ਲੇਖ : ਸੀ. ਵੀ. ਰਮਨ
ਭਾਰਤ ਦਾ ਪਹਿਲਾ ਨੋਬਲ ਇਨਾਮ ਜੇਤੂ -ਸੀ. ਵੀ. ਰਮਨ
(7 ਨਵੰਬਰ, 1888 – 21 ਨਵੰਬਰ, 1970)
ਭਾਰਤ ਤੇ ਸਾਰੇ ਏਸ਼ੀਆ ਦਾ ਸਭ ਤੋਂ ਪਹਿਲਾਂ ਭੌਤਿਕ ਵਿਗਿਆਨ ਵਿਚ ਨੋਬਲ ਇਨਾਮ ਜਿੱਤਣ ਵਾਲਾ ਸੀ. ਵੀ. ਰਮਨ, ਜਿਸ ਦਾ ਪੂਰਾ ਨਾ ਚੰਦਰ ਸ਼ੇਖਰ ਵੈਂਕਟਰਮਨ ਸੀ ਦਾ ਜਨਮ 7 ਨਵੰਬਰ, 1888 ਨੂੰ ਤਾਮਿਲਨਾਡੂ ਵਿਚ ਤਿਰੂਚਰਾਪਲੀ ਦੇ ਨੇੜੇ ਤਿਰੂਵੇਧਾ ਨਵਲ ਪਿੰਡ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਆਰ. ਚੰਦਰ ਸ਼ੇਖਰ ਆਇਰ ਤੇ ਮਾਤਾ ਪਾਰਵਤੀ ਸੀ। ਦੋਵੇਂ ਪਹਿਲਾਂ ਸਕੂਲ ਅਧਿਆਪਕ ਸਨ। ਗਣਿਤ ਤੇ ਫਿਜ਼ਕਸ ਉਨ੍ਹਾਂ ਦੇ ਮਨ ਭਾਉਂਦੇ ਵਿਸ਼ੇ ਸਨ, ਫਿਰ ਦੋਵੇਂ ਕਾਲਜ ਅਧਿਆਪਕ ਬਣ ਗਏ। ਉਨ੍ਹਾਂ ਦੋਹਾਂ ਨੂੰ ਵਿਗਿਆਨ ਦੀਆਂ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਉਨ੍ਹਾਂ ਨੇ ਘਰ ਵਿਚ ਹੀ ਲਾਇਬਰੇਰੀ ਬਣਾਈ ਹੋਈ ਸੀ। ਸੀ. ਵੀ. ਰਮਨ ਨੂੰ ਬੱਚਪਨ ਵਿਚ ਹੀ ਗੁੜ੍ਹਤੀ ਵਜੋਂ ਗਿਆਨ ਵਿਗਿਆਨ ਦੀ ਖੁਰਾਕ ਮਿਲੀ ਤੇ ਰਮਨ ਨੇ ਮੁੱਢਲੇ ਵਰ੍ਹਿਆ ਵਿਚ ਹੈਰਾਨੀਜਨਕ ਪ੍ਰਾਪਤੀਆਂ ਕਰਨੀਆਂ ਆਰੰਭ ਕਰ ਦਿੱਤੀਆਂ। ਸੀ. ਵੀ. ਰਮਨ ਦੀ ਸਾਰੀ ਜ਼ਿੰਦਗੀ ਹੀ ਸਾਰੇ ਭਾਰਤੀਆਂ ਲਈ ਵਿਸ਼ੇਸ਼ ਕਰਕੇ ਪਰੇਰਣਾ ਦਾ ਇਕ ਮਹਾਨ ਸੋਮਾ ਹੈ। ਉਨ੍ਹਾਂ ਦੇ ਜੀਵਨ ਦੀਆਂ ਕੁਝ ਪ੍ਰਮੁੱਖ ਦਿਲਚਸਪ ਗੱਲਾਂ ਮੁੱਕਦੀਆਂ ਹੀ ਨਹੀਂ, ਪਰ ਇਨ੍ਹਾਂ ਵਿੱਚੋਂ ਕੁਝ ਸੰਖੇਪ ਰੂਪ ਵਿਚ ਉਦਾਹਰਣ ਲਈ ਪੇਸ਼ ਕੀਤੀਆਂ ਜਾਂਦੀਆਂ ਹਨ।
