ਸੰਖੇਪ-ਰਚਨਾ ਕਰਨ ਦਾ ਢੰਗ


ਹੇਠਾਂ ਦਿੱਤੇ ਪੈਰੇ ਨੂੰ ਧਿਆਨ ਨਾਲ ਪੜ੍ਹੋ-

”ਸਿਨਮਾ ਮਨ-ਪਰਚਾਵੇ ਦਾ ਇਕ ਬਹੁਤਾ ਹੀ ਵਧੀਆ ਸਾਧਨ ਹੈ। ਅਸੀਂ ਥੋੜ੍ਹੇ ਜਿਹੇ ਪੈਸੇ ਖ਼ਰਚ ਕੇ ਹੀ ਕਾਫ਼ੀ ਸਮਾਂ ਆਪਣਾ ਮਨ ਪਰਚਾ ਸਕਦੇ ਹਾਂ। ਇਹੋ ਹੀ ਕਾਰਨ ਹੈ ਕਿ ਸਿਨਮਾ ਵੇਖ ਕੇ ਮਨ ਪਰਚਾਉਣ ਵਾਲਿਆਂ ਦੀਆਂ ਸਿਨਮਾ-ਘਰਾਂ ਅੱਗੇ ਭੀੜਾਂ ਲੱਗੀਆਂ ਰਹਿੰਦੀਆਂ ਹਨ ਤੇ ਹਰ ਇਕ ਆਦਮੀ ਸਿਨਮਾ ਵੇਖਣ ਲਈ ਇਸ ਭੀੜ ਵਿਚ ਸ਼ਾਮਲ ਹੋਣ ਲਈ ਤਿਆਰ ਰਹਿੰਦਾ ਹੈ ਕਿਉਂਕਿ ਦਿਨ ਭਰ ਦਾ ਥਕੇਵਾਂ ਉਤਾਰਨ ਤੇ ਮਨ ਉੱਪਰ ਪਏ ਬੋਝ ਨੂੰ ਲਾਹੁਣ ਲਈ ਹੋਰ ਕੋਈ ਵੀ ਇੰਨਾ ਚੰਗਾ ਸਾਧਨ ਨਹੀਂ।”

ਉਪਰੋਕਤ ਵਾਰਤਾ ਵਿਚ 77 ਸ਼ਬਦ ਹਨ ਤੇ ਇਸ ਦੀ ਸੰਖੇਪ-ਰਚਨਾ ਲਗਪਗ 26 ਸ਼ਬਦਾਂ ਵਿਚ ਬਣਨੀ ਚਾਹੀਦੀ ਹੈ। ਇਸ ਦਾ ਅਧਿਐਨ ਕੀਤਿਆਂ ਸਾਨੂੰ ਪਤਾ ਲਗਦਾ ਹੈ ਕਿ ਇਸ ਵਿਚ ਦੋ ਵਿਚਾਰ ਆਏ ਹਨ। ਇਕ ਸਿਨਮੇ ਦੇ ਮਨ-ਪਰਚਾਵੇ ਦਾ ਵਧੀਆ ਤੇ ਸਸਤਾ ਸਾਧਨ ਹੋਣ ਸੰਬੰਧੀ ਹੈ ਤੇ ਦੂਸਰਾ ਸਿਨਮਾ ਵੇਖਣ ਵਾਲਿਆਂ ਦੀ ਭੀੜ ਸੰਬੰਧੀ। ਇਨ੍ਹਾਂ ਦੋਹਾਂ ਵਿਚਾਰਾਂ ਉੱਤੇ ਉੱਪਰ ਲਿਖੇ ਅਨੁਸਾਰ ਨੰਬਰ ਲਾਓ ਤੇ ਇਕੱਲੇ-ਇਕੱਲੇ ਵਿਚਾਰ ਨੂੰ ਸੰਖੇਪ ਕਰੋ, ਜੋ ਕਿ ਹੇਠ ਲਿਖੇ ਅਨੁਸਾਰ ਹੋਣਗੇ-

1. ਸਿਨਮਾ ਮਨ-ਪਰਚਾਵੇ ਦਾ ਵਧੀਆ ਤੇ ਸਸਤਾ ਸਾਧਨ ਹੈ।

2. ਹਰ ਕੋਈ ਸਿਨਮਾ ਵੇਖਣ ਵਾਲਿਆਂ ਦੀ ਭੀੜ ਵਿਚ ਸ਼ਾਮਲ ਹੋਣ ਲਈ ਤਿਆਰ ਰਹਿੰਦਾ ਹੈ।

ਅਸੀਂ ਦੇਖਦੇ ਹਾਂ ਕਿ ਇਹ ਦੋਵੇਂ ਵਿਚਾਰ ਸਿਨਮੇ ਸੰਬੰਧੀ ਹਨ ; ਇਸ ਕਰਕੇ ਇਸ ਦਾ ਸਿਰਲੇਖ ‘ਸਿਨਮਾ’ ਹੋਵੇਗਾ।

(ਨੋਟ-ਵਿਦਿਆਰਥੀ ਸੰਖੇਪ-ਰਚਨਾ ਬਣਾਉਣ ਦਾ ਸਾਰਾ ਕੰਮ ਇਮਤਿਹਾਨ ਵਿਚ ਮਿਲੀ ਕਾਪੀ ਦੇ ਅੰਤਲੇ ਸਫ਼ੇ ‘ਤੇ ਕਰ ਸਕਦੇ ਹਨ ਤੇ ਫਿਰ ਉਸ ਨੂੰ ਕੱਟ ਦੇਣਾ ਚਾਹੀਦਾ ਹੈ।)

ਇਸ ਤਰ੍ਹਾਂ ਕੀਤੀ ਸੰਖੇਪ-ਰਚਨਾ ਨੂੰ ਫਿਰ ਠੀਕ ਜਗ੍ਹਾ ‘ਤੇ ਇਸ ਪ੍ਰਕਾਰ ਲਿਖੋ-

ਉੱਤਰ : 

ਸਿਰਲੇਖ-ਸਿਨਮਾ

ਸੰਖੇਪ-ਰਚਨਾ : ਸਿਨਮਾ ਮਨ-ਪਰਚਾਵੇ ਦਾ ਸਭ ਤੋਂ ਵਧੀਆ ਤੇ ਸਸਤਾ ਸਾਧਨ ਹੈ, ਇਸ ਕਰਕੇ ਹਰ ਕੋਈ ਸਿਨਮਾ ਵੇਖਣ ਵਾਲਿਆਂ ਦੀ ਭੀੜ ਵਿਚ ਸ਼ਾਮਲ ਹੋਣ ਲਈ ਤਿਆਰ ਰਹਿੰਦਾ ਹੈ।