ਸਾਂਝ : ਵਿਸ਼ੇ-ਵਸਤੂ ਸੰਬੰਧੀ ਪ੍ਰਸ਼ਨ


ਪ੍ਰਸ਼ਨ. ‘ਸਾਂਝ’ ਕਹਾਣੀ ਦੇ ਵਿਸ਼ੇ-ਵਸਤੂ ਬਾਰੇ 125 ਤੋਂ 150 ਸ਼ਬਦਾਂ ਵਿੱਚ ਚਰਚਾ ਕਰੋ।

ਉੱਤਰ : ‘ਸਾਂਝ’ ਕਹਾਣੀ ਮਾਨਵੀ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਕਹਾਣੀ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇੱਕ ਬਜ਼ੁਰਗ ਔਰਤ ਪ੍ਰਤੀ ਦੋ ਪਾਤਰਾਂ ਦੀ ਹਮਦਰਦੀ ਦੀ ਭਾਵਨਾ ਨੂੰ ਪ੍ਰਗਟਾਇਆ ਹੈ। ਪ੍ਰੋ. ਮਲ੍ਹੋਤਰਾ ਅਤੇ ਲਾਲ ਚੀਰੇ ਵਾਲਾ ਨੌਜਵਾਨ ਮਾਈ ਦੀ ਮਦਦ ਕਰਨੀ ਚਾਹੁੰਦੇ ਹਨ। ਕਹਾਣੀ ਵਿਚਲਾ ਪ੍ਰੋਫ਼ੈਸਰ, ਜੋ ਆਪ ਆਰਥਿਕ ਤੰਗੀ ਦਾ ਸ਼ਿਕਾਰ ਹੈ, ਹਮਦਰਦੀ ਦੀ ਭਾਵਨਾ ਨਾਲ ਹੀ ਮਾਈ ਨੂੰ ਸਾਈਕਲ ‘ਤੇ ਬਿਠਾਉਂਦਾ ਹੈ। ਉਹ ਲਾਲ ਚੀਰੇ ਵਾਲੇ ਨੌਜਵਾਨ ਸਾਈਕਲ-ਸਵਾਰ ਨੂੰ ਪੱਥਰ ਦਿਲ ਸਮਝਦਾ ਹੈ ਜਿਸ ਨੇ ਮਾਈ ਦੇ ਕਹਿਣ ‘ਤੇ ਵੀ ਪਹਿਲਾਂ ਉਸ ਨੂੰ ਸਾਈਕਲ ‘ਤੇ ਨਹੀਂ ਸੀ ਬਿਠਾਇਆ। ਪਰ ਜਦ ਪ੍ਰੋ. ਮਲ੍ਹੋਤਰਾ ਆਪਣੇ ਪੜਾਅ ‘ਤੇ ਪਹੁੰਚ ਕੇ ਮਾਈ ਨੂੰ ਸਾਈਕਲ ਤੋਂ ਉਤਾਰਦਾ ਹੈ ਤਾਂ ਲਾਲ ਚੀਰੇ ਵਾਲਾ ਨੌਜਵਾਨ ਸਾਈਕਲ ਸਵਾਰ ਵੀ ਉੱਥੇ ਪਹੁੰਚ ਜਾਂਦਾ ਹੈ ਜੋ ਮਾਈ ਨੂੰ ਸਹੇੜੇ ਛੱਡ ਆਉਣ ਲਈ ਕਹਿੰਦਾ ਹੈ। ‘ਲਾਜ਼ਮੀ ਪੰਜਾਬੀ-12’ ਪਾਠ-ਪੁਸਤਕ ਵਿੱਚ ਇਸ ਕਹਾਣੀ ਸੰਬੰਧੀ ਇਹ ਟਿੱਪਣੀ ਦਰਜ ਹੈ : “ਪ੍ਰੋਫੈਸਰ ’ਤੇ ਚੀਰੇ ਵਾਲੇ ਨੌਜਵਾਨ ਵਿੱਚ ਉਮਰ, ਪੜ੍ਹਾਈ, ਅਹੁਦੇ ਤੇ ਹੋਰ ਵਖਰੇਵੇਂ ਹੋ ਸਕਦੇ ਹਨ ਪਰ ਕਿਸੇ ਪੀੜਿਤ ਹਮਰਾਹੀ ਲਈ ਹਮਦਰਦੀ ਦੀ ਭਾਵਨਾ ਅਤੇ ਆਪਣੇ ਵਿਤ ਅਨੁਸਾਰ ਸਹਾਇਤਾ ਕਰਨ ਦਾ ਜਜ਼ਬਾ ਉਹਨਾਂ ਵਿਚਕਾਰ ਡੂੰਘੀ ਸਾਂਝ ਬਣ ਜਾਂਦੀ ਹੈ।”

ਇਸ ਤਰ੍ਹਾਂ ‘ਸਾਂਝ’ ਕਹਾਣੀ ਇਹ ਦੱਸਦੀ ਹੈ ਕਿ ਅਸੀਂ ਹਮਦਰਦੀ ਦੀ ਭਾਵਨਾ ਰਾਹੀਂ ਇੱਕ-ਦੂਜੇ ਦੀ ਮਨੁੱਖ ਦੇ ਰੂਪ ਵਿੱਚ ਪਛਾਣ ਕਰਦੇ ਹਾਂ।