀ ਪ੍ਰਸੰਸਾ ਜਾਂ ਨਿੰਦਿਆਂ ਨਾ ਕਰੋ। ਸਗੋਂ, ਪੂਰੀ ਈਮਾਨਦਾਰੀ ਨਾਲ ਮੂਲ ਲਿਖਿਤ ਦਾ ਸਾਰ ਦੇ ਦਿਉ। ਕਿਸੇ ਥਾਂ ਵੀ ਇਹੋ-ਜਿਹੇ ਵਾਕ ਨਾ ਲਿਖੋ ਮੇਰਾ ਖਿਆਲ ਹੈ ਕਿ, ਮੇਰੇ ਖਿਆਲ ਵਿਚ ਆਦਿ।

(ਖ) ਕੁਝ ਹੋਰ ਜ਼ਰੂਰੀ ਗੱਲਾਂ

ਸੰਖੇਪ-ਰਚਨਾ ਦਾ ਸਿਰਲੇਖ ਦੇਣਾ ਨਿਹਾਇਤ ਜ਼ਰੂਰੀ ਹੁੰਦਾ ਹੈ। ਬਹੁਤੀ ਵਾਰੀ ਤਾਂ ਪ੍ਰੀਖਿਅਕ ਸਿਰਲੇਖ ਵੀ ਪੁੱਛ ਲੈਂਦੇ ਹਨ ਤੇ ਇਹਦੇ ਲਈ ਕੁਝ ਨੰਬਰ ਵੱਖਰੇ ਵੀ ਰੱਖੇ ਜਾਂਦੇ ਹਨ। ਪਰ ਪੁੱਛਿਆ ਜਾਏ ਜਾਂ ਨਾ, ਸੰਖੇਪ ਰਚਨਾ ਕਰਨ ਲੱਗਿਆਂ ਸਭ ਤੋਂ ਪਹਿਲਾਂ ਸਿਰਲੇਖ ਦੀ ਚੋਣ ਕਰਨੀ ਚਾਹੀਦੀ ਹੈ। ਸਿਰਲੇਖ ਹੀ ਕਿਸੇ ਲਿਖਿਤ ਦਾ ਧੁਰਾ ਜਾਂ ਕੇਂਦਰੀ ਨੁਕਤਾ ਹੁੰਦਾ ਹੈ ਤੇ ਜਿਸ ਨੇ ਢੁਕਵਾਂ ਸਿਰਲੇਖ ਲੱਭ ਲਿਆ, ਸਮਝੋ ਉਸ ਨੇ ਅੱਧਾ ਮੈਦਾਨ ਮਾਰ ਲਿਆ। ਸਾਰੇ ਵਿਚਾਰ ਸਿਰਲੇਖ ਦੇ ਦੁਆਲੇ ਘੁੰਮਦੇ ਹਨ। ਸਿਰਲੇਖ ਲੱਭ ਕੇ ਵਿਦਿਆਰਥੀ ਨੂੰ ਨੁਕਤੇ ਚੁਣਨ ਤੇ ਉਨ੍ਹਾਂ ਦੀ ਤਰਤੀਬ ਦੇਣ ਵਿਚ ਸੌਖ ਰਹਿੰਦਾ ਹੈ, ਕਿਉਂ ਜੋ ਇਸ ਦੇ ਦੁਆਲੇ ਸੰਖੇਪ ਭਾਵ ਨੂੰ ਠੀਕ ਲੀਹਾਂ ‘ਤੇ ਉਸਾਰਿਆ ਜਾ ਸਕਦਾ ਹੈ।

ਸੰਖੇਪ-ਰਚਨਾ ਨੂੰ ਉਸੇ ਕਾਲ ਵਿਚ ਲਿਖੋ, ਜਿਸ ਵਿਚ ਮੂਲ ਰਚਨਾ ਲਿਖੀ ਹੋਈ ਹੈ। ਜੇ ਮੂਲ ਰਚਨਾ ਵਿਚ ਗੱਲਬਾਤੀ ਢੰਗ ਵਰਤਿਆ ਗਿਆ ਹੈ, ਤਾਂ ਉਹਨੂੰ ਅਸਿੱਧੇ (indirect) ਤੇ ਆਪਣੇ ਸ਼ਬਦਾਂ ਵਿਚ ਲਿਖੋ। ਸੰਖੇਪ ਰਚਨਾ ਆਮ ਤੌਰ ਤੇ ਅਨਯ ਪੁਰਖ ਤੇ ਕਰਤਰੀ ਵਾਚ (third person active voice) ਵਿਚ ਕਰਨੀ ਠੀਕ ਰਹਿੰਦੀ ਹੈ। ਵਿਆਕਰਨਿਕ ਗਲਤੀਆਂ ਤੋਂ ਬਚੋ। ਵਾਕ ਸਾਦੇ, ਸਰਲ ਤੇ ਛੋਟੇ ਬਣਾਉ, ਸ਼ਬਦ-ਜੋੜਾਂ ਦਾ ਧਿਆਨ ਰੱਖੋ ਤੇ ਯੋਗ ਥਾਈਂ ਵਿਸ਼ਰਾਮ ਚਿੰਨ੍ਹਾਂ ਦੀ ਵਰਤੋ ਕਰੋ।




