ਸਾਰ : ਕੈਲੀ਼ਆਂ ਤੇ ਕਾਲੀ਼ਆਂ ਮੱਝਾਂ
ਪ੍ਰਸ਼ਨ : ‘ਕੈਲੀ਼ਆਂ ਤੇ ਕਾਲੀ਼ਆਂ ਮੱਝਾਂ’ ਨਾਂ ਦੇ ਢੋਲੇ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ‘ਕੈਲੀ਼ਆਂ ਤੇ ਕਾਲੀ਼ਆਂ ਮੱਝਾਂ’ ਨਾਂ ਦੇ ਢੋਲੇ ਵਿੱਚ ਮੱਝਾਂ ਦੇ ਸੁਹੱਪਣ ਅਤੇ ਇਹਨਾਂ ਨੂੰ ਪਾਲਣ ਵਾਲਿਆਂ ਦਾ ਇਹਨਾਂ ਪ੍ਰਤੀ ਸੰਬੰਧ ਦਰਸਾਇਆ ਗਿਆ ਹੈ। ਭੂਰੇ ਤੇ ਕਾਲੇ ਰੰਗ ਦੀਆਂ ਇਹ ਮੱਝਾਂ ਰੱਬ ਨੇ ਅਰਸ਼ਾਂ ਤੋਂ ਲਿਆਂਦੀਆਂ ਹਨ। ਬੇਲਿਆਂ ‘ਚ ਚਰ ਕੇ ਜਦ ਇਹ ਪੱਤਣਾਂ ‘ਤੇ ਆਉਂਦੀਆਂ ਹਨ ਤਾਂ ਦਰਿਆ ਸੋਹਣੇ ਲੱਗਦੇ ਹਨ। ਇਹ ਚੁੱਭੀਆਂ ਮਾਰਦੀਆਂ ਅਤੇ ਤਾਰੀਆਂ ਲਾਉਂਦੀਆਂ ਹਨ। ਸਵਾਣੀਆਂ ਜਦ ਇਹਨਾਂ ਨੂੰ ਭੁੱਖੀਆਂ ਤੇ ਕਮਜ਼ੋਰ ਦੇਖਦੀਆਂ ਹਨ ਤਾਂ ਉਹਨਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ। ਇਹਨਾਂ ਦੇ ਗੁਆਚਣ ਤੇ ਮਰਨ ਦੀ ਸੱਟ ਤਾਕਤ ਅਤੇ ਜਿਗਰੇ ਵਾਲੇ ਹੀ ਸਹਾਰਦੇ ਹਨ। ਇਹ ਮੱਝਾਂ ਸੂਰਮਿਆਂ ਦਾ ਮਾਲ ਹੈ। ਇਹ ਮਾੜਿਆਂ ਕੋਲ ਨਹੀਂ ਰਹਿੰਦੀਆਂ। ਜੇਕਰ ਇਹ ਪਰੀਆਂ ਵਾਂਗ ਉਡਾਰੀ ਮਾਰ ਚਲੇ ਜਾਣ ਤਾਂ ਭਾਗਾਂ ਨਾਲ ਹੀ ਮੁੜ ਹੱਥ ਆਉਂਦੀਆਂ ਹਨ।
ਅਭਿਆਸ ਦੇ ਪ੍ਰਸ਼ਨ-ਉੱਤਰ
(ਸੰਖੇਪ ਉੱਤਰਾਂ ਵਾਲੇ ਪ੍ਰਸ਼ਨ)
ਪ੍ਰਸ਼ਨ 1. ‘ਕੈਲੀਆਂ ਤੇ ਕਾਲੀਆਂ ਮੱਝਾਂ’ ਢੋਲੇ ਵਿੱਚ ਮੱਝਾਂ ਦਾ ਸੁਹੱਪਣ ਕਿਵੇਂ ਦੱਸਿਆ ਗਿਆ ਹੈ?
