ਸਾਂਝ : ਪ੍ਰਸ਼ਨ ਉੱਤਰ


ਪ੍ਰਸ਼ਨ-ਉੱਤਰ


ਪ੍ਰਸ਼ਨ 1. ‘ਸਾਂਝ’ ਕਹਾਣੀ ਦੇ ਲੇਖਕ ਸੁਜਾਨ ਸਿੰਘ ਦੀ ਕਹਾਣੀ-ਕਲਾ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਸੁਜਾਨ ਸਿੰਘ ਪੰਜਾਬੀ ਦੀ ਹੁਨਰੀ ਕਹਾਣੀ ਦੇ ਮੋਢੀਆਂ ਵਿੱਚੋਂ ਹੈ। ਉਸ ਨੇ ਆਦਰਸ਼ਵਾਦੀ, ਯਥਾਰਥਵਾਦੀ, ਮਾਨਵਵਾਦੀ ਅਤੇ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਕਹਾਣੀਆਂ ਲਿਖੀਆਂ ਹਨ। ਆਰਥਿਕ ਸਮੱਸਿਆਵਾਂ ਦਾ ਉਸ ਨੂੰ ਨਿੱਜੀ ਅਨੁਭਵ ਹੈ। ਇਸਤਰੀ-ਜੀਵਨ ਦੀਆਂ ਸਮੱਸਿਆਵਾਂ, ਦੇਸ-ਵੰਡ ਦਾ ਦੁਖਾਂਤ, ਗ਼ਰੀਬੀ, ਕਿਰਤੀਆਂ ਦਾ ਸੰਕਟ ਆਦਿ ਉਸ ਦੀਆਂ ਕਹਾਣੀਆਂ ਦੇ ਪ੍ਰਮੁੱਖ ਵਿਸ਼ੇ ਹਨ। ਕੁਝ ਕਹਾਣੀਆਂ ਵਿੱਚ ਉਹ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਵੀ ਨਜ਼ਰ ਆਉਂਦਾ ਹੈ। ਜਿਸ ਕਾਰਨ ਕਹਾਣੀ ਦਾ ਕਲਾ-ਪੱਖ ਕਮਜ਼ੋਰ ਹੋ ਜਾਂਦਾ ਹੈ।

ਪ੍ਰਸ਼ਨ 2. ‘ਸਾਂਝ’ ਕਹਾਣੀ ਦਾ ਇਹ ਸਿਰਲੇਖ ਕਿੱਥੋਂ ਤੱਕ ਸਫਲ ਹੈ?

ਉੱਤਰ : ‘ਸਾਂਝ’ ਕਹਾਣੀ ਦਾ ਇਹ ਸਿਰਲੇਖ ਕਹਾਣੀ ਦੇ ਦੋ ਪਾਤਰਾਂ ਪ੍ਰੋਫ਼ੈਸਰ ਮਲ੍ਹੋਤਰਾ ਅਤੇ ਲਾਲ ਚੀਰੇ ਵਾਲ਼ੇ ਸਾਈਕਲ-ਸਵਾਰ ਵਿੱਚ ਮਨੁੱਖ ਪ੍ਰਤੀ ਹਮਦਰਦੀ ਦੀ ਭਾਵਨਾ ਅਤੇ ਆਪਣੀ ਸਮਰੱਥਾ ਅਨੁਸਾਰ ਉਸ ਦੀ ਮਦਦ ਕਰਨ ਦੇ ਜਜ਼ਬੇ ਦੀ ਸਾਂਝ ‘ਤੇ ਆਧਾਰਿਤ ਹੈ। ਇਸ ਤਰ੍ਹਾਂ ਇਸ ਕਹਾਣੀ ਦੇ ਸਿਰਲੇਖ ਨੂੰ ਪੂਰੀ ਤਰ੍ਹਾਂ ਸਫਲ ਕਿਹਾ ਜਾ ਸਕਦਾ ਹੈ।

ਪ੍ਰਸ਼ਨ 3. ‘ਸਾਂਝ’ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?

