ਲੇਖ : ਸੁੰਦਰਤਾ


ਸੁੰਦਰਤਾ


ਹੁਸਨ ਤੇ ਸੁੰਦਰਤਾ ਭਾਵੇਂ ਪ੍ਰਾਕ੍ਰਿਤੀ ਵਿਚ ਹੋਵੇ ਜਾਂ ਇਨਸਾਨੀ ਰੂਪ ਵਿਚ ਦੋਵੇਂ ਇਕ ਪਰਮ ਸ਼ਕਤੀ ਅਰਥਾਤ ਪ੍ਰਮਾਤਮਾ ਦੁਆਰਾ ਹੀ ਸਿਰਜੇ ਹੋਏ ਹੁੰਦੇ ਹਨ। ਇਸ ਮਨੁੱਖੀ ਰੂਪ ਰੰਗ ‘ਤੇ ਮਨੁੱਖ ਦਾ ਕਾਹਦਾ ਦਾਅਵਾ, ਕਿਉਂਕਿ ਇਹ ਮਨੁੱਖ ਜਾਂ ਇਸਤ੍ਰੀ ਦੀ ਆਪਣੀ ਦੇਣ ਨਹੀਂ, ਇਹ ਹੁਸਨ ਜਿਹੜਾ ਪ੍ਰਮਾਤਮਾ ਨੇ ਦਿੱਤਾ ਹੈ, ਉਹ ਕਦੇ ਵੀ ਸਾਡੇ ਕੋਲੋਂ ਖੋਹਿਆ ਜਾ ਸਕਦਾ ਹੈ। ਇਸ ਲਈ ਮਨੁੱਖੀ ਸੁੰਦਰਤਾ ਨੂੰ ਚਾਰ ਦਿਨਾਂ ਦੀ ਚਾਂਦਨੀ ਕਿਹਾ ਗਿਆ ਹੈ। ਅਸਲੀ ਤੇ ਸਦੀਵੀ ਸੁੰਦਰਤਾ ਤਾਂ ਪ੍ਰਮਾਤਮਾ ਦੀ ਹੈ, ਜਿਸਨੇ ਆਪਣੀ ਜ਼ਾਤ ਨੂੰ ਦਿਖਾਉਣ ਲਈ ਇਹ ਸੰਸਾਰਕ ਸੁੰਦਰਤਾ ਪੈਦਾ ਕੀਤੀ ਹੈ। ਪਹਾੜਾਂ ਵਿਚ ਬਰਫ਼ਾਨੀ ਚਸ਼ਮੇ ਇਕ ਇਲਾਹੀ ਸੰਗੀਤ ਨੂੰ ਪੈਦਾ ਕਰਦੇ ਹਨ ਤੇ ਇਸ ਨਾਲ ਸਦੀਵੀ ਰੂਪ ਸਾਜਣ ਵਾਲੇ ਦੀ ਯਾਦ ਸਾਨੂੰ ਆਉਂਦੀ ਹੈ। ਮਨੁੱਖ ਚਾਹੇ ਲੱਖ ਯਤਨ ਕਰ ਲਵੇ ਪ੍ਰਾਕ੍ਰਿਤੀ ਦੀ ਸਦੀਵੀ ਸੁੰਦਰਤਾ ਤੱਕ ਨਹੀਂ ਪਹੁੰਚ ਸਕਦਾ। ਆਕਾਸ਼ ਵਿਚ ਸਤਰੰਗੀ ਪੀਂਘ ਪ੍ਰਾਕ੍ਰਿਤੀ ਦੀ ਹੀ ਦੇਣ ਹੈ। ਬਰਸਾਤਾਂ ਵਿਚ ਠੰਡੀਆਂ ਕਣੀਆਂ ਦੀ ਰਿਮਝਿਮ ਉਸ ਸਰਵ ਸ਼ਕਤੀਮਾਨ ਦੇ ਰੂਪ ਤੇ ਜ਼ਾਤ ਨੂੰ ਹੀ ਸਾਡੇ ਸਾਹਮਣੇ ਪੇਸ਼ ਕਰਦੀ ਹੈ।

ਇਹ ਰੂਪ ਰੰਗ, ਜਿਸ ਦਾ ਅਸੀਂ ਦਿਖਾਵਾ ਸੁੰਦਰਤਾ ਦੀਆਂ ਪ੍ਰਯੋਗਸ਼ਾਲਾਵਾਂ, ਫਿਲਮਾਂ, ਨਾਟਕਾਂ, ਮਾਡਲਾਂ ਦੇ ਰੂਪ ਵਿਚ ਕਰਦੇ ਹਾਂ, ਉਹ ਛਿਨ-ਭੰਗਰ ਹੈ। ਇਹ ਹੀ ਕਾਰਣ ਹੈ ਕਿ ਵਿਗਿਆਨ ਦੀਆਂ ਵਸਤਾਂ ਨਾਲ ਅਸੀਂ ਸੁੰਦਰਤਾ ਨੂੰ ਕਾਇਮ ਰੱਖਣ ਲਈ ਇਨ੍ਹਾਂ ਬਣਾਉਟੀ ਵਸਤਾਂ ਦੀ ਵਰਤੋਂ ਕਰਦੇ ਹਾਂ, ਪਰ ਸਾਡੇ ਦੇਖਦੇ-ਦੇਖਦੇ ਹੀ ਇਹ ਜਿਸਮਾਨੀ ਸੁੰਦਰਤਾ ਸਾਡੇ ਕੋਲੋਂ ਖੁੱਸ ਜਾਂਦੀ ਹੈ। ਲੱਖ ਯਤਨ ਕਰਨ ‘ਤੇ ਵੀ ਸਾਡੀ ਚਮੜੀ ‘ਤੇ ਝੁਰੜੀਆਂ ਆਉਣ ਤੋਂ ਨਹੀਂ ਬਚ ਸਕਦੀਆਂ। ਕਾਲੇ ਤੇ ਨਾਗਾਂ ਵਾਂਗ ਡਸਣ ਵਾਲੇ ਵਾਲ, ਇਕ ਦਿਨ ਰੂੰ ਦੇ ਗੋਹੜੇ ਦੀ ਤਰ੍ਹਾਂ ਚਿੱਟੇ ਹੁੰਦੇ ਦੇਰ ਨਹੀਂ ਲਾਉਂਦੇ, ਹਿਰਨਾਂ ਦੀ ਚੁੰਗੀਆਂ ਭਰਦੀ ਚਾਲ ਉਮਰ ਦੇ ਬੀਤਣ ਨਾਲ ਢਿੱਲੀ, ਬੀਮਾਰਾਂ ਦੀ ਚਾਲ ਵਿਚ ਬਦਲਣ ਵਿਚ ਦੇਰੀ ਨਹੀ ਲਾਉਂਦੀ, ਚੰਬੇ ਦੀਆਂ ਲੜੀਆਂ ਵਰਗੇ ਦੰਦਾਂ ਵਿਚ ਖੋਲ ਜ਼ਰੂਰ ਪੈਦੇ ਹਨ। ਰਵਾਂਹ ਦੀਆਂ ਫਲੀਆਂ ਉਂਗਲਾਂ, ਬਿਰਧਾਂ ਦੀ ਤਰ੍ਹਾਂ ਝੁਰੜੀਆਂ ਵਿਚ ਬਦਲਣ ਵਿਚ ਦੇਰ ਨਹੀਂ ਲਾਉਂਦੀਆਂ। ਮਨੁੱਖੀ ਹੁਸਨ ਤਾਂ ਪ੍ਰਮਾਤਮਾ ਵਲੋਂ ਦਿਤੀ ਗਈ ਥੋੜ੍ਹੇ ਚਿਰ ਲਈ ਸੁਗਾਤ ਹੈ, ਜਿਸ ‘ਤੇ ਮਾਣ ਕੂੜਾ ਹੈ।

ਇਹ ਮਨੁੱਖੀ ਸੁੰਦਰਤਾ ਭਾਵੇਂ ਥੋੜੇ ਚਿਰ ਲਈ ਹੈ, ਪਰ ਇਸਦਾ ਵੀ ਕੋਈ ਮੰਤਵ ਹੈ। ਇਸ ਦੇ ਸਦੀਵੀ ਨਾ ਹੋਣ ‘ਤੇ ਹੀ ਇਸ ਦੀ ਮਹੱਤਤਾ ਲੁਕੀ ਹੋਈ ਹੈ। ਇਹ ਇਕ ਆਤਿਸ਼ਬਾਜ਼ੀ ਦੀ ਤਰਾਂ ਹੈ ਜੋ ਇਕ ਦਮ ਚਮਕਦੀ ਹੈ ਤੇ ਅਲੋਪ ਹੋ ਜਾਂਦੀ ਹੈ, ਇਸ ਰੂਪ ਨੂੰ ਪਾਉਣ ਲਈ ਹੀ ਰਾਂਝਾ ਬਾਰਾਂ ਸਾਲ ਮੱਝਾਂ ਚਾਰਦਾ ਹੈ, ਫਰਿਹਾਦ ਸ਼ੀਰੀਂ ਦੇ ਹੁਸਨ ਦਾ ਦੀਵਾਨਾ ਹੋਇਆ, ਤੇਸੇ ਨਾਲ ਪਰਬਤਾਂ ਨੂੰ ਕੱਟਣ ਲਈ ਤਿਆਰ ਹੋ ਜਾਂਦਾ ਹੈ। ਸੱਸੀ ਮਾਰੂਥਲਾਂ ਵਿਚ ਨੰਗੇ ਪੈਰੀਂ ਲੁੱਛਦੀ ਹੋਈ ਪੁਨੂੰ-ਪੁਨੂੰ ਪੁਕਾਰਦੀ ਆਪਣੀ ਜਾਨ ਦੇ ਦੇਂਦੀ ਹੈ ਤੇ ਸੂਰਜ ਅਜਿਹੇ ਸਮੇਂ ਬੱਦਲਾਂ ਓਹਲੇ ਹੋ ਜਾਂਦਾ ਹੈ। ਇਹ ਥੋੜ੍ਹੇ ਚਿਰ ਦਾ ਰੂਪ ਹੀ ਹੈ, ਜਿਹੜਾ ਹਜ਼ਾਰਾਂ ਲੜਾਕੇ ਜਹਾਜ਼ਾਂ ਦਾ ਭੇੜ ਕਰਾਉਂਦਾ ਹੈ। ਅੰਗਰੇਜ਼ੀ ਦੇ ਪ੍ਰਸਿੱਧ ਕਵੀ ਪੋਪ ਦੀ ਇਕ ਕਵਿਤਾ ਹੈ ‘ਜ਼ੁਲਫ ਦਾ ਬਲਾਤਕਾਰ’ (Rape of the lock) ਜਿਸ ਵਿਚ ਇਕ ਸ਼ਹਿਜ਼ਾਦਾ ਇਕ ਹੁਸੀਨਾ ਦੀ ਲਿੱਟ ਖੋਹ ਲੈਂਦਾ ਹੈ, ਉਸ ਲਿੱਟ ਨੂੰ ਵਾਪਸ ਲੈਣ ਲਈ ਦੋਹਾਂ ਫ਼ੌਜਾਂ ਵਿਚ ਯੁੱਧ ਛਿੜਦਾ ਹੈ। ਇਹ ਇਨਸਾਨੀ ਹੁਸਨ ਹੀ ਹੈ, ਜਿਹੜਾ ਕੁਝ ਸਵਾਸਾਂ ਦਾ ਹੋਣ ਕਾਰਣ ਅਨੇਕਾਂ ਮਹਾਂ-ਯੁੱਧਾਂ ਦਾ ਕਾਰਣ ਬਣਿਆ ਹੈ। ਇਹ ਇਨਸਾਨੀ ਹੁਸਨ ਹੀ ਹੈ, ਜਿਸ ਦੀ ਇਕ ਝਲਕ ਪ੍ਰਾਪਤ ਕਰਨ ਲਈ ਪ੍ਰਿਥਵੀ ਰਾਜ ਵਰਗੇ ਨੀਲੀ ਘੋੜੀ ‘ਤੇ ਚੜ੍ਹ ਕੇ ਆਉਂਦੇ ਹਨ ਤੇ ਸੰਯੋਗਤਾ ਨੂੰ ਚੁੱਕ ਕੇ ਲੈ ਜਾਂਦੇ ਹਨ। ਇਹ ਮਨੁੱਖੀ ਹੁਸਨ ਹੀ ਹੈ, ਜਿਹੜਾ ਇਸ਼ਕ ਨੂੰ ਜਨਮ ਦੇਂਦਾ ਹੈ। ਇਸ਼ਕ ਤਾਂ ਪਰਵਾਨੇ ਵਾਂਗ ਸ਼ਮਾ ‘ਤੇ ਮਰ ਮਿਟਣ ਦਾ ਨਾਂ ਹੈ। ਇਹ ਹੀ ਕਾਰਣ ਹੈ ਕਿ ਸਾਡੇ ਬਹੁਤ ਸਾਰੇ ਮਹਾਂ-ਕਾਵਿ ਇਨਸਾਨੀ ਹੁਸਨ ਇਸ਼ਕ ਦੀ ਗਾਥਾ ਹਨ, ਇਹ ਹੀ ਇਨਸਾਨੀ ਹੁਸਨ ਦਾ ਉਦੇਸ਼ ਹੈ।

