ਲੇਖ : ਹਾਸ਼ਮ


ਹਾਸ਼ਮ


ਹਾਸ਼ਮ ਪੰਜਾਬੀ ਸੂਫ਼ੀ ਤੇ ਕਿੱਸਾ ਕਵਿਤਾ ਦਾ ਸ਼੍ਰੋਮਣੀ ਕਵੀ ਹੋਇਆ ਹੈ। ਹਾਸ਼ਮ ਦੇ ਜਨਮ ਬਾਰੇ ਸੰਪੂਰਨ ਰੂਪ ਵਿੱਚ ਕੁੱਝ ਪ੍ਰਾਪਤ ਨਹੀਂ ਹੁੰਦਾ, ਪਰ ਵੱਖੋ-ਵੱਖਰੇ ਲੇਖਕਾਂ ਨੇ ਇਸ ਬਾਰੇ ਵਿਚਾਰ ਪ੍ਰਗਟ ਕੀਤੇ ਹਨ। ਬਾਬਾ ਬੁੱਧ ਸਿੰਘ ਲਿਖਦੇ ਹਨ ਕਿ ਹਾਸ਼ਮ ਦਾ ਜਨਮ 1166 AD ਵਿੱਚ ਜਗਦੇਵ ਕਲਾਂ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਕਾਸਮ ਸ਼ਾਹ ਸੀ ਅਤੇ ਉਹ ਕਿੱਤੇ ਵਜੋਂ ਤਰਖਾਣ ਸੀ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਬਹੁਤ ਬਿਮਾਰ ਸਨ। ਉਹਨਾਂ ਨੇ ਹਾਸ਼ਮ ਨੂੰ ਆਪਣੇ ਕੋਲ ਮੰਜੇ ਤੇ ਬਿਠਾਇਆ ਅਤੇ ਕਿਹਾ ਕੋਈ ਆਪਣਾ ਵਧੀਆ ਕਲਾਮ ਸੁਣਾਏ। ਕਹਿੰਦੇ ਹਨ ਕਿ ਹਾਸ਼ਮ ਨੇ ਜਦੋਂ ਆਪਣੀ ਕਵਿਤਾ ਸੁਣਾਈ ਤਾਂ ਮਹਾਰਾਜਾ ਰਣਜੀਤ ਸਿੰਘ ਰਾਜ਼ੀ ਹੋ ਗਏ। ਹਾਸ਼ਮ ਬਾਰੇ ਸੰਪੂਰਨ ਖੋਜ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਹਰਨਾਮ ਸਿੰਘ ਸ਼ਾਨ ਨੇ ਕੀਤੀ ਹੈ। ਉਹ ਆਪਣੀ ਪੁਸਤਕ ਸੱਸੀ ਹਾਸ਼ਮ ਵਿਚ ਲਿਖਦਾ ਹੈ “ਹਾਸ਼ਮ ਕੁਰੇਸ਼ ਖ਼ਾਨਦਾਨ ਦਾ ਸੀ ਅਤੇ ਉਸਦਾ ਪਿਤਾ ਹਾਜੀ ਮੁਹੰਮਦ ਸ਼ਰੀਫ ਸੀ। ਸ਼ਾਨ ਸਾਹਿਬ ਨੇ ਹਾਸ਼ਮ ਦੀ ਮਾਤਾ ਦਾ ਨਾਂ ਰਾਜਨ ਮਾਈ ਦੱਸਿਆ ਹੈ, ਉਹਨਾਂ ਦੀ ਖੋਜ ਮੁਤਾਬਕ ਹਾਸ਼ਮ ਦਾ ਜਨਮ 22 ਨਵੰਬਰ, 1729 ਵਿੱਚ ਹੋਇਆ, ਜੋ ਹਿਜਰੀ ਸਮੇਂ ਅਨੁਸਾਰ ਮੌਲਾ ਬਖਸ਼ ਕੁਸ਼ਤਾ ਅਨੁਸਾਰ ਹਾਸ਼ਮ ਦਾ ਜਨਮ 1161 ਵਿੱਚ ਹੋਇਆ ਤੇ ਇਹ ਸੰਮਤ 1752 ਵਿੱਚ ਬਣਦਾ ਹੈ। ਬਹੁਤ ਸਾਰੇ ਲੇਖਕਾਂ ਨੇ ਇਸਨੂੰ ਮੰਨ ਲਿਆ ਹੈ। ਪ੍ਰਸਿੱਧ ਵਿਦਵਾਨ ਡਾ. ਮੋਹਨ ਸਿੰਘ ਵੀ ਇਹ ਸੰਮਤ ਸਵੀਕਾਰ ਕਰਦੇ ਹਨ। ਹਾਸ਼ਮ ਆਪਣੇ ਮਾਤਾ-ਪਿਤਾ ਦਾ ਸਭ ਤੋਂ ਵੱਡਾ ਲੜਕਾ ਸੀ। ਹਾਸ਼ਮ ਨਾ ਇਸ ਕਰਕੇ ਰੱਖਿਆ ਗਿਆ ਕਿ ਜਦੋਂ ਉਹ ਵੱਡਾ ਹੋਇਆ ਉਸਦੀ ਹਸ਼ਮਤ ਵਧਣ ਲੱਗ ਪਈ। ਲੋਕ ਉਸਨੂੰ ਬਾਬਾ ਹਾਸ਼ਮ ਕਹਿੰਦੇ ਸਨ। ਸ਼ਾਨ ਦੀ ਖੋਜ ਮੁਤਾਬਕ ਜਦੋਂ ਹਾਸ਼ਮ ਕੇਵਲ 5 ਵਰ੍ਹਿਆਂ ਦਾ ਸੀ ਤਾਂ ਉਸਦਾ ਪਿਤਾ ਇਸਲਾਮ ਦੇ ਪ੍ਰਚਾਰ ਲਈ ਹਿੰਦੁਸਤਾਨ ਆ ਗਿਆ। ਜਗਦੇਵ ਕਲਾਂ ਵਿੱਚ ਉਸਨੇ ਰਹਿਣਾ ਸ਼ੁਰੂ ਕੀਤਾ। 15 ਸਾਲ ਦੀ ਉਮਰ ਵਿੱਚ ਉਸਦਾ ਪਿਤਾ ਗੁਜ਼ਰ ਗਿਆ ਅਤੇ 6 ਮਹੀਨੇ ਬਾਅਦ ਉਸਦੀ ਮਾਂ ਵੀ ਗੁਜ਼ਰ ਗਈ। ਜਗਦੇਵ ਕਲਾਂ ਵਿੱਚ ਉਸਦਾ ਬਚਪਨ ਅਤੇ ਜਵਾਨੀ ਬੀਤੀ। ਪਹਿਲੀ ਵਿੱਦਿਆ ਉਸਨੇ ਆਪਣੇ ਪਿਤਾ ਕੋਲੋਂ ਲਈ ਅਤੇ ਜਦੋਂ ਉਸਦੇ ਪਿਤਾ ਦਾ ਸਾਇਆ ਉੱਠ ਗਿਆ ਤਾਂ ਉਸ ਤੋਂ ਬਾਅਦ ਉਸਨੇ ਸ਼ੇਖ ਅਬਦੁਲ ਕਾਦਰ ਜੀਲਾਨੀ ਕੋਲ ਗਿਆਨ ਹਾਸਲ ਕੀਤਾ। ਹਾਸ਼ਮ ਅਰਬੀ, ਫਾਰਸੀ, ਦੇਵ ਨਾਗਰੀ ਤੇ ਹਿਕਮਤ ਦਾ ਬਹੁਤ ਵੱਡਾ ਵਿਦਵਾਨ ਸੀ।