ਉੱਤਰ : ‘ਸਾਂਝ’ ਨਾਂ ਦੀ ਕਹਾਣੀ ਮਾਨਵਵਾਦੀ ਸੋਚ ‘ਤੇ ਆਧਾਰਿਤ ਹੈ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀ ਸਮਰੱਖਾ ਅਨੁਸਾਰ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪ੍ਰੋਫ਼ੈਸਰ ਅਤੇ ਲਾਲ ਚੀਰੇ ਵਾਲਾ ਸਾਈਕਲ-ਸਵਾਰ ਬੁੱਢੀ ਮਾਈ ਨੂੰ ਸਾਈਕਲ ‘ਤੇ ਬਿਠਾ ਕੇ ਉਸ ਦੀ ਮਦਦ ਕਰਨ ਦੀ ਉਦਾਹਰਨ ਪੇਸ਼ ਕਰਦੇ ਹਨ।

ਪ੍ਰਸ਼ਨ 4. ‘ਸਾਂਝ’ ਕਹਾਣੀ ਵਿੱਚ ਕਿਹੜੇ-ਕਿਹੜੇ ਪਾਤਰ ਹਨ। ਇਹਨਾਂ ਦਾ ਸੰਖੇਪ ਵਿੱਚ ਜ਼ਿਕਰ ਕਰੋ।

ਉੱਤਰ : ‘ਸਾਂਝ’ ਕਹਾਣੀ ਵਿੱਚ ਮੁੱਖ ਤੌਰ ‘ਤੇ ਤਿੰਨ ਪਾਤਰ ਹਨ : ਪ੍ਰੋ. ਐੱਮ. ਐੱਲ. ਮਲ੍ਹੋਤਰਾ, ਲਾਲ ਚੀਰੇ ਵਾਲਾ ਸਾਈਕਲ-ਸਵਾਰ ਅਤੇ ਬੁੱਢੀ ਮਾਈ ਜਿਸ ਦਾ ਕੋਈ ਰਿਸ਼ਤੇਦਾਰ ਨਹੀਂ। ਪਿੰਡ ਵਿੱਚ ਇੱਕ ਝੁੱਗੀ ਤੋਂ ਬਿਨਾਂ ਉਸ ਦੇ (ਬੁੱਢੀ) ਕੋਲ ਹੋਰ ਕੁਝ ਵੀ ਨਹੀਂ। ਪ੍ਰੋ ਮਲ੍ਹੋਤਰਾ ਦੀ ਆਰਥਿਕ ਹਾਲਤ ਚੰਗੀ ਨਹੀਂ ਪਰ ਉਸ ਦੇ ਮਨ ਵਿੱਚ ਬੁੱਢੀ ਮਾਈ ਦੀ ਮਦਦ ਕਰਨ ਦਾ ਜਜ਼ਬਾ ਜ਼ਰੂਰ ਹੈ। ਦੂਸਰੇ ਪਾਸੇ ਲਾਲ ਚੀਰੇ ਵਾਲੇ ਸਾਈਕਲ-ਸਵਾਰ ਦੇ ਮਨ ਵਿੱਚ ਵੀ ਬੁੱਢੀ ਮਾਈ ਪ੍ਰਤਿ ਹਮਦਰਦੀ ਹੈ। ਇਹੀ ਇਹਨਾਂ ਦੋਹਾਂ ਪਾਤਰਾਂ ਵਿੱਚ ਸਾਂਝਾ ਗੁਣ ਹੈ।

