ਸੰਖੇਪ ਰਚਨਾ : ਤੜਕੇ ਉੱਠਣਾ


ਹੇਠ ਲਿਖੇ ਪੈਰੇ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ :-

ਅੰਗਰੇਜ਼ੀ ਦੇ ਇਕ ਲਿਖਾਰੀ ਨੇ ਕਿਹਾ ਹੈ ਕਿ ਰਾਤ ਨੂੰ ਛੇਤੀ ਸੌਂ ਜਾਣ ਨਾਲ ਅਤੇ ਸਵੇਰੇ ਤੜਕੇ ਉੱਠਣ ਨਾਲ ਸਿਹਤ, ਧਨ ਅਤੇ ਬੁੱਧੀ ਤਿੰਨੇ ਪ੍ਰਾਪਤ ਹੁੰਦੇ ਹਨ। ਸਵੇਰੇ ਤੜਕੇ ਉੱਠਣ ਨਾਲ ਬੰਦੇ ਨੇ ਆਪਣਾ ਬਹੁਤ ਸਾਰਾ ਕੰਮ ਮੁਕਾ ਲਿਆ ਹੁੰਦਾ ਹੈ, ਜਿਸ ਵੇਲੇ ਕਿ ਦਲਿੱਦਰੀ ਹਾਲੇ ਬਿਸਤਰੇ ਵਿਚ ਘੁਰਾੜੇ ਮਾਰ ਰਹੇ ਹੁੰਦੇ ਹਨ। ਸਵੇਰੇ ਤੜਕੇ ਉੱਠਣ ਵਾਲਾ ਬਾਹਰ ਨੂੰ ਜਾ ਸਕਦਾ ਹੈ, ਕਸਰਤ ਕਰ ਸਕਦਾ ਹੈ, ਜਿਸ ਨਾਲ ਉਹ ਸਾਰਾ ਦਿਨ ਖ਼ੁਸ਼ ਰਹਿੰਦਾ ਹੈ ਅਤੇ ਬਿਨਾਂ ਥਕੇਵੇਂ ਦੇ ਕੰਮ ਕਰ ਸਕਦਾ ਹੈ। ਉਸ ਨੂੰ ਕਿਸੇ ਕੰਮ ਵਿਚ ਕਾਹਲ ਕਰਨ ਦੀ ਲੋੜ ਨਹੀਂ ਹੁੰਦੀ। ਕੰਮ ਓਹਦੇ ਉੱਤੇ ਸੁਆਰ ਨਹੀਂ ਹੁੰਦਾ, ਉਹ ਕੰਮ ਉੱਤੇ ਸੁਆਰ ਰਹਿੰਦਾ ਹੈ। ਉਹ ਬਿਨਾਂ ਘਬਰਾਹਟ ਜਾਂ ਹਫ਼ੜਾ-ਦਫੜੀ ਦੇ ਆਪਣੀ ਕੁਦਰਤੀ ਚਾਲ ਨਾਲ ਚਲਦਾ ਹੈ। ਉਹ ਕੰਮ ਵੀ ਖ਼ਰਾ ਕਰੇਗਾ ਅਤੇ ਆਰਾਮ ਕਰਨ ਲਈ ਵੀ ਕਾਫ਼ੀ ਸਮਾਂ ਬਚਾ ਲਵੇਗਾ। ਜਿਹੜੀ ਸੁਆਣੀ ਸੂਰਜ ਦੇਵਤਾ ਨਾਲ ਜ਼ਿਦ ਲਾ ਕੇ ਸੁੱਤੀ ਰਹਿੰਦੀ ਹੈ ਕਿ ਤੂੰ ਉਦੈ ਹੋਵੇਂਗਾ, ਤਾਂ ਉਠਾਂਗੀ, ਓਹਦੇ ਤੋਂ ਘਰ ਵਾਲਿਆਂ ਨੇ ਕੀ ਆਸ ਰੱਖਣੀ?

ਉੱਤਰ


ਸਿਰਲੇਖ : ਤੜਕੇ ਉੱਠਣਾ ।

ਸੰਖੇਪ-ਰਚਨਾ : ਛੇਤੀ ਸੌਣ ਤੇ ਤੜਕੇ ਉੱਠਣ ਵਾਲੇ ਮਨੁੱਖ ਨੂੰ ਸਿਹਤ, ਧਨ ਤੇ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਉਹ ਆਪਣੇ ਕੰਮ ਤੇ ਸਵਾਰ ਰਹਿੰਦਾ ਹੈ। ਉਹ ਸਵੇਰੇ ਕਸਰਤ ਤੇ ਸੈਰ ਕਰ ਸਕਦਾ ਹੈ, ਜੋ ਉਸ ਨੂੰ ਸਾਰਾ ਦਿਨ ਖ਼ੁਸ਼ੀ ਤੇ ਤਾਜ਼ਗੀ ਦਿੰਦੀਆਂ ਹਨ। ਉਹ ਕੰਮ ਵੀ ਖ਼ਰਾ ਕਰਦਾ ਹੈ ਤੇ ਆਰਾਮ ਵੀ ਕਰਦਾ ਹੈ। ਤੜਕੇ ਉੱਠਣ ਵਾਲੀ ਇਸਤਰੀ ਸਾਰਾ ਕੰਮ ਮੁਕਾ ਕੇ ਸਮੇਂ ਸਿਰ ਛਾਹ ਵੇਲਾ ਤਿਆਰ ਕਰ ਲੈਂਦੀ ਹੈ।