ਪ੍ਰਸ਼ਨ. ਚੰਗੀ ਸੰਖੇਪ-ਰਚਨਾ ਬਣਾਉਣ ਲਈ ਕਿਹੜੇ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

ਉੱਤਰ : ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਚੰਗੀ ਸੰਖੇਪ ਰਚਨਾ ਤਾਂ ਬਣ ਸਕੇਗੀ, ਜੇ ਵਿਦਿਆਰਥੀ

(1) ਮੂਲ ਲਿਖਿਤ ਨੂੰ ਠੀਕ ਤੇ ਪੂਰੀ ਤਰ੍ਹਾਂ ਸਮਝ ਲਏਗਾ,

(2) ਜ਼ਰੂਰੀ ਤੇ ਗੈਰ-ਜ਼ਰੂਰੀ ਸਾਮੱਗਰੀ ਵਿਚ ਨਿਖੇੜ ਕਰਕੇ ਬੇਲੋੜੇ ਵੇਰਵਿਆਂ ਤੇ ਦੁਹਰਾਈਆਂ ਗਈਆਂ ਗੱਲਾਂ ਨੂੰ ਛੱਡ ਦੇਵੇਗਾ ਤੇ ਕੰਮ ਦੀਆਂ ਗੱਲਾਂ ਨੂੰ ਚੁਣ ਕੇ ਵਖ ਕਰ ਲਏਗਾ

(3) ਚੁਣੇ ਹੋਏ ਜ਼ਰੂਰੀ ਵਿਚਾਰਾਂ ਨੂੰ ਤਰਤੀਬ-ਸਿਰ ਕਰਕੇ ਇਕ ਲੜੀਵਾਰ ਗੁਣ ਲਿਖਿਤ ਵਿਚ ਪ੍ਰੋ ਸਕੇਗਾ। ਇਸ ਮਨੋਰਥ ਦੀ ਪ੍ਰਾਪਤੀ ਲਈ ਪ੍ਰੈਸੀ ਬਣਾਉਣ ਵੇਲੇ ਹੇਠ ਲਿਖੇ ਅਨੁਸਾਰ ਅਮਲ ਕਰਨਾ ਚਾਹੀਦਾ ਹੈ।

(ੳ) ਸਭ ਤੋਂ ਪਹਿਲਾਂ ਪੂਰੇ ਧਿਆਨ ਨਾਲ ਮੂਲ ਲਿਖਿਤ ਨੂੰ ਆਰੰਭ ਤੋਂ ਅੰਤ ਤਕ ਪੜ੍ਹੋ। ਆਮ ਤੌਰ ਤੇ (ਅਤੇ ਵਿਸ਼ੇਸ਼ ਕਰਕੇ ਸ਼ੁਰੂ ਵਿਚ) ਇਕ ਵਾਰੀ ਪੜ੍ਹਿਆਂ ਵਿਸ਼ੇ ਦੀ ਪੂਰੀ ਸਮਝ ਨਹੀਂ ਆਉਂਦੀ। ਸੋ, ਲੋੜ ਅਨੁਸਾਰ ਦੂਜੀ-ਤੀਜੀ ਵਾਰੀ ਪੜ੍ਹਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਵਿਦਿਆਰਥੀ ਦਾ ਜਤਨ ਇਹ ਹੋਣਾ ਚਾਹੀਦਾ ਹੈ ਕਿ ਉਸ ਨੂੰ ਲਿਖਿਤ ਦੇ ਭਾਵ ਦੀ ਪੂਰੀ-ਪੂਰੀ ਸਮਝ ਆ ਜਾਏ।

ਜੇ ਤੁਹਾਨੂੰ ਕਿਸੇ ਇਕ ਜਾਂ ਦੋ ਸ਼ਬਦਾਂ ਦੇ ਅਰਥ ਨਹੀਂ ਆਉਂਦੇ, ਤਾਂ ਵੀ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ। ਜੇ ਤੁਸਾਂ ਸਮੁੱਚੇ ਰੂਪ ਵਿਚ ਪੈਰੇ ਦਾ ਭਾਵ ਸਮਝ ਲਿਆ ਹੈ, ਤਾਂ ਉਨ੍ਹਾਂ ਸ਼ਬਦਾਂ ਦੇ ਅਰਥਾਂ ਦਾ ਅਨੁਮਾਨ ਲਗ ਸਕਦਾ ਹੈ ਅਤੇ ਨਾ ਲਗੇ, ਤਾਂ ਵੀ ਪ੍ਰੈਸੀ ਠੀਕ ਬਣ ਜਾਏਗੀ।

