ਲੇਖ : ਮਾੜੀਆਂ ਆਦਤਾਂ


ਮਾੜੀਆਂ ਆਦਤਾਂ


ਮਾੜੀਆਂ ਤੇ ਚੰਗੀਆਂ ਆਦਤਾਂ ਕੋਈ ਮਨੁੱਖੀ ਜੀਵ ਜਨਮ ਸਮੇਂ ਆਪਣੀ ਪਿੱਠ ਪਿੱਛੇ ਲਿਖਵਾ ਕੇ ਨਹੀਂ ਲਿਆਂਦਾ। ਇਹ ਤਾਂ ਸਾਡਾ ਸਮੁੱਚਾ ਸਮਾਜ ਆਪਣੇ ਸੰਸਕਾਰਾਂ ਅਤੇ ਜੀਵਨ ਵਿਚ ਆਚਰਣ ਕਰਕੇ ਉਸਨੂੰ ਆਪਣੇ ਤੋਹਫੇ ਵਜੋਂ ਦੇਂਦਾ ਹੈ। ਇਕ ਵਾਰੀ ਜਦੋਂ ਵਾਰ-ਵਾਰ ਕੋਈ ਗਲਤ ਵਿਵਹਾਰ ਜਾਂ ਕੰਮ ਕਰਕੇ ਉਸਨੂੰ ਦੋਹਰਾਉਣ ਨਾਲ ਇਕ ਗਲਤ ਆਦਤ ਮਨੁੱਖ ਨਾਲ ਚੰਮੜ ਜਾਂਦੀ ਹੈ ਤੇ ਇਹ ਆਦਤ, ਜਦੋਂ ਇਕ ਚੱਟਾਨ ਦੀ ਤਰ੍ਹਾਂ ਬਲਵਾਨ ਹੋ ਜਾਂਦੀ ਹੈ ਤਾਂ ਕੋਈ ਵੀ ਕਟਾਰ ਉਸ ‘ਤੇ ਅਸਰ ਨਹੀਂ ਕਰ ਸਕਦੀ। ਜਦੋਂ ਮਾੜੀਆਂ ਆਦਤਾਂ ਦੀ ਡੋਰ ਨਾਲ ਚੜ੍ਹੀ ਪਤੰਗ ਉੱਚੀਆਂ ਉਡਾਨਾਂ ਤੇ ਪਹੁੰਚ ਜਾਂਦੀ ਹੈ ਤਾਂ ਜ਼ਿੰਦਗੀ ਵਿਚ ਜੋ ਹਾਲਾਤ ਦੀਆਂ ਹਨ੍ਹੇਰੀਆਂ ਚੱਲਦੀਆਂ ਹਨ ਤਾਂ ਆਕਾਸ਼ੀ ਚੜ੍ਹੀ ਹੋਈ ਪਤੰਗ ਛੇਤੀ ਹੀ ਕੱਟ ਜਾਂਦੀ ਹੈ। ਉਸ ਸਮੇਂ ਫਿਰ ਮਨੁੱਖ ਸੋਚਦਾ ਹੈ ਕਿ ਚੰਗੇ ਅਵਸਰਾਂ ਨਾਲ ਮਿਲਿਆ ਹੋਇਆ ਹਰਿਆ ਭਰਿਆ ਜੀਵਨ ਰੂਪੀ ਖੇਤ, ਮਾੜੀਆਂ ਆਦਤਾਂ ਕਾਰਨ ਚਿੜੀਆਂ ਹੀ ਚੁੱਗ ਗਈਆਂ ਹਨ ਤਾਂ ਉਸ ਸਮੇਂ ਮਨੁੱਖ ਦੀਆਂ ਅੱਖਾਂ ਵਿਚ ਪਛਤਾਵੇ ਦੇ ਹੰਝੂ ਵੀ ਉਸਦਾ ਕੁਝ ਨਹੀਂ ਸੰਵਾਰ ਸਕਦੇ।

