ਸਿੱਠਣੀਆਂ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ਸਿੱਠਣੀਆਂ ਕਿਹੜੇ ਮੌਕੇ ਉੱਤੇ ਕਿਸ ਵੱਲੋਂ ਅਤੇ ਕਿਸ ਨੂੰ ਦਿੱਤੀਆਂ ਜਾਂਦੀਆਂ ਹਨ ?

ਉੱਤਰ – ਸਿੱਠਣੀਆਂ ਕੁੜੀ ਦੇ ਵਿਆਹ ਵੇਲੇ ਕੁਡ਼ੀ ਦੇ ਘਰ ਦ ਸ਼ਰੀਕਣੀਆਂ ਤੇ ਮੇਲਣਾਂ ਵਲੋਂ ਜਾਂਞੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਲਾੜੇ ਤੇ ਪਿਓ ਨੂੰ ਸਿੱਧੇ ਤੌਰ ‘ਤੇ ਮਖ਼ੌਲ ਦੇ ਪਾਤਰ ਬਣਾਇਆ ਜਾਂਦਾ ਹੈ ਤੇ ਘਰੀਂ ਬੈਠਿਆਂ ਉਨ੍ਹਾਂ ਦੀਆਂ ਭੈਣਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਨੂੰ ਵੀ ਮਜ਼ਾਕ ਦੇ ਪਾਤਰ ਬਣਾਇਆ ਜਾਂਦਾ ਹੈ।

ਪ੍ਰਸ਼ਨ 2 . ਸਿੱਠਣੀਆਂ ਵਿਚ ਮਜ਼ਾਕ ਦਾ ਪਾਤਰ ਕੌਣ – ਕੌਣ ਬਣਦਾ ਹੈ?

ਉੱਤਰ – ਸਿੱਠਣੀਆਂ ਵਿਚ ਲਾੜਾ, ਕੁੜਮ, ਲਾੜੇ ਦੀ ਮਾਂ, ਚਾਚਾ, ਹੋਰ ਰਿਸ਼ਤੇਦਾਰ ਤੇ ਸਾਰੇ ਜਾਂਞੀ ਮਜ਼ਾਕ ਦੇ ਪਾਤਰ ਬਣਦੇ ਹਨ।

ਪ੍ਰਸ਼ਨ 3 . ਸਿੱਠਣੀਆਂ ਵਿਚ ਹਾਸੇ – ਮਜ਼ਾਕ ਲਈ ਕਿਹੜੇ – ਕਿਹੜੇ ਵਿਸ਼ੇ ਚੁਣੇ ਜਾਂਦੇ ਹਨ?

ਉੱਤਰ – ਸਿੱਠਣੀਆਂ ਵਿਚ ਹਾਸੇ – ਮਜ਼ਾਕ ਲਈ ਲਾੜੇ, ਉਸ ਦੇ ਮਾਂ – ਪਿਓ ਤੇ ਚਾਚਿਆਂ – ਤਾਇਆਂ ਦੀ ਸ਼ਕਲ ਤੇ ਸਰੀਰਕ ਬਣਤਰ, ਉਨ੍ਹਾਂ ਦਾ ਪਿਛੋਕੜ, ਕੰਜੂਸੀ, ਆਲਸ, ਮੂਰਖਤਾ ਤੇ ਬਹੁਤਾ ਖਾਣ ਦੀ ਰੁਚੀ ਆਦਿ ਵਿਸ਼ੇ ਚੁਣੇ ਜਾਂਦੇ ਹਨ।

ਪ੍ਰਸ਼ਨ 4 . ‘ਜਾਂਞੀਆਂ ਨੂੰ ਖਲ਼ ਕੁੱਟ ਦਿਓ……’ ਇਸ ਸਿੱਠਣੀ ਵਿਚ ਕਿਸ ਉੱਤੇ ਕਿਹੜੀ – ਕਿਹੜੀ ਗੱਲੋਂ ਵਿਅੰਗ ਕੱਸਿਆ ਗਿਆ ਹੈ?

ਉੱਤਰ – ਇਸ ਸਿੱਠਣੀ ਵਿਚ ਜਾਂਞੀਆਂ ਉੱਤੇ ਉਨ੍ਹਾਂ ਦੀ ਖਾ – ਖਾ ਕੇ ਨਾ ਰੱਜਣ ਦੀ ਰੁਚੀ ਉੱਪਰ ਵਿਅੰਗ ਕੱਸਿਆ ਗਿਆ ਹੈ।

ਪ੍ਰਸ਼ਨ 5 . ਸਿੱਠਣੀਆਂ ਵਿਚ ਖਾਣ – ਪੀਣ ਸੰਬੰਧੀ ਕੀ ਮਖ਼ੌਲ ਕੀਤਾ ਹੁੰਦਾ ਹੈ? ਅਜਿਹੀ ਕਿਸੇ ਇੱਕ ਸਿੱਠਣੀ ਦਾ ਉਦਾਹਰਣ ਦਿਓ।

ਉੱਤਰ – ਸਿੱਠਣੀਆਂ ਵਿਚ ਲਾੜੇ ਤੇ ਜਾਂਞੀਆਂ ਦੇ ਘਰੋਂ ਭੁੱਖੇ ਹੋਣ ਤੇ ਜੰਞ ਵਿਚ ਬਹੁਤਾ ਖਾਣ ਦੀਆਂ ਰੁਚੀਆਂ ਉੱਤੇ ਵਿਅੰਗ ਕੀਤਾ ਹੁੰਦਾ ਹੈ। ਉਦਾਹਰਨ –

ਥੋੜ੍ਹਾ – ਥੋੜ੍ਹਾ ਖਾਇਓ ਜੀ,
ਗਲੀਆਂ ਨਾ ਤਰਕਾਇਓ ਜੀ।

ਪ੍ਰਸ਼ਨ 6 . ਜਾਂਞੀਆਂ ਦੀ ਲਾਜ ਦੇ ਭਾਵ ਨੂੰ ਕਿਹੜੀ – ਕਿਹੜੀ ਗੱਲ ਕਹਿ ਕੇ ਟੁੰਬਿਆ ਗਿਆ ਹੈ?

ਉੱਤਰ – ਜਾਂਞੀਆਂ ਦੀ ਲਾਜ ਨੂੰ ਲਾੜੇ ਦੇ ਕਾਲੇ ਰੰਗ, ਕਰੂਪਤਾ, ਭੁੱਖ, ਬਿਨਾਂ ਵਾਜਿਓਂ ਆਉਣ ਤੇ ਵਰੀ ਵਿਚ ਨਕਲੀ ਗਹਿਣੇ ਲਿਆਉਣ ਦੀਆਂ ਗੱਲਾਂ ਕਹਿ ਕੇ ਟੁੰਬਿਆ ਗਿਆ ਹੈ।

ਪ੍ਰਸ਼ਨ 7 . ਸਿੱਠਣੀਆਂ ਵਿਚ ਕਿਹੜੇ – ਕਿਹੜੇ ਪ੍ਰਕਿਰਤਕ ਹਵਾਲੇ ਮਿਲਦੇ ਹਨ?

ਉੱਤਰ – ਸਿੱਠਣੀਆਂ ਵਿਚ ਤੂਤ, ਟਾਲ੍ਹੀ ਆਦਿ ਰੁੱਖਾਂ, ਡੱਡੂ ਤੇ ਚਾਮਚੜਿਕ ਆਦਿ ਜੀਵਾਂ, ਵਹਿੜਕਾ ਆਦਿ ਪਸ਼ੂਆਂ ਅਤੇ ਕਰੇਲੇ, ਕੱਦੂ ਤੇ ਗੁੱਲੀਆਂ ਆਦਿ ਸਬਜ਼ੀਆਂ ਤੋਂ ਇਲਾਵਾ ਛੱਪੜ, ਖੂਹ, ਪੱਤੇ, ਟੋਏ, ਮਿਰਚਾਂ, ਮੱਕੀ, ਖੱਪਰ ਆਦਿ ਦੇ ਪ੍ਰਕਿਰਤਕ ਹਵਾਲੇ ਆਏ ਹਨ।