(ਅ) ਇਸ ਤੋਂ ਬਾਅਦ ਲਿਖਿਤ ਦਾ ਮੁੱਖ ਭਾਵ ਤੇ ਕੇਂਦਰੀ ਨੁਕਤਾ ਲੱਭਣ ਦਾ ਜਤਨ ਕਰੋ। ਇਸ ਨਾਲ ਤੁਹਾਨੂੰ ਸਿਰਲੇਖ ਦਾ ਪਤਾ ਲਗ ਜਾਏਗਾ ਤੇ ਇਹ ਵੀ ਕਿ ਇਸ ਵਿਸ਼ੇ ਬਾਰੇ ਲੇਖਕ ਨੇ ਕੀ ਵੱਖ-ਵੱਖ ਵਿਚਾਰ ਦਿੱਤੇ ਹਨ। ਹੁਣ ਵੱਖ-ਵੱਖ ਵਿਚਾਰ ਦੇਣ ਵਾਲੇ ਵਾਕਾਂ ਹੇਠ ਲਕੀਰਾਂ ਮਾਰੀ ਜਾਓ ਤੇ ਨਾਲ ਗ਼ੈਰ-ਜ਼ਰੂਰੀ ਸ਼ਬਦਾਂ, ਵਾਕਾਂ, ਉਦਾਹਰਨਾਂ, ਦ੍ਰਿਸ਼ਟਾਤਾਂ ਤੇ ਦੁਹਰਾਏ ਗਏ ਵਿਚਾਰਾਂ ਨੂੰ ਕੱਟ ਦਿਓ। ਵੱਖ-ਵੱਖ ਵਿਚਾਰਾਂ ਨੂੰ ਇਕ, ਦੋ, ਤਿੰਨ ਆਦਿ ਨੰਬਰ ਦੇ ਕੇ ਨੋਟ ਕਰ ਲਓ।

(ੲ) ਫਿਰ, ਅਸਲ ਲਿਖਤ ਨੂੰ ਲਾਂਭੇ ਰਖ ਦਿਓ। ਆਪਣੇ ਨੋਟ ਕੀਤੇ ਨੁਕਤਿਆਂ ਨੂੰ ਤਰਤੀਬ ਸਿਰ ਕਰੋ ਤੇ ਇਨ੍ਹਾਂ ਦੀ ਸਹਾਇਤਾ ਨਾਲ ਆਪਣੇ ਸ਼ਬਦਾਂ ਵਿਚ ਸੰਖੇਪ ਰਚਨਾ ਦਾ ਕੱਚਾ ਖਰੜਾ ਤਿਆਰ ਕਰੋ।

(ਸ) ਹੁਣ ਇਸ ਖਰੜੇ ਨੂੰ ਦੁਹਰਾਓ ਅਤੇ ਵਿਆਕਰਨ, ਸ਼ਬਦ ਜੋੜਾਂ ਤੇ ਵਿਸਰਾਮ ਚਿੰਨ੍ਹਾਂ ਦੀਆਂ ਗ਼ਲਤੀਆਂ ਠੀਕ ਕਰੋ। ਇਸ ਦਾ ਮੂਲ ਲਿਖਿਤ ਨਾਲ ਮੁਕਾਬਲਾ ਕਰਕੇ ਵੇਖੋ ਕਿ ਕੋਈ ਜ਼ਰੂਰੀ ਨੁਕਤਾ ਰਹਿ ਤਾਂ ਨਹੀਂ ਗਿਆ, ਕੋਈ ਬੇਲੋੜੀ ਤੇ ਫਾਲਤੂ ਗੱਲ ਤਾਂ ਨਹੀਂ ਲਿਖੀ ਗਈ ਜਾਂ ਕੋਈ ਗੱਲ ਦੁਹਰਾਈ ਤਾਂ ਨਹੀਂ ਗਈ। ਜੇ ਸੰਖੇਪ ਰਚਨਾ ਤੀਜੇ ਹਿੱਸੇ ਤੋਂ ਬਹੁਤ ਵਧ ਬਣੀ ਹੈ ਜਾਂ ਪ੍ਰੀਖਿਅਕ ਵੱਲੋਂ ਦਿੱਤੇ ਸ਼ਬਦਾਂ ਨਾਲੋਂ ਵਧ ਹੈ, ਤਾਂ ਕੁਝ ਹੋਰ ਕਾਂਟ-ਛਾਂਟ ਕਰੋ ਜਾਂ ਸੰਜਮ-ਭਰਪੂਰ ਸ਼ਬਦਾਵਲੀ ਵਰਤ ਕੇ ਉਸੇ ਭਾਵ ਨੂੰ ਥੋੜ੍ਹੇ ਸ਼ਬਦਾਂ ਵਿਚ ਅਦਾ ਕਰਨ ਦਾ ਜਤਨ ਕਰੋ। ਜੇ ਸ਼ਬਦ ਬਹੁਤ ਘੱਟ ਹਨ, ਤਾਂ ਹੋ ਸਕਦਾ ਹੈ ਕਿ ਤੁਸਾਂ ਮੂਲ ਲਿਖਿਤ ਨੂੰ ਇੰਨਾ ਸੰਖਿਪਤ ਕਰ ਦਿੱਤਾ ਹੋਵੇ ਕਿ ਭਾਵ ਹੀ ਸਪੱਸ਼ਟ ਨਹੀਂ ਹੁੰਦਾ ਜਾਂ ਸ਼ਾਇਦ ਕੋਈ ਜ਼ਰੂਰੀ ਗੱਲ ਰਹਿ ਗਈ ਹੈ। ਸੋ ਇਨ੍ਹਾਂ ਨੁਕਸਾਂ ਤੇ ਤਰੁਟੀਆਂ ਵੱਲ ਵੇਖ ਕੇ ਲੋੜ ਅਨੁਸਾਰ ਸ਼ਬਦ ਵਧਾ ਲਓ।

