ਲੇਖ ਰਚਨਾ : ਭਾਰਤੀ ਸਮਾਜ ਵਿੱਚ ਇਸਤਰੀ


ਭਾਰਤੀ ਸਮਾਜ ਵਿੱਚ ਇਸਤਰੀ


ਸਮਾਜ ਦੀ ਤਰੱਕੀ ਤੇ ਔਰਤ ਦਾ ਯੋਗਦਾਨ : ਨਿਰਸੰਦੇਹ ਕਿਸੇ ਦੇਸ਼ ਦੀ ਮਹਾਨਤਾ ਉਸ ਦੇਸ਼ ਦੀ ਇਸਤਰੀ ਦੀ ਸਥਿਤੀ ਅਤੇ ਸਥਾਨ ਉੱਤੇ ਅਧਾਰਤ ਹੁੰਦੀ ਹੈ। ਗ਼ੁਲਾਮ ਅਤੇ ਮਰਦ-ਪ੍ਰਧਾਨ ਦੇਸ਼ ਦੀ ਔਰਤ ਕਦੀਂ ਵੀ ਸਮਾਜਕ ਉਸਾਰੀ ਵਿੱਚ ਭਾਗ ਨਹੀਂ ਲੈ ਸਕਦੀ। ਇਸ ਸਬੰਧ ਵਿੱਚ ਸ੍ਰੀ ਰਬਿੰਦਰ ਨਾਥ ਟੈਗੋਰ ਦੇ ਸ਼ਬਦ ‘ਇਸਤਰੀ ਹੀ ਕਿਸੇ ਦੇਸ਼ ਦੇ ਨਸੀਬ ਨੂੰ ਬਣਾਉਣ ਅਤੇ ਉਸ ਨੂੰ ਮੋੜ ਦੇਣ ਵਾਲੀ ਹੈ,’ ਵਰਨਣਯੋਗ ਹਨ |

ਵੈਦਿਕ ਕਾਲ ਵਿੱਚ ਇਸਤਰੀ ਦੀ ਸਥਿਤੀ : ਵੈਦਿਕ ਕਾਲ ਸਮੇਂ ਭਾਰਤੀ ਸਮਾਜ ਵਿੱਚ ਇਸਤਰੀ ਦੀ ਬਹੁਤ ਮਹਾਨਤਾ ਸੀ। ਕਈਆਂ ਪੱਖਾਂ ਤੋਂ ਤਾਂ ਇਸ ਨੂੰ ਮਰਦ ਨਾਲੋਂ ਵਧੇਰੇ ਉੱਚੀ ਪਦਵੀ ਪ੍ਰਾਪਤ ਸੀ। ਇਸ ਤੋਂ ਬਗ਼ੈਰ ਕੋਈ ਵੀ ਯੱਗ ਜਾਂ ਹਵਨ ਨਹੀਂ ਸੀ ਹੁੰਦਾ। ਸ਼ਾਇਦ ਇਸੇ ਲਈ ਸੀਤਾ ਦੀ ਗ਼ੈਰ-ਹਾਜ਼ਰੀ ਵਿੱਚ ਯੱਗ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸ੍ਰੀ ਰਾਮ ਚੰਦਰ ਜੀ ਨੂੰ ਸੋਨੇ ਦੀ ਸੀਤਾ ਬਣਾ ਕੇ ਰੱਖਣੀ ਪਈ। ਵਿੱਦਿਆ ਦੇ ਖੇਤਰ ਵਿੱਚ ਵੀ ਇਸਤਰੀ ਨੂੰ ਮਰਦ ਜਿੰਨੀ ਸਮਾਨਤਾ ਪ੍ਰਾਪਤ ਸੀ। ਉਸ ਸਮੇਂ ਮੁੰਡੇ-ਕੁੜੀਆਂ ਰਲ ਕੇ ਗੁਰੂ ਕੋਲੋਂ ਵਿੱਦਿਆ ਗ੍ਰਹਿਣ ਕਰਦੇ ਸਨ। ਹੋਰ ਤਾਂ ਹੋਰ, ਔਰਤ ਨੂੰ ਆਪਣਾ ਵਰ ਆਪ ਚੁਣਨ ਦਾ ਹੱਕ ਵੀ ਹਾਸਲ ਸੀ। ਵੈਦਿਕ ਕਾਲ ਵਿੱਚ ਔਰਤ, ਸੱਚ-ਮੁੱਚ ‘ਅਰਧੰਗੀ’ (ਆਦਮੀ ਦੇ ਬਰਾਬਰ ਦਾ ਅੱਧਾ ਅੰਗ) ਸਮਝੀ ਜਾਂਦੀ ਸੀ।