ਪ੍ਰਸ਼ਨ 5. ‘ਸਾਂਝ’ ਕਹਾਣੀ ਦੇ ਪਾਤਰ ਪ੍ਰੋ. ਐੱਮ. ਐੱਲ. ਮਲ੍ਹੋਤਰਾ ਨਾਲ ਸੰਖੇਪ ਜਾਣ-ਪਛਾਣ ਕਰਾਓ।

ਉੱਤਰ : ਪ੍ਰੋ. ਐੱਮ. ਐੱਲ. ਮਲ੍ਹੋਤਰਾ ‘ਸਾਂਝ’ ਕਹਾਣੀ ਦਾ ਮੁੱਖ ਪਾਤਰ ਹੈ। ਆਰਥਿਕ ਤੰਗੀ ਦਾ ਸ਼ਿਕਾਰ ਹੋਣ ਕਾਰਨ ਉਹ ਬੁੱਢੀ ਮਾਈ ਦੀ ਮਨ-ਚਾਹੀ ਮਦਦ ਨਹੀਂ ਕਰ ਸਕਦਾ। ਲਾਲ ਚੀਰੇ ਵਾਲ਼ਾ ਸਾਈਕਲ-ਸਵਾਰ ਜਦ ਬੁੱਢੀ ਮਾਈ ਨੂੰ ਸਾਈਕਲ ‘ਤੇ ਬਿਠਾਏ ਬਿਨਾਂ ਅੱਗੇ ਲੰਘ
ਜਾਂਦਾ ਹੈ ਤਾਂ ਉਹ ਉਸ ਨੂੰ ਪੱਥਰ-ਦਿਲ ਜਾਪਦਾ ਹੈ। ਪਰ ਜਦ ਉਹ ਮਾਈ ਨੂੰ ਟਿਕਾਣੇ ‘ਤੇ ਪਹੁੰਚਾਉਣ ਲਈ ਵਾਪਸ ਆਉਂਦਾ ਹੈ ਤਾਂ ਪ੍ਰੋ. ਮਲ੍ਹੋਤਰਾ ਦੀ ਉਸ ਪ੍ਰਤੀ ਧਾਰਨਾ ਬਦਲ ਜਾਂਦੀ ਹੈ। ਉਹ ਹਰ ਗੱਲ ਨੂੰ ਬਹੁਤ ਬਰੀਕੀ ਨਾਲ ਸੋਚਦਾ ਹੈ।

ਪ੍ਰਸ਼ਨ 6. ‘ਸਾਂਝ’ ਕਹਾਣੀ ਦੇ ਪਾਤਰ ਲਾਲ ਚੀਰੇ ਵਾਲ਼ੇ ਸਾਈਕਲ-ਸਵਾਰ ਬਾਰੇ ਜਾਣਕਾਰੀ ਦਿਓ।

ਉੱਤਰ : ਲਾਲ ਚੀਰੇ ਵਾਲਾ ਸਾਈਕਲ ਸਵਾਰ ‘ਸਾਂਝ’ ਕਹਾਣੀ ਦਾ ਇੱਕ ਅਜਿਹਾ ਪਾਤਰ ਹੈ ਜਿਸ ਦੇ ਮਨ ਵਿੱਚ ਦੂਸਰਿਆਂ ਦੀ ਮਦਦ ਕਰਨ ਦਾ ਜਜ਼ਬਾ ਹੈ। ਪ੍ਰੋ. ਮਲ੍ਹੋਤਰਾ ਭਾਵੇਂ ਪਹਿਲਾਂ ਉਸ ਨੂੰ ਪੱਥਰ-ਦਿਲ ਸਮਝਦਾ ਹੈ ਪਰ ਅਸਲ ਵਿੱਚ ਉਹ ਅਜਿਹਾ ਨਹੀਂ। ਉਹ ਪਹਿਲਾਂ ਕਾਹਲੀ ਵਿੱਚ ਹੋਣ ਕਾਰਨ ਭਾਵੇਂ ਮਾਈ ਨੂੰ ਸਾਈਕਲ ‘ਤੇ ਬਿਠਾਏ ਬਿਨਾਂ ਚਲੇ ਜਾਂਦਾ ਹੈ ਪਰ ਉਹ ਮਾਈ ਨੂੰ ਉਸ ਦੇ ਪਿੰਡ ਪਹੁੰਚਾਉਣ ਲਈ ਵਾਪਸ ਆਉਂਦਾ ਹੈ।

