ਵੇਦ ਕੁਰਾਨਾਂ……..ਨਵੀਉਂ ਨਵੀਂ ਬਹਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ : ਬੁੱਲ੍ਹੇ ਸ਼ਾਹ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਵੇਦ ਕੁਰਾਨਾਂ ਪੜ੍ਹ-ਪੜ੍ਹ ਥੱਕੇ ।
ਸਿਜਦੇ ਕਰਦਿਆਂ ਘਸ ਗਏ ਮੱਥੇ ।
ਨਾ ਰੱਬ ਤੀਰਥ, ਨਾ ਰੱਬ ਮੱਕੇ ।
ਜਿਨ ਪਾਇਆ ਤਿੰਨ ਨੂਰ ਅਨਵਾਰ ।
ਇਸ਼ਕ ਦੀ ਨਵੀਉਂ ਨਵੀਂ ਬਹਾਰ ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਰਚੀ ਹੋਈ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਨੇ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼ਹਬੀ ਕਰਮ-ਕਾਂਡ ਦਾ ਖੰਡਨ ਕੀਤਾ ਹੈ ਅਤੇ ਇਸ਼ਕ ਦੁਆਰਾ ਪ੍ਰਾਪਤ ਹੋਣ ਵਾਲੀ ਰੂਹਾਨੀ ਅਵਸਥਾ ਦੀ ਮਹਿਮਾ ਗਾਈ ਹੈ।
ਵਿਆਖਿਆ : ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਧਾਰਮਿਕ ਕਰਮ-ਕਾਂਡੀ ਵੇਦਾਂ ਅਤੇ ਕੁਰਾਨਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ ਹਨ ਅਤੇ ਮੰਦਰਾਂ ਤੇ ਮਸੀਤਾਂ ਵਿੱਚ ਸਿਜਦੇ ਕਰਦਿਆਂ ਉਨ੍ਹਾਂ ਦੇ ਮੱਥੇ ਵੀ ਘਸ ਗਏ ਹਨ, ਪਰ ਉਨ੍ਹਾਂ ਦਾ ਜੀਵਨ ਨੇਕ ਨਾ ਹੋਣ ਕਰਕੇ ਉਨ੍ਹਾਂ ਨੂੰ ਰੱਬ ਨਾ ਤੀਰਥਾਂ ਵਿੱਚ ਮਿਲਦਾ ਹੈ ਤੇ ਨਾ ਹੀ ਮੱਕੇ ਵਿੱਚ। ਜਿਹੜਾ ਇਸ਼ਕ ਦੁਆਰਾ ਉਸ ਨੂੰ ਪਾ ਲੈਂਦਾ ਹੈ, ਉਹ ਉਸ ਦੇ ਨੂਰ ਨਾਲ ਇਕਮਿਕ ਹੋ ਜਾਂਦਾ ਹੈ। ਰੱਬ ਦੇ ਆਸ਼ਕ ਇਸ਼ਕ ਦੁਆਰਾ ਉਸ ਨਾਲ ਇੱਕ-ਮਿਕ ਹੋ ਕੇ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ।