CBSEEducationਸੰਖੇਪ ਰਚਨਾ (Precis writing)

ਸੰਖੇਪ ਰਚਨਾ – ਪੁਸਤਕਾਂ ਦੀ ਦੇਣ


ਕਿੰਨੀ ਅਨੋਖੀ ਨਿਆਮਤ ਹਨ ਪੁਸਤਕਾਂ ! ਜਦੋਂ ਦੁੱਖਾਂ-ਮੁਸੀਬਤਾਂ ਦੇ ਕਾਲੇ ਬੱਦਲ ਸਾਡੇ ਜੀਵਨ ਨੂੰ ਹਨੇਰੀ ਬੁੱਕਲ ਵਿਚ ਲਪੇਟ ਲੈਂਦੇ ਹਨ, ਜਦੋਂ ਸੰਗੀ-ਸਾਥੀ ਤੇ ਮਿੱਤਰ-ਸੰਬੰਧੀ ਸਾਥ ਛੱਡ ਜਾਂਦੇ ਹਨ, ਤਾਂ ਇਹ ਪੁਸਤਕਾਂ ਆਪਣੇ ਮਿੱਠੇ ਤੇ ਸਿਆਣੇ ਬੋਲਾਂ ਨਾਲ ਸਾਡਾ ਹੌਂਸਲਾ ਵਧਾਉਂਦੀਆਂ ਹਨ, ਸਾਨੂੰ ਢਾਰਸ ਬਣਾਉਂਦੀਆਂ ਹਨ ਅਤੇ ਗਿਆਨ ਵਿਚ ਵਾਧਾ ਕਰਦੀਆਂ ਹਨ। ਇਹ ਸਾਨੂੰ ਦ੍ਰਿੜਤਾ ਨਾਲ ਜੀਉਣ ਦੀ ਜਾਂਚ ਦਸਦੀਆਂ ਹਨ। ਮਨੁੱਖਾਂ ਦੀ ਹਜ਼ਾਰਾਂ ਵਰ੍ਹਿਆਂ ਦੀ ਸਿਆਣਪ ਤੇ ਤਜਰਬਿਆਂ ਦਾ ਨਿਚੋੜ ਇਨ੍ਹਾਂ ਵਿਚ ਬੰਦ ਹੁੰਦਾ ਹੈ। ਇਨ੍ਹਾਂ ਦੇ ਬੂਹੇ ਹਰ ਵੱਡੇ-ਛੋਟੇ, ਉੱਚੇ-ਨੀਵੇਂ, ਅਮੀਰ-ਗਰੀਬ ਲਈ ਖੁਲ੍ਹੇ ਹਨ। ਇਹ ਸਾਨੂੰ ਇਕ ਅਜਿਹੀ ਦੌਲਤ ਨਾਲ ਮਾਲਾ-ਮਾਲ ਕਰਦੀਆਂ ਹਨ, ਜਿਸਨੂੰ ਚੋਰ ਨਹੀਂ ਚੁਰਾ ਸਕਦਾ, ਪਾਣੀ ਰੋੜ੍ਹ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਖੁਸ਼ਕਿਸਮਤ ਹਨ ਉਹ ਇਨਸਾਨ, ਜਿਨ੍ਹਾਂ ਨੂੰ ਉਤੱਮ ਪੁਸਤਕਾਂ ਪੜ੍ਹਨ ਤੇ ਮਾਨਣ ਦਾ ਅਮੁਕ ਸ਼ੌਕ ਹੈ। (121 ਸ਼ਬਦ)

ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਵੇਖੋ ਕਿ ਪਹਿਲੇ ਵਾਕ ਵਿਚ ਹੀ ਪੁਸਤਕਾਂ ਨੂੰ ਬੜੀ ਵਧੀਆ ਦੌਲਤ ਆਖਿਆ ਗਿਆ ਹੈ।ਸਾਰੇ ਪੈਰੇ ਵਿਚ ਪੁਸਤਕਾਂ ਦੇ ਫਾਇਦਿਆਂ ‘ਤੇ ਗੁਣਾਂ ਦਾ ਜ਼ਿਕਰ ਹੈ। ਸੋ, ਇਸ ਦਾ ਢੁਕਵਾਂ ਸਿਰਲੇਖ ‘ਪੁਸਤਕਾਂ ਦੇ ਫਾਇਦੇ’ ਜਾਂ ‘ਪੁਸਤਕਾਂ ਦੀ ਦੇਣ’ ਹੋਵੇਗਾ।