ਪ੍ਰਸ਼ਨ 7. ‘ਸਾਂਝ’ ਕਹਾਣੀ ਵਿੱਚ ਕਹਾਣੀਕਾਰ ਬੁੱਢੀ ਮਾਈ ਦੀ ਤਰਸਯੋਗ ਹਾਲਤ ਨੂੰ ਕਿਵੇਂ ਪ੍ਰਗਟਾਉਂਦਾ ਹੈ?

ਉੱਤਰ : ‘ਸਾਂਝ’ ਕਹਾਣੀ ਵਿੱਚ ਬੁੱਢੀ ਮਾਈ ਦੀ ਤਰਸਯੋਗ ਹਾਲਤ ਨੂੰ ਪ੍ਰਗਟਾਇਆ ਗਿਆ ਹੈ। ਉਸ ਦਾ ਕੋਈ ਰਿਸ਼ਤੇਦਾਰ ਨਹੀਂ। ਪਿੰਡ ਵਿੱਚ ਉਸ ਦੀ ਇੱਕ ਝੁੱਗੀ ਤੋਂ ਬਿਨਾਂ ਹੋਰ ਕੁਝ ਨਹੀਂ। ਉਸ ਦਾ ਪਹਿਰਾਵਾ ਮੈਲਾ ਸੀ ਤੇ ਇਸ ‘ਤੇ ਥਾਂ-ਥਾਂ ਟਾਕੀਆਂ ਲੱਗੀਆਂ ਹੋਈਆਂ ਸਨ। ਜੇਠ ਮਹੀਨੇ ਦੀ ਸੰਗਰਾਂਦ ਨੂੰ ਉਹ ਚੌਦਾਂ-ਪੰਦਰਾਂ ਮੀਲ ਤੁਰ ਕੇ ਗੁਰਦਵਾਰੇ ਆਈ ਸੀ। ਉਹ ਪੈਰੋਂ ਨੰਗੀ ਸੀ। ਆਂਢ-ਗੁਆਂਢ ਦੇ ਲੋਕ ਜੇਕਰ ਉਸ ਨੂੰ ਕੁਝ ਖਾਣ ਨੂੰ ਦੇ ਦਿੰਦੇ ਤਾਂ ਉਹ ਲੈ ਲੈਂਦੀ ਪਰ ਉਹ ਆਪ ਕਿਸੇ ਤੋਂ ਕੁਝ ਮੰਗਣ ਲਈ ਨਹੀਂ ਸੀ ਜਾਂਦੀ।

ਪ੍ਰਸ਼ਨ 8. ਜਦ ਲਾਲ ਚੀਰੇ ਵਾਲਾ ਸਾਈਕਲ-ਸਵਾਰ ਪ੍ਰੋ. ਮਲੋਤਰਾ ਦੇ ਲਾਗੋਂ ਲੰਘ ਗਿਆ ਤਾਂ ਉਸ ਨੇ (ਪ੍ਰੋ. ਮਲ੍ਹੋਤਰਾ ਨੇ) ਕੀ ਸੋਚਿਆ?

