ਸਿਰਜਣਾ – ਪਾਠ ਨਾਲ਼ ਸੰਬੰਧਿਤ ਪ੍ਰਸ਼ਨ – ਉੱਤਰ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਸਿਰਜਣਾ – ਪਾਲੀ ਭੁਪਿੰਦਰ ਸਿੰਘ


ਪ੍ਰਸ਼ਨ 1 . ਬੀਜੀ ਸਿਰਜਣਾ ਦੀ ਸਕੈਨਿੰਗ ਕਿਉਂ ਕਰਾਉਣਾ ਚਾਹੁੰਦੀ ਹੈ ?

ਉੱਤਰ – ਸਿਰਜਨਾ ਇੱਕ ਕੁੜੀ ਨੂੰ ਜਨਮ ਦੇ ਚੁੱਕੀ ਹੈ। ਅੱਗੋਂ ਉਹ ਗਰਭਵਤੀ ਹੈ। ਉਸ ਦੀ ਸੱਸ ਬੀਜੀ ਉਸ ਦੀ ਸਕੈਨਿੰਗ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਅੱਗੋਂ ਹੋਰ ਕੁੜੀ ਨੂੰ ਜਨਮ ਦੇਵੇ।

ਇਸ ਮੰਤਵ ਲਈ ਉਹ ਉਸਨੂੰ ਉਸ ਦੀ ਮਰਜ਼ੀ ਦੇ ਉਲਟ ਕਲੀਨਿਕ ਵਿੱਚ ਲਿਜਾ ਕੇ ਉਸ ਦੀ ਅਲਟਰਾਸਾਊਂਡ ਕਰਕੇ ਪਤਾ ਕਰਨਾ ਚਾਹੁੰਦੀ ਹੈ।

ਪ੍ਰਸ਼ਨ 2 . ਸਿਰਜਨਾ ਗਰਭਪਾਤ ਨੂੰ ਪਾਪ ਦੇ ਬਰਾਬਰ ਕਿਉਂ ਸਮਝਦੀ ਹੈ ?

ਉੱਤਰ – ਸਿਰਜਨਾ ਕੁੜੀ – ਮੁੰਡੇ ਵਿੱਚ ਕੋਈ ਫ਼ਰਕ ਨਹੀਂ ਸਮਝਦੀ। ਉਹ ਆਪਣੀ ਸੱਸ ਦੀ ਕਹੀ ਇਸ ਗੱਲ ਲਈ ਤਿਆਰ ਨਹੀਂ ਹੁੰਦੀ ਕਿ ਜੇ ਉਸ ਦੇ ਪੇਟ ਵਿੱਚ ਕੁੜੀ ਹੋਵੇ ਤਾਂ ਉਸ ਦੀ ਜੰਮਣ ਤੋਂ ਪਹਿਲਾਂ ਹੱਤਿਆ ਕਰ ਦਿੱਤੀ ਜਾਵੇ।

ਸਿਰਜਨਾ ਭਰੂਣ ਹੱਤਿਆ ਨੂੰ ਪਾਪ ਸਮਝਦੀ ਹੈ। ਇਸੇ ਲਈ ਉਸਨੂੰ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਦੀ ਸੱਸ ਹਸਪਤਾਲ ਲੈ ਜਾਂਦੀ ਹੈ। ਪਰ ਸਿਰਜਨਾ ਨੂੰ ਇਹ ਕੰਮ ਪਾਪ ਲੱਗਦਾ ਹੈ।

ਪ੍ਰਸ਼ਨ 3 . ਸਿਰਜਨਾ ਪਰੇਸ਼ਾਨ ਕਿਉਂ ਰਹਿੰਦੀ ਹੈ?

ਉੱਤਰ – ਜਿੰਨਾ ਚਿਰ ਸਿਰਜਨਾ ਇਹ ਫ਼ੈਸਲਾ ਨਹੀਂ ਲੈ ਲੈਂਦੀ ਕਿ ਉਸ ਨੇ ਕਿਸੇ ਵੀ ਕੀਮਤ ਉੱਤੇ ਆਪਣੀ ਅਣਜੰਮੀ ਧੀ ਨੂੰ ਬਚਾਉਣਾ ਹੈ, ਉਹ ਬੁਰੀ ਤਰ੍ਹਾਂ ਪਰੇਸ਼ਾਨ ਰਹਿੰਦੀ ਹੈ।

ਉਸ ਦੀ ਸੱਸ ਉਸ ਨੂੰ ਸਕੈਨਿੰਗ ਲਈ ਮਜ਼ਬੂਰ ਕਰਦੀ ਹੈ ਤੇ ਉਸ ਦਾ ਪਤੀ ਕੁਲਦੀਪ ਵੀ ਉਸ ਨੂੰ ਸਹਿਯੋਗ ਨਹੀਂ ਦਿੰਦਾ।