ਸੰਸਾਰ ਵਿਚ ਅਜਿਹੀ ਮਿਸਾਲ ਲੱਭਣੀ ਮੁਸ਼ਕਲ ਹੈ ਕਿ ਰਮਨ ਨੇ ਕੇਵਲ ਗਿਆਰਾਂ ਸਾਲ ਦੀ ਉਮਰ ਵਿਚ ਦਸਵੀਂ ਪਾਸ ਕੀਤੀ। ਤੇਰਾਂ ਸਾਲ ਦੀ ਉਮਰ ਵਿਚ ਐਫ. ਏ. ਕਰਕੇ ਉਹ 14 ਸਾਲ ਦੀ ਉਮਰ ਵਿਚ ਕਾਲਜ ਗਿਆ।
ਪੰਦਰਾਂ ਸਾਲ ਦੀ ਉਮਰ ਵਿਚ ਰਮਨ ਨੇ ਬੀ. ਐਸ. ਸੀ. ਵਿਚ ਗੋਲਡ ਮੈਡਲ ਜਿੱਤ ਕੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ।
ਰਮਨ ਨੂੰ ਸੰਸਕਾਰ ਸਾਰੇ ਭਾਰਤੀਆਂ ਵਾਲੇ ਹੀ ਮਿਲੇ ਹੋਏ ਸਨ। ਬੱਚਪਨ ਤੋਂ ਲੈ ਕੇ ਬੁਢਾਪੇ ਤੱਕ ਉਸਨੇ ਇੱਕ ਹੀ ਭਾਰਤੀ ਪੁਸ਼ਾਕ ਪਹਿਨੀ, ਤੇੜ ਧੋਤੀ ਤੇ ਸਿਰ ਤੇ ਪੱਗੜੀ।
ਜਦੋਂ ਉਹ ਬੀ. ਐਸ. ਸੀ. ਦੀ ਕਲਾਸ ਵਿਚ ਪੜ੍ਹਨ ਲਈ ਗਿਆ ਤਾਂ ਅਧਿਆਪਕ ਨੇ ਹੈਰਾਨ ਹੋ ਕੇ ਉਸਨੂੰ ਪੁੱਛਿਆ, “ਤੂੰ ਕਿਸ ਤਰ੍ਹਾਂ ਏਥੇ ਆ ਗਿਆ।” ਰਮਨ ਨੇ ਜੁਆਬ ਦਿੱਤਾ ਮੈਂ ਇਸ ਕਲਾਸ ਦਾ ਹੀ ਵਿਦਿਆਰਥੀ ਹਾਂ ਤੇ ਬਾਅਦ ਵਿਚ ਉਹ ਇਸ ਕਲਾਸ ਵਿਚ ਹੀ ਪ੍ਰਥਮ ਰਿਹਾ।
ਸੀ. ਵੀ. ਰਮਨ ਨੇ ਜਿਸ ਵੀ ਖੇਤਰ ਨੂੰ ਚੁਣਿਆ ਉਸ ਵਿਚ ਅਵੱਲ ਰਿਹਾ ਜੇ ਉਸਨੇ ਆਈ. ਸੀ. ਐਸ. ਦੀ ਪ੍ਰੀਖਿਆ ਦਿੱਤੀ ਤਾਂ ਏਥੇ ਵੀ ਅੱਵਲ ਆਇਆ, ਉਸ ਦੀ ਨਿਯੁਕਤੀ ਅਸਿਸਟੈਂਟ ਅਕਾਊਂਟੈਂਟ ਜਨਰਲ ਵਜੋਂ ਹੋ ਗਈ।