ਹੁਣ ਨੋਟ ਕਰੋ ਕਿ ਮੂਲ ਵਿਚ ਕਈ ਗੱਲਾਂ ਦੋਹਰੀ, ਤਿਹਰੀ ਵਾਰੀ ਜਾਂ ਵਿਸਤਾਰ ਕਰਕੇ ਆਖੀਆਂ ਗਈਆਂ ਹਨ। ਹੌਸਲਾ ਵਧਾਉਣਾ ਤੇ ਢਾਰਸ ਬਣਾਉਣਾ ਇੱਕੋ ਗੱਲ ਹੈ। ਹਰ ਛੋਟੇ-ਵੱਡੇ, ਉਚੇ-ਨੀਵੇਂ, ਅਮੀਰ-ਗਰੀਬ ਲਈ ਨੂੰ ਕੇਵਲ ਦੋ ਸ਼ਬਦਾਂ ‘ਹਰੇਕ ਲਈ’ ਨਾਲ ਅਦਾ ਕੀਤਾ ਜਾ ਸਕਦਾ ਹੈ। ਦੂਜਾ ਵਾਕ ਜਦੋਂ ਦੁੱਖਾਂ-ਮੁਸੀਬਤਾਂ ਦੇ ਕਾਲੇ………..ਹਨ, ਇਕ ਅਲੰਕਾਰਕ ਵਾਕ ਹੈ। 25 ਸ਼ਬਦਾਂ ਦੇ ਇਸ ਵਾਕ ਨੂੰ ਕੇਵਲ ਚਾਰ ਸ਼ਬਦਾਂ ਦੁਖ ਤੇ ਨਿਰਾਸਤਾ ਸਮੇਂ ਨਾਲ ਬਿਆਨਿਆ ਜਾ ਸਕਦਾ ਹੈ। ਇਸ ਨੂੰ ਚੋਰ ਚੁਰਾ ਨਹੀਂ ਸਕਦਾ, ਪਾਣੀ ਰੋੜ੍ਹ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ ਵਾਸਤੇ ਤਿੰਨ ਸ਼ਬਦ ਇਹ ਸਦੀਵੀ (ਜਾਂ ਨਾਸ-ਰਹਿਤ) ਹਨ’। ਸੋ, ਜੇ ਅਸੀਂ ਵਿਸਤਾਰ ਤੇ ਦੁਹਰਾਈਆਂ ਗੱਲਾਂ ਨੂੰ ਛਡ ਕੇ ਇਸ ਨੂੰ ਭਾਵ-ਪੂਰਤ ਤੇ ਨਿੱਗਰ ਸ਼ਬਦਾਂ ਵਿਚ ਬਿਆਨ ਕਰਾਂਗੇ, ਤਾਂ ਪ੍ਰੈਸੀ ਇਓਂ ਬਣੇਗੀ :


ਸਿਰਲੇਖ : ਪੁਸਤਕਾਂ ਦੀ ਦੇਣ

ਪੁਸਤਕਾਂ ਦੁਖੀ ਤੇ ਨਿਰਾਸ ਮਨੁੱਖ ਨੂੰ ਧਰਵਾਸ ਤੇ ਸਹੀ ਗਿਆਨ ਦੇ ਕੇ ਸੁਚੱਜੀ ਜੀਵਨ-ਜਾਂਚ ਸਿਖਾਂਦੀਆਂ ਹਨ। ਇਨ੍ਹਾਂ ਵਿਚ ਸਭਨਾਂ ਲਈ ਹਜ਼ਾਰਾਂ ਵਰ੍ਹਿਆਂ ਦੇ ਮਨੁੱਖੀ ਗਿਆਨ ਤੇ ਤਜ਼ਰਬਿਆਂ ਦੀ ਸਦੀਵੀ ਤੇ ਅਮਿਟ ਦੌਲਤ ਭਰੀ ਪਈ ਹੈ। ਸੋ, ਉਤੱਮ ਪੁਸਤਕਾਂ ਦੇ ਸ਼ੌਕੀਨ ਵਾਕਈ ਭਾਗਸ਼ਾਲੀ ਹਨ। (43 ਸ਼ਬਦ)