ਉੱਤਰ : ਪਹਿਲਾਂ ਤਾਂ ਪ੍ਰੋ. ਮਲ੍ਹੋਤਰਾ ਨੇ ਸੋਚਿਆ ਕਿ ਸਾਈਕਲ ਨੂੰ ਹੋਰ ਤੇਜ਼ ਕਰ ਕੇ ਲਾਲ ਚੀਰੇ ਵਾਲੇ ਨੌਜਵਾਨ ਦੇ ਕੋਲੋਂ ਦੀ ਨਿਕਲ ਕੇ ਉਸ ਨੂੰ ਇਹ ਦੱਸ ਦਏ ਕਿ ਭਾਵੇਂ ਉਸ ਦੇ ਸਿਰ ਦੇ ਵਾਲ ਚਿੱਟੇ ਹੋ ਗਏ ਹਨ ਪਰ ਅਜੇ ਉਹ ਜਵਾਨਾਂ ਤੋਂ ਮਾਰ ਨਹੀਂ ਖਾਂਦਾ। ਪਰ ਜਲਦੀ ਹੀ ਉਸ ਦੇ ਦਿਲ ਵਿੱਚ ‘ਚਲੋ ਜਾਣ ਦਿਓ’ ਦਾ ਭਾਵ ਤੀਬਰ ਹੋ ਗਿਆ।

ਪ੍ਰਸ਼ਨ 9. ਪ੍ਰੋ. ਮਲੋਤਰਾ ਨੂੰ ਲਾਲ ਚੀਰੇ ਵਾਲ਼ਾ ਸਾਈਕਲ-ਸਵਾਰ ਪੱਥਰ-ਦਿਲ ਕਿਉਂ ਜਾਪਿਆ?

ਉੱਤਰ : ਪ੍ਰੋ. ਮਲ੍ਹੋਤਰਾ ਨੂੰ ਲਾਲ ਚੀਰੇ ਵਾਲਾ ਸਾਈਕਲ-ਸਵਾਰ ਇਸ ਲਈ ਪੱਥਰ-ਦਿਲ ਜਾਪਿਆ ਕਿਉਂਕਿ ਉਸ ਨੇ ਪਹਿਲਾਂ ਬੁੱਢੀ ਮਾਈ ਨੂੰ ਸ਼ਹਿਰ ਤੱਕ ਲੈ ਜਾਣ ਲਈ ਵੀ ਸਾਈਕਲ ‘ਤੇ ਨਹੀਂ ਸੀ ਬਿਠਾਇਆ।

ਪ੍ਰਸ਼ਨ 10. ਪ੍ਰੋ. ਮਲ੍ਹੋਤਰਾ ਨੂੰ ਆਪਣੀ ਕਿਹੜੀ ਗਲਤੀ ਠੀਕ ਕਰਦਿਆਂ ਖ਼ੁਸ਼ੀ ਪ੍ਰਤੀਤ ਹੋ ਰਹੀ ਸੀ?

ਉੱਤਰ : ਬੁੱਢੀ ਮਾਈ ਨੇ ਸਾਈਕਲ-ਸਵਾਰ ਪ੍ਰੋ. ਮਲ੍ਹੋਤਰਾ ਨੂੰ ਕਿਹਾ ਸੀ ਕਿ ਉਹ ਉਸ ਨੂੰ ਵੀ ਆਪਣੇ ਨਾਲ ਲੈ ਚੱਲੇ। ਪਰ ਪ੍ਰੋ. ਮਲ੍ਹੋਤਰਾ ਮੂੰਹ ਸਿੱਧਾ ਕਰ ਕੇ ਸਾਈਕਲ ਚਲਾਈ ਗਿਆ। ਅੱਧ ਫਰਲਾਂਗ ਅੱਗੇ ਜਾ ਕੇ ਉਸ ਨੇ ਸਾਈਕਲ ਪਿਛਾਂਹ ਮੋੜਿਆ। ਇੱਕ ਬੇਸਹਾਰਾ ਨੂੰ ਮੁਸ਼ਕਲ ਵਿੱਚ ਛੱਡ ਕੇ ਅਗਾਂਹ ਵਧ ਜਾਣ ਦੀ ਆਪਣੀ ਗ਼ਲਤੀ ਨੂੰ ਠੀਕ ਕਰਦਿਆਂ ਉਸ ਨੂੰ ਖ਼ੁਸ਼ੀ ਪ੍ਰਤੀਤ ਹੋ ਰਹੀ ਸੀ।

ਪ੍ਰਸ਼ਨ 11. ਪ੍ਰੋ. ਮਲ੍ਹੋਤਰਾ ਨੂੰ ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ ਵਾਲੀ ਅਖਾਉਤ ਕਿਉਂ ਯਾਦ ਆਈ?