ਰਮਨ ਪੂਰੀ ਤਰ੍ਹਾਂ ਵਿਗਿਆਨ ਤੇ ਖਾਸ ਤੌਰ ‘ਤੇ ਫਿਜ਼ੀਕਸ ਦੇ ਖੇਤਰ ਨਾਲ ਪੂਰੀ ਤਨ-ਦੇਹੀ ਨਾਲ ਸਮਰਪਿਤ ਸੀ। ਕੁਝ ਸਮੇਂ ਬਾਅਦ ਕੇਵਲ ਖੋਜ ਲਈ ਉਸਨੇ ਸਰਕਾਰੀ ਅਫਸਰੀ ਨੂੰ ਲੱਤ ਮਾਰ ਦਿੱਤੀ।
ਇਕ ਵਾਰ ਸਮੁੰਦਰੀ ਜਹਾਜ਼ ਵਿਚ ਜਾਂਦਿਆਂ ਉਸਨੇ ਪਾਣੀ ਦਾ ਰੰਗ ਨੀਲਾ ਵੇਖਿਆ ਤਾਂ ਇਸਦੇ ਕਾਰਨਾਂ ਨੂੰ ਹੀ ਸੋਚਣ ਲੱਗ ਪਿਆ। ਪਹਿਲਾਂ ਕੀਤੀ ਖੋਜ ਨੂੰ ਉਸਨੇ ਨਿਕਾਰਾ ਕਰ ਦਿੱਤਾ ਤੇ ਇਸ ਦੇ ਕਾਰਨਾਂ ਦੀ ਨਵੀਂ ਖੋਜ ਸਥਾਪਿਤ ਕੀਤੀ।
ਉਸਦੀ ਅਦਭੁੱਤ ਪ੍ਰਤਿਭਾ ਨੂੰ ਦੇਖ ਕੇ ਉਸਦੇ ਅਧਿਆਪਕਾਂ ਨੇ ਇੰਗਲੈਂਡ ਜਾ ਕੇ ਵਿਗਿਆਨ ਦੀ ਉਚੇਰੀ ਪੜ੍ਹਾਈ ਲੈਣ ਲਈ ਪ੍ਰੇਰਿਆ, ਪਰ ਸਿਵਲ ਸਰਜਨ ਨੇ ਮਾੜੀ ਸਿਹਤ ਕਾਰਨ ਉਸਨੂੰ ਮੈਡੀਕਲ ਸਰਟੀਫਿਕੇਟ ਨਾ ਦਿੱਤਾ। ਉਸਨੇ ਕਦੇ ਵੀ ਡਾਕਟਰ ਨੂੰ ਬੁਰਾ ਭਲਾ ਨਾ ਕਿਹਾ ਤੇ ਸ਼ੁਕਰ ਕੀਤਾ ਕਿ ਉਹ ਸਦਾ ਭਾਰਤ ਦੀ ਹੀ ਸੇਵਾ ਕਰੇਗਾ।
ਸੀ. ਵੀ. ਰਮਨ ਦੇ ਜੀਵਨ ਦੀ ਇਕ ਬਹੁਤ ਹੀ ਰੋਚਕ ਤੇ ਪ੍ਰੇਰਣਾਦਾਇਕ ਘਟਨਾ ਇਸ ਤਰ੍ਹਾਂ ਹੈ ਕਿ ਜਦੋਂ ਸੀ. ਵੀ. ਰਮਨ ਨੂੰ ਨੋਬਲ ਇਨਾਮ ਦਿੱਤਾ ਗਿਆ ਤੇ ਉਨ੍ਹਾ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਜਦੋਂ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਜਦੋਂ ਉਹ ਸਾਰੇ ਵਿਦੇਸ਼ੀਆਂ ਵਿਚ ਧੋਤੀ, ਬੰਦ ਗਲੇ ਦਾ ਕੋਟ ਤੇ ਸਿਰ ਤੇ ਪਗੜੀ ਬੰਨ੍ਹ ਕੇ ਬੈਠੇ ਹੋਏ ਸਨ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਸਾਰੇ ਭਾਰਤ ਦੇ ਗੌਰਵ ਦੀ ਪ੍ਰਤੀਨਿਧਤਾ ਕਰ ਰਹੇ ਹਨ, ਪਰੰਤੂ ਬਾਅਦ ਵਿਚ ਜਦੋਂ ਉਨ੍ਹਾਂ ਨੂੰ ਨੋਬਲ ਇਨਾਮ ਦਿੱਤਾ ਗਿਆ ਤਾਂ ਬਦੇਸ਼ੀ ਰਾਜ ਦਾ ਯੂਨੀਅਨ ਜੈਕ ਲਹਿਰਾਇਆ ਗਿਆ। ਉਦੋਂ ਉਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਕਿ ਅਜੇ ਤਾਂ ਭਾਰਤ ਕੋਲ ਆਪਣਾ ਰਾਸ਼ਟਰੀ ਝੰਡਾ ਵੀ ਨਹੀਂ ਹੈ। ਇਹ ਤੱਥ ਉਨ੍ਹਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਗਟ ਕਰਦੇ ਹਨ।
ਕੇਵਲ ਇਹ ਹੀ ਇਕ ਭਾਰਤੀ ਵਿਗਿਆਨੀ ਹੋਏ ਹਨ, ਜਿਨ੍ਹਾਂ ਦੇ ਨਾਂ ਤੇ ਵਿਗਿਆਨ ਦਾ ਇੱਕ ਨਿਯਮ ‘ਰਮਨ ਪ੍ਰਭਾਵ’ (Raman Effect) ਦਾ ਨਾਂ ਰੱਖਿਆ ਗਿਆ ਹੈ। ਜਿਸ ਦਿਨ ਇਸ ਦਾ ਇਜ਼ਾਦ ਹੋਇਆ, ਉਸ ਦਿਨ ਨੂੰ ਵਿਗਿਆਨ ਦਿਵਸ ਦਾ ਨਾਂ ਦਿੱਤਾ ਗਿਆ ਤੇ ਹਰ ਸਾਲ ਇਹ ਦਿਨ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ ਅਰਥਾਤ ਇਹ ਦਿਨ 28 ਜਾਂ 29 ਫਰਵਰੀ ਨੂੰ ਮਨਾਇਆ ਜਾਂਦਾ ਹੈ।
ਰਮਨ ਇੰਨਾ ਪ੍ਰਤਿਭਾਸ਼ਾਲੀ ਵਿਗਿਆਨੀ ਸੀ ਕਿ ਜਿਸਨੂੰ ਸਾਰੀ ਜ਼ਿੰਦਗੀ ਵਿਚ ਅਨੇਕਾਂ ਮਾਣ ਸਨਮਾਨ ਮਿਲੇ। ਜਦੋਂ ਉਸਨੂੰ ਲੰਡਨ ਦੀ ਰਾਇਲ ਸੋਸਾਇਟੀ ਦਾ ਮੈਂਬਰ ਚੁਣਿਆ ਗਿਆ ਤਾਂ ਉਸਨੇ ਬੜੇ ਸ੍ਵੈ-ਵਿਸ਼ਵਾਸ ਨਾਲ ਕਿਹਾ ਕਿ ਇਹ ਇਨਾਮ ਤਾਂ ਉਸ ਲਈ ਬਹੁਤ ਛੋਟਾ ਹੈ, ਉਸਨੂੰ ਭਵਿੱਖ ਵਿਚ ਨੋਬਲ ਇਨਾਮ ਵੀ ਪ੍ਰਾਪਤ ਹੋਵੇਗਾ।