ਰਚਨਾ : ਹਾਸ਼ਮ ਦੀ ਬਹੁਤੀ ਵਿਸ਼ੇਸ਼ਤਾ ਸੱਸੀ ਲਿਖਣ ਕਰਕੇ ਹੈ। ਸੱਸੀ ਸਾਹਿਤ ਵਿੱਚ ਉਸਦਾ ਸਥਾਨ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਵਾਰਸ ਸ਼ਾਹ ਅਤੇ ਹੀਰ ਵਿੱਚ ਹੈ। ਸੂਫੀ ਕਵਿਤਾ ਵਿੱਚ ਉਸਨੇ ਦੋਹੜੇ ਅਤੇ ਡਿਊਢ ਲਿਖੀ। ਹਾਸ਼ਮ ਦੀਆਂ ਕੁੱਝ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਅਸੀਂ ਪੇਸ਼ ਕਰ ਸਕਦੇ ਹਾਂ :-

(1) ਬਿਰਹਾ : ਹਾਸ਼ਮ ਦੀ ਰਚਨਾ ਵਿੱਚ ਉਸਦਾ ਪ੍ਰਸਿੱਧ ਰੂਪ ਬਿਰਹਾ ਹੈ। ਸੱਸੀ ਦੀ ਕਹਾਣੀ ਵਿੱਚ ਵਿਛੋੜੇ ਦੀਆਂ ਤਰੰਗਾਂ ਸਪੱਸ਼ਟ ਦਿਖਾਈ ਦਿੰਦੀਆਂ ਹਨ। ਸੱਸੀ ਪੁੰਨੂੰ ਦੇ ਮਗਰ ਰੇਗਿਸਤਾਨ ਵਿੱਚ ਨੰਗੇ ਪੈਰੀਂ ਭੱਜਦੀ ਹੈ। ਜਿਸ ਦਾ ਜ਼ਿਕਰ ਹਾਸ਼ਮ ਨੇ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ। ਉਹ ਲਿਖਦਾ ਹੈ :-

“ਬਾਲੂ ਰੇਤ ਤੱਪੇ ਵਿੱਚ ਥੱਲ ਦੇ,

ਜਿਉਂ ਜੋ ਭੁੰਨਣ ਭਠਿਆ ਰੇ।

ਸੂਰਜ ਭੱਜ ਵੜਿਆ ਵਿੱਚ ਬਦਲੀ

ਡਰਦਾ ਲਿਸ਼ਕ ਨਾ ਮਾਰੇ।”

(2) ਸੰਕੋਚ ਦੀ ਭਾਵਨਾ : ਹਾਸ਼ਮ ਦੀ ਰਚਨਾ ਵਿੱਚ ਕਹਿਰਾਂ ਦਾ ਸੰਕੋਚ ਹੈ। ਉਹ ਗਾਗਰ ਵਿੱਚ ਸਾਗਰ ਭਰ ਦਿੰਦਾ ਹੈ ਤੇ ਕੁੱਜੇ ਵਿੱਚ ਸਮੁੰਦਰ ਬੰਨ੍ਹਣ ਵਿੱਚ ਉਸਦੀ ਉਤਸੁਕਤਾ ਹੈ। ਸੰਕੋਚ ਨਾਲ ਬਿਰਹਾ ਪੈਦਾ ਹੁੰਦਾ ਹੈ। ਇਸ ਢੰਗ ਨੇ ਉਪ ਸ਼ੈਲੀ ਨੂੰ ਬਹੁਤ ਕਰੁਣਾਮਈ ਬਣਾ ਦਿੱਤਾ ਹੈ। ਉਹ ਘੱਟ ਤੋਂ ਘੱਟ ਸ਼ਬਦਾਂ ਵਿੱਚ ਬਹੁਤੇ ਅਰਥ ਪੈਦਾ ਕਰ ਦਿੰਦਾ ਹੈ। ਇੱਕ ਥਾਂ ਤੇ ਉਹ ਲਿਖਦਾ ਹੈ :