ਉੱਤਰ : ਬੁੱਢੀ ਮਾਈ ਨੇ ਬਾਗਾਂ ਵਾਲ਼ੇ ਦੇ ਨੇੜੇ ਸਹੇੜੇ ਜਾਣਾ ਸੀ। ਬਾਗ਼ਾਂ ਵਾਲਾ ਨੌਂ ਮੀਲ ਦੀ ਦੂਰੀ ‘ਤੇ ਸੀ। ਪ੍ਰੋ. ਮਲ੍ਹੋਤਰਾ ਨੇ ਇਸ ਆਸ ਨਾਲ ਕਿਹਾ ਕਿ ਉਸ ਨੇ ਤਾਂ ਮੀਲ ਕੁ ਦੀ ਦੂਰੀ ‘ਤੇ ਸ਼ਹਿਰ ਜਾਣਾ ਹੈ ਤਾਂ ਜੋ ਮਾਈ ਆਪ ਹੀ ਨਾਂਹ ਕਰ ਦੇਵੇਗੀ। ਪਰ ਮਾਈ ਨੇ ਤਰਲੇ ਨਾਲ ਕਿਹਾ ਕਿ ਉਹ ਉਸ ਨੂੰ ਸ਼ਹਿਰ ਤੱਕ ਹੀ ਲੈ ਚੱਲੇ। ਪ੍ਰੋ. ਮਲ੍ਹੋਤਰਾ ਹੁਣ ਨਾਂਹ ਕਰਨ ਦੀ ਸਥਿਤੀ ਵਿੱਚ ਨਹੀਂ ਸੀ। ਇਸੇ ਲਈ ਉਸ ਨੂੰ ‘ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ’ ਵਾਲ਼ੀ ਅਖਾਉਤ ਯਾਦ ਆਉਂਦੀ ਹੈ।

ਪ੍ਰਸ਼ਨ 12. ਪ੍ਰੋ. ਮਲੋਤਰਾ ਬੁੱਢੀ ਮਾਈ ਨੂੰ ਆਪਣੇ ਘਰ ਲੈ ਜਾਣ ਦੀ ਇੱਛਾ ਪੂਰੀ ਕਿਉਂ ਨਹੀਂ ਕਰ ਸਕਿਆ?

ਉੱਤਰ : ਪ੍ਰੋ. ਮਲ੍ਹੋਤਰਾ ਦੇ ਦਿਲ ਵਿੱਚ ਬੁੱਢੀ ਮਾਈ ਨੂੰ ਆਪਣੇ ਘਰ ਲੈ ਜਾਣ ਦੀ ਇੱਛਾ ਪੈਦਾ ਹੋਈ। ਪਰ ਉਹ ਆਪਣੀ ਇਸ ਇੱਛਾ ਨੂੰ ਆਪਣੇ ਵੱਡੇ ਟੱਬਰ ਦੀ ਆਰਥਿਕ ਮੰਦਹਾਲੀ ਕਾਰਨ ਪੂਰੀ ਨਾ ਕਰ ਸਕਿਆ।

ਪ੍ਰਸ਼ਨ 13. ਪ੍ਰੋ. ਮਲੋਤਰਾ ਆਪਣੀਆਂ ਸਲਾਮਾਂ ਖੁੱਸ ਜਾਣ ਬਾਰੇ ਕਿਉਂ ਸੋਚਦਾ ਹੈ?

