ਲੇਖ : ਹੱਥਾਂ ਬਾਝ ਕਰਾਰਿਆਂ, ਵੈਰੀ ਹੋਇ ਨਾ ਮਿੱਤ
ਹੱਥਾਂ ਬਾਝ ਕਰਾਰਿਆਂ, ਵੈਰੀ ਹੋਇ ਨਾ ਮਿੱਤ
ਭੂਮਿਕਾ : “ਹੱਥਾਂ ਬਾਝ ਕਰਾਰਿਆਂ, ਵੈਰੀ ਹੋਇ ਨਾ ਮਿੱਤ” ਤੁਕ ਦਾ ਭਾਵ ਹੈ ਕਿ ਜਿੰਨਾ ਚਿਰ ਅਸੀਂ ਆਪਣੇ ਵੈਰੀ/ਦੁਸ਼ਮਣ ਨਾਲ ਸਖ਼ਤੀ ਨਾਲ ਪੇਸ਼ ਨਾ ਆਵਾਂਗੇ, ਉਨੀ ਦੇਰ ਉਸ ‘ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਵੈਰ ਆਮ ਕਰਕੇ ਮੂਰਖ਼ਤਾ, ਖ਼ੁਦਗਰਜ਼ੀ, ਈਰਖਾ, ਹਉਮੈ ਤੇ ਮੁਕਾਬਲੇ ਦੀ ਭਾਵਨਾ ਵਿੱਚੋਂ ਪੈਦਾ ਹੁੰਦਾ ਹੈ। ਵੈਰੀ ਵਿੱਚ ਹਮੇਸ਼ਾ ਹੀ ਇਹ ਗ਼ਲਤਫਹਿਮੀ ਬਣੀ ਰਹਿੰਦੀ ਹੈ ਕਿ ਉਹ ਦੂਜੀ ਧਿਰ ਨਾਲੋਂ ਤਕੜਾ ਹੈ। ਜੇਕਰ ਤੁਸੀਂ ਸ਼ਰਾਫ਼ਤ ਤੋਂ ਕੰਮ ਲਵੋਗੇ ਤਾਂ ਉਹ ਸਮਝੇਗਾ ਕਿ ਤੁਸੀਂ ਡਰਪੋਕ ਹੋ। ਇਸ ਲਈ ਉਹ ਤੁਹਾਡੀ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਤੁਹਾਡੇ ‘ਤੇ ਲਗਾਤਾਰ ਕੋਈ ਨਾ ਕੋਈ ਹਮਲਾ ਜਾਂ ਕੋਈ ਸਾਜ਼ਿਸ਼ ਬਣਾਉਂਦਾ ਰਹੇਗਾ। ਇੱਥੇ ਇਹ ਵਿਚਾਰ ਬਾਬਾ ਫ਼ਰੀਦ ਜੀ ਦੀ ਧਾਰਨਾ ਨਾਲੋਂ ਬਿਲਕੁਲ ਅਲੱਗ ਹਨ ਕਿ :
ਜੋ ਤੈਂ ਮਾਰਨ ਮੁੱਕੀਆਂ ਤਿਨਾ ਨਾ ਮਾਰੈ ਘੁੰਮਿ।
ਆਪਨੜੈ ਘਰਿ ਜਾਈਏ, ਪੈਰ ਤਿਨਾ ਦੇ ਚੁੰਮ।
ਦੁਸ਼ਮਣ ਦੀ ਪਹਿਚਾਣ : ਇਹ ਸਿਧਾਂਤ ਵੈਰੀ ’ਤੇ ਲਾਗੂ ਨਹੀਂ ਹੁੰਦਾ। ਜੇਕਰ ਅਸੀਂ ਆਪਣੇ ਦੁਸ਼ਮਣ ਦੀ ਕੋਝੀ ਚਾਲ ‘ਤੇ ਕੋਈ ਜਵਾਬੀ ਕਾਰਵਾਈ ਕਰਾਂਗੇ ਤਾਂ ਉਸਦੇ ਹੌਸਲੇ ਪਸਤ/ਢਹਿ ਢੇਰੀ ਹੋ ਜਾਣਗੇ। ਦੁਸ਼ਮਣ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾ ਕੇ ਹੀ ਉਨ੍ਹਾਂ ਵੱਲ ਦੋਸਤੀ ਦਾ ਹੱਥ ਵਧਾਇਆ ਜਾ ਸਕਦਾ ਹੈ। ਇਤਿਹਾਸ ਵਿੱਚੋਂ ਸਾਨੂੰ ਅਨੇਕਾਂ ਹੀ ਅਜਿਹੀਆਂ ਮਿਸਾਲਾਂ ਮਿਲ ਜਾਣਗੀਆਂ ਕਿ ਦੁਸ਼ਮਣ ਕਰਾਰੇ ਹੱਥ ਤੋਂ ਬਿਨਾਂ ਸਿੱਧੇ ਰਾਹ ‘ਤੇ ਨਹੀਂ ਆਉਂਦਾ। ਸ਼ਰਾਫ਼ਤ ਵਿਖਾਇਆਂ ਉਹ ਤਾਂ ਸਗੋਂ ਵਧਦਾ ਹੀ ਜਾਂਦਾ ਹੈ ਤੇ ਜੇਕਰ ਉਸ ਦੇ ਇੱਟ ਚੁੱਕਦੇ ਨੂੰ ਪੱਥਰ ਤਿਆਰ ਵਿਖਾਓ ਤਾਂ ਹੀ ਉਹ ਮੱਛੀ ਵਾਂਗ ਪੱਥਰ ਚੱਟ ਕੇ ਪਿੱਛੇ ਮੁੜਦਾ ਹੈ। ਇਸ ਲਈ ਦੁਸ਼ਮਣ ਦੇ ਵਿਹਾਰ ਦੀ ਪਛਾਣ ਕਰਨੀ ਲਾਜ਼ਮੀ ਹੈ।
ਗੁਰੂ ਸਾਹਿਬਾਨ ਦੀ ਸੋਚ : ਸਿੱਖ ਇਤਿਹਾਸ ਵਿੱਚ ਗੁਰੂ ਨਾਨਕ ਤੋਂ ਗੁਰੂ ਅਰਜਨ ਦੇਵ ਜੀ ਤੱਕ ਦੇ ਗੁਰੂ ਸਾਹਿਬਾਨਾਂ ਨੇ ਜਬਰ-ਜ਼ੁਲਮ ਤੇ ਅਨਿਆਂ ਦਾ ਬੜੇ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਪਰ ਈਰਖਾਲੂ ਮੁਗ਼ਲਾਂ ਨੇ ਗੁਰੂ ਸਾਹਿਬਾਨਾਂ ਨਾਲ ਕੀ ਸਲੂਕ ਕੀਤਾ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ‘ਤੇ ਬਿਠਾ ਕੇ ਸ਼ਹੀਦ ਕਰਵਾ ਦਿੱਤਾ। ਇਹੋ ਹਾਲ ਗੁਰੂ ਤੇਗ਼ ਬਹਾਦਰ ਜੀ ਨਾਲ ਵੀ ਵਾਪਰਿਆ। ਤਾਂ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀ ਤਲਵਾਰ ਪਹਿਨੀ ਤੇ ਵੈਰੀਆਂ ਨਾਲ ਮੁਕਾਬਲਾ ਕਰਨ ਦੀ ਪਿਰਤ ਪਾਈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਸਿੰਘਾਂ ਨੂੰ ਚਿੜੀਆਂ ਤੋਂ ਬਾਜ਼ ਛੁਡਾਉਣ ਦੇ ਕਾਬਲ ਬਣਾਇਆ। ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਸੂਬਾ ਸਰਹੰਦ ਦੀ ਕਰਾਰੀ ਬੇਇਜ਼ਤੀ ਕੀਤੀ। ਉਸ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਇਤਿਹਾਸ ਵਿੱਚ ਬੰਦਾ ਬਹਾਦਰ ਦੀ ਸੂਰਮਤਾਈ ਦੀ ਮਹਿਮਾ ਹਮੇਸ਼ਾ ਗਾਈ ਜਾਣ ਲੱਗ ਪਈ। ਗੁਰੂ ਹਰਗੋਬਿੰਦ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਨੂੰ ਭਾਂਪਦਿਆਂ ਹੀ ਜਹਾਂਗੀਰ ਤੇ ਬਹਾਦਰ ਸ਼ਾਹ ਨੇ ਉਹਨਾਂ ਵੱਲ ਦੋਸਤੀ ਦੇ ਹੱਥ ਵਧਾਏ।
ਮਹਾਨ ਆਗੂਆਂ ਦੀ ਸੋਚ : ਰਾਜਾ ਪੋਰਸ ਦੀ ਦ੍ਰਿੜ੍ਹਤਾ ਕਾਰਨ ਹੀ ਸਿਕੰਦਰ ਨੇ ਉਸ ਵੱਲ ਮਿੱਤਰਤਾ ਦਾ ਹੱਥ ਵਧਾਇਆ ਸੀ। ਇਸੇ ਤਰ੍ਹਾਂ ਚੰਦਰਗੁਪਤ ਮੌਰੀਆ ਦੀ ਬਹਾਦਰੀ ਕਾਰਨ ਹੀ ਯੂਨਾਨੀ ਰਾਜੇ ਸੈਲਿਊਕਸ ਨੇ ਆਪਣੀ ਧੀ ਦਾ ਰਿਸ਼ਤਾ ਦੇ ਕੇ ਭਰਾਤਰੀ ਭਾਵਾਂ ਨੂੰ ਮਜ਼ਬੂਤ ਕੀਤਾ ਸੀ। ਇਸੇ ਤਰ੍ਹਾਂ ਮਹਾਰਾਣਾ ਪ੍ਰਤਾਪ ਵਰਗੇ ਦ੍ਰਿੜ ਨਿਸ਼ਚੇ ਵਾਲੇ ਰਾਜੇ ਅੱਗੇ ਅਕਬਰ ਵਰਗੇ ਮਹਾਨ ਸਮਰਾਟ ਵੀ ਟਿਕ ਨਾ ਸਕੇ। ਔਰੰਗਜ਼ੇਬ ਵੀ ਗੁਰੂ ਗੋਬਿੰਦ ਸਿੰਘ ਤੇ ਸ਼ਿਵਾ ਜੀ ਮਰਹੱਟੇ ਨਾਲ ਲੜਾਈਆਂ ਲੜਦੇ-ਲੜਦੇ ਹਾਰ ਗਿਆ ਸੀ ਤੇ ਅੰਤ ਉਹਨਾਂ ਨਾਲ ਦੋਸਤੀ ਦੇ ਸਬੰਧ ਬਣਾਉਣ ਲਈ ਤਿਆਰ ਹੋ ਗਿਆ ਸੀ।
