ਸੈਰ – ਸਪਾਟਾ – ਪੈਰਾ ਰਚਨਾ

ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਦੂਰ – ਦੂਰ ਤੱਕ ਇਧਰ – ਉਧਰ ਜਾਣ ਤੇ ਘੁੰਮਣ ਨੂੰ ਸੈਰ – ਸਪਾਟਾ ਆਖਦੇ ਹਨ। ਇਸ ਦੇ ਕਈ – ਕਈ ਰੂਪ ਹਨ। ਆਪਣੇ ਘਰ ਵਿੱਚੋਂ ਸਵੇਰੇ – ਸ਼ਾਮ ਬਾਹਰ ਨਿਕਲਣਾ ਤੇ ਦੋ – ਚਾਰ ਮੀਲ ਬਾਹਰ ਸੜਕ ਦੇ ਕੰਢੇ – ਕੰਢੇ, ਖੇਤਾਂ ਦੀਆਂ ਵੱਟਾਂ ਉੱਪਰ ਕਿਸੇ ਨਹਿਰ ਜਾਂ ਸੂਏ ਦੇ ਕੰਢੇ – ਕੰਢੇ ਘੁੰਮਦੇ ਫਿਰਨਾ ਵੀ ਸੈਰ ਕਹਾਉਂਦੀ ਹੈ, ਪਰ ਇਹ ਸਿਹਤ ਦੀ ਦ੍ਰਿਸ਼ਟੀ ਨੂੰ ਮੁੱਖ ਰੱਖ ਕੇ ਪੈਦਾ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਦੂਰ – ਦਰਾਡੇ ਵਸਦੇ ਸੰਬੰਧੀਆਂ ਨੂੰ ਮਿਲਣ ਲਈ ਵੀ ਅਸੀਂ ਘਰੋਂ ਬਾਹਰ ਜਾਂਦੇ ਹਾਂ, ਪਰ ਇਹ ਵੀ ਅਸੀਂ ਸਮਾਜਿਕ ਜਿੰਮੇਵਾਰੀਆਂ ਦੀ ਮਜਬੂਰੀ ਅਧੀਨ ਕਰਦੇ ਹਾਂ। ਤੀਰਥਾਂ ਤੇ ਹੋਰਨਾਂ ਧਾਰਮਿਕ ਅਸਥਾਨਾਂ ਦੀ ਯਾਤਰਾ ਵੀ ਇਕ ਚੰਗਾ ਸੈਰ – ਸਪਾਟਾ ਹੈ, ਪਰੰਤੂ ਇਸ ਨਾਲ ਸਾਡੇ ਮਨਾਂ ਉੱਪਰ ਧਾਰਮਿਕ ਭਾਵਨਾਵਾਂ ਤੇ ਰੂਹ ਦੀ ਚਿੰਤਾ ਦਾ ਭਾਰ ਰਹਿੰਦਾ ਹੈ। ਤੀਰਥ ਯਾਤਰਾ ਸਾਹਮਣੇ ਆਮ ਕਰਕੇ ਇਸ ਜਹਾਨ ਦੀਆਂ ਖੁਸ਼ੀਆਂ ਨਾਲੋਂ ਅਗਲੇ ਜਹਾਨ ਦੀਆਂ ਖੁਸ਼ੀਆਂ ਸੰਬੰਧੀ ਸ਼ੁਭ ਕਮਾਈ ਕਰਨ ਦਾ ਉਦੇਸ਼ ਹੁੰਦਾ ਹੈ ਅਤੇ ਇਹ ਯਾਤਰਾਵਾਂ ਆਮ ਕਰਕੇ ਸੀਮਿਤ ਹੁੰਦੀਆਂ ਹਨ। ਇਤਿਹਾਸਕ ਮਹੱਤਤਾ ਦੇ ਸਥਾਨਾਂ, ਕੁਦਰਤ ਦੇ ਸੁੰਦਰ ਨਜ਼ਾਰਿਆਂ ਤੇ ਚੰਗੇ ਪੌਣ – ਪਾਣੀ ਵਾਲੇ ਸਥਾਨਾਂ ਨੂੰ ਦੇਖਣ ਜਾਣਾ ਸੈਰ – ਸਪਾਟੇ ਦਾ ਇਕ ਉੱਤਮ ਨਮੂਨਾ ਹੈ। ਉਂਞ ਕਈ ਸੈਰ – ਸਪਾਟੇ ਦੇ ਸ਼ੌਕੀਨ ਘਰੋਂ ਕੋਈ ਨਿਸ਼ਾਨਾ ਮਿੱਥ ਕੇ ਨਹੀਂ ਤੁਰਦੇ, ਸਗੋਂ ਦਿਨ ਵਿਚ ਕਈ – ਕਈ ਘੰਟੇ ਪੈਦਲ ਤੁਰ ਕੇ, ਸਾਈਕਲ ਚਲਾ ਕੇ, ਸਕੂਟਰ ਜਾਂ ਕਾਰ ਵਿਚ ਘੁੰਮ ਕੇ ਲੰਮੀਆਂ – ਲੰਮੀਆਂ ਸੈਰਾਂ ਕਰਦੇ ਤੇ ਆਪਣੇ ਜੀਵਨ ਨੂੰ ਖੇੜੇ ਨਾਲ ਭਰਦੇ ਹਨ। ਸੈਰ – ਸਪਾਟਾ ਕੇਵਲ ਆਪਣੇ ਦੇਸ਼ ਦੇ ਇਲਾਕੇ ਵਿਚ ਨਹੀਂ ਕੀਤਾ ਜਾਂਦਾ, ਸਗੋਂ ਬਾਹਰਲੇ ਦੇਸ਼ਾਂ ਦਾ ਸੈਰ – ਸਪਾਟਾ ਵੀ ਕੀਤਾ ਜਾਂਦਾ ਹੈ। ਇਹ ਸੈਰ – ਸਪਾਟਾ ਮਨੁੱਖ ਦੀ ਰੂਹ ਨੂੰ ਚੌੜਿਤਣ ਬਖਸ਼ਦਾ ਹੈ ਤੇ ਉਸ ਦੀ ਕੁੱਝ ਦੇਖਣ, ਸੁਣਨ ਤੇ ਜਾਣਨ ਦੀ ਜਗਿਆਸਾ ਨੂੰ ਸੰਤੁਸ਼ਟ ਕਰਦਾ ਹੈ। ਉਸ ਦਾ ਅਨੁਭਵ ਵਧਦਾ ਹੈ, ਮਨ ਖਿੜਦਾ ਹੈ ਤੇ ਸਰੀਰ ਤੰਦਰੁਸਤੀ ਦਾ ਆਨੰਦ ਮਾਣਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਸਾਡੇ ਲੋਕਾਂ ਵਿਚ ਸੈਰ – ਸਪਾਟੇ ਦਾ ਸ਼ੌਕ ਨਹੀਂ। ਇਸ ਦਾ ਇਕ ਕਾਰਨ ਗ਼ਰੀਬੀ ਵੀ ਹੈ। ਉਂਞ ਰੋਟੀ ਤਾਂ ਘਰ ਵੀ ਖਾਈਦੀ ਹੈ। ਜੇਕਰ ਕੁੱਝ ਸਮਾਂ ਕੱਢ ਕੇ ਸੰਜਮ ਨਾਲ ਖ਼ਰਚਾ ਕੀਤਾ ਜਾਵੇ ਤਾਂ ਸੈਰ – ਸਪਾਟੇ ਉੱਪਰ ਕਿਰਾਇਆ ਭਾੜਾ ਹੀ ਲਗਦਾ ਹੈ। ਸਾਰੀ ਉਮਰ ਧੰਦੇ ਪਿੱਟਦਿਆਂ ਗੁਜ਼ਾਰਨ ਵਿਚ ਕੀ ਵਡਿਆਈ ਹੈ? ਸੈਰ – ਸਪਾਟਿਆਂ ਤੋਂ ਸੱਖਣੇ ਮਨੁੱਖ ਦੀ ਹਾਲਤ ਖੂਹ ਦੇ ਡੱਡੂ ਵਾਲੀ ਹੁੰਦੀ ਹੈ।