ਸਾਂਝ ਕਹਾਣੀ : ਪਾਤਰ ਚਿਤਰਨ


ਪਾਤਰ-ਚਿਤਰਨ ਸੰਬੰਧੀ ਪ੍ਰਸ਼ਨ-ਉੱਤਰ


ਪ੍ਰਸ਼ਨ 1. ‘ਸਾਂਝ’ ਕਹਾਣੀ ਦੇ ਪਾਤਰ ਪ੍ਰੋ. ਐੱਮ. ਐੱਲ. ਮਲ੍ਹੋਤਰਾ ਬਾਰੇ 125 ਤੋਂ 150 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ਪ੍ਰੋ. ਐੱਮ. ਐੱਲ. ਮਲ੍ਹੋਤਰਾ ‘ਸਾਂਝ’ ਕਹਾਣੀ ਦਾ ਮੁੱਖ ਪਾਤਰ ਹੈ। ਉਹ ਆਰਥਿਕ ਤੰਗੀ ਦਾ ਸ਼ਿਕਾਰ ਹੈ। ਉਸ ਨੂੰ ਵਡੇਰੀ ਉਮਰ ਵਿੱਚ ਮੁਢਲੀ ਤਨਖ਼ਾਹ ‘ਤੇ ਲੈਕਚਰਾਰੀ ਮਿਲੀ ਸੀ ਪਰ ਉਸ ਦਾ ਟੱਬਰ ਵੱਡਾ ਸੀ। ਉਹ ਇੱਕ ਚੰਗਾ ਸਾਈਕਲ-ਚਾਲਕ ਹੈ। ਪਰ ਸੜਕ ‘ਤੇ ਸਾਈਕਲ ਚਲਾਉਂਦਿਆਂ ਬੱਸ ਦੇ ਹਾਰਨ ਵਜਾਉਣ ‘ਤੇ ਸੜਕ ਤੋਂ ਹੇਠਾਂ ਉਤਰਨ ਨੂੰ ਉਹ ਆਪਣੀ ਹੱਤਕ ਸਮਝਦਾ ਹੈ। ਉਸ ਨੂੰ ਆਪਣੀ ਗ਼ਰੀਬੀ ਦਾ ਨਹੀਂ ਵੀ ਪੂਰਾ ਅਹਿਸਾਸ ਹੈ।

ਪ੍ਰੋ. ਮਲ੍ਹੋਤਰਾ ਦੇ ਮਨ ਵਿੱਚ ਬਜ਼ੁਰਗ ਔਰਤ ਲਈ ਹਮਦਰਦੀ ਦੀ ਭਾਵਨਾ ਹੈ। ਇਸੇ ਲਈ ਉਹ ਉਸ ਨੂੰ ਆਪਣੇ ਸਾਈਕਲ ‘ਤੇ ਬਿਠਾਉਂਦਾ ਹੈ। ਲਾਲ ਚੀਰੇ ਵਾਲ਼ੇ ਸਾਈਕਲ-ਸਵਾਰ ਨੂੰ ਉਹ ਪੱਥਰ-ਦਿਲ ਸਮਝਦਾ ਹੈ ਕਿਉਂਕਿ ਉਹ ਮਾਈ ਨੂੰ ਸਾਈਕਲ ‘ਤੇ ਬਿਠਾਉਣ ਤੋਂ ਬਿਨਾਂ ਹੀ ਨਹੀਂ ਅੱਗੇ ਨਿਕਲ ਗਿਆ ਸੀ। ਪਰ ਜਦ ਇਹ ਨੌਜਵਾਨ ਮਾਈ ਨੂੰ ਉਸ ਦੀ ਮੰਜ਼ਲ ‘ਤੇ ਪਹੁੰਚਾਉਣ ਲਈ ਵਾਪਸ ਆਉਂਦਾ ਹੈ ਤਾਂ ਉਸ ਪ੍ਰਤੀ ਪ੍ਰੋ. ਮਲ੍ਹੋਤਰਾ ਦੀ ਭਾਵਨਾ ਬਦਲ ਜਾਂਦੀ ਹੈ।