(ਹ) ਕੱਚੇ ਖਰੜੇ ਨੂੰ ਸੋਧਣ ਤੇ ਵਧਾਣ-ਘਟਾਣ ਤੋਂ ਬਾਅਦ ਇਸ ਨੂੰ ਸਾਫ ਕਰਕੇ ਲਿਖ ਲਓ। ਹੇਠ ਲਿਖੀਆਂ ਗਲਤੀਆਂ ਤੋਂ ਬਚੋ :

1. ਆਪਣੇ ਕੋਲੋਂ ਕੋਈ ਵਿਚਾਰ ਨਾ ਦਿਓ। ਕਿਸੇ ਗੱਲ ਦੀ ਵਿਆਖਿਆ ਜਾਂ ਵਿਸਤਾਰ ਨਾ ਕਰੋ।

2. ਮੂਲ ਲਿਖਿਤ ਦੇ ਉਲਟ ਕੁਝ ਨਾ ਲਿਖੋ। ਨਾ ਲੇਖਕ ਦੇ ਵਿਚਾਰਾਂ ਵਿਚ ਕੋਈ ਤਬਦੀਲੀ ਕਰੋ, ਨਾ ਉਨ੍ਹਾਂ ਉਤੇ ਟੀਕਾ-ਟਿੱਪਣੀ ਕਰੋ।

3. ਕੋਈ ਅਜਿਹਾ ਸ਼ਬਦ ਜਾਂ ਮੁਹਾਵਰਾ ਨਾ ਵਰਤੋ ਜਿਸ ਦੇ ਅਰਥ ਤੁਸੀਂ ਨਹੀਂ ਜਾਣਦੇ। ਯਾਦ ਰੱਖੋ, ਭਾਰੇ ਆਡੰਬਰ ਪੂਰਨ ਜਾਂ ਕਠਿਨ ਸ਼ਬਦਾਂ ਦੀ ਵਰਤੋਂ ਨਾਲ ਪ੍ਰੀਖਿਅਕ ਪ੍ਰਭਾਵਿਤ ਨਹੀਂ ਹੁੰਦਾ। ਗੁੰਝਲਦਾਰ ਵਾਕਾਂ ਦੀ ਵਰਤੋਂ ਤੋਂ ਵੀ ਬਚਣਾ ਚਾਹੀਦਾ ਹੈ।

4. ਕੱਚੇ ਖਰੜੇ ਨੂੰ ਸੋਧਨ ਪਿੱਛੋਂ ਸੰਖੇਪ-ਰਚਨਾ ਕਰਨ ਵੇਲੇ ਮੂਲ ਲਿਖਿਤ ਨੂੰ ਸਾਮ੍ਹਣੇ ਨਹੀਂ ਰੱਖਣਾ ਚਾਹੀਦਾ। ਹਾਂ, ਸੰਖੇਪ-ਰਚਨਾ ਕਰਨ ਤੋਂ ਬਾਅਦ ਉਹਦੇ ਨਾਲ ਮੁਕਾਬਲਾ ਕਰ ਲਓ। ਅਸਲ ਦੀ ਨਕਲ ਨਾ ਕਰੋ। ਪ੍ਰੈਸੀ ਹਮੇਸ਼ਾਂ ਆਪਣੇ ਸ਼ਬਦਾਂ ਵਿਚ ਹੋਣੀ ਚਾਹੀਦੀ ਹੈ।

5. ਇਕੱਲੇ-ਇਕੱਲੇ ਵਾਕਾਂ ਨੂੰ ਸੰਖੇਪਣ ਦਾ ਜਤਨ ਨਾ ਕਰੋ। ਹੋ ਸਕਦਾ ਹੈ, ਕੋਈ ਵਾਕ ਸਾਰੇ ਦਾ ਸਾਰਾ ਛੱਡਣਾ ਹੋਵੇ ਤੇ ਕਿਸੇ ਵਿੱਚੋਂ ਕੁਝ ਵੀ ਨਾ ਛੱਡਿਆ ਜਾ ਸਕੇ। ਸੋ, ਸਾਰੀ ਲਿਖਤ ਦਾ ਸਮੁੱਚੇ ਤੌਰ ਤੇ ਸੰਖੇਪ ਕਰੋ।




ਪ੍ਰਸ਼ਨ. ਸ਼ਬਦ-ਸੰਜਮ ਦੇ ਕੀ ਢੰਗ ਹਨ?