ਮੰਨੂੰ ਵੇਲੇ ਇਸਤਰੀ ਦੀ ਸਥਿਤੀ : ਮੰਨੂੰ ਮਹਾਰਾਜ ਦੀਆਂ ਸਿਮਰਤੀਆਂ ਨੇ ਲੰਮੇ ਸਮੇਂ ਦੀ ਤੋਰ ਵਿੱਚ ਇੱਕ ਪਲਟਾ ਲਿਆ ਦਿੱਤਾ। ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੀ ਇਸਤਰੀ ਜਾਤੀ ਨੂੰ ਚਾਰਦੀਵਾਰੀ ਵਿੱਚ ਬੰਦ ਕਰ ਦਿੱਤਾ ਗਿਆ। ਇਸ ਨੂੰ ‘ਕਾਮਨੀ’ ਤੇ ‘ਸਰਪਣੀ’ ਆਖ ਕੇ ਨਿੰਦਿਆ ਜਾਣ ਲੱਗ ਪਿਆ। ਮਰਦ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਇਸ ਤੋਂ ਸਾਵਧਾਨ ਰਹੇ ਨਹੀਂ ਤਾਂ ਨਰਕ ਦੀ ਅੱਗ ਵਿੱਚ ਭਸਮ ਹੋ ਜਾਵੇਗਾ।

ਮੁਸਲਮਾਨੀ ਰਾਜ ਸਮੇਂ ਇਸਤਰੀ ਦੀ ਸਥਿਤੀ : ਮੰਨੂੰ ਮਹਾਰਾਜ ਦੀ ਰਹਿੰਦੀ-ਖੂੰਹਦੀ ਕਸਰ ਮੁਸਲਮਾਨੀ ਰਾਜ ਨੇ ਪੂਰੀ ਕਰ ਦਿੱਤੀ। ਇੱਕ ਤਾਂ ਮੁਸਲਮਾਨੀ ਧਰਮ-ਗ੍ਰੰਥਾਂ ਵਿੱਚ ਇਸਤਰੀ ਨੂੰ ਚੰਗਾ ਨਹੀਂ ਸੀ ਸਮਝਿਆ ਗਿਆ। ਦੂਜੇ, ਜਦੋਂ ਮੁਸਲਮਾਨ ਹਾਕਮਾਂ ਨੇ ਭਾਰਤ ਦੀਆਂ ਸੁਹਣੀਆਂ-ਸੁਹਣੀਆਂ ਤੀਵੀਆਂ ਜ਼ੋਰ-ਜਬਰੀ ਆਪਣੇ ਘਰ ਵਸਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇੱਥੇ ਰੂਪ ਕੱਜਣ ਅਰਥਾਤ ਪਰਦੇ ਦਾ ਰਿਵਾਜ ਪੈ ਗਿਆ।

ਕਈ ਹਾਲਤਾਂ ਵਿੱਚ ਤਾਂ ਜੰਮਦੀ ਦਾ ਗਲ ਘੁੱਟਿਆ ਜਾਣ ਲੱਗ ਪਿਆ ਤਾਂ ਜੋ ਵੱਡੀ ਹੋ ਕੇ ਇਹ ਮਾਪਿਆਂ ਦੀ ਬਦਨਾਮੀ ਦਾ ਕਾਰਨ ਨਾ ਬਣ ਸਕੇ। ਇਸ ਤਰ੍ਹਾਂ ਇਸਤਰੀ ਜਾਤ ਦੀ ਹਾਲਤ ਦਿਨੋ-ਦਿਨ ਨਿੱਘਰਨ ਲੱਗ ਪਈ। ਔਰਤ ਇੱਕ ਅਜਿਹੀ ਨੌਕਰਾਣੀ ਬਣ ਕੇ ਰਹਿ ਗਈ, ਜਿਸ ਨੂੰ ਕਈ ਵਾਰ ਆਪਣੇ ਪਤੀ ਦੀਆਂ ਗਾਲ੍ਹਾਂ ਤੇ ਡੰਡਿਆਂ ਦੀ ਮਾਰ ਵੀ ਸਹਾਰਨੀ ਪੈਂਦੀ।