ਉੱਤਰ : ਪ੍ਰੋ. ਮਲ੍ਹੋਤਰਾ ਕੁਝ ਪੈਸੇ ਲੋਕਾਂ ਤੋਂ ਮੰਗ ਕੇ ਅਤੇ ਕੁਝ ਆਪਣੇ ਕੋਲੋਂ ਪਾ ਕੇ ਬੁੱਢੀ ਮਾਈ ਨੂੰ ਬਾਗ਼ਾਂ ਵਾਲ਼ੇ ਤੱਕ ਦੀ ਬੱਸ ਦੀ ਟਿਕਟ ਕੇ ਦੇਣ ਬਾਰੇ ਸੋਚਦਾ ਹੈ। ਪਰ ਝੱਟ ਹੀ ਉਹ ਇਹ ਸੋਚਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਲੋਕ ਸੋਚਣਗੇ ਕਿ ਪ੍ਰੋਫ਼ੈਸਰ ਅੱਠ ਆਨੇ ਵੀ ਕੋਲੋਂ ਨਹੀਂ ਖ਼ਰਚ ਸਕਦਾ। ਇਸ ਤਰ੍ਹਾਂ ਉਸ ਨੂੰ ਸਲਾਮਾਂ ਕਰਨ ਵਾਲੇ ਲੋਕ ਉਸ ਨੂੰ ਸਲਾਮਾਂ ਨਹੀਂ ਕਰਨਗੇ ਭਾਵ ਉਸ ਦੀਆਂ ਸਲਾਮਾਂ ਉਸ ਤੋਂ ਖੁੱਸ ਜਾਣਗੀਆਂ।

ਪ੍ਰਸ਼ਨ 14. ਪ੍ਰੋ. ਮਲ੍ਹੋਤਰਾ ਦਾ ਇਹ ਖ਼ਿਆਲ ਕਿ ਉਹ ਬੁੱਢੀ ਮਾਈ ਨੂੰ ਆਪ ਹੀ ਬਾਗ਼ਾਂ ਵਾਲ਼ੇ ਤੱਕ ਕਿਉਂ ਨਾ ਛੱਡ ਆਵੇ, ਪੂਰਾ ਕਿਉਂ ਨਹੀਂ ਹੋਇਆ?

ਉੱਤਰ : ਅਜਿਹਾ ਖ਼ਿਆਲ ਆਉਣ ‘ਤੇ ਪ੍ਰੋ. ਮਲ੍ਹੋਤਰਾ ਨੂੰ ਆਪਣੇ ਬੁਢੇਪੇ ਦਾ ਅਹਿਸਾਸ ਹੁੰਦਾ ਹੈ। ਉਹ ਸੋਚਦਾ ਹੈ ਕਿ ਅਜਿਹਾ ਕਰਨ ‘ਤੇ ਉਹ ਥੱਕ ਕੇ ਚੂਰ ਹੋ ਜਾਏਗਾ ਤੇ ਬੱਚਿਆਂ ਨੂੰ ਪੜ੍ਹਾਉਣ ਲਈ ਤਿਆਰੀ ਨਹੀਂ ਕਰ ਸਕੇਗਾ। ਪੈਸੇ ਲੈ ਕੇ ਤਸੱਲੀ ਨਾਲ ਨਾ ਪੜਾਉਣ ਨੂੰ ਉਹ ਪਾਪ ਸਮਝਦਾ ਸੀ। ਉਸ ਨੇ ਤਾਂ ਅਜੇ ਰੋਟੀ ਵੀ ਖਾਣੀ ਸੀ। ਇਹਨਾਂ ਕਾਰਨਾਂ ਕਰਕੇ ਪ੍ਰੋ. ਮਲ੍ਹੋਤਰਾ ਦਾ ਬੁੱਢੀ ਮਾਈ ਨੂੰ ਆਪ ਬਾਗ਼ਾਂ ਵਾਲ਼ੇ ਤੱਕ ਛੱਡ ਆਉਣ ਦਾ ਖ਼ਿਆਲ ਪੂਰਾ ਨਹੀਂ ਹੋਇਆ।

ਪ੍ਰਸ਼ਨ 15. ‘ਸਾਂਝ’ ਕਹਾਣੀ ਅਨੁਸਾਰ ਜੇਠ ਦੀ ਧੁੱਪ ਕਾਰਨ ਸੜਕ ਦੀ ਹਾਲਤ ਕਿਹੋ ਜਿਹੀ ਸੀ?