ਤਿਸ ਦਾ ਪੁੱਤ ਪੁੰਨੂੰ ਸਹਿਯਾਦਾ

ਐਬ ਸੁਆਬ ਖਾਲੀ

ਸੂਰਤ ਉਸਦੀ ਹਿਸਾਬੋ ਬਾਹਰ

ਮਿਠਤ ਖੁਦਾਵੰਦ ਵਾਲੀ

ਹਾਸ਼ਮ ਅਰਜ਼ ਕੀਤੀ ਉਸਤਾਦਾਂ

ਚਿਣਗ ਕਖਾਂ ਵਿਚ ਡਾਲੀ”

ਹਾਸ਼ਮ ਦੀ ਭਾਸ਼ਾ : ਹਾਸ਼ਮ ਦੀ ਭਾਸ਼ਾ ਵਿਚ ਕਈ ਥਾਂ ਤੇ ਉਰਦੂ ਫਾਰਸੀ ਦਾ ਪ੍ਰਧਾਨ ਰੰਗ ਮਿਲਦਾ ਹੈ। ਸਮੁੱਚੇ ਤੌਰ ‘ਤੇ ਉਸਦੀ ਭਾਸ਼ਾ ਸਰਲ ਹੈ ਤੇ ਵਿਅੰਗਮਈ ਹੈ। ਇਸ ਉੱਤੇ ਮੁਲਤਾਨੀ ਭਾਸ਼ਾ ਦਾ ਬਹੁਤ ਅਸਰ ਹੈ। ਮੁਲਤਾਨੀ ਦੇ ਕਈ ਸ਼ਬਦ ਉਸ ਦੀ ਕਵਿਤਾ ਵਿੱਚ ਮਿਲਦੇ ਹਨ। ਜਿਵੇਂ ਵੰਝਾਈ, ਧਰਸਾਈ, ਪੁਛਾਵਸ ਆਦਿ ਸ਼ਬਦਾਂ ਦੀ ਵਰਤੋਂ ਉਸਨੂੰ ਮੁਲਤਾਨੀ ਦੇ ਨੇੜੇ ਕਰ ਦਿੰਦੀ ਹੈ।

ਹਾਸ਼ਮ ਦੀ ਕਵਿਤਾ ਵਿਚ ਸੂਫ਼ੀ ਅੰਸ਼ : ਕਿੱਸਾ ਕਵਿਤਾ ਦੇ ਨਾਲ ਹਾਸ਼ਮ ਸੂਫੀ ਕਵਿਤਾ ਦਾ ਉਸਤਾਦ ਸੀ। ਉਸਦੇ ਦੇਹਰਿਆਂ ਵਿੱਚ ਸੂਫੀਆਂ ਦੇ ਬਹੁਤ ਡੂੰਘੇ ਪ੍ਰਭਾਵ ਭਰੇ ਹੋਏ ਹਨ। ਸੂਫ਼ੀਆਂ ਦੇ ਮੁੱਖ ਸਿਧਾਂਤ ਹਾਸ਼ਮ ਦੀ ਕਵਿਤਾ ਵਿੱਚ ਸਾਨੂੰ ਪ੍ਰਾਪਤ ਹੁੰਦੇ ਹਨ। ਜਿਵੇਂ ਸੂਫ਼ੀਆਂ ਅਨੁਸਾਰ ਪ੍ਰੇਮ ਅਤੇ ਇਸ਼ਕ ਦੇ ਮਾਰਗ ਤੇ ਚਲਕੇ ਹੀ ਕੋਈ ਆਪਣੇ ਮੁਰਸ਼ਦ ਨਾਲ ਸਾਥ ਪ੍ਰਾਪਤ ਕਰ ਸਕਦਾ ਹੈ। ਜਦੋਂ ਇਹ ਸਾਥ ਪ੍ਰਾਪਤ ਹੋ ਜਾਂਦਾ ਹੈ ਤੇ ਜੇ ਕਿਸੇ ਸਮੇਂ ਦੂਰੀ ਪੈਦਾ ਹੋ ਜਾਵੇ ਤਾਂ ਉਸ ਸਮੇਂ ਬਿਰਹਾ ਪੈਦਾ ਹੁੰਦਾ ਹੈ। ਹਾਸ਼ਮ ਦੀ ਕਵਿਤਾ ਵਿੱਚ ਸੂਫ਼ੀਆਂ ਦੇ ਪ੍ਰਮੁੱਖ ਸਿਧਾਂਤ ਸਾਨੂੰ ਪ੍ਰਾਪਤ ਹੁੰਦੇ ਹਨ ਤੇ ਇਹ ਕਿਹਾ ਜਾ ਸਕਦਾ ਹੈ ਕਿ ਹਾਸ਼ਮ ਪ੍ਰਮਾਤਮਾ ਨੂੰ ਪਾਉਣ ਦਾ ਰਸਤਾ ਪ੍ਰੇਮ ਵਾਲਾ ਵੀ ਬਿਆਨ ਕਰਦਾ ਹੈ। ਗੁਰਬਾਣੀ ਦੀ ਇਕ ਸਤਰ ਹੈ :

ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭੂ ਪਾਏ”

ਹਾਸ਼ਮ ਚਾਹੇ ਸੂਫ਼ੀ ਕਵਿਤਾ ਲਿਖ ਰਿਹਾ ਹੋਵੇ ਜਾ ਕਿੱਸਾ ਕਵਿਤਾ, ਉਸਦੀ ਕਵਿਤਾ ਵਿੱਚ ਪ੍ਰੇਮ ਹੀ ਪ੍ਰਧਾਨ ਹੈ। ਹਾਸ਼ਮ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਸ ਵਿੱਚ ਜੋ ਸੰਕੋਚਮਈ ਸ਼ੈਲੀ ਹੈ, ਉਹ ਹੀ ਉਸਦੀ ਰਚਨਾ ਦਾ ਇੱਕ ਪ੍ਰਮੁਖ ਲੱਛਣ ਹੈ। ਅੰਗਰੇਜ਼ੀ ਦਾ ਇੱਕ ਕਥਨ ਹੈ :-

Brevity is the soul of wit”

ਹਾਸ਼ਮ ਬਿਰਹਾ, ਕਰੁਣਾ ਦੇ ਗੁਣਾਂ ਕਰਕੇ ਇੱਕ ਸੰਜੀਦਾ ਤੇ ਉਦਾਸੀ ਵਾਲਾ ਇਨਸਾਨ ਸੀ, ਉਸਦੀ ਕਵਿਤਾ ਵਿੱਚ ਦੁੱਖ ਤੇ ਬਿਰਹਾ ਦਾ ਰੰਗ ਕਵਿਤਾ ਵਿੱਚ ਮਿਠਾਸ ਪੈਦਾ ਕਰਦਾ ਹੈ। ਪ੍ਰਸਿੱਧ ਅੰਗਰੇਜ਼ੀ ਸ਼ੈਲੀ ਦਾ ਕਥਨ ਹੈ –

ਸਾਡੇ ਮਧੁਰਤਮ ਸੰਗੀਤ ਉਹ ਹਨ ਜਿਨ੍ਹਾਂ ਵਿੱਚ ਦੁੱਖ ਭਰਿਆ ਹੈ।”

Our sweetest songs are those which tell us the saddest thought.”

ਹਾਸ਼ਮ ਸੱਚਮੁੱਚ ਹੀ 18ਵੀਂ ਸਦੀ ਦਾ ਇੱਕ ਪ੍ਰਸਿੱਧ ਕਿੱਸਾ ਕਵੀ ਹੋਇਆ ਹੈ ਜਿਸ ਵਿੱਚ ਇਸ਼ਕ ਦੀਆਂ ਕਈ ਪਰਤਾਂ ਸਾਡੇ ਸਾਹਮਣੇ ਉਜਾਗਰ ਹੁੰਦੀਆਂ ਹਨ।