ਇਸਤਰੀ ਨਾਲ ਅਨਿਆਂ : ਜਿੱਥੇ ਮਰਦ ਕਈ ਵਿਆਹ ਕਰਵਾ ਸਕਦਾ ਸੀ ਉਥੇ ਇਸਤਰੀਆਂ ਲਈ ਇੱਕ ਤੋਂ ਵੱਧ ਵਿਆਹ ਕਰਨਾ ਪਾਪ ਸਮਝਿਆ ਜਾਂਦਾ ਸੀ। ਜਿਸ ਆਦਮੀ ਨਾਲ ਇਸਤਰੀ ਵਿਆਹੀ ਜਾਂਦੀ, ਉਹੀ ਇਸ ਦਾ ਖਸਮ, ਮਾਲਕ ਜਾਂ ਪਰਮੇਸ਼ਰ ਹੁੰਦਾ ਸੀ। ਉਸ ਦੀ ਸੇਵਾ ਤੇ ਪੂਜਾ ਕਰਨੀ ਇਸ ਦਾ ਪਰਮ ਧਰਮ ਸੀ। ਇਸ ਲਈ ਇਹ ਸਮਾਜ ਨੂੰ ਖ਼ੁਸ਼ ਕਰਨ ਲਈ ਪਤੀ-ਪਰਮੇਸ਼ੁਰ ਦੀ ਬਲਦੀ ਚਿਖਾ ਵਿੱਚ ਜਿਉਂਦੀ ਸੜ ਜਾਇਆ ਕਰਦੀ ਸੀ। ਇਸ ਮਹਾਨ ਪਾਪ ਨੂੰ ‘ਸਤੀ’ ਹੋਣ ਦੀ ਪਵਿੱਤਰ ਰਸਮ ਦਾ ਨਾਂ ਦਿੱਤਾ ਜਾਂਦਾ ਸੀ। ਜੇ ਇੱਕ ਸਮੇਂ ‘ਸਤੀ’ ਹੋਣ ਦੀ ਬੁਰਾਈ ਕੁਝ ਘਟੀ ਤਾਂ ਵਿਧਵਾ ਨੂੰ ਹੋਰ ਵਿਆਹ ਕਰਨ ਦੀ ਆਗਿਆ ਨਾ ਦਿੱਤੀ ਗਈ, ਇਸ ਨੂੰ ਰੰਡੇਪਾ ਕੱਟਣ ‘ਤੇ ਮਜਬੂਰ ਕੀਤਾ ਗਿਆ। ਭਾਵੇਂ ਕਿਸੇ ਔਰਤ ਨੇ ਵਿਆਹ ਕਰ ਕੇ ਸੁਹਾਗ ਦਾ ਇੱਕ ਦਿਨ ਵੀ ਨਾ ਵੇਖਿਆ ਹੋਵੇ, ਵਿਧਵਾ ਹੋਣ ‘ਤੇ ਇਸ ਦਾ ਸਿਰ ਮੁੰਨ ਦਿੱਤਾ ਜਾਂਦਾ ਸੀ। ਸਮਾਜ ਦੇ ਕਿਸੇ ਵੀ ਸ਼ੁੱਭ ਅਵਸਰ ‘ਤੇ ਇਸ ਦਾ ਪੈਰ ਪਾਉਣਾ ਬਦਸ਼ਗਨੀ ਸਮਝਿਆ ਜਾਂਦਾ ਸੀ। ਔਰਤਾਂ ਦੀ ਨੀਚਤਾ ਦਾ ਖ਼ਿਆਲ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਿਆ ਸੀ। ਪੰਜਾਬ ਦਾ ਇੱਕ ਲੋਕ-ਅਖਾਣ ਇਸ ਗੱਲ ਦੀ ਗਵਾਹੀ ਭਰਦਾ ਹੈ :

‘ਘੋੜਾ, ਕੁੱਤਾ, ਇਸਤਰੀ, ਤਿੰਨੋ ਜਾਤ ਕੁਜਾਤ।’ ਏਥੇ ਹੀ ਬੱਸ ਨਹੀਂ, ਔਰਤ ਦੀ ਮਿੱਤਰ-ਧਰੋਹੀ ਦਾ ਵਰਨਣ ਸੱਯਦ ਵਾਰਿਸ ਸ਼ਾਹ ਵਰਗੇ ਕਵੀਆਂ ਨੇ ਵੀ ਕੀਤਾ:

“ਵਾਰਸ ਰੰਨ, ਫ਼ਕੀਰ, ਤਲਵਾਰ, ਘੋੜਾ
ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ।”

ਗੁਰੂ ਨਾਨਕ ਵਲੋਂ ਇਸਤਰੀ ਦੇ ਹੱਕ ਵਿੱਚ ਅਵਾਜ਼ : ਉਸ ਸਮੇਂ ਇਸਤਰੀ ਨੂੰ ਕਮਜ਼ੋਰ ਤੇ ਬੁਜ਼ਦਿਲ ਸਮਝਿਆ ਜਾਂਦਾ ਸੀ। ਮਰਦ ਸਮਾਜ ਦਾ ਮਾਲਕ ਅਤੇ ਔਰਤ ਉਸ ਦੀ ਨੌਕਰਾਣੀ ਸੀ। ਦਾਸੀ ਹੋਣ ਕਰ ਕੇ ਔਰਤ ਦਾ ਧਰਮ ਮਰਦ ਦੇ ਇਸ਼ਾਰਿਆਂ ‘ਤੇ ਤਿਤਲੀ ਵਾਂਗ ਨੱਚਣਾ ਸੀ। ਇਹ ਵੇਖ ਕੇ ਹੀ ਗੁਰੂ ਨਾਨਕ ਦੇਵ ਜੀ ਨੇ ਔਰਤ ਦਾ ਪੱਖ ਪੂਰਦਿਆਂ ਕਿਹਾ :