ਉਹ ਆਪਣੀ ਸੱਸ ਨੂੰ ਤਰਕ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਭਰੂਣ ਹੱਤਿਆ ਠੀਕ ਨਹੀਂ, ਕਿਉਂਕਿ ਅੱਗੋਂ ਵੀ ਜ਼ਰੂਰੀ ਨਹੀਂ ਕਿ ਮੁੰਡਾ ਹੀ ਹੋਵੇ, ਕੁੜੀ ਵੀ ਆ ਸਕਦੀ ਹੈ।

ਪ੍ਰਸ਼ਨ 4 . ਸਿਰਜਨਾ ਇੱਕ ਸੰਵੇਦਨਸ਼ੀਲ ਮਾਂ ਕਿਵੇਂ ਹੈ ?

ਉੱਤਰ – ਸਿਰਜਨਾ ਇੱਕ ਸੰਵੇਦਨਸ਼ੀਲ ਮਾਂ ਹੈ। ਜਦੋਂ ਉਸ ਦੀ ਸੱਸ (ਬੀਜੀ) ਉਸ ਦੀ ਭਰੂਣ ਹੱਤਿਆ ਦੀ ਗੱਲ ਕਰਦੀ ਹੈ ਤਾਂ ਉਸ ਦੀ ਅੰਦਰਲੀ ਦੁਨੀਆ ਵਿੱਚ ਕੁੱਝ ਹੁੰਦਾ ਹੈ।

ਜਦੋਂ ਦੀ ਉਸ ਦੇ ਅੰਦਰ ਦੀ ਕਰੂੰਬਲ ਫੁੱਟੀ ਸੀ, ਉਸ ਨੂੰ ਬੜਾ ਚੰਗਾ ਲੱਗ ਰਿਹਾ ਸੀ। ਉਹ ਸੋਚਦੀ ਹੈ ਕਿ ਉਹ ਆਪਣੇ ਅੰਦਰ ਇੱਕ ਸਿਰਜਣਾ ਕਰ ਰਹੀ ਹੈ। ਉਸ ਨੂੰ ਆਪਣੇ ਔਰਤ ਹੋਣ ਦਾ ਮਤਲਬ ਸਮਝ ਆਉਣ ਲੱਗਦਾ ਹੈ।

ਪ੍ਰਸ਼ਨ 5 . “ਜੇਕਰ ਪੜ੍ਹੇ – ਲਿਖੇ ਲੋਕ ਵੀ ਮੁੰਡੇ ਕੁੜੀ ਵਿੱਚ ਫ਼ਰਕ ਕਰਨ ਲੱਗ ਜਾਣ ਤਾਂ ਸੁਸਾਇਟੀ ਦਾ ਕੀ ਬਣੇਗਾ।” ਇਸ ਕਥਨ ਬਾਰੇ ਤੁਹਾਡੇ ਕੀ ਵਿਚਾਰ ਹਨ?

ਉੱਤਰ – ‘ਸਿਰਜਣਾ’ ਇਕਾਂਗੀ ਦੀ ਡਾਕਟਰ ਇੱਕ ਸਮਝਦਾਰ ਔਰਤ ਹੈ ਜੋ ਸਿਰਜਨਾ ਨੂੰ ਸਮਝਾਉਂਦਿਆਂ ਹੋਇਆਂ ਕਹਿੰਦੀ ਹੈ ਕਿ ਉਹ ਇੱਕ ਪੜ੍ਹੀ – ਲਿਖੀ ਮੁਟਿਆਰ ਹੈ। “ਜੇਕਰ ਪੜ੍ਹੇ – ਲਿਖੇ ਲੋਕ ਵੀ ਮੁੰਡੇ ਕੁੜੀ ਵਿੱਚ ਫ਼ਰਕ ਕਰਨ ਲੱਗ ਜਾਣ ਤਾਂ ਸੁਸਾਇਟੀ ਦਾ ਕੀ ਬਣੇਗਾ।”

ਡਾਕਟਰ ਸਿਰਜਨਾ ਨੂੰ ਆਖਦੀ ਹੈ ਕਿ ਭਰੂਣ ਹੱਤਿਆ ਸਿਰਫ਼ ਉਨ੍ਹਾਂ ਦੀ ਨਹੀਂ, ਸਮੁੱਚੀ ਸੁਸਾਇਟੀ ਦੀ ਹੈ। ਇੱਕ ਇਕੱਲੀ ਸਮੁੱਚੀ ਸੁਸਾਇਟੀ ਵਿੱਚ ਬਦਲਾਅ ਨਹੀਂ ਲਿਆ ਸਕਦੀ। ਹੋਰਨਾਂ ਨੂੰ ਵੀ ਉਸ ਵਰਗੀ ਸੋਚ ਰੱਖਣੀ ਚਾਹੀਦੀ ਹੈ।