ਉੱਤਰ : ਕਈ ਵਿਦਿਆਰਥੀ ਮੂਲ ਲਿਖਿਤ ਵਿੱਚੋਂ ਵੇਖਦੇ ਹਨ ਕਿ ਪ੍ਰੈਸੀ ਅਸਲ ਦੇ ਤੀਜੇ ਹਿੱਸੇ ਤੋਂ ਬਹੁਤ ਵੱਡੀ ਬਣੀ ਹੈ। ਵਿਚਾਰਾਂ ਵਿੱਚੋਂ ਕਿਸੇ ਨੂੰ ਛਡਿਆ ਨਹੀਂ ਜਾ ਸਕਦਾ ਤੇ ਨਾ ਹੀ ਛੱਡਣਾ ਚਾਹੀਦਾ ਹੈ। ਅਜਿਹੀ ਸੂਰਤ ਵਿਚ ਸੰਖੇਪ-ਰਚਨਾ ਦਾ ਆਕਾਰ ਹੋਂਦ ਵਿਚ ਰੱਖਣ ਲਈ ਅਸੀਂ ਗੁੱਟ ਸ਼ਬਦਾਵਲੀ ਦੀ ਵਰਤੋਂ ਕਰਦੇ ਹਾਂ, ਜਿਸ ਨਾਲ ਭਾਵ ਨੂੰ ਥੋੜ੍ਹੇ ਸ਼ਬਦਾਂ ਵਿਚ ਬਿਆਨ ਕੀਤਾ ਜਾ ਸਕਦਾ ਹੈ। ਸ਼ਬਦ-ਸੰਜਮ ਲਈ ਇਕ ਢੰਗ ਤਾਂ ਇਹ ਹੈ ਕਿ ਅਜਿਹੇ ਸਮਾਸੀ ਸ਼ਬਦਾ (compound words) ਦੀ ਵਰਤੋਂ ਕੀਤੀ ਜਾਏ, ਜੋ ਵੱਡੇ ਭਾਵ ਨੂੰ ਥੋੜ੍ਹੇ ਵਿਚ ਬਿਆਨ ਕਰ ਸਕਦੇ ਹਨ। ਜਾਂ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ (one word substitute) ਵਰਤਿਆ ਜਾਏ।

ਉਦਾਹਰਨ ਵਜੋਂ :

1. ਇਹ ਕੁੜੀ ਛੋਟੀ ਉਮਰ ਤੋਂ ਹੀ ਵਿਧਵਾ ਹੋ ਗਈ ਹੈ।(10 ਸ਼ਬਦ)

ਸੰਖੇਪ : ਇਹ ਕੁੜੀ ਬਾਲ-ਵਿਧਵਾ ਹੈ। (5 ਸ਼ਬਦ)

2. ਉਹ ਮੁੰਡੇ, ਜੋ ਕੰਮ ਕਰਨ ਤੋਂ ਜੀਅ ਚੁਰਾਉਂਦੇ ਹਨ, ਕਿਸੇ ਸੂਰਤ ਕਿਸੇ ਕੰਮ ਵਿਚ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ। (20 ਸ਼ਬਦ)

ਸੰਖੇਪ : ਕੰਮ-ਚੋਰ ਮੁੰਡੇ ਹਮੇਸ਼ਾਂ ਅਸਫਲ ਰਹਿੰਦੇ ਹਨ। (6 ਸ਼ਬਦ)

3. ਮੈਂ ਅੱਜ ਤੁਹਾਨੂੰ ਉਹ ਕਹਾਣੀ ਸੁਣਾਵਾਂਗਾ, ਜੇ ਮੇਰੇ ਆਪਣੇ ਨਾਲ ਵਾਪਰੀ ਸੀ। (12 ਸ਼ਬਦ)

ਸੰਖੇਪ : ਮੈਂ ਅੱਜ ਤੁਹਾਨੂੰ ਆਪਣੀ ਹੱਡ-ਬੀਤੀ ਸੁਣਾਵਾਂਗਾ। (6 ਸ਼ਬਦ)

4. ਇਸ ਜ਼ਨਾਨੀ ਨੂੰ ਪਤੀ ਨੇ ਛਡ ਦਿੱਤਾ ਹੋਇਆ ਹੈ। (9 ਸ਼ਬਦ)