“ਭੰਡੁ ਮੁਆ ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ॥
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥”

ਅੰਗਰੇਜ਼ੀ ਰਾਜ ਸਮੇਂ ਇਸਤਰੀ ਦੀ ਸਥਿਤੀ : ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਸ਼ਬਦਾਂ ਦਾ ਮੁੱਲ ਅੰਗਰੇਜ਼ੀ ਰਾਜ ਵਿੱਚ ਪੈਣਾ ਸ਼ੁਰੂ ਹੋਇਆ। ਪੱਛਮੀ ਸੱਭਿਅਤਾ ਦੇ ਗਿਆਨ ਨੇ ਭਾਰਤੀ ਸੱਭਿਆਚਾਰ ਵਿੱਚ ਪਰਿਵਰਤਨ ਲਿਆਂਦਾ। ਪੱਛਮ ਦੀ ਦੇਖਾ-ਦੇਖੀ ਭਾਰਤੀ ਇਸਤਰੀ ਦੀ ਵੀ ਸਮਾਜ ਵਿੱਚ ਕੁਝ ਪੁੱਛਗਿੱਛ ਹੋਣੀ ਸ਼ੁਰੂ ਹੋ ਗਈ। ਇਸਤਰੀ ਵਿੱਦਿਆ ਗ੍ਰਹਿਣ ਕਰ ਕੇ ਅਵਿੱਦਿਆ ਦੇ ਘੋਰ ਹਨੇਰੇ ਵਿੱਚੋਂ ਨਿਕਲਣ ਲੱਗ ਪਈ। ਮਰਦ-ਜਾਤ ਦੀਆਂ ਜ਼ਿਆਦਤੀਆਂ, ਉਸ ਦੀਆਂ ਕਾਲੀਆਂ ਕਰਤੂਤਾਂ ਨੰਗੀਆਂ ਹੋਣ ਲੱਗ ਪਈਆਂ ਅਤੇ ਇਸਤਰੀ ਵਰਗ ਨਾਲ ਹਮਦਰਦੀ ਵਧਣ ਲੱਗ ਪਈ।

ਅਜ਼ਾਦੀ ਵੇਲੇ ਇਸਤਰੀ ਦੀ ਸਥਿਤੀ : 1947 ਈ. ਵਿੱਚ ਅਜ਼ਾਦੀ-ਪ੍ਰਾਪਤੀ ਨੇ ਔਰਤ ਦੇ ਵੀ ਗ਼ੁਲਾਮੀ ਦੇ ਸੰਗਲ ਤੋੜ ਸੁੱਟੇ। ਅੰਗਰੇਜ਼ੀ ਰਾਜ ਸਮੇਂ ‘ਨੌਕਰਾਂ ਦੀ ਨੌਕਰ’ ਕਹੀ ਜਾਣ ਵਾਲੀ ਇਸਤਰੀ ਅਜ਼ਾਦ ਲੋਕਾਂ ਦੀ ਰਾਣੀ ਦਾ ਰੂਪ ਧਾਰਨ ਲੱਗ ਪਈ। ਰਾਜਨੀਤਕ, ਸਮਾਜਕ, ਆਰਥਿਕ ਅਤੇ ਵਿੱਦਿਅਕ ਆਦਿ ਖੇਤਰਾਂ ਵਿੱਚ ਇਸ ਨੇ ਆਪਣੇ ਹੱਕ ਪਛਾਣਨੇ ਤੇ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ।