ਉੱਤਰ : ਜੇਠ ਦੀ ਧੁੱਪ ਕਾਰਨ ਸੜਕ ਦੀ ਲੁੱਕ ਕਈਆਂ ਥਾਂਵਾਂ ਤੋਂ ਪਿਘਲ ਗਈ ਸੀ। ਕੰਢਿਆਂ ਤੋਂ ਇਹ ਜ਼ਿਆਦਾ ਪਿਘਲੀ ਹੋਈ ਸੀ। ਪਿਘਲੀ ਹੋਈ ਲੁੱਕ ਪ੍ਰੋਫ਼ੈਸਰ ਦੇ ਸਾਈਕਲ ਦੇ ਪਹੀਆਂ ਨੂੰ ਪਕੜ ਕਰ ਰਹੀ ਸੀ। ਇਸ ਤੋਂ ਬਚਣ ਲਈ ਪ੍ਰੋਫ਼ੈਸਰ ਪਕੇਰੀ ਲੁੱਕ ਅਤੇ ਬਜਰੀ ਵਾਲੀ ਥਾਂ ਤੋਂ ਲੰਘਣ ਦੀ ਕੋਸ਼ਸ਼ ਕਰ ਰਿਹਾ ਸੀ।

ਪ੍ਰਸ਼ਨ 16. ਪ੍ਰੋਫੈਸਰ ਲਾਲ ਚੀਰੇ ਵਾਲੇ ਸਾਈਕਲ ਸਵਾਰ ਬਾਰੇ ਕੀ-ਕੀ ਸੋਚਦਾ ਹੈ?

ਉੱਤਰ : ਜਦ ਲਾਲ ਚੀਰੇ ਵਾਲਾ ਸਾਈਕਲ-ਸਵਾਰ ਪ੍ਰੋਫ਼ੈਸਰ ਤੋਂ ਅੱਗੇ ਲੰਘ ਗਿਆ ਤਾਂ ਪ੍ਰੋਫ਼ੈਸਰ ਨੇ ਉਸ ਤੋਂ ਵੀ ਅੱਗੇ ਨਿਕਲਨ ਬਾਰੇ ਸੋਚਿਆ ਪਰ ਫਿਰ ਉਸ ਨੇ ਇਹ ਖ਼ਿਆਲ ਛੱਡ ਦਿੱਤਾ। ਜਦ ਲਾਲ ਚੀਰੇ ਵਾਲ਼ਾ ਮਾਈ ਨੂੰ ਸਾਈਕਲ ‘ਤੇ ਚੜ੍ਹਾਉਣ ਤੋਂ ਬਿਨਾਂ ਅੱਗੇ ਲੰਘ ਗਿਆ ਤਾਂ ਪ੍ਰੋਫ਼ੈਸਰ ਨੂੰ ਉਹ ਪੱਥਰ-ਦਿਲ ਜਾਪਿਆ। ਪਰ ਜਦ ਉਹ ਮਾਈ ਨੂੰ ਉਸ ਦੀ ਮੰਜ਼ਲ ਤੱਕ ਪਹੁੰਚਾਉਣ ਲਈ ਵਾਪਸ ਆਇਆ ਤਾਂ ਪ੍ਰੋ. ਮਲ੍ਹੋਤਰਾ ਦੀ ਉਸ ਪ੍ਰਤੀ ਧਾਰਨਾ ਬਦਲ ਗਈ।