ਸੰਖੇਪ : ਇਹ ਜ਼ਨਾਨੀ ਛੁੱਟੜ ਹੈ। (4 ਸ਼ਬਦ)

ਸ਼ਬਦ-ਸੰਜਮ (compound words) ਦਾ ਇਕ ਹੋਰ ਢੰਗ ਇਹ ਹੈ ਕਿ ਵਾਕਾਂ ਨੂੰ ਨਵੇਂ ਸਿਰਿਓਂ ਜੋੜ ਕੇ ਸ਼ਬਦਾਂ ਦੀ ਬਚਤ ਕੀਤੀ ਜਾਏ। ਇਸ ਤਰ੍ਹਾਂ ਦੀ ਸੰਖੇਪਤਾ ਆਮ ਤੌਰ ਤੇ ਛੋਟੇ-ਛੋਟੇ ਸਾਧਾਰਨ ਵਾਕਾਂ ਨੂੰ ਇਕੋ ਭਾਵ- ਪੂਰਤ ਤੇ ਮਿਸ਼ਰਿਤ ਵਾਕ ਵਿਚ ਜੋੜਨ ਨਾਲ ਹੋ ਸਕਦੀ ਹੈ।

ਉਦਾਹਰਨ ਵਜੋਂ :

ਰਾਤ ਦੇ ਦੋ ਵਜੇ ਦਾ ਵੇਲਾ ਸੀ। ਗਮ ਤੇ ਫਿਕਰ ਨਾਲ ਮੈਨੂੰ ਅਜੇ ਤਕ ਨੀਂਦ ਨਹੀਂ ਆਈ ਸੀ। ਅਖੀਰ ਮੈਂ ਮੰਜੇ ਤੋਂ ਉਠਿਆ, ਟਾਰਚ ਹੱਥ ਵਿਚ ਫੜੀ ਤੇ ਕਮਰੇ ਵਿੱਚੋਂ ਬਾਹਰ ਨਿਕਲ ਆਇਆ। ਰਾਤ ਘੁੱਪ ਹਨੇਰੀ ਸੀ, ਮੈਂ ਉਸ ਕਿਲ੍ਹੇ ਵੱਲ ਤੁਰ ਪਿਆ, ਜੋ ਸਦੀਆਂ ਤੋਂ ਉਜਾੜ ਪਿਆ ਸੀ। ਮੇਰੇ ਮਨ ਵਿਚ ਉਸ ਭੇਦ ਦਾ ਪਤਾ ਲਾਉਣ ਦੀ ਬੜੀ ਚਾਹ ਸੀ। (61 ਸ਼ਬਦ)

ਇਕੋ ਮਿਸ਼ਰਿਤ ਤੇ ਗੁੱਟ ਵਾਕ (ਸੰਖੇਪਤਾ) :

ਚਿੰਤਾ ਨਾਲ ਰਾਤੀਂ ਦੋ ਵਜੇ ਤਕ ਨੀਂਦ ਨਾ ਆਉਣ ਕਰਕੇ ਮੈਂ ਮੰਜੇ ਤੋਂ ਉਠਿਆ ਤੇ ਟਾਰਚ ਫੜ ਕੇ ਘੁੱਪ-ਹਨੇਰੀ ਰਾਤ ਵਿਚ ਉਹ ਭੇਦ ਲੱਭਣ ਲਈ ਉਜਾੜ ਕਿਲ੍ਹੇ ਵੱਲ ਤੁਰ ਪਿਆ। (31 ਸ਼ਬਦ)



ਪ੍ਰਸ਼ਨ. ਸੰਖੇਪ ਰਚਨਾ ਦੇ ਅਭਿਆਸ ਦੀ ਕੀ ਲੋੜ ਹੈ?

