CBSEEducationਸੰਖੇਪ ਰਚਨਾ (Precis writing)

ਸੰਖੇਪ ਰਚਨਾ – ਜਿਹੀ ਸੰਗਤ ਤਿਹੀ ਰੰਗਤ


ਅਸੀਂ ਜਿਹੋ ਜਿਹੇ ਪੁਰਸ਼ਾਂ ਦੀ ਸੰਗਤ ਕਰਾਂਗੇ, ਆਵੱਸ਼ ਹੀ ਉਹੋ ਜਿਹੇ ਹੋ ਜਾਵਾਂਗੇ। ਅਖਾਣ ਹੈ, ਖਰਬੂਜ਼ੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ। ਕਿਸੇ ਕੋਰੇ ਕਪੜੇ ਨੂੰ ਜਿਸ ਰੰਗ ਦੇ ਪਾਣੀ ਵਿਚ ਡੋਬਾ ਦੇਈਏ, ਉਸ ਉਤੇ ਉਹੀ ਰੰਗ ਚੜ੍ਹ ਜਾਂਦਾ ਹੈ। ਇਸੇ ਤਰ੍ਹਾਂ ਕੋਈ ਪੁਰਸ਼ ਜਿਨ੍ਹਾਂ ਆਦਮੀਆਂ ਵਿਚ ਬੈਠੇਗਾ, ਉਸ ਦੇ ਉਤੇ ਉਨ੍ਹਾਂ ਦੇ ਖਿਆਲਾਂ ਤੇ ਚਰਨ ਦਾ ਅਸਰ ਜ਼ਰੂਰ ਪਏਗਾ, ਭਲਿਆਂ ਪੁਰਸ਼ਾਂ ਦੀ ਸੰਗਤ ਮਨੁੱਖ ਨੂੰ ਭਲਾ ਬਣਾਉਂਦੀ ਹੈ। ਇਸੇ ਤਰ੍ਹਾਂ ਵਿਦਵਾਨਾਂ ਤੇ ਸਿਆਣਿਆਂ ਵਿਚ ਰਹਿ ਕੇ ਮਨੁੱਖ ਵਿਦਵਾਨ ਤੇ ਸਿਆਣੇ ਅਤੇ ਚੋਰਾਂ ਤੇ ਜੁਆਰੀਆਂ ਦੀ ਸੰਗਤ ਵਿਚ ਚੋਰ ਤੇ ਜੁਆਰੀਏ ਹੋ ਜਾਂਦੇ ਹਨ। (96 ਸ਼ਬਦ)


ਅਸੀਂ ਵੇਖਦੇ ਹਾਂ ਕਿ ਇਸ ਪੈਰੇ ਦਾ ਕੇਂਦਰੀ ਭਾਵ ਤਾਂ ਪਹਿਲੇ ਵਾਕ ਵਿਚ ਹੀ ਆ ਗਿਆ ਹੈ। ਅੰਤ ਤਕ ਇਹੀ ਜਾਪਦਾ ਹੈ ਕਿ ਇਸ ਵਿਚ ਸੰਗਤ ਦੇ ਪ੍ਰਭਾਵ ਦਾ ਵਰਣਨ ਕੀਤਾ ਗਿਆ ਹੈ। ਸੋ, ਇਸ ਦਾ ਸਿਰਲੇਖ ‘ਸੰਗਤ ਦਾ ਪ੍ਰਭਾਵ’ ਜਾਂ ‘ਜਿਹੀ ਸੰਗਤ, ਤਿਹੀ ਰੰਗਤ’ ਹੋਵੇਗਾ। ਇਸ ਸਚਿਆਈ ਦੀ ਪ੍ਰੋੜਤਾ ਲਈ ਪੈਰੇ ਵਿਚ ਇਕ ਅਖਾਉਤ ਤੇ ਇਕ ਉਦਾਹਰਨ ਵਰਤਿਆ, ਜਿਨ੍ਹਾਂ ਦੀ ਸੰਖੇਪ ਰਚਨਾ ਵਿਚ ਲੋੜ ਨਹੀਂ। ਅੱਗੇ ਚਲ ਕੇ ਫਿਰ ਇਸੇ ਤੱਥ ਦਾ ਵਿਸਤਾਰ ਕੀਤਾ ਗਿਆ ਹੈ, ਜਿਸ ਨੂੰ ਅਸੀਂ ਸੰਜਮ ਨਾਲ ਬਿਆਨ ਕਰ ਸਕਦੇ ਹਾਂ। ਸੋ ਸਾਰੇ ਪੈਰੇ ਦਾ ਸਾਰ ਹੇਠ ਲਿਖੇ ਵਾਕਾਂ ਵਿਚ ਆ ਜਾਂਦਾ ਹੈ।


ਜਿਹੀ ਸੰਗਤ ਤਿਹੀ ਰੰਗਤ

ਹਰੇਕ ਪੁਰਸ ਉਤੇ ਸੰਗਤ ਦਾ ਅਸਰ ਜ਼ਰੂਰ ਹੁੰਦਾ ਹੈ। ਭਲੇ ਤੇ ਸੁਘੜ ਮਨੁੱਖਾਂ ਵਿਚ ਰਹਿ ਕੇ ਮਨੁੱਖ ਨੇਕ ਤੇ ਸੁਘੜ ਬਣਦਾ ਹੈ, ਅਤੇ ਬੁਰਿਆਂ ਤੇ ਐਬੀਆਂ ਦੀ ਸੰਗਤ ਉਸ ਨੂੰ ਬੁਰਾ ਤੇ ਐਬੀ ਬਣਾ ਦੇਂਦੀ ਹੈ। (35 ਸ਼ਬਦ)