ਮੰਦੀਆਂ ਆਦਤਾਂ ਕਿਸੇ ਖ਼ਾਸ ਦੇਸ਼ ਦੇ ਲੋਕਾਂ ਤੱਕ ਹੀ ਸੀਮਤ ਨਹੀਂ ਹੁੰਦੀਆਂ। ਇਹ ਵਰਤਾਰਾ ਸਾਰੀ ਦੁਨੀਆਂ ਵਿਚ ਹਰ ਵਰਗ ਦੇ ਲੋਕਾਂ ਵਿਚ ਵਿਆਪਕ ਹੈ। ਜੇ ਆਦਤਾਂ ਬਾਰੇ ਵਾਰਸਸ਼ਾਹ ਦਾ ਕਥਨ ਸਰਬ ਪ੍ਰਵਾਨ ਹੋਇਆ ਹੈ ਤਾਂ ਆਮ ਜੀਵਨ ਵਿਚ ਇਹ ਅਖਾਣ ਵੀ ਤਾਂ ਪ੍ਰਸਿੱਧ ਹੈ ਕਿ “ਵਾਦੜੀਆਂ ਸਜਾਦੜੀਆਂ ਨਿਭੁਹਣ ਸਿਰਾਂ ਦੇ ਨਾਲ’ ਅਰਥਾਤ ਮਨੁੱਖ ਦੀਆਂ ਆਦਤਾਂ ਬੱਚਪਨ ਤੋਂ ਆਰੰਭ ਕੋ ਹੋ ਉਸਦੇ ਮਰਨ ਤੱਕ ਉਸ ਨਾਲ ਜਾਂਦੀਆਂ ਹਨ। ਇਸ ਤਰ੍ਹਾਂ ਇਕ ਹੋਰ ਲੋਕ ਸੱਚਾਈ ਅਨੁਸਾਰ, “ਜ਼ਹਿਮਤ ਜਾਂਦੀ ਦਾਰੂਆਂ ਨਾਲ, ਆਦਤ ਜਾਂਦੀ ਸਿਰਾਂ ਦੇ ਨਾਲ” ਅਰਥਾਤ ਸਰੀਰ ਦਾ ਰੋਗ ਤਾਂ ਦਵਾ ਦਾਰੂ ਨਾਲ ਠੀਕ ਹੋ ਜਾਂਦਾ ਹੈ, ਪਰ ਆਦਤ ਮਨੁੱਖ ਦੇ ਖਾਤਮੇ ਤੱਕ ਉਸਦੇ ਨਾਲ ਰਹਿੰਦੀ ਹੈ ਤੇ ਜਿਉਂਦੇ ਜੀ ਉਸਦਾ ਖਹਿੜਾ ਨਹੀਂ ਛੱਡਦੀ। ਮਨੁੱਖੀ ਆਦਤਾਂ ਤਾਂ ਮਨੁੱਖ ਨੂੰ ਇਸ ਤਰ੍ਹਾਂ ਚਾਰੇ ਪਾਸਿਓ ਘਰ ਲੈਂਦੀਆਂ ਹਨ ਕਿ ਇਨ੍ਹਾਂ ਦੇ ਗੁਲਾਮ ਹੋ ਕੇ ਮਨੁੱਖ ਨੂੰ ਮਦਾਰੀ ਦੇ ਨਾਚ ਵਾਂਗ ਨਚਾਉਂਦੀਆਂ ਹਨ। ਮਨੁੱਖ ਤਾਂ ਜਿਵੇਂ ਲਾਟੂ ਦੀ ਤਰ੍ਹਾਂ ਆਦਤਾਂ ਦੀਆਂ ਘੁੰਮਣ ਘੇਰੀਆਂ ਵਿਚ ਘਿਰਿਆ ਹੋਇਆ ਵਾਰ-ਵਾਰ ਇਨ੍ਹਾਂ ਦੇ ਪ੍ਰਭਾਵ ਥੱਲੇ ਚੱਕਰ ਹੀ ਕੱਟਦਾ ਰਹਿੰਦਾ ਹੈ, ਪਰ ਇਨ੍ਹਾਂ ਤੋਂ ਬੱਚਣ ਦਾ ਉਸਨੂੰ ਕੋਈ ਰਾਹ ਨਹੀਂ ਲੱਭਦਾ।

ਮਾੜੀਆਂ ਆਦਤਾਂ ਦਾ ਸੰਸਾਰ ਬਚਪਨ ਵਿਚ ਹੀ ਉਸਾਰਨ ਸ਼ੁਰੂ ਹੋ ਜਾਂਦਾ ਹੈ। ਛੋਟੇ ਬੱਚਿਆਂ ਦੇ ਸਾਹਮਣੇ ਜਿਸ ਤਰ੍ਹਾਂ ਦਾ ਵਿਵਹਾਰ ਅਸੀਂ ਆਪ ਇਕ ਦੂਜੇ ਨਾਲ ਕਰਦੇ ਹਾਂ, ਸਭ ਤੋਂ ਪਹਿਲਾਂ ਬੱਚੇ ਉਸ ਤੋਂ ਪ੍ਰਭਾਵਿਤ ਹੁੰਦੇ ਹੀ ਹਨ। ਪਦਾਰਥਵਾਦ ਤੇ ਉਦਯੋਗੀਕਰਨ ਕਾਰਨ ਹੁਣ ਇੱਕੀਵੀਂ ਸਦੀ ਵਿਚ ਸੰਯੁਕਤ ਪਰਿਵਾਰ ਖ਼ਤਮ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਜਦੋਂ ਬੱਚਿਆਂ ਨੂੰ ਦਾਦੀ, ਦਾਦੇ ਤੇ ਹੋਰ ਬਜ਼ੁਰਗਾਂ ਦਾ ਪਿਆਰ ਹੀ ਨਹੀਂ ਮਿਲਦਾ ਤੇ ਖਾਸ ਤੌਰ ਤੇ ਦਾਦੀ ਮਾਂ ਦੀਆਂ ਨੈਤਿਕਤਾ ਭਰੀਆਂ ਕਹਾਣੀਆਂ ਨਹੀਂ ਮਿਲਦੀਆਂ ਤਾਂ ਅਜਿਹੇ ਬੱਚਿਆਂ ਵਿਚ ਆਪਣੇ ਵਿਰਸੇ ਦੀ ਖੁਸ਼ਬੂ ਨਾ ਹੋਣਾ, ਖਾਲੀਪਨ ਦਾ ਅਹਿਸਾਸ ਮਹਿਸੂਸ ਹੁੰਦਾ ਹੈ, ਜਿਸ ਨੂੰ ਭਰਨ ਲਈ ਬੱਚੇ ਆਮ ਤੌਰ ਤੇ ਗ਼ਲਤ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ। ਲਘੂ ਪਰਿਵਾਰ ਅਜੋਕੇ ਸਮੇਂ ਦੀ ਦੇਣ ਹਨ, ਮਾਤਾ-ਪਿਤਾ ਦੇ ਰੁਝੇਵਿਆਂ ਭਰੀ ਜ਼ਿੰਦਗੀ, ਕਲੱਬਾਂ ਵਿਚ ਕਿੱਟੀ ਪਾਰਟੀਆਂ ਦਾ ਰੁਝਾਨ ਬੱਚਿਆਂ ਵਿਚ ਜੀਵਨ ਪ੍ਰਤੀ ਵਿਰਾਨੀ ਨੂੰ ਪੈਦਾ ਕਰਦਾ ਹੈ।

ਬੁਰੀਆਂ ਆਦਤਾਂ ਤੇ ਪ੍ਰਸੰਗ ਵਿਚ ਸਾਰੀ ਦੁਨੀਆਂ ਦੇ ਬੱਚਿਆਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਹਮਾਮ ਵਿਚ ਸਭ ਨੰਗੇ ਹਨ। ਇੰਗਲੈਂਡ ਵਿਚ ਪ੍ਰਚਲਿਤ ਇੱਕ ਲੋਕ ਮੁਹਾਵਰਾ ਹੈ, “ਇਕ ਲੜਕਾ ਇਕ ਦਰਜਨ ਕੁੜੀਆਂ ਨਾਲੋਂ ਵੱਧ ਖਰੂਦੀ ਹੁੰਦਾ ਹੈ। ਪਲੈਟੇ ਨੇ ਤਾਂ ਪਹਿਲਾਂ ਹੀ ਇਹ ਕਹਿ ਦਿੱਤਾ ਸੀ ‘ਲੜਕਾ ਤਾਂ ਇਕ ਜੰਗਲੀ ਜਾਨਵਰ ਦੀ ਤਰ੍ਹਾਂ ਹੁੰਦਾ ਹੈ, ਜਿਸਨੂੰ ਸਾਂਭਣਾ ਬਹੁਤ ਮੁਸ਼ਕਲ ਹੁੰਦਾ ਹੈ।’ ਇਨ੍ਹਾਂ ਗੱਲਾਂ ਕਰਕੇ ਯੂਰਪ ਵਿਚ ਇਹ ਕਹਾਵਤ ਪ੍ਰਚਲਿਤ ਹੋਈ ਸੀ ‘ਜੇ ਤੁਸੀਂ ਬੱਚੇ ਨੂੰ ਸਹੀ ਰਸਤੇ ਤੇ ਲਿਆਉਣ ਲਈ ਡੰਡਾ ਨਹੀਂ ਚੁੱਕੇਗੇ ਤਾਂ ਬੱਚੇ ਨੂੰ ਖਰਾਬ ਕਰ ਲਵੋਗੇ।’

ਮਾੜੀਆਂ ਆਦਤਾਂ ਦੀ ਜੇਕਰ ਇਕ ਸੂਚੀ ਬਣਾਉਣੀ ਹੋਵੇ ਤਾਂ ਸ਼ਬਦ ਮੁੱਕ ਜਾਂਦੇ ਹਨ, ਪਰ ਮਾੜੀਆਂ ਆਦਤਾਂ ਮੁੱਕਣ ਵਿਚ ਨਹੀਂ ਆਉਂਦੀਆਂ। ਇੱਕ ਮਾੜੀ ਆਦਤ ਦੂਜੀ ਆਦਤ ਨੂੰ ਜਨਮ ਦਿੰਦੀ ਹੈ। ਜੇ ਮਾਤਾ-ਪਿਤਾ ਘਰ ਵਿਚ ਖੁਲ੍ਹੇਆਮ ਨਸ਼ਿਆਂ ਦਾ ਸੇਵਨ ਕਰਦੇ ਹਨ ਤਾਂ ਬੱਚਿਆਂ ਨੂੰ ਕਿਵੇਂ ਇਸ ਆਦਤ ਤੋਂ ਬਚਾ ਸਕਦੇ ਹਨ। ਨਸ਼ਿਆਂ ਤੋਂ ਬਾਅਦ ਫਿਰ ਕਈ ਗਲਤ ਆਦਤਾਂ ਜਿਵੇਂ ਚੋਰੀ, ਡਕੈਤੀ ਤੇ ਇਸ ਨੂੰ ਨਾ ਮੰਨਣ ਕਰਕੇ ਝੂਠ ਬੋਲਣਾ, ਜ਼ਿੱਦ ਤੇ ਹੱਠ ਕਰ ਲੈਣਾ ਇਸ ਆਦਤ ਨਾਲ ਹੀ ਜੁੜ ਜਾਣ ਵਾਲੀਆਂ ਮਾੜੀਆਂ ਆਦਤਾਂ ਹਨ। ਸੇਂਟ ਅਗਸਟੇਨ ਨੇ ਕਿੰਨਾਂ ਸੋਹਣਾ ਇਸ ਬਾਬਤ ਕਿਹਾ ਹੈ, ‘ਬੁਰੀ ਆਦਤ ਨੂੰ ਜੇਕਰ ਛੇਤੀ ਨਾ ਰੋਕਿਆ ਜਾਵੇ , ਤਾਂ ਫਿਰ ਇਹ ਇਕ ਮਜ਼ਬੂਰੀ ਬਣ ਜਾਂਦੀ ਹੈ।’

ਅੱਜ ਦੇ ਵਿਗਿਆਨਕ ਯੁੱਗ ਵਿਚ ਮਾੜੀਆਂ ਆਦਤਾਂ ਦਾ ਮਨੋਵਿਗਿਆਨਕ ਆਧਾਰ ਲੱਭਣਾ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਕੇ ਕੋਈ ਇਲਾਜ ਲੱਭਣਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸਤਰੀਆਂ ਵਿਚ ਹੱਠ ਜਾਂ ਜ਼ਿੰਦ ਦੀ ਪ੍ਰਵਿਰਤੀ ਜਦੋਂ ਉਨ੍ਹਾਂ ਦੇ ਸੁਭਾਅ ਵਿਚ ਇੰਨੀ ਰਚ-ਮਿਚ ਜਾਂਦੀ ਹੈ ਤਾਂ ਇਹ ਇਕ ਬੁਰੀ ਆਦਤ ਜਾਂ ਰੋਗ ਵਜੋਂ ਉਨ੍ਹਾਂ ਨਾਲ ਚੰਮੜ ਜਾਂਦੀ ਹੈ। ਮਨੋਵਿਗਿਆਨੀ ਇਹ ਪੱਖ ਪੇਸ਼ ਕਰਦੇ ਹਨ ਕਿ ਇਸ ਹੱਠ ਵਿਚ ਹੀ ਉਨ੍ਹਾਂ ਨੂੰ ਸੁਆਦ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਆਪਣੀ ਕਿਸੇ ਜ਼ਿੱਦ ਤੋਂ ਕਦੇ ਨਹੀਂ ਬੱਚ ਸਕਦੀਆਂ ਤੇ ਆਪਣਾ ਜੀਵਨ ਵਿਅਰਥ ਗੁਆ ਲੈਂਦੀਆਂ ਹਨ। ਪ੍ਰੋ. ਮੋਹਨ ਸਿੰਘ ਨੇ ਕਿੰਨਾਂ ਸੋਹਣਾ ਲਿਖਿਆ ਹੈ, ‘ਤੂੰ ਮਾਣ ਜਵਾਨੀ ਦਾ ਤੇ ਮੈਂ ਹੱਠ ਜਨਾਨੀ ਦਾ।

ਜੇ ਵਾਰਸ ਦੇ ਸਮੇਂ ਵਿਚ ਪੋਰੀਆਂ-ਪੋਰੀਆਂ ਕੱਟਣ ਨਾਲ ਮਾੜੀਆਂ ਆਦਤਾਂ ਦੀ ਹੋਂਦ ਨਹੀਂ ਸੀ ਜਾਂਦੀ ਤੇ ਹੁਣ ਦੇ ਸਮੇਂ ਵਿਚ ਤਾਂ ਇਸਦਾ ਚੱਲਣ ਬਹੁਤ ਵੱਧ ਗਿਆ ਹੈ। ਅਸੀਂ ਆਪਣੇ ਸਮਾਜ ਦਾ ਸਾਰਾ ਪ੍ਰਬੰਧ ਹੀ ਗੰਧਲਾ ਕਰ ਲਿਆ ਹੈ। ਵਿਆਹ ਸ਼ਾਦੀਆਂ ਤੇ ਸ਼ਰਾਬ ਦੇ ਵੱਖਰੇ ਸਟਾਲ, ਝੂਠੀ ਸ਼ੋਹਰਤ ਲਈ ਬਹੁਤ ਖ਼ਰਚੀਲੇ ਸਮਾਨ, ਟੀ. ਵੀ. ਤੇ ਕੇਬਲ ਕਲਚਰ ਵਿਚ ਪਰੋਸੀ ਜਾਂਦੀ ਅਸ਼ਲੀਲਤਾ, ਵਹਿਮ-ਭਰਮ, ਅੰਧ ਵਿਸ਼ਵਾਸ ਵਿਚ ਵਿਅਕਤੀ ਘਿਰ ਕੇ ਰਹਿ ਗਿਆ ਹੈ। ਜਿਨ੍ਹਾਂ ਨੇ ਸਾਨੂੰ ਚੰਗੀਆਂ ਆਦਤਾਂ ਸਿਖਾਈਆਂ, ਉਨ੍ਹਾਂ ਦੇ ਸਮਾਗਮ ਕੇਵਲ ਵਿਖਾਵਾ ਤੇ ਉਪਚਾਰ ਪੂਰੀ ਕਰਨ ਲਈ ਮਨਾਉਂਦੇ ਹਾਂ। ਮਾੜੀਆਂ ਆਦਤਾਂ ਨਾਲ ਉਸਰੇ ਹੋਏ ਸਮਾਜ ਨੇ ਸਾਡੇ ਗਲ ਵਿਚ ਪੰਜਾਲੀ ਪਾ ਦਿੱਤੀ ਹੈ। ਵਿੱਦਿਆ ਸਾਡੇ ਲਈ ਉਦਯੋਗ ਤੇ ਵਿਉਪਾਰ ਬਣ ਗਈ ਹੈ, ਪਰ ਸਹੀ ਵਿੱਦਿਆ ਸਾਨੂੰ ਮਿਲੀ ਹੀ ਨਹੀਂ, ਜੋ ਮਨੁੱਖ ਨੂੰ ਕੱਚ ਤੋਂ ਕੰਚਨ ਬਣਾ ਦੇਂਦੀ ਹੈ।