ਅਜੋਕੇ ਸਮੇਂ ਇਸਤਰੀ ਦੀ ਸਥਿਤੀ : ਅਜੋਕੇ ਸਮੇਂ ਵਿਚ ਇਸਤਰੀ ਦੀ ਸਥਿਤੀ ਸੁਦਾਰਨ ਲਈ ਸਰਕਾਰ ਵਲੋਂ ਅਨੇਕਾਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਜਿਵੇਂ ਵਿੱਦਿਆ ਦੇ ਖੇਤਰ ਵਿਚ ਪੜ੍ਹਾਈ ਲਈ ਮੁਫ਼ਤ ਸਿੱਖਿਆ, ਵਜ਼ੀਫ਼ੇ ਆਦਿ, ਇਲਾਜ ਦੀਆਂ ਸਹੂਲਤਾਂ, ਬੱਚੀ ਦੇ ਜਨਮ ਤੇ ਸੁਕੰਨਿਆ ਯੋਜਨਾ ਤਹਿਤ ਬੈਂਕ ਖਾਤੇ ਵਿਚ ਰਾਸ਼ੀ ਜਮ੍ਹਾ ਕਰਾਉਣੀ, ਰਾਜਨੀਤੀ ਵਿਚ ਰਾਖਵਾਂਕਰਨ, ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਲਈ ਵੱਖ-ਵੱਖ ਲਾਭ ਵਾਲੀਆਂ ਸਹੂਲਤਾਂ ਦਾ ਅਧਿਕਾਰ ਉਸ ਨੂੰ ਦੇਣਾ, ਦਾਜ ਵਿਰੋਧੀ ਕਨੂੰਨ, ਭਰੂਣ ਹੱਤਿਆ ਵਿਰੋਧੀ ਕਨੂੰਨ, ਤਲਾਕ ਜਾਂ ਹੋਰ ਸਮੱਸਿਆ ਦਾ ਸੁਧਾਰ ਕੀਤਾ ਜਾ ਰਿਹਾ ਹੈ ਤਾਂ ਜੋ ਇਸਤਰੀ ਇਜ਼ਤ-ਮਾਣ ਨਾਲ ਜ਼ਿੰਦਗੀ ਬਤੀਤ ਕਰ ਸਕੇ. ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਭਿਆਨ ਚਲਾਇਆ ਗਿਆ ਹੈ। ਭਾਵ ਕਿ ਇਸਤਰੀ ਨੂੰ ਹਰ ਥਾਂ ਪਹਿਲ ਦਿੱਤੀ ਜਾ ਰਹੀ ਹੈ।

ਇਸਤਰੀ ਦੀਆਂ ਪ੍ਰਾਪਤੀਆਂ : ਅੱਜ ਇਸਤਰੀ ਨੇ ਵੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ ਤੇ ਨਿਭਾ ਰਹੀ ਹੈ। ਹਰ ਖੇਤਰ ਵਿਚ ਸਫ਼ਲਤਾ ਦੇ ਝੰਡੇ ਗੱਡ ਕੇ ਆਪਣਾ, ਆਪਣੇ ਪਰਿਵਾਰ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਕਲਪਨਾ ਚਾਵਲਾ, ਸੁਨੀਤਾ ਵਿਲੀਅਮ, ਸ੍ਰੀਮਤੀ ਸੁਸ਼ਮਾ ਸਵਰਾਜ, , ਸਾਨੀਆ ਮਿਰਜ਼ਾ, ਸਾਇਨਾ ਨੇਹਵਾਲ, ਮਿਥਾਲੀ ਰਾਜ, ਹਰਮਨਪ੍ਰੀਤ ਕੌਰ ਆਦਿ ਅਨੇਕਾਂ ਹੀ ਧੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਇਸਤਰੀ ਜਾਤੀ ਦਾ ਮਾਣ ਵਧਾਇਆ ਹੈ।

ਰਾਜਨੀਤਕ ਖੇਤਰ ਵਿੱਚ ਔਰਤ ਦਾ ਯੋਗਦਾਨ : ਜਿੱਥੋਂ ਤੱਕ ਰਾਜਨੀਤਕ ਖੇਤਰ ਦਾ ਸੰਬੰਧ ਹੈ, ਅੱਜ ਭਾਰਤੀ ਇਸਤਰੀ ਮਰਦ ਨਾਲੋਂ ਕਿਸੇ ਪੱਖੋਂ ਵੀ ਪਿੱਛੇ ਨਹੀਂ। ਸ੍ਰੀਮਤੀ ਵਿਜੈ ਲਕਸ਼ਮੀ ਪੰਡਤ ਜਿਹੀਆਂ ਨੇ ਸਫ਼ੀਰੀ, ਸ੍ਰੀਮਤੀ ਸਰੋਜਨੀ ਨਾਇਡੋ ਜਿਹੀਆਂ ਨੇ ਗਵਰਨਰੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਜਿਹੀਆਂ ਨੇ ਪ੍ਰਧਾਨ ਮੰਤਰੀ ਦੀ ਵੱਡੀ ਪਦਵੀ ਦੇ ਕਰਤੱਵਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ।