ਇਨਸਾਨੀ ਹੁਸਨ ਦਾ ਇਹ ਥੋੜੇ ਚਿਰ ਦਾ ਜਲਵਾ ਹਮੇਸ਼ਾ ਲਈ ਮਨੁੱਖੀ ਮਨ ਵਿਚ ਅੰਕਿਤ ਹੋ ਜਾਂਦਾ ਹੈ। ਜਲਵਾ ਥੋੜਾ ਚਿਰ ਹੈ, ਪਰ ਪ੍ਰਭਾਵ ਸਦੀਵੀ ਹੈ। ਇਸ ਜਲਵੇ ਵਿਚ ਮਜਨੂੰ ਲੈਲਾ – ਲੈਲਾ ਕਰਦਾ, ਆਪ ਲੈਲਾ ਹੋ ਜਾਂਦਾ ਹੈ। ਤੇ ਫਿਰ ਉਸ ਨੂੰ ਲੈਲਾ ਨੂੰ ਦੇਖਣ ਦੀ ਲੋੜ ਨਹੀਂ ਭਾਸਦੀ। ਬਰਨਾਰਡ ਸ਼ਾਅ ਦੇ ਨਾਟਕ ਪਿਗਮੇਲੀਅਨ ਵਿਚ ਇਕ ਯੂਨਾਨੀ ਮਿੱਥ ਨੂੰ ਵਿਸਤਾਰ ਦਿੱਤਾ ਗਿਆ ਹੈ, ਜਿਸ ਅਨੁਸਾਰ ਪਿਗਮੇਲੀਅਨ ਨਾਂ ਦਾ ਇਕ ਬੁਤਘਾੜਾ ਇਸਤ੍ਰੀ ਨੂੰ ਤਨੋ-ਮਨੋ ਨਫ਼ਰਤ ਕਰਦਾ ਹੈ। ਪਰ ਇਕ ਸਮੇਂ ਉਸਨੂੰ ਮਜਬੂਰੀ ਵਸ ਇਕ ਇਸਤ੍ਰੀ ਦਾ ਬੁੱਤ ਬਣਾਉਣਾ ਪੈ ਜਾਂਦਾ ਹੈ। ਜਿਉਂ ਜਿਉਂ ਉਹ ਬੁੱਤ ਬਣਦਾ ਜਾਂਦਾ ਹੈ ਤੇ ਜਦੋਂ ਇਸਤ੍ਰੀ ਰੂਪ ਦੀਆਂ ਗੁਲਾਈਆਂ ‘ਤੇ ਪਹੁੰਚਦਾ ਹੈ ਤਾਂ ਉਹ ਬੁਤਘਾੜਾ ਇਸਤ੍ਰੀ ਰੂਪ ‘ਤੇ ਮੋਹਤ ਹੋ ਜਾਂਦਾ ਹੈ। ਇਸ ਯੂਨਾਨੀ ਮਿਥ ਤੇ ਆਧਾਰਿਤ ਨਾਟਕ ਵਿਚ ਬਰਨਾਰਡ ਸ਼ਾਅ ਨੇ ਇਸਤ੍ਰੀ ਰੂਪ ਵਿਚ ਆਉਂਦੇ ਪਰਿਵਰਤਨਾਂ ਬਾਰੇ ਦਸਿਆ ਹੈ ਤੇ ਹੁਸਨ ਦੇ ਥੋੜੇ ਚਿਰ ਦੇ ਅਸਰ ਨੂੰ ਸਦੀਵੀ ਸਮੇਂ ਲਈ ਪੇਸ਼ ਕੀਤਾ ਹੈ। ਭਾਈ ਵੀਰ ਸਿੰਘ ਦੇ ਮਹਾਂ-ਕਾਵਿ ਰਾਣਾ ਵਿਚ ਸੂਰਤ ਸਿੰਘ ਰਾਣਾ, ਜੋ ਕਿ ਇਕ ਬਹੁਤ ਸੁੰਦਰ ਸ਼ਹਿਜ਼ਾਦਾ ਹੈ, ਮਹਾਂ-ਕਾਵਿ ਦੇ ਆਰੰਭ ਵਿਚ ਸੁਰਗਵਾਸ ਹੋ ਜਾਂਦਾ ਹੈ ਤੇ ਸਾਰੇ ਮਹਾਂ-ਕਾਵਿ ਵਿਚ ਰਾਣੀ ਰਾਜ ਕੌਰ ਦੀ ਰਾਣੇ ਪ੍ਰਤੀ ਵਿਰਲਾਪ ਤੇ ਬਿਰਹਾ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਮਨੁੱਖੀ ਹੁਸਨ ਨਾਲ ਇਸ਼ਕ, ਬ੍ਰਿਹਾ ਤੇ ਵਿਛੋੜੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆਂ ਹਨ।

ਕਲਾਕਾਰ ਦਾ ਇਹ ਕੰਮ ਹੈ ਕਿ ਉਹ ਇਸ ਦਿਸਦੇ ਹੁਸਨ ਨੂੰ ਕਲਾ ਦੀ ਵਰਤੋਂ ਨਾਲ ਹਮੇਸ਼ਾ ਲਈ ਸਦੀਵੀ ਬਣਾ ਦੇਵੇ। ਇਸ ਤਰ੍ਹਾਂ ਹੁਸਨ ਤੇ ਸੁੰਦਰਤਾ ਕਲਾ ਦੀ ਸਿਰਜਕ ਬਣ ਜਾਂਦੀ ਹੈ। ਸਾਰੀਆਂ ਕੋਮਲ ਕਲਾਵਾਂ ਵਿਚ ਕਵਿਤਾ ਨੂੰ ਸ਼੍ਰੋਮਣੀ ਸਥਾਨ ਪ੍ਰਾਪਤ ਹੈ। ਪ੍ਰਮਾਤਮਾ ਦੁਆਰਾ ਬਣਾਇਆ ਹੋਇਆ ਇਹ ਹੁਸਨ ਜਦੋਂ ਆਪਣੇ ਤਿੱਖੇ ਜਲਵੇ ਦਿਖਾਉਣ ਲਗ ਜਾਂਦਾ ਹੈ ਤੇ ਉਸ ਸਮੇਂ ਇਸ਼ਕ ਦਾ ਜਾਦੂ ਵੀ ਜ਼ੋਰ ਪਾਉਣ ਲਗ ਜਾਂਦਾ ਹੈ ਤੇ ਮਨੁੱਖੀ ਰੂਪ ਵਿਚ ਚਾਹੇ ਉਹ ਇਸਤਰੀ ਹੈ ਜਾਂ ਪੁਰਸ਼ ਵਿਚ ਜਦੋਂ ਮਸਤੀ ਬੋਲਣ ਲਗ ਜਾਂਦੀ ਹੈ ਤਾਂ ਕਵਿਤਾ ਸਗੋਂ ਇਕ ਬੁੱਤਘਾੜਾ ਇਸਤ੍ਰੀ ਦੇ ਰੂਪ ਦੀ ਸਿਰਜਨਾ ਕਰਦਾ ਹੋਇਆ, ਪੱਥਰਾਂ ਦੀਆਂ ਚਿਪਰਾਂ ਲਾਹੁੰਦਾ ਹੋਇਆ ਉਸ ਦੇ ਸਾਕਾਰ ਰੂਪ ਨੂੰ ਸਾਂਭਣ ਦਾ ਯਤਨ ਕਰਦਾ ਹੈ। ਇਕ ਕੈਮਰਾਮੈਨ ਆਪਣੀ ਅੱਖ ਵਿਚ ਟਿੱਕੀ ਹੋਈ ਸੁੰਦਰਤਾ ਨੂੰ ਹਜ਼ਾਰਾਂ ਫੋਟੋਆਂ ਰਾਹੀਂ ਇਸਤ੍ਰੀ ਰੂਪ ਨੂੰ ਸਾਂਭਣ ਦਾ ਯਤਨ ਕਰਦਾ ਹੈ। ਜ਼ਿੰਦਗੀ ਦੀ ਕੋਈ ਵੀ ਕੋਮਲ ਕਲਾ ਅਜਿਹੀ ਨਹੀਂ, ਜਿਸ ਵਿਚ ਮਨੁੱਖ ਦੀ ਆਂਤਰਿਕ ਇੱਛਾ ਹੁਸਨ ਤੇ ਸੁੰਦਰਤਾ ਦੀ ਭਾਵਨਾ ਨੂੰ ਪ੍ਰਾਪਤ ਕਰਨਾ ਨਾ ਹੋਵੇ। ਭਗਤ ਕਵੀ ਵੀ ਪ੍ਰਮਾਤਮਾ ਨਾਲ ਆਪਣਾ ਰਿਸ਼ਤਾ ਦਰਸਾਉਣ ਲਗਿਆਂ ਇਸਤ੍ਰੀ ਪੁਰਸ਼ ਦੀ ਪਰਮੇਸ਼ਵਰ ਨੇੜਤਾ ਅਤੇ ਸੁੰਦਰਤਾ ਹੀ ਦ੍ਰਿਸ਼ਟਾਂਤ ਲਈ ਦੇਂਦੇ ਹਨ।

ਇਸਤ੍ਰੀ ਰੂਪ ਨੂੰ ਪਾਉਣ ਦੀ ਭੁੱਖ ਅਨੇਕਾਂ ਹਾਲਤਾਂ ਵਿਚ ਖਿੰਡਰੀ ਹੋਈ ਹੈ। ਜੇ ਇਸ ਰੂਪ ਨੂੰ ਵਿਉਪਾਰਕ ਪੱਧਰ ਤੇ ਪੇਸ਼ ਕੀਤਾ ਜਾਵੇ ਤਾਂ ਇਸ ਨਾਲ ਇਸਤ੍ਰੀ ਦੀ ਬੇਪਤੀ ਨਹੀਂ ਹੁੰਦੀ ਸਗੋਂ ਇਸ ਦੇ ਸਿਰਜਕ ਦੀ ਵੀ ਅਸੀਂ ਨਿਰਾਦਰੀ ਕਰਦੇ ਹਾਂ। ਇਸ ਤਰ੍ਹਾਂ ਇਸਤ੍ਰੀ ਰੂਪ ਦਾ ਉਦੇਸ਼ ਸਾਕਾਰਤਮਕ ਅਤੇ ਨਾਕਾਰਤਮਕ ਦੋਹਾਂ ਰੂਪਾਂ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਇਸਤ੍ਰੀ ਦੇ ਰੂਪ ਨੂੰ ਧਨ ਨਾਲ ਜੋੜਦੇ ਹਾਂ ਤਾਂ ਇਹ ਰੂਪ ਇਕ ਮੰਡੀ ਵਿਚ ਵਿਕਣ ਵਾਲੀ ਵਸਤੂ ਬਣ ਜਾਂਦੀ ਹੈ, ਜਦੋਂ ਇਸ ਰੂਪ ਨੂੰ ਅਸੀਂ ਕਲਾ ਨਾਲ ਜੋੜਦੇ ਹਾਂ ਤਾਂ ਅਸੀਂ ਇਸ ਨੂੰ ਸਦੀਵੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਜ਼ਿੰਦਗੀ ਦੇ ਵਗਦੇ ਦਰਿਆ ਵਿਚ ਇਹ ਦੋਵੇਂ ਰੰਗ ਸਾਨੂੰ ਦਿਸਦੇ ਹਨ। ਵਿਉਪਾਰਕ ਨੁਕਤੇ ਤੋਂ ਇਸਤ੍ਰੀ ਦਾ ਰੂਪ ਕਸੁੰਭੜੇ ਦੇ ਰੰਗ ਵਰਗਾ ਹੁੰਦਾ ਹੈ, ਜੋ ਛੇਤੀ ਖ਼ਤਮ ਹੋ ਜਾਂਦਾ ਹੈ ਤੇ ਜਿਹੜਾ ਰੂਪ ਹਮੇਸ਼ਾ ਲਈ ਕਲਾ ਵਿਚ ਸਾਂਭ ਲਿਆ ਜਾਂਦਾ ਹੈ, ਉਹ ਮਜੀਠੀ ਰੰਗ ਵਰਗਾ ਹੁੰਦਾ ਹੈ। ਇਹ ਰੰਗ ਜਿਹੜਾ ਕਦੇ ਉਤਰਦਾ ਨਹੀਂ ਹੈ।