ਉੱਤਰ : ਹੁਣ ਤਕ ਅਸਾਂ ਤੁਹਾਨੂੰ ਚੰਗੀ ਪ੍ਰੈਸੀ ਦੀਆਂ ਵਿਸ਼ੇਸ਼ਤਾਈਆਂ ਦੱਸੀਆਂ ਹਨ, ਸੰਖੇਪ-ਰਚਨਾ ਬਣਾਉਣ ਦੇ ਨੇਮ ਤੇ ਤਰੀਕੇ ਬਿਆਨ ਕੀਤੇ ਹਨ, ਕੁਝ ਗਲਤੀਆਂ ਤੋਂ ਬਚਣ ਲਈ ਸਾਵਧਾਨ ਕੀਤਾ ਹੈ ਤੇ ਉਦਾਹਰਨਾਂ ਦੇ ਕੇ ਸ਼ਬਦ-ਸੰਜਮ ਦੇ ਢੰਗ ਵੀ ਦਰਸਾਏ ਹਨ। ਪਰੰਤੂ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਨਿਰੇ ਨੇਮ ਤੇ ਗੁਰ ਰਟਣ ਨਾਲ ਕੁਝ ਨਹੀਂ ਬਣ ਸਕਦਾ। ਅਸਲ ਤੇ ਮੁਖ ਨੇਮ ਇਹ ਹੈ ਕਿ ਇਨ੍ਹਾਂ ਨੇਮਾਂ ਅਨੁਸਾਰ ਚੰਗੀ ਪ੍ਰੈਸੀ ਬਣਾਉਣ ਦਾ ਅਭਿਆਸ ਕੀਤਾ ਜਾਏ। ਇਹ ਕਰਤੇ ਦੀ ਵਿਦਿਆ ਹੈ ਤੇ ਹਰੇਕ ਹੁਨਰ ਵਾਂਙ ਇਸ ਹੁਨਰ ਵਿਚ ਵੀ ਅਭਿਆਸ ਨਾਲ ਹੀ ਪਰਪੱਕਤਾ ਹੋ ਸਕਦੀ ਹੈ। ਇਸ ਬਲਾਗ (blog) ਤੋਂ ਬਾਅਦ ਕੁਝ ਪੈਰੇ ਧਿਆਨ ਨਾਲ ਪੜ੍ਹੋ ਤੇ ਫਿਰ ਉਨ੍ਹਾਂ ਨੂੰ ਸੰਖੇਪ ਕਰਕੇ ਲਿਖੋ। ਅੱਗੇ ਚੱਲ ਕੇ ਅਸੀਂ ਦਸ ਬਾਰ੍ਹਾਂ ਪੈਰਿਆਂ ਦੀ ਸੰਖੇਪ-ਰਚਨਾ ਬਣਾ ਕੇ ਦਸਾਂਗੇ।

ਇਹ ਵੀ ਚੇਤੇ ਰੱਖੋ ਕਿ ਤੁਹਾਡੇ ਪਰਚੇ ਵਿਚ ਸੰਖੇਪ ਰਚਨਾ ਦੇ ਕਾਫ਼ੀ ਨੰਬਰ ਹਨ ਤੇ ਜੇ ਤੁਸਾਂ ਚੰਗੀ ਪ੍ਰੈਸੀ ਬਣਾਉਣ ਦੀ ਜਾਂਚ ਸਿਖ ਲਈ, ਤਾਂ ਇਹਦੇ ਵਿੱਚੋਂ ਤੁਹਾਨੂੰ ਲਗਭਗ ਅੱਧੇ ਨੰਬਰ ਜ਼ਰੂਰ ਮਿਲ ਸਕਦੇ ਹਨ। ਸੋ, ਇਸ ਵਿਸ਼ੇ ਨੂੰ ਵਧੇਰੇ ਧਿਆਨ ਦੇਣ ਦੀ ਲੋੜ ਹੈ।

ਸੰਖੇਪ ਰਚਨਾ ਦਾ ਉਦਾਹਰਨ :

ਹੁਣ ਅਸੀਂ ਵਿਦਿਆਰਥੀਆਂ ਸਾਮ੍ਹਣੇ ਕੁਝ ਪੈਰਿਆਂ ਦੀ ਸੰਖੇਪ ਰਚਨਾ ਬਣਾ ਕੇ ਵਿਖਾਂਦੇ ਹਾਂ। ਸ਼ੁਰੂ ਦੇ ਕੁਝ ਉਦਾਹਰਨਾਂ ਵਿਚ ਅਸੀਂ ਇਹ ਵੀ ਦੱਸਾਂਗੇ ਕਿ ਸੰਖੇਪ-ਰਚਨਾ ਕਰਨ ਲੱਗਿਆਂ ਵਿਦਿਆਰਥੀਆਂ ਨੂੰ ਕ੍ਰਮਵਾਰ ਕਿਵੇਂ ਸੋਚਣਾ ਤੇ ਤੁਰਨਾ ਚਾਹੀਦਾ ਹੈ। ਉਦਾਹਰਨਾਂ ਲਈ ਪੈਰੇ ਚੁਣਦਿਆਂ ਅਸਾਂ ਪਹਿਲਾਂ ਸੌਖੇ ਤੇ ਛੋਟੇ ਅਤੇ ਫਿਰ ਜ਼ਰਾ ਮੁਸ਼ਕਲ ਤੇ ਲੰਮੇ ਪੈਰੇ ਲਏ ਹਨ। ਜਿਵੇਂ ਕਿ:

ਮੇਰੇ ਪ੍ਰੀਤਮ ਮੈਂ ਤੁਹਾਡੇ ਵਿਛੋੜੇ ਵਿਚ ਐਉਂ ਤੜਪ ਰਹੀ ਹਾਂ, ਜਿਵੇਂ ਜਲ ਤੋਂ ਬਿਨਾਂ ਮੱਛੀ। ਮੇਰੀਆਂ ਸੁਡੌਲ ਤੇ ਭਰਵੀਆਂ ਬਾਹਾਂ ਸੁੱਕ ਕੇ ਤੀਲਾ ਹੋ ਗਈਆਂ ਹਨ ਤੇ ਰੰਗ ਹਲਦੀ ਨਾਲ ਸ਼ਰਤ ਬੰਨ੍ਹਣ ਲਈ ਪਰਤ ਗਿਆ ਹੈ। ਮੇਰਾ ਦਿਨ ਔਸੀਆਂ ਪਾਂਦਿਆਂ, ਕਾਂ ਉਡਾਂਦਿਆਂ ਤੇ ਰਾਹ ਤੱਕਦਿਆਂ ਲੰਘਦਾ ਹੈ ਤੇ ਰਾਤ ਵੇਲੇ ਮੈਂ ਤਾਰੇ ਗਿਣਦੀ ਰਹਿੰਦੀ ਹਾਂ। ਕਿਰਪਾ ਕਰਕੇ ਛੇਤੀ ਆਪਣੇ ਦਰਸ਼ਨਾਂ ਰੂਪੀ ਜਲ ਨਾਲ ਇਸ ਬ੍ਰਿਹੋ-ਕੁੱਠੀ ਦੀ ਤੜਪਦੀ ਆਤਮਾ ਨੂੰ ਠੰਢ ਪਾਉ। (72 ਸ਼ਬਦ)

ਉਪਰਲਾ ਪੈਰਾ ਬਹੁਤ ਕਰਕੇ ਭਾਵੁਕ ਹੈ। ਇਸ ਵਿਚ ਆਪਣੇ ਪ੍ਰੀਤਮ ਦੇ ਵਿਛੋੜੇ ਦਾ ਦੁਖ ਬਿਆਨ ਕੀਤਾ ਗਿਆ ਹੈ, ਇਸ ਲਈ ਵਿਛੋੜੇ ਦਾ ਦੁਖ ਇਸ ਦਾ ਢੁਕਵਾਂ ਸਿਰਲੇਖ ਹੋ ਸਕਦਾ ਹੈ। ਇਸ ਵਿਚ ਮਤਲਬ ਦੀਆਂ ਗੱਲਾਂ ਤਿੰਨ ਹਨ :

(1) ਪ੍ਰੇਮੀ ਨੂੰ ਪ੍ਰੀਤਮ ਦੇ ਵਿਛੋੜੇ ਦਾ ਦੁਖ,

(2) ਉਸ ਨੂੰ ਮਿਲਣ ਦੀ ਸਿਕ ਤੇ ਉਡੀਕ

ਅਤੇ (3) ਮਿਲਣ ਦੀ ਮੰਗ।

ਪ੍ਰੇਮੀ ਨੇ ਆਪਣੇ ਦੁਖ ਦੀ ਤੀਬਰਤਾ ਦੱਸਣ ਲਈ ਕੁਝ ਦ੍ਰਿਸ਼ਟਾਂਤ ਦੇ ਉਦਾਹਰਨਾਂ ਦਿੱਤੀਆਂ ਹਨ। ਇਨ੍ਹਾਂ ਨੂੰ ਸਹਿਜੇ ਹੀ ਛੱਡਿਆ ਜਾ ਸਕਦਾ ਹੈ। ਔਸੀਆਂ ਪਾਣਾ, ਕਾਂ ਉਡਾਣਾ, ਰਾਹ ਤਕਣਾ ਤੇ ਤਾਰੇ ਗਿਣਨਾ ਇਕੋ ਭਾਵ ਦੇਣ ਵਾਲੇ ਮੁਹਾਵਰੇ ਹਨ, ਜਿਨ੍ਹਾਂ ਦਾ ਅਰਥ ਹੈ, ਉਡੀਕ, ਸੋ, ਇਨ੍ਹਾਂ ਸਾਰੀਆਂ ਦੀ ਥਾਂ ਇਕ ਸ਼ਬਦ-ਉਡੀਕ ਵਰਤਿਆ ਜਾ ਸਕਦਾ ਹੈ। ਸੋ, ਭਾਵੁਕਤਾ ਨੂੰ ਪਰੇ ਰਖ ਕੇ ਇਸ ਦੀ ਸੰਖੇਪ ਰਚਨਾ ਇਉਂ ਬਣੇਗੀ :

ਸੰਖੇਪ ਰਚਨਾ

ਮੇਰੇ ਪ੍ਰੀਤਮ ! ਮੈਂ ਤੁਹਾਡੇ ਵਿਛੋੜੇ ਵਿਚ ਅਤਿ ਦੁਖੀ ਤੇ ਬੇਹਾਲ ਹਾਂ। ਹਰ ਵੇਲੇ ਤੀਬਰਤਾ ਨਾਲ ਤੁਹਾਨੂੰ ਉਡੀਕਦੀ ਰਹਿੰਦੀ ਹਾਂ। ਮੈਨੂੰ ਛੇਤੀ ਦਰਸ਼ਨ ਦਿਉ। (23 ਸ਼ਬਦ)