ਕਾਨੂੰਨ ਅਤੇ ਇਸਤਰੀ ਦੇ ਹੱਕ : ਸਮਾਜਕ ਪੱਖੋਂ ਵੀ ਅੱਜ ਇਸਤਰੀ ਮਰਦ ਨਾਲੋਂ ਕਿਸੇ ਗੱਲ ਘੱਟ ਨਹੀਂ। ‘ਹਿੰਦੂ ਵਿਆਹ ਕਾਨੂੰਨ’ ਅਨੁਸਾਰ ਕੋਈ ਮਰਦ ਪਹਿਲੀ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਵਾ ਸਕਦਾ। ਦੋਵੇਂ ਇੱਕ-ਦੂਜੇ ਨੂੰ ਤਲਾਕ ਦੇ ਸਕਦੇ ਹਨ। ਇਸ ਤਰ੍ਹਾਂ ਕਾਨੂੰਨ ਦੇ ਡੰਡੇ ਨਾਲ ਮਰਦ ਦੀਆਂ ਵਧੀਕੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਕਾਨੂੰਨ ਨੇ ਇਸਤਰੀ ਤੇ ਮਰਦ ਨੂੰ ਪਿਤਾ ਦੀ ਜਾਇਦਾਦ ਦਾ ਬਰਾਬਰ ਭਾਈਵਾਲ ਬਣਾ ਦਿੱਤਾ ਹੈ। ਦਿਨੋਂ-ਦਿਨ ਇਸਤਰੀ ਦੀ ਖੁੱਲ੍ਹ ਵਧ ਰਹੀ ਹੈ ਅਤੇ ਇਹ ਮਰਦ ਨਾਲ ਸਮਾਨਤਾ ਪ੍ਰਾਪਤ ਕਰ ਰਹੀ ਹੈ।

ਰਾਖਵਾਂਕਰਨ : ਪਹਿਲਾਂ ਮਰਦ ਨੇ ਔਰਤ ਨੂੰ ਜਿੰਨਾ ਦਬਾਅ ਕੇ ਰੱਖਿਆ ਸੀ, ਅੱਜ ਉਹ ਓਨਾ ਹੀ ਇਸ ਨੂੰ ਉੱਪਰ ਚੁੱਕ ਰਿਹਾ ਹੈ। ਕਈ ਨੌਕਰੀਆਂ ਵਿੱਚ ਔਰਤਾਂ ਲਈ ਰਾਖਵੀਆਂ ਥਾਵਾਂ ਰੱਖੀਆਂ ਜਾਂਦੀਆਂ ਹਨ। ਅੱਜ ਸਮਾਜ ਵਿੱਚ ‘ਲੇਡੀਜ਼ ਫ਼ਸਟ (Ladies first) ਦੇ ਸ਼ਬਦ ਆਮ ਸੁਣਨ ਵਿੱਚ ਆਉਂਦੇ ਹਨ। ਅਸਲ ਵਿੱਚ ਇਨ੍ਹਾਂ ਗੱਲਾਂ ਦੇ ਹੁੰਦਿਆਂ ਹੋਇਆਂ ਵੀ ਅਜੋਕੀ ਇਸਤਰੀ ਸਮਾਜ ਵਿੱਚ ਉਹ ਸਥਾਨ ਪ੍ਰਾਪਤ ਨਹੀਂ ਕਰ ਸਕੀ ਜਿਸ ਦੀ ਉਹ ਹੱਕਦਾਰ ਹੈ। ਕੇਵਲ ਗਿਣਤੀ ਦੀਆਂ ਔਰਤਾਂ ਹੀ ਵਜ਼ੀਰ, ਡਾਕਟਰ ਜਾਂ ਗਵਰਨਰ ਆਦਿ ਉੱਚ ਪਦਵੀਆਂ ‘ਤੇ ਹਨ। ਨਾਲੇ ਉੱਚ-ਵਿੱਦਿਆ ਹਰ ਇਸਤਰੀ ਨਹੀਂ ਪ੍ਰਾਪਤ ਕਰ ਰਹੀ, ਕੇਵਲ ਅਮੀਰ ਵਰਗ ਦੀਆਂ ਕੁੜੀਆਂ ਹੀ ਲੈ ਰਹੀਆਂ ਹਨ। ਗ਼ਰੀਬ ਔਰਤਾਂ ਹਾਲਾਂ ਵੀ ਅਨਪੜ੍ਹ ਹੀ ਹਨ। ਇਸਤਰੀਆਂ ਦੀ ਕੁਝ ਕੁ ਗਿਣਤੀ ਹੀ ਸਮਾਜ ਵਿੱਚ ਉੱਪਰ ਉੱਠ ਰਹੀ ਹੈ। ਸਮੁੱਚੀ ਇਸਤਰੀ ਜਾਤੀ ਦੀ ਸ਼ੋਭਾ ਤਾਂ ਹੀ ਵਧ ਸਕੇਗੀ ਜੇ ਸਭ ਇਸਤਰੀਆਂ, ਅਮੀਰ ਦੇ ਨਾਲ-ਨਾਲ ਗ਼ਰੀਬ ਵਰਗ ਦੀਆਂ ਇਸਤਰੀਆਂ ਵੀ ਸਮਾਜ ਵਿੱਚ ਇੱਕੋ ਜਿਹਾ ਸਥਾਨ ਪ੍ਰਾਪਤ ਕਰਨ।