ਪ੍ਰੋ. ਮਲ੍ਹੋਤਰਾ ਦੇ ਵਿਚਾਰ ਤਰਕ ‘ਤੇ ਆਧਾਰਿਤ ਹਨ। ਨੇਤਾਵਾਂ ਦੀਆਂ ਟਿੱਪਣੀਆਂ ਨੂੰ ਵੀ ਉਹ ਚੰਗੀ ਤਰ੍ਹਾਂ ਘੋਖਦਾ/ਪਰਖਦਾ ਹੈ। ਉਹ ਮਾਈ ਨੂੰ ਟਿਕਟ ਲੈ ਕੇ ਦੇਣ ਲਈ ਕਿਸੇ ਤੋਂ ਮਦਦ ਨਹੀਂ ਲੈਣਾ ਚਾਹੁੰਦਾ ਕਿਉਂਕਿ ਅਜਿਹਾ ਕਰਨ ‘ਤੇ ਉਸ ਨੂੰ ਆਪਣੀਆਂ ਸਲਾਮਾਂ ਦੇ ਖੁਸ ਜਾਣ ਦਾ ਡਰ ਹੈ।

ਸਮੁੱਚੇ ਰੂਪ ਵਿੱਚ ਪ੍ਰੋ. ਮਲ੍ਹੋਤਰਾ ਇੱਕ ਸੂਝਵਾਨ, ਹਮਦਰਦ ਅਤੇ ਅਣਖੀ ਸੁਭਾਅ ਵਾਲ਼ਾ ਵਿਅਕਤੀ ਹੈ।

ਪ੍ਰਸ਼ਨ 2. ਲਾਲ ਚੀਰੇ ਵਾਲੇ ਸਾਈਕਲ-ਸਵਾਰ ਦਾ ਪਾਤਰ-ਚਿਤਰਨ ਕਰੋ।

ਉੱਤਰ : ਲਾਲ ਚੀਰੇ ਵਾਲਾ ਨੌਜਵਾਨ ਵੀ ‘ਸਾਂਝ’ ਕਹਾਣੀ ਦੇ ਵਿਸ਼ੇਸ਼ ਪਾਤਰਾਂ ਵਿੱਚੋਂ ਹੈ। ਉਹ ਆਪਣੀਆਂ ਜ਼ੁੰਮੇਵਾਰੀਆਂ ਵਿੱਚ ਘਿਰਿਆ ਹੋਇਆ ਇਨਸਾਨ ਹੈ। ਉਹ ਮਾਈ ਦੁਆਰਾ ਸਹਾਇਤਾ ਮੰਗਣ ‘ਤੇ ਤੇਜ਼ ਰਫ਼ਤਾਰ ਨਾਲ ਕੋਲੋਂ ਨਿਕਲ ਜਾਂਦਾ ਹੈ ਅਤੇ ਸਾਈਕਲ ‘ਤੇ ਨਹੀਂ
ਬਿਠਾਉਂਦਾ ਕਿਉਂਕਿ ਉਸ ਨੂੰ ਸ਼ਹਿਰ ਵਿੱਚ ਜ਼ਰੂਰੀ ਕੰਮ ਸੀ। ਪ੍ਰੋ. ਮਲ੍ਹੋਤਰਾ ਨੂੰ ਉਹ ਪੱਥਰ-ਦਿਲ ਇਨਸਾਨ ਜਾਪਿਆ ਸੀ। ਪਰ ਮਾਈ ਦੀ ਮਦਦ ਲਈ ਜਦ ਉਹ ਵਾਪਸ ਆਉਂਦਾ ਹੈ ਤਾਂ ਪ੍ਰੋ. ਮਲ੍ਹੋਤਰਾ ਦੀ ਉਸ ਪ੍ਰਤੀ ਧਾਰਨਾ ਬਦਲ ਜਾਂਦੀ ਹੈ। ਉਹ ਵਾਪਸੀ ‘ਤੇ ਮਾਈ ਨੂੰ ਆਪਣੇ ਸਾਈਕਲ ‘ਤੇ ਬਿਠਾ ਕੇ ਅੱਗੇ ਉਸ ਦੇ ਪਿੰਡ ਤੱਕ ਛੱਡ ਕੇ ਆਉਂਦਾ ਹੈ। ਇਸ ਤਰ੍ਹਾਂ ਉਹ ਹਮਦਰਦੀ ਦੀ ਭਾਵਨਾ ਰੱਖਣ ਵਾਲਾ ਨੌਜਵਾਨ ਹੈ। ਉਹ ਸੰਵੇਦਨਸ਼ੀਲ ਤੇ ਮਨੁੱਖੀ ਦਰਦ ਨਾਲ ਭਰਪੂਰ ਮਨੁੱਖ ਪ੍ਰਤੀਤ ਹੁੰਦਾ ਹੈ।

