ਸੋਹਣਾ ਉਹ ਜੋ ਸੋਹਣੇ ਕੰਮ ਕਰੇ – ਪੈਰਾ ਰਚਨਾ

ਇਸ ਕਥਨ ਵਿਚ ਸੌ ਫੀਸਦੀ ਸਚਾਈ ਹੈ ਕਿ ਅਸਲ ਸੋਹਣਾ ਉਹ ਹੁੰਦਾ ਹੈ, ਜੋ ਸੋਹਣੇ ਕੰਮ ਕਰਦਾ ਹੈ। ਅਸਲ ਸੋਹਣਾ ਉਹ ਨਹੀਂ ਹੁੰਦਾ, ਜਿਸ ਦੀ ਸ਼ਕਲ ਸੋਹਣੀ ਹੋਵੇ, ਸਗੋਂ ਉਹ ਹੁੰਦਾ ਹੈ, ਜਿਹੜਾ ਆਤਮਿਕ ਤੇ ਮਾਨਸਿਕ ਤੌਰ ਤੇ ਸੋਹਣਾ ਹੋਵੇ। ਅਸਲ ਸੋਹਣਾ ਬਣਨ ਲਈ ਮਨੁੱਖ ਨੂੰ ਆਪਣੇ ਅੰਦਰ ਕੁੱਝ ਆਤਮਿਕ ਤੇ ਮਾਨਸਿਕ ਗੁਣ ਪੈਦਾ ਕਰਨੇ ਚਾਹੀਦੇ ਹਨ। ਸਰੀਰਕ ਸੁੰਦਰਤਾ ਥੋੜ੍ਹ – ਚਿਰੀ ਹੁੰਦੀ ਹੈ। ਇਹ ਸਮੇਂ ਨਾਲ ਨਾਸ਼ ਹੋ ਜਾਂਦੀ ਹੈ। ਸੁੰਦਰ ਚਿਹਰਾ ਮਰਦ ਜਾਂ ਤੀਵੀਂ ਦੀ ਪੱਕੀ ਜਾਇਦਾਦ ਨਹੀਂ। ਇਹ ਕਿਸੇ ਵੀ ਬਿਮਾਰੀ ਜਾਂ ਦੁਰਘਟਨਾ ਨਾਲ ਉਸ ਪਾਸੋਂ ਖੁੱਸ ਸਕਦੀ ਹੈ। ਪਰੰਤੂ ਸੁੰਦਰ ਆਤਮਾ ਤੇ ਮਨ ਵਿੱਚੋਂ ਉਪਜੇ ਕਾਰਜ ਅਤੇ ਕਿਰਤਾਂ ਬੰਦੇ ਦੇ ਮਰਨ ਪਿੱਛੋਂ ਜਿਊਂਦੀਆਂ ਰਹਿੰਦੀਆਂ ਹਨ ਤੇ ਲੋਕਾਂ ਨੂੰ ਉਨ੍ਹਾਂ ਵਿਚ ਸੁੰਦਰਤਾ ਦੀ ਸਦੀਵੀ ਝਲਕ ਦਿਖਾਈ ਦਿੰਦੀ ਹੈ। ਉੱਚ ਨੈਤਿਕ ਗੁਣਾਂ ਤੇ ਆਦਰਸ਼ਾਂ ਵਾਲਾ ਬੰਦਾ ਭਾਵੇਂ ਸ਼ਕਲੋਂ ਕੋਝਾ ਵੀ ਹੋਵੇ, ਉਹ ਸਹੀ ਅਰਥਾਂ ਵਿਚ ਸੁੰਦਰ ਹੁੰਦਾ ਹੈ। ਉਸ ਦੇ ਹਰ ਕਾਰਜ ਵਿੱਚੋਂ ਚੰਗਿਆਈ ਦੀ ਮਹਿਕ ਖਿਲਰਦੀ ਹੈ। ਉਸ ਦੇ ਮੂੰਹੋਂ ਨਿਕਲਿਆ ਇਕ – ਇਕ ਸ਼ਬਦ ਦੁਖੀ ਲੋਕਾਂ ਦੇ ਮਨ ਨੂੰ ਠੰਢ ਪਾਉਂਦਾ ਹੈ। ਦੁਨਿਆਵੀ ਲੋਕ ਚੰਮ ਦੀ ਸੁੰਦਰਤਾ ਉੱਪਰ ਮੋਹਿਤ ਹੁੰਦੇ ਹਨ। ਇਹ ਉਨ੍ਹਾਂ ਨੂੰ ਵਕਤੀ ਖੁਸ਼ੀ ਜ਼ਰੂਰ ਦਿੰਦੀ ਹੈ, ਪਰ ਕੁੱਝ ਸਮੇਂ ਪਿੱਛੋਂ ਨਾ ਉਹ ਸੁੰਦਰਤਾ ਰਹਿੰਦੀ ਹੈ ਤੇ ਨਾ ਉਸ ਤੋਂ ਪ੍ਰਾਪਤ ਹੋਣ ਵਾਲੀ ਖੁਸ਼ੀ। ਮਨੁੱਖ ਦੇ ਸੋਹਣੇ ਤੇ ਨੇਕੀ ਭਰੇ ਕੰਮ ਆਲੇ – ਦੁਆਲੇ ਵਿਚ ਖੁਸ਼ੀ ਤੇ ਪ੍ਰੇਮ – ਪਿਆਰ ਦਾ ਪਸਾਰ ਕਰਦੇ ਹਨ। ‘ਕੱਛ ਵਿਚ ਛੁਰੀ ਤੇ ਮੂੰਹੋਂ ਰਾਮ – ਰਾਮ’ ਕਰਨ ਵਾਲਾ ਮਨੁੱਖ ਸਭ ਤੋਂ ਖ਼ਤਰਨਾਕ ਹੁੰਦਾ ਹੈ। ਇਸ ਲਈ ਸੋਹਣਾ ਬੰਦਾ ਉਹ ਹੀ ਹੁੰਦਾ ਹੈ, ਜਿਸ ਦੇ ਕੰਮ ਸੋਹਣੇ ਹੁੰਦੇ ਹਨ। ਕੇਵਲ ਸ਼ਕਲ ਦੀ ਸੁੰਦਰਤਾ ਦੇ ਮਾਲਕ ਨੂੰ ਅਸਲ ਸੋਹਣਾ ਨਹੀਂ ਕਿਹਾ ਜਾ ਸਕਦਾ।