ਪੱਛਮੀ ਬੁਰਾਈਆਂ ਦਾ ਸ਼ਿਕਾਰ ਇਸਤਰੀ : ਅੱਜ ਸਾਡੇ ਸਮਾਜ ਵਿੱਚ ਔਰਤ ਹਰ ਖੇਤਰ ਵਿੱਚ ਮਰਦ ਦੇ ਨਾਲ ਹੈ। ਹੋਰ ਤਾਂ ਹੋਰ ਪੱਛਮੀ ਪ੍ਰਭਾਵ ਨੇ ਇਸ ਨੂੰ ਸ਼ਰਾਬ-ਸਿਗਰਟ ਪੀਣ ਅਤੇ ਜੂਆ ਖੇਡਣ ਆਦਿ ਕਈ ਇੱਕ ਇੱਲਤਾਂ ਦਾ ਵੀ ਸ਼ਿਕਾਰ ਬਣਾ ਦਿੱਤਾ ਹੈ। ਇਸਤਰੀ ਜਾਤੀ ਵਿੱਚ ਪੈ ਰਹੀਆਂ ਇਹ ਭੈੜੀਆਂ ਵਾਦੀਆਂ ਨਿੰਦਣ-ਯੋਗ ਹਨ। ਅਸਲ ਵਿੱਚ ਇਸਤਰੀ ਤੇ ਮਰਦ ਗ੍ਰਹਿਸਤੀ ਜੀਵਨ ਦੇ ਦੋ ਪਹੀਏ ਹਨ। ਇਨ੍ਹਾਂ ਦੋਹਾਂ ਪਰੀਆਂ ਦੀ, ਚੱਲਣ ਵਿੱਚ ਸਮਾਨ ਹੁੰਦਿਆਂ ਹੋਇਆਂ ਵੀ, ਅੱਡ-ਅੱਡ ਥਾਂ ਹੈ। ਇੰਨ-ਬਿੰਨ ਔਰਤ ਨੂੰ ਮਰਦ ਦੇ ਬਰਾਬਰ ਹੁੰਦਿਆਂ ਹੋਇਆਂ ਵੀ ਆਪਣੇ ਵਿਸ਼ੇਸ਼ ਕਰਤੱਵ ਪਾਲਣ ਦੀ ਅਵਸ਼ਕਤਾ ਹੈ। ਜਿੱਥੇ ਇਸ ਨੂੰ ਆਰਥਿਕ ਤੌਰ ‘ਤੇ ਅਜ਼ਾਦ ਹੋਣ ਲਈ ਯਤਨ ਕਰਨ ਦੀ ਲੋੜ ਹੈ, ਉੱਥੇ ਇਸ ਨੂੰ ਘਰ ਦੀ ਰਾਣੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਭਲੀ-ਭਾਂਤ ਨਿਭਾਉਣੀਆਂ ਚਾਹੀਦੀਆਂ ਹਨ। ਇਸ ਦੀ ਸੰਭਾਲ ਤੋਂ ਬਿਨਾਂ ਘਰ ਇੱਕ ਹੋਟਲ ਬਣ ਕੇ ਰਹਿ ਜਾਵੇਗਾ, ਬਿਲਕੁਲ ਇਵੇਂ ਜਿਵੇਂ ਪੱਛਮੀ ਦੇਸ਼ਾਂ ਵਿੱਚ ਦੇਖਣ ਵਿੱਚ ਮਿਲਦਾ ਹੈ। ਉੱਥੇ ਵਿਆਹੁਤਾ ਜੀਵਨ ਇੱਕ ਦੁਕਾਨਦਾਰੀ ਜਿਹਾ ਬਣ ਗਿਆ ਹੈ। ਵਿਆਹ-ਸ਼ਾਦੀਆਂ ਬੱਸ ਸੌਦੇਬਾਜ਼ੀ ਤੋਂ ਵੱਧ ਕੁਝ ਨਹੀਂ। ਇਸ ਕਰੋਪੀ ਤੋਂ ਬਚਣ ਲਈ ਭਾਰਤੀ ਨਾਰੀ ਦਾ ਇਹ ਫ਼ਰਜ਼ ਬਣਦਾ ਹੈ ਕਿ ਜਿੱਥੇ ਇਹ ਆਪਣੇ ਹੱਕਾਂ ਨੂੰ ਪ੍ਰਾਪਤ ਕਰੋ ਉੱਥੇ ਇਹ ਆਪਣੇ ਕਰਤੱਵਾਂ ਵੱਲੋਂ ਰੱਤੀ ਭਰ ਵੀ ਅਣਗਹਿਲੀ ਨਾ ਕਰੇ।

ਹੁਣ ਔਰਤਾਂ ਦੀਆਂ ਜਥੇਬੰਦੀਆਂ ਤੇ ਔਰਤ ਵਿਧਾਇਕਾਂ ਦਿਆਂ ਯਤਨਾਂ ਕਰਕੇ ਇਨ੍ਹਾਂ ਦੀ ਸੁਰੱਖਿਆ, ਬੱਚਿਆਂ ਦੀ ਦੇਖਭਾਲ ਅਤੇ ਲਿੰਗ-ਸੁਭਾਅ ਜਿਹੇ ਮਾਮਲਿਆਂ ਵਿੱਚ ਵਧੇਰੇ ਧਿਆਨ ਦਿੱਤਾ ਜਾਣ ਲੱਗ ਪਿਆ ਹੈ।

ਇਨ੍ਹਾਂ ਦੀਆਂ ਵਿਸ਼ੇਸ਼ ਸਮੱਸਿਆਵਾਂ ਇਸ ਪ੍ਰਕਾਰ ਹਨ :

1. ਪਰਿਵਾਰਕ ਮਹਿਲਾ ਲੋਕ-ਅਦਾਲਤਾਂ ਰਾਹੀਂ ਨਿਆਂ ਦਾ ਛੇਤੀ ਮਿਲਣਾ

2. ਇਨ੍ਹਾਂ ਦੀ ਨਿਗਰਾਨੀ ਸਬੰਧੀ ਨਿਆਂ ਦੀ ਲੋੜ

3. ਵੇਸਵਾਵਾਂ ਤੇ ਪਾਗਲ ਔਰਤਾਂ ਦਾ ਮੁੜ-ਵਸੇਬਾ

4. ਸ਼ਰਾਬ ਵਿਰੁੱਧ ਮੁਹਿੰਮ ਦਾ ਸਮਰਥਨ

5. ਔਰਤਾਂ ਸਬੰਧੀ ਕਾਨੂੰਨਾਂ ਵਿੱਚ ਘਾਟਾਂ ਨੂੰ ਦੂਰ ਕਰਨਾ

ਰਾਜਨੀਤਕ ਖੇਤਰ ਵਿੱਚ ਔਰਤਾਂ ਨੂੰ ਸ਼ਕਤੀ ਦੇਣ ਨਾਲ ਹੀ ਇਨ੍ਹਾਂ ਦੀ ਹਾਲਤ ਬਿਹਤਰ ਹੋ ਸਕਦੀ ਹੈ। ਰਾਜ-ਅਸੈਂਬਲੀਆਂ ਤੇ ਪਾਰਲੀਮੈਂਟ ਵਿੱਚ 30 ਪ੍ਰਤੀਸ਼ਤ ਸੀਟਾਂ ਰਾਖਵੀਆਂ ਰੱਖਣ ਦਾ ਸੁਝਾਅ ਦੇਸ਼ ਦੇ ਭਲੇ ਲਈ ਮਾਲੂਮ ਹੁੰਦਾ ਹੈ। ਵਿਜੇ ਲਕਸ਼ਮੀ ਪੰਡਤ, ਰਾਜ ਕੁਮਾਰੀ ਅੰਮ੍ਰਿਤ ਕੌਰ ਤੇ ਇੰਦਰਾ ਗਾਂਧੀ ਆਦਿ ਦੀਆਂ ਰਾਜਸੀ ਖੇਤਰ ਵਿੱਚ ਸਫਲਤਾਵਾਂ ਅਤੇ ਪੰਚਾਇਤਾਂ ਵਿੱਚ ਇਨ੍ਹਾਂ ਦੁਆਰਾ ਚੰਗੀ ਤਰ੍ਹਾਂ ਨਿਭਾਈ ਗਈ ਜ਼ਿੰਮੇਵਾਰੀ ਦੱਸਦੀ ਹੈ ਕਿ ਇਹ ਮਰਦਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇੱਕੀਵੀਂ ਸਦੀ ਦਾ ਭਾਰਤ ਔਰਤ ਨੂੰ ਮਰਦ ਦਾ ਭਾਈਵਾਲ ਬਣਾਉਣ ਨਾਲ ਹੀ ਚੜ੍ਹਦੀ ਕਲਾ ਵਿੱਚ ਜਾ ਸਕਦਾ ਹੈ। ਅਸੀਂ ਸਵਾਮੀ ਵਿਵੇਕਾ ਨੰਦ ਨਾਲ ਸਹਿਮਤ ਹਾਂ ਕਿ ਕੋਈ ਦੇਸ਼ ਔਰਤ ਦੀ ਬੇਇੱਜ਼ਤੀ ਜਾਂ ਇਸ ਨਾਲ ਵਧੀਕੀ ਕਰਕੇ ਮਹਾਨ ਨਹੀਂ ਹੋ ਸਕਦਾ।