ਸੰਖੇਪ ਰਚਨਾ – ਗ੍ਰਹਿਸਤ ਦੁੱਖਾਂ ਦੀ ਖਾਣ


ਅਮਲੀ ਤੌਰ ਤੇ ਸਾਡੇ ਗ੍ਰਹਿਸਤ ਜੀਵਨ ਵਿਚ ਕੋਈ ਸੁੱਖ ਨਹੀਂ। ਬਹੁਤੇ ਘਰਾਂ ਵਿਚ ਅਸੰਤੁਸ਼ਟਤਾ ਤੇ ਬੇਚੈਨੀ ਹੈ। ਪਤਨੀ ਪਤੀ ਨਾਲ ਨਾਰਾਜ਼ ਹੈ ਤੇ ਪਤੀ ਆਪਣੀ ਥਾਂ ਲੂਸ ਰਿਹਾ ਹੈ। ਇਕ ਪਾਸੇ ਬੱਚਿਆਂ ਨੂੰ ਆਪਣੀਆਂ ਸ਼ਕਾਇਤਾਂ ਹਨ, ਤਾਂ ਦੂਜੇ ਪਾਸੇ ਮਾਪੇ ਧੀਆਂ-ਪੁੱਤਰਾਂ ਦੇ ਹੱਥੋਂ ਦੁਖੀ ਹਨ। ਗੱਲ ਕੀ ਕੋਈ ਸੁਖੀ ਨਹੀਂ ਸਭ ਦੇ ਮੂੰਹ ਵੱਟੇ ਹੋਏ ਹਨ। ਪਤੀ ਅੱਕਿਆ-ਥੱਕਿਆ ਘਰ ਆਉਂਦਾ ਹੈ। ਪਰ ਉਸ ਦੇ ਘਰ ਵੜਦਿਆਂ ਹੀ ਪਤਨੀ ਆਪਣੇ ਰੋਣੇ ਲੈ ਬਹਿੰਦੀ ਹੈ। ਪਤੀ ਪਤਨੀ ਨੂੰ ਦੋਸ਼ ਦੇਂਦਾ ਹੈ ਤੇ ਉਹ ਉਸ ਨੂੰ ਕੋਸਦੀ ਹੈ। ਬੱਚੇ ਦੁਹਾਂ ਤੋਂ ਤੰਗ ਆਏ ਹੁੰਦੇ ਹਨ। ਸੰਖੇਪ ਵਿਚ ਸਾਡੇ ਘਰਾਂ ਦਾ ਨਕਸ਼ਾ ਇਹ ਹੈ ਬੱਚੇ ਝਿੜਕਾਂ ਤੇ ਮਾਰਾਂ ਹੇਠ ਸਹਿਮੇ ਹੋਏ, ਮੁਟਿਆਰਾਂ ਤੇ ਗਭਰੂ ਆਪਣੀਆਂ ਸਧਰਾਂ ਦਿਲ ਵਿਚ ਨੱਪੀ ਬੈਠੇ, ਪਤਨੀਆਂ ਮੁਰਝਾਈਆਂ ਹੋਈਆਂ, ਪਤੀ ਖਿੱਝੇ ਹੋਏ ਤੇ ਬੁੱਢੇ ਮਾਪੇ ਜੀਵਨ ਤੋਂ ਅੱਕੇ ਬੈਠੇ। ਅਸਚਰਜ ਦੀ ਗੱਲ ਨਹੀਂ ਕਿ ਕੋਈ ਵਿਰਲਾ ਘਰ ਸੁਖੀ ਹੋਵੇ। ਪਰ ਬਹੁਤੇ ਘਰ ਨਰਕ ਬਣੇ ਹੋਏ ਹਨ। ਕੋਈ ਪਲ ਸੁਖ ਦਾ ਆ ਜਾਏ, ਪਰ ਬਹੁਤਾ ਸਮਾਂ ਲੜਾਈਆਂ-ਝਗੜਿਆਂ ਤੇ ਪ੍ਰੇਸ਼ਾਨੀਆਂ ਵਿਚ ਗੁਜ਼ਰਦਾ ਹੈ। (168 ਸ਼ਬਦ)


ਇਸੇ ਪੈਰੇ ਨੂੰ ਇਕ ਦੋ ਵਾਰੀ ਪੜ੍ਹਿਆਂ ਪਤਾ ਲੱਗ ਜਾਏਗਾ ਕਿ ਇਹਦੇ ਵਿਚ ਗ੍ਰਹਿਸਤ ਜੀਵਨ ਦੇ ਦੁੱਖਾਂ ਦਾ ਜ਼ਿਕਰ ਕੀਤਾ ਗਿਆ ਹੈ। ਆਰੰਭ ਤੋਂ ਲੈ ਕੇ ਅੰਤ ਤਕ ਸਾਰੇ ਪੈਰੇ ਵਿਚ ਘਰੋਗੀ ਦੁੱਖਾਂ ਦਾ ਵੇਰਵਾ ਤੇ ਵਿਸਤਾਰ ਹੈ। ਸੋ, ‘ਗ੍ਰਹਿਸਤ ਦੇ ਦੁਖ’ ‘ਗ੍ਰਹਿਸਤ-ਦੁੱਖਾਂ ਦੀ ਖਾਣ’ ਇਸ ਦਾ ਢੁੱਕਵਾਂ ਸਿਰਲੇਖ ਹੋ ਸਕਦਾ ਹੈ।

ਸੰਖੇਪ-ਰਚਨਾ ਕਰਨ ਲੱਗਿਆਂ ਅਸਾਂ ਵੇਰਵਾਂ ਤੇ ਵਿਸਤਾਰ ਛੱਡ ਦੇਣਾ ਹੈ : ਅਤੇ ਗ੍ਰਹਿਸਤ ਦੇ ਦੁੱਖਾਂ ਬਾਰੇ ਇਕ ਨਿੱਗਰ ਤੇ ਭਾਵਪੂਰਤ ਪੈਰਾ ਆਪਣੇ ਸ਼ਬਦਾਂ ਵਿਚ ਦੇਣਾ ਹੈ, ਜਿਸ ਵਿਚ ਪਤੀ ਤੇ ਪਤਨੀ, ਮਾਪਿਆਂ ਤੇ ਬੱਚਿਆਂ ਦੇ ਸੰਬੰਧਾਂ ਵਿਚ ਵਿਗਾੜ ਦਾ ਜ਼ਿਕਰ ਸਪਸ਼ਟ ਰੂਪ ਵਿਚ ਆ ਜਾਏ। ਜਿਸ ਦਾ ਅੰਤਿਮ ਰੂਪ ਇਉਂ ਹੋਵੇਗਾ :-


ਗ੍ਰਹਿਸਤ ਦੁੱਖਾ ਦੀ ਖਾਣ

ਆਮ ਕਰਕੇ ਸਾਡਾ ਘਰੋਗੀ ਜੀਵਨ ਦੁੱਖਾਂ ਨਾਲ ਭਰਿਆ ਪਿਆ ਹੈ। ਬਹੁਤਿਆਂ ਘਰਾਂ ਵਿਚ ਘਰ ਦੇ ਸਾਰੇ ਜੀਅ ਆਪੋ ਆਪਣੀ ਥਾਂ ਦੁਖੀ ਹਨ। ਪਤੀ ਤੇ ਪਤਨੀ ਅਤੇ ਮਾਪਿਆਂ ਤੇ ਬੱਚਿਆਂ ਦੇ ਸੰਬੰਧ ਸੰਤੋਸ਼-ਜਨਕ ਨਹੀਂ। ਉਹ ਸਭ ਆਪੋ ਆਪਣੀ ਥਾਂ ਅਸੰਤੁਸ਼ਟ ਤੇ ਇਕ ਦੂਜੇ ਤੋਂ ਤੰਗ ਆਏ ਹੋਏ ਹਨ ਤੇ ਹਰ ਵੇਲੇ ਆਪੋ ਵਿਚ ਲੜਦੇ ਝਗੜਦੇ ਰਹਿੰਦੇ ਹਨ। (56 ਸ਼ਬਦ)