ਪ੍ਰਸ਼ਨ 3. ਬੁੱਢੀ ਮਾਈ ਦਾ ਪਾਤਰ-ਚਿਤਰਨ ਕਰੋ।

ਉੱਤਰ : ਬੁੱਢੀ ਮਾਈ ਬਹੁਤ ਗ਼ਰੀਬ ਹੈ। ਉਸ ਦਾ ਆਪਣਾ ਕੋਈ ਰਿਸ਼ਤੇਦਾਰ ਨਹੀਂ ਹੈ। ਉਸ ਦੇ ਕੱਪੜੇ ਬਹੁਤ ਗੰਦੇ ਸਨ। ਉਹ ਸਿਦਕੀ ਤੇ ਸਿਰੜੀ ਸੁਭਾਅ ਦੀ ਮਾਲਕ ਹੈ। ਉਹ ਆਪਣੇ ਘਰੋਂ ਦੂਰ ਪੈਦਲ ਚੱਲ ਕੇ ਸੰਗਰਾਂਦ ਵਾਲੇ ਦਿਨ ਗੁਰਦਵਾਰੇ ਮੱਥਾ ਟੇਕਣ ਆਉਂਦੀ ਹੈ ਤੇ ਵਾਪਸੀ ‘ਤੇ ਪ੍ਰੋਫ਼ੈਸਰ ਕੋਲੋਂ ਸਾਈਕਲ ‘ਤੇ ਬਿਠਾ ਕੇ ਸਫ਼ਰ ਖ਼ਤਮ ਕਰਾਉਣ ਦੀ ਸਹਾਇਤਾ ਮੰਗਦੀ ਹੈ । ਬੁੱਢੀ ਮਾਈ ਜਿਸ ਤਰ੍ਹਾਂ ਪ੍ਰੋਫ਼ੈਸਰ ਤੋਂ ਮਦਦ ਲੈਂਦੀ ਹੈ ਇਸੇ ਤਰ੍ਹਾਂ ਹੀ ਲਾਲ ਚੀਰੇ ਵਾਲਾ ਨੌਜਵਾਨ ਵੀ ਉਸ ਦੀ ਸਹਾਇਤਾ ਕਰਦਾ ਹੈ। ਉਹ ਉਸ ਨੂੰ ਉਸ ਦੀ ਮੰਜ਼ਲ ‘ਤੇ ਪਹੁੰਚਾਉਂਦਾ ਹੈ। ਉਹ ਸੁਹੇੜੇ ਪਿੰਡ ਵਿੱਚ ਇੱਕ ਝੁੱਗੀ ਵਿੱਚ ਰਹਿੰਦੀ ਸੀ। ਉਹ ਆਪਣਾ ਗੁਜ਼ਾਰਾ ਲੋਕਾਂ ਦੁਆਰਾ ਮਿਲ਼ੇ ਖਾਣ-ਪੀਣ ਨਾਲ ਕਰਦੀ ਹੈ, ਪਰ ਕਿਸੇ ਕੋਲ ਆਪ ਮੰਗਣ ਨਹੀਂ ਜਾਂਦੀ। ਉਹ ਇੱਕ ਸਹਿਨਸ਼ੀਲ ਔਰਤ ਹੈ।