ਸਾਰ : ਬਾਗ਼ੀ ਦੀ ਧੀ
ਪ੍ਰਸ਼ਨ. ‘ਬਾਗ਼ੀ ਦੀ ਧੀ’ ਕਹਾਣੀ ਦਾ ਸਾਰ ਲਗਪਗ 150 ਸ਼ਬਦਾਂ ਵਿਚ ਲਿਖੋ।
ਉੱਤਰ : ਦੇਸ਼ ਦੀ ਅਜ਼ਾਦੀ ਦੀ ਲਹਿਰ ਸਮੇਂ ਜਦੋਂ ਪੁਲਿਸ ਕਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਆਈ, ਤਾਂ ਉਸ ਸਮੇਂ ਉਸ ਦੀ ਬਾਰਾਂ ਕੁ ਸਾਲਾਂ ਦੀ ਧੀ ਲਾਜ ਨੂੰ 102° ਬੁਖ਼ਾਰ ਸੀ। ਉਸ ਦੀ ਪਤਨੀ ਸ਼ਰਨ ਕੌਰ ਵੀ ਇਸਤਰੀਆਂ ਦੀ ਇਕ ਮੀਟਿੰਗ ਵਿਚ ਗਈ ਹੋਈ ਸੀ। ਕਿਸ਼ਨ ਸਿੰਘ ਨੂੰ ਲਾਜ ਦੀ ਬਿਮਾਰੀ ਦਾ ਫ਼ਿਕਰ ਸੀ, ਪਰੰਤੂ ਉਸ ਨੇ ਉਸ ਨੂੰ ਬੇਫ਼ਿਕਰ ਹੋ ਜੇਲ੍ਹ ਜਾਣ ਲਈ ਪ੍ਰੇਰਿਆ। ਕਿਸ਼ਨ ਸਿੰਘ ਲਾਜ ਨੂੰ ਘਰ ਆਈ ਆਪਣੀ ਭੈਣ ਵੀਰਾਂ ਵਾਲੀ ਦੇ ਹਵਾਲੇ ਕਰ ਕੇ ਆਪ ਪੁਲਿਸ ਵਾਲਿਆਂ ਨਾਲ ਟਾਂਗੇ ਵਿਚ ਸਵਾਰ ਹੋ ਗਿਆ।
ਦੂਜੇ ਪਾਸੇ ਕੌਮੀ ਝੰਡਾ ਹੱਥ ਵਿਚ ਫੜ ਕੇ ਇਸਤਰੀਆਂ ਦੇ ਜਲੂਸ ਦੀ ਅਗਵਾਈ ਕਰਦਿਆਂ ਸ਼ਰਨ ਕੌਰ ਨੇ ਵੀ ਗ੍ਰਿਫ਼ਤਾਰੀ ਦੇ ਦਿੱਤੀ। ਉੱਥੇ ਕਿਸ਼ਨ ਸਿੰਘ ਨੇ ਬੀਬੀਆਂ ਦੇ ਜੇਲ੍ਹ ਅਧਿਕਾਰੀਆਂ ਨਾਲ ਝੰਡੇ ਸੰਬੰਧੀ ਹੋ ਰਹੇ ਝਗੜੇ ਨੂੰ ਨਿਪਟਾਇਆ ਤੇ ਫਿਰ ਦੋਵੇਂ ਪਤੀ-ਪਤਨੀ ਵੱਖ-ਵੱਖ ਵਾਰਡਾਂ ਵਿੱਚ ਕੈਦ ਕਰ ਦਿੱਤੇ ਗਏ।
ਲਾਜ ਦਾ ਬੁਖ਼ਾਰ ਟੁੱਟਣ ਮਗਰੋਂ ਵੀਰਾਂ ਵਾਲੀ ਉਸ ਨੂੰ ਆਪਣੇ ਘਰ ਲੈ ਗਈ। ਕੁੱਝ ਸਮੇਂ ਮਗਰੋਂ ਉਸ ਦਾ ਪਤੀ ਹੁਸ਼ਨਾਕ ਸਿੰਘ ਛੁੱਟੀ ਆਇਆ, ਤਾਂ ਉਹ ਲਾਜ ਨੂੰ ਆਪਣੇ ਘਰ ਦੇਖ ਕੇ ਗੁੱਸੇ ਨਾਲ ਭਰ ਗਿਆ। ਉਸ ਨੇ ਆਪਣੀ ਪਤਨੀ ਨੂੰ ਬੜੇ ਹੱਠ ਨਾਲ ਕਿਹਾ ਕਿ ਉਸ ਨੇ ਬਾਗ਼ੀਆਂ ਦੀ ਧੀ ਨੂੰ ਘਰ ਰੱਖ ਕੇ ਉਸ ਦੀ ਤਰੱਕੀ ਦੇ ਰਸਤੇ ਵਿਚ ਰੋਕ ਪਾਈ ਹੈ। ਵੀਰਾਂ ਵਾਲੀ ਦੀ ਇਕ ਨਾ ਚੱਲੀ। ਛੁੱਟੀ ਖ਼ਤਮ ਹੋਣ ਤੇ ਹੁਸ਼ਨਾਕ ਸਿੰਘ ਵੀਰਾਂ ਵਾਲੀ ਨੂੰ ਟਾਂਗੇ ਵਿਚ ਬਿਠਾ ਕੇ ਆਪਣੇ ਨਾਲ ਲੈ ਗਿਆ ਤੇ ਲਾਜ ਬੂਹੇ ਵਿਚ ਕੁੜੀਆਂ ਨਾਲ ਖੇਡਦੀ ਪਿੱਛੇ ਰਹਿ ਗਈ। ਅੰਤ ਵੀਰਾਂ ਵਾਲੀ ਦੇ ਮਨ ਉੱਪਰ ਭਰਾ ਦੀ ਅਮਾਨਤ ਵਿੱਚ ਖ਼ਿਆਨਤ ਕਰਨ ਦੇ ਸਦਮੇ ਦਾ ਬਹੁਤ ਬੋਝ ਰਿਹਾ ਤੇ ਉਹ ਇਸ ਸਦਮੇ ਨਾਲ ਹੀ ਮਰ ਗਈ।
ਲਾਜ ਹੁਣ ਲਾਹੌਰ ਤਪਦਿਕ ਦੇ ਹਸਪਤਾਲ ਵਿਚ ਦਾਖ਼ਲ ਸੀ। ਰਿਹਾਈ ਮਗਰੋਂ ਸ਼ਰਨ ਕੌਰ ਹਸਪਤਾਲ ਪੁੱਜੀ, ਤਾਂ ਉੱਥੇ ਲਾਜ ਨੂੰ ਉਸ ਦੇ ਅਸਲੀ ਨਾਂ ਤੋਂ ਕੋਈ ਨਹੀਂ ਸੀ ਜਾਣਦਾ। ਉਸ ਦਾ ਨਾਂ ‘ਬਾਗ਼ੀ ਦੀ ਧੀ’ ਪ੍ਰਸਿੱਧ ਹੋ ਚੁੱਕਾ ਸੀ। ਇਕ ਸਫ਼ਾਈ-ਸੇਵਿਕਾ ਤੋਂ ਪਤਾ ਕਰ ਕੇ ਜਦੋਂ ਉਹ ਲਾਜ ਦੇ ਕਮਰੇ ਵਿਚ ਪੁੱਜੀ, ਤਾਂ ਉਹ (ਲਾਜ) ਮਰ ਚੁੱਕੀ ਸੀ।