ਭਾਰਤੀ ਫੌਜਾਂ ਦੀ ਬਹਾਦਰੀ : ਇੰਝ ਹੀ ਸਰਹੱਦਾਂ ‘ਤੇ ਹੁੰਦੀਆਂ ਲੜਾਈਆਂ ਵਿੱਚ ਵੀ ਦੁਸ਼ਮਣਾਂ ਨੂੰ ਕਰਾਰੇ ਹੱਥਾਂ ਨਾਲ ਹੀ ਸੋਧਿਆ ਜਾਂਦਾ ਹੈ। ਨਹੀਂ ਤਾਂ ਵੈਰੀ ਨਿੱਤ ਹਮਲੇ ਕਰਦੇ ਰਹਿਣ। ਚੀਨ-ਭਾਰਤ ਦੀ ਲੜਾਈ, ਹਿੰਦ-ਪਾਕ ਦੀ ਲੜਾਈ ਵਿੱਚ ਭਾਰਤੀਆਂ ਨੇ ਆਪਣੀ ਬੀਰਤਾ ਦਾ ਅਜਿਹਾ ਸਬੂਤ ਦਿੱਤਾ ਕਿ ਦੁਸ਼ਮਣ ਉਥੋਂ ਭੱਜ ਨਿਕਲੇ। ਇਹੋ ਹਾਲ ਬੰਗਲਾਦੇਸ਼ ਦੀ ਸਮੱਸਿਆ ਸਮੇਂ ਹੋਇਆ। ਬੰਗਲਾ ਦੇਸ਼ ਦੇ ਲੋਕਾਂ ‘ਤੇ ਪਾਕਿਸਤਾਨੀ ਡਿਕਟੇਟਰ ਯਾਹੀਆ ਖਾਨ ਨੇ ਫ਼ੌਜਾਂ ਭੇਜ ਕੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ ਪਰ ਜਦੋਂ ਲੋਕਾਂ ਨੇ ‘ਮੁਕਤੀ ਵਾਹਿਨੀ’ ਦੇ ਨਾਂ ਹੇਠ ਇਕੱਠੇ ਹੋ ਕੇ ਪਾਕਿਸਤਾਨੀ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ ਤਾਂ ਘਬਰਾਏ ਹੋਏ ਪਾਕਿਸਤਾਨੀਆਂ ਨੇ ਭਾਰਤ ‘ਤੇ ਹਮਲਾ ਕਰ ਦਿੱਤਾ ਪਰ ਉੱਥੇ ਵੀ ਉਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਗਏ। ਵੀਅਤਨਾਮ ਦੇ ਯੋਧੇ ਦੇਸ਼-ਭਗਤਾਂ ਨੇ ਕਰਾਰੇ ਹੱਥਾਂ ਨਾਲ ਹੀ ਅਮਰੀਕੀ ਹਮਲਾਵਰਾਂ ਨੂੰ ਚੰਗਾ ਸਬਕ ਸਿਖਾਇਆ।
ਸਾਰੰਸ਼ : ਇਸ ਤਰ੍ਹਾਂ ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਦੁਸ਼ਮਣ ਨੂੰ ਕਮਜ਼ੋਰ ਕਰਨ ਲਈ ਆਪਣੀ ਬਹਾਦਰੀ ਦੇ ਜੌਹਰ ਵਿਖਾਉਣੇ ਹੀ ਪੈਣਗੇ। ਦੁਸ਼ਮਣ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਤੇ ਜੇਕਰ ਉਹ ਕੋਈ ਹਮਲਾ ਕਰੇ ਜਾਂ ਕੋਈ ਸਾਜ਼ਿਸ਼ ਕਰੇ ਤਾਂ ਉਸ ਦਾ ਮੂੰਹ ਤੋੜਵਾਂ ਜਵਾਬ ਉਸ ਵੇਲੇ ਹੀ ਦੇਣਾ ਚਾਹੀਦਾ ਹੈ ਨਹੀਂ ਤਾਂ ਉਹ ਸਾਨੂੰ ਟਿੱਚ ਸਮਝ ਕੇ ਆਪਣੀ ਹੈਂਕੜ ਦਾ ਪ੍ਰਗਟਾਵਾ ਕਰਦਾ ਰਹੇਗਾ ਅਤੇ ਸਾਨੂੰ ਚੁੱਪ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।