ਉੱਤਰ : ‘ਕੈਲੀਆਂ ਤੇ ਕਾਲੀਆਂ ਮੱਝਾਂ’ ਢੋਲੇ ਵਿੱਚ ਮੱਝਾਂ ਦੇ ਸੁਹੱਪਣ ਦਾ ਚਿਤਰਨ ਹੈ। ਭੂਰੇ ਅਤੇ ਕਾਲੇ ਰੰਗ ਦੀਆਂ ਇਹ ਮੱਝਾਂ ਜਿਵੇਂ ਅੱਲਾ ਨੇ ਅਰਸ਼ਾਂ ਤੋਂ ਲਿਆਂਦੀਆਂ ਹਨ। ਜਦ ਇਹ ਦਰਿਆ ਦੇ ਪੱਤਣ ‘ਤੇ ਟੁੱਭੀਆਂ ਮਾਰਦੀਆਂ ਅਤੇ ਤਾਰੀਆਂ ਲਾਉਂਦੀਆਂ ਹਨ ਤਾਂ ਦਰਿਆ ਵੀ ਸੋਹਣੇ ਲੱਗਦੇ ਹਨ।
ਪ੍ਰਸ਼ਨ 2. ‘ਕੈਲੀਆਂ ਤੇ ਕਾਲੀਆਂ ਮੱਝਾਂ’ ਢੋਲੇ ਵਿੱਚ ਦਰਿਆ ਵਿੱਚ ਮੱਝਾਂ ਦਾ ਦ੍ਰਿਸ਼ ਕਿਵੇਂ ਚਿਤਰਿਆ ਗਿਆ ਹੈ?
ਉੱਤਰ : ‘ਕੈਲੀ਼ਆਂ ਤੇ ਕਾਲੀ਼ਆਂ ਮੱਝਾਂ’ ਢੋਲੋਂ ਵਿੱਚ ਦਰਿਆ ਵਿੱਚ ਮੱਝਾਂ ਦਾ ਦ੍ਰਿਸ਼ ਚਿਤਰਿਆ ਗਿਆ ਹੈ। ਬੇਲੇ ‘ਚੋਂ ਚਰ ਕੇ ਜਦ ਇਹ ਮੱਝਾਂ ਪੱਤਣ ‘ਤੇ ਆਉਂਦੀਆਂ ਹਨ ਤਾਂ ਦਰਿਆ ਦੇ ਪਾਣੀ ਵਿੱਚ ਇਸ ਤਰ੍ਹਾਂ ਚੁੱਭੀਆਂ ਮਾਰਦੀਆਂ ਅਤੇ ਤਾਰੀਆਂ ਲਾਉਂਦੀਆਂ ਹਨ ਜਿਵੇਂ ਛੱਪੜ ਦੇ ਕੰਢਿਆਂ ਨਾਲ ਖਹਿੰਦੀਆਂ ਹੋਣ।
ਪ੍ਰਸ਼ਨ 3. ‘ਕੈਲੀ਼ਆਂ ਤੇ ਕਾਲੀਆਂ ਮੱਝਾਂ’ ਢੋਲੇ ਵਿੱਚ ਮੱਝਾਂ ਪ੍ਰਤਿ ਉਹਨਾਂ ਨੂੰ ਪਾਲਣ ਵਾਲਿਆਂ ਦਾ ਸੰਬੰਧ ਕਿਵੇਂ ਦੱਸਿਆ ਗਿਆ ਹੈ?
ਉੱਤਰ : ਮੱਝਾਂ ਬਹਾਦਰਾਂ ਦਾ ਮਾਲ ਹੈ ਅਥਵਾ ਇਸ ਨੂੰ ਜਿਗਰੇ ਵਾਲੇ/ਤਾਕਤ ਵਾਲੇ ਲੋਕ ਹੀ ਰੱਖ ਸਕਦੇ ਹਨ। ਅਜਿਹੇ ਲੋਕ ਹੀ ਇਹਨਾਂ ਦੇ ਮਰਨ ਜਾਂ ਚੋਰੀ ਹੋ ਜਾਣ ਦੀ ਸੱਟ ਸਹਾਰ ਸਕਦੇ ਹਨ। ਮਾੜੇ ਲੋਕ ਇਹਨਾਂ ਮੱਝਾਂ ਨੂੰ ਨਹੀਂ ਰੱਖ ਸਕਦੇ। ਜਦ ਸਵਾਣੀਆਂ ਇਹਨਾਂ ਨੂੰ ਭੁੱਖੀਆਂ ਅਤੇ ਕਮਜ਼ੋਰ ਦੇਖਦੀਆਂ ਹਨ ਤਾਂ ਉਹਨਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ।
ਪ੍ਰਸ਼ਨ 4. “ਮੱਝੀ ਮਾਲ ਵਰਿਆਮਾਂ ਦਾ, ਮਾੜਿਆਂ ਕੋਲ ਨਾ ਰਹਿੰਦੀਆਂ। ਇਹਨਾਂ ਤੁਕਾਂ ਤੋਂ ਕੀ ਭਾਵ ਹੈ?
ਉੱਤਰ : ਮੱਝਾਂ ਤਾਂ ਸੂਰਮਿਆਂ ਦਾ ਮਾਲ ਹੈ। ਇਹ ਮਾੜਿਆਂ ਕੋਲ ਨਹੀਂ ਰਹਿੰਦੀਆਂ। ਭਾਵ ਇਹਨਾਂ ਨੂੰ ਰੱਖਣਾ ਉਹਨਾਂ ਲੋਕਾਂ ਦਾ ਕੰਮ ਹੈ ਜੋ ਅਮੀਰ/ਵੱਡੇ ਜਿਗਰੇ ਵਾਲ਼ੇ ਹਨ ਅਤੇ ਇਹਨਾਂ ਦੇ ਨੁਕਸਾਨ ਦੀਆਂ ਸੱਟਾਂ ਸਹਾਰ ਸਕਦੇ ਹਨ।
ਔਖੇ ਸ਼ਬਦਾਂ ਦੇ ਅਰਥ
ਕੈਲੀਆਂ : ਭੂਰੀਆਂ ।
ਅਰਸ਼ : ਅਸਮਾਨ ।
ਦਰਯਾ : ਦਰਿਆ।
ਬੇਲਾ : ਦਰਿਆ ਦੇ ਕੰਢੇ ਦਾ ਉਹ ਇਲਾਕਾ ਜਿਹੜਾ ਚਰਾਂਦ ਲਈ ਵਰਤਿਆ ਜਾਂਦਾ ਹੈ।
ਪੱਤਣ : ਉਹ ਥਾਂ ਜਿੱਥੇ ਦਰਿਆ ਵਿੱਚੋਂ ਦੀ ਲੰਘਦੇ ਹਨ।
ਝਾਬਾਂ : ਛੱਪੜ ਦੇ ਕੰਢੇ।
ਛੇੜੂ : ਵਾਗੀ, ਪਾਲੀ।
ਸਵਾਣੀਆਂ : ਇਸਤਰੀਆਂ, ਸਾਊ ਘਰ ਦੀਆਂ ਤੀਵੀਆਂ।
ਟੁੱਕਰ : ਰੋਟੀ, ਰੋਟੀ ਦਾ ਵੱਡਾ ਤੇ ਮੋਟਾ ਟੁਕੜਾ।
ਰੁਚਦਾ : ਚੰਗਾ ਲੱਗਦਾ, ਭਾਉਂਦਾ।
ਮਾਂਦੀਆਂ : ਕਮਜ਼ੋਰ, ਲਿੱਸੀਆਂ।
ਖੜੀਆਂ : ਗਵਾਚੀਆਂ।
ਵਰਿਆਮਾਂ : ਬਹਾਦਰਾਂ, ਸੂਰਮਿਆਂ।
ਨਸੀਬੇ : ਕਿਸਮਤ।