ਸਵਾਣੀਆਂ ਦੀ ਕਲਾ – ਪੈਰਾ ਰਚਨਾ
ਪ੍ਰੋ: ਪੂਰਨ ਸਿੰਘ ਨੇ ਬੱਚੇ ਨੂੰ ਨੁਹਾ – ਧੁਆ ਕੇ ਸ਼ਿੰਗਾਰਨ ਵਾਲੀ ਤੇ ਨਿੱਤ ਨਵਾਂ ਰੂਪ ਦੇਣ ਵਾਲੀ ਮਾਂ ਨੂੰ ‘ਵੱਡੀ ਕਲਾਕਾਰ’ ਦਾ ਦਰਜਾ ਦਿੱਤਾ ਹੈ। ਬੱਚੇ ਨੂੰ ਸੁੰਦਰ ਕੱਪੜੇ ਪੁਆਉਣ, ਉਸਦੇ ਵਾਲ ਸ਼ਿੰਗਾਰਨ, ਉਸ ਦੀ ਗੱਲ ਉੱਪਰ ਕਾਲਾ ਧੱਬਾ ਲਾਉਣ ਤੇ ਅੱਖਾਂ ਵਿਚ ਸੁਰਮਾ ਪਾ ਕੇ ਉਸ ਦੀ ਦਿੱਖ ਨੂੰ ਨਿਖਾਰਨ ਦਾ ਕੰਮ ਕਿਸੇ ਕਲਾਕਾਰ ਤੋਂ ਘੱਟ ਨਹੀਂ। ਇਸ ਤੋਂ ਬਿਨਾਂ ਸਵਾਣੀਆਂ ਦਾ ਆਪਣੇ ਘਰ ਨੂੰ ਸੁਆਰਨ, ਟਰੰਕਾਂ, ਮੇਜ਼ਾਂ, ਸੋਫ਼ਿਆਂ ਤੇ ਹੋਰਨਾਂ ਚੀਜ਼ਾਂ ਉੱਪਰ ਕਢਾਈ ਵਾਲੇ ਕੱਪੜੇ ਵਿਛਾਉਣ, ਫ਼ਰਸ਼ਾਂ ਤੇ ਚੀਜ਼ਾਂ ਨੂੰ ਸਾਫ਼ ਕਰਨ, ਚੀਜ਼ਾਂ ਨੂੰ ਢੁੱਕਵੇਂ ਢੰਗ ਨਾਲ ਟਿਕਾ ਕੇ ਘਰ ਨੂੰ ਸੁੰਦਰ ਬਣਾਉਣ, ਭਿੰਨ – ਭਿੰਨ ਪ੍ਰਕਾਰ ਦੇ ਰੰਗਾਂ ਦੇ ਨਮੂਨਿਆਂ ਦੇ ਪਕਵਾਨ ਬਣਾਉਣ, ਉਨ੍ਹਾਂ ਨੂੰ ਥਾਲੀ ਵਿਚ ਜਾਂ ਮੇਜ ਉੱਤੇ ਪਰੋਸਣ ਤੇ ਸਲਾਦ ਸਜਾਉਣ ਦਾ ਕੰਮ ਵੀ ਕਲਾਕਾਰੀ ਵਿੱਚੋਂ ਹੀ ਉਪਜਦਾ ਹੈ। ਪਿੰਡ ਦੀ ਕੋਈ ਸਵਾਣੀ ਜਿੰਨੀ ਬਹੁਤੀ ਕਲਾਕਾਰ ਰੁਚੀ ਵਾਲੀ ਹੋਵੇਗੀ ਜ਼ ਓਨੇ ਹੀ ਸੁੰਦਰ ਉਹ ਮਿੱਟੀ ਦੇ ਚੁੱਲ੍ਹੇ, ਭੜੋਲੀਆਂ ਤੇ ਤੰਦੂਰ ਬਣਾਵੇਗੀ ਅਤੇ ਆਪਣੇ ਘਰ ਦੀਆਂ ਕੱਚੀਆਂ ਕੰਧਾਂ ਨੂੰ ਵੇਲ – ਬੂਟਿਆਂ ਨਾਲ ਤੇ ਪੱਕੀਆਂ ਨੂੰ ਤਸਵੀਰਾਂ ਤੇ ਪੋਸਟਰਾਂ ਨਾਲ ਸਜਾਵੇਗੀ। ਸਵਾਣੀਆਂ ਦੀ ਕਲਾ ਦੇ ਇਹ ਤਾਂ ਸਧਾਰਨ ਜਿਹੇ ਨਮੂਨੇ ਹਨ। ਉਨ੍ਹਾਂ ਦੇ ਹੱਥਾਂ ਵਿੱਚੋਂ ਕਲਾ ਦੇ ਉੱਤਮ ਨਮੂਨੇ ਵੀ ਪ੍ਰਗਟ ਹੁੰਦੇ ਹਨ। ਪੰਜਾਬ ਦੀਆਂ ਸਵਾਣੀਆਂ ਦੇ ਬਣੇ ਬਾਗ਼ ਤੇ ਫੁਲਕਾਰੀਆਂ ਕਲਾ ਦੇ ਉੱਤਮ ਨਮੂਨੇ ਮੰਨੇ ਜਾਂਦੇ ਹਨ। ਇਸ ਤੋਂ ਬਿਨਾਂ ਕਰੋਸ਼ੀਏ ਦਾ ਕੰਮ ਤੇ ਸਿਲਾਈਆਂ ਨਾਲ ਉਨ੍ਹਾਂ ਦੁਆਰਾ ਬਣੇ ਵੱਖ – ਵੱਖ ਨਮੂਨਿਆਂ ਦੇ ਸਵੈਟਰ ਤੇ ਘਰਾਂ ਵਿੱਚ ਖੱਡੀਆਂ ਲਾ ਕੇ ਬਣਾਈਆਂ ਫੁੱਲਦਾਰ ਦਰੀਆਂ ਉਨ੍ਹਾਂ ਦੀ ਕਲਾ ਦੇ ਦਰਸ਼ਨੀ ਨਮੂਨੇ ਹੁੰਦੇ ਹਨ। ਪੰਜਾਬੀ ਇਸਤਰੀਆਂ ਦੀ ਨ੍ਰਿਤ ਕਲਾ ਨੂੰ ਉਨ੍ਹਾਂ ਦੇ ਗਿੱਧੇ ਵਿੱਚ ਦੇਖਿਆ ਜਾ ਸਕਦਾ ਹੈ ਤੇ ਉਨ੍ਹਾਂ ਦੀ ਗਾਇਕੀ ਨੂੰ ਵਿਆਹ – ਸ਼ਾਦੀ ਦੇ ਮੌਕਿਆਂ ਉੱਤੇ ਮਾਣਿਆ ਜਾ ਸਕਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਵਾਣੀਆਂ ਦੀ ਕਲਾ ਤੋਂ ਬਿਨਾਂ ਸਾਡਾ ਜੀਵਨ ਫਿੱਕਾ ਤੇ ਬੇਰਸਾ ਹੋ ਜਾਵੇਗਾ।