ਰਮਨ ਨੇ ਨੋਬਲ ਇਨਾਮ ਲੈਣ ਦੀ ਘੋਸ਼ਣਾ ਤੋਂ ਪਹਿਲਾਂ ਹੀ ਜਹਾਜ਼ ਦੀਆਂ ਟਿਕਟਾਂ ਬੁਕ ਕਰਵਾ ਲਈਆਂ ਸਨ ਤੇ ਕੁਝ ਮਹੀਨੇ ਪਹਿਲਾਂ ਹੀ ਕਾਗਜ਼ ਪੱਤਰ ਤਿਆਰ ਕਰ ਲਏ ਸਨ, ਕਿਉਂਕਿ ਉਸ ਸਮੇਂ ਕੋਈ ਤਕਲੀਫ ਨਹੀਂ ਸੀ।
ਵਿਸ਼ੇਸ਼ ਸਨਮਾਨ ਵਿਚੋਂ ਰਮਨ ਨੂੰ 1954 ਵਿਚ ਭਾਰਤ ਰਤਨ ਤੇ ਅੰਗਰੇਜ਼ਾ ਨੇ ਪਹਿਲਾ ਸਰ ਦਾ ਖਿਤਾਬ ਦਿੱਤਾ। ਫਰੈਂਕਲਿਨ, ਹਫਜ਼ ਮੈਡਲ, ਲੈਨਿਨ ਪੀਸ ਪ੍ਰਾਈਜ਼ ਆਦਿ ਵਿਸ਼ੇਸ਼ ਸਨਮਾਨ ਵਿੱਚੋਂ ਹਨ।
ਨਿਊਟਨ ਵਾਂਗ ਰਮਨ ਨੂੰ ਵੀ ਬਹੁਤ ਡੂੰਘੀ ਤਰ੍ਹਾਂ ਸਧਾਰਨ ਗੱਲ ਨੂੰ ਸਮਝਣ ਤੇ ਵਿਗਿਆਨਕ ਕਾਰਨ ਜਾਣਨ ਦੀ ਆਦਤ ਸੀ। ਜਿਸ ਤਰ੍ਹਾਂ ਨਿਊਟਨ ਨੇ ਫਲ ਨੂੰ ਧਰਤੀ ਤੇ ਡਿੱਗਦੇ ਵੇਖ ਕੇ ਧਰਤੀ ਦੇ ਆਕਰਸ਼ਣ ਸਿੱਧਾਂਤ (Law of Gravitation) ਨੂੰ ਇਜਾਦ ਕੀਤਾ। ਇਸ ਤਰ੍ਹਾਂ ਹੀ ਰਮਨ ਨੇ ਜਦੋਂ ਸਮੁੰਦਰ ਵਿਚ ਨੀਲਾ ਪਾਣੀ ਵੇਖਿਆ ਤਾਂ ਵਿਗਿਆਨਕ ਕਾਰਨਾਂ ਬਾਰੇ ਸੋਚਣ ਲੱਗ ਪਿਆ ਤੇ ਆਖਰ ਵਿਚ ਇਸ ਸੋਚ ਨੂੰ ‘ ਰਮਨ ਪ੍ਰਭਾਵ’ ਦਾ ਨਾਂ ਦਿੱਤਾ ਗਿਆ। ਜਿਸ ਦਿਨ ਅਰਥਾਤ 29 ਫਰਵਰੀ 1928 ਨੂੰ ਰਮਨ ਦੀ ਥਿਊਰੀ ਪ੍ਰਭਾਵਿਤ ਹੋਈ, ਉਸ ਦਿਨ ਨੂੰ ਹੀ ਵਿਗਿਆਨ ਦਿਵਸ ਦਾ ਨਾਂ ਦੇ ਕੇ ਭਾਰਤ ਸਰਕਾਰ ਵਿਗਿਆਨ ਦਿਵਸ ਮਨਾਉਂਦੀ ਹੈ। ਰਮਨ ਨੇ ਸਮੁੰਦਰ ਦੇ ਪਾਣੀ ਦੇ ਨੀਲੇ ਹੋਣ ਦੇ ਸਿਧਾਂਤ ਨੂੰ ਗਲਤ ਸਾਬਤ ਕਰਕੇ ਆਪਣੀ ਖੋਜ ਅਨੁਸਾਰ ਨਵੀਂ ਵਿਗਿਆਨਕ ਖੋਜ ਸਥਾਪਿਤ ਕੀਤੀ। ਰਮਨ ਨੂੰ ਲਾਰਡ ਰੇਲੇ ਦੀ ਥਿਊਰੀ ਕਿ ਆਕਾਸ਼ ਦਾ ਰੰਗ ਨੀਲਾ ਹੋਣ ਕਰਕੇ ਸਮੁੰਦਰ ਦਾ ਜਲ ਵੀ ਪ੍ਰਤੀਬਿੰਬਤ ਹੋ ਕੇ ਨੀਲਾ ਦਿਖਾਈ ਦੇਂਦਾ ਹੈ, ਗਲਤ ਸਾਬਤ ਕਰ ਦਿੱਤਾ ਤੇ ਕਿਹਾ ਸਮੁੰਦਰ ਦੇ ਨੀਲੇ ਹੋਣ ਦਾ ਕਾਰਨ ਅਸਮਾਨ ਦਾ ਨੀਲਾ ਰੰਗ ਨਹੀਂ, ਸਗੋਂ ਰਮਨ ਅਨੁਸਾਰ ਪਾਣੀ ਅੰਦਰ ਹੀ ਕੁਝ ਕਣ ਅਜਿਹੇ ਹੁੰਦੇ ਹਨ, ਜੋ ਸਮੁੰਦਰ ਨੂੰ ਨੀਲਾ ਬਣਾ ਦੇਂਦੇ ਹਨ। ਇਸ ਤੱਥ ਨੂੰ ਰਮਨ ਨੇ ਪੂਰੀ ਖੋਜ ਰਾਹੀਂ ਅਸਲੀ ਰੂਪ ਵਿਚ ਪ੍ਰੈਕਟੀਕਲ ਕਰਕੇ ਸਾਬਤ ਕਰ ਦਿੱਤਾ। ਇਹ ਖੋਜ 29 ਫਰਵਰੀ, 1928 ਵਿਚ ਪ੍ਰਕਾਸ਼ਿਤ ਹੋਈ। ਪਰ ਫਿਰ ਪ੍ਰੋ. ਰਮਨ ਦੀ 16 ਮਾਰਚ ਨੂੰ ਬੰਗਲੌਰ ਵਿਖੇ ਨਿਊ ਥਿਊਰੀ ਆਫ ਰੇਡੀਏਸ਼ਨ ਸਿਰਲੇਖ ਥੱਲੇ ਪ੍ਰਕਾਸ਼ਿਤ ਹੋਈ ਤੇ ਬਾਅਦ ਵਿਚ ਇਸ ਬਾਰੇ ਇਕ ਵਿਸਤ੍ਰਿਤ ਜਾਣਕਾਰੀ ਵਾਲਾ ਭਾਸ਼ਨ ਵੀ ਦਿੱਤਾ ਜੋ ਇੰਡੀਅਨ ਜਰਨਲ ਫਿਜੀਕਸ ਵਿਚ 31 ਮਾਰਚ ਦੇ ਅੰਕ ਵਿਚ ਪ੍ਰਕਾਸ਼ਿਤ ਹੋਇਆ।
ਸੀ. ਵੀ. ਰਮਨ ਤੇ ਵਿਗਿਆਨ ਦਿਵਸ : ਸੀ. ਵੀ. ਰਮਨ ਦਾ ਰਮਨ ਪ੍ਰਭਾਵ ਤੇ ਵਿਗਿਆਨ ਦਿਵਸ ਦੋਵੇਂ ਪ੍ਰਯਾਯਵਾਚੀ ਅਰਥਾਂ ਵਾਲੇ ਸ਼ਬਦ ਬਣ ਗਏ ਹਨ। ਰਮਨ ਨੇ ਵਿਗਿਆਨ ਵਿਚ ਨੋਬਲ ਇਨਾਮ ਜਿੱਤ ਕੇ ਭਾਰਤ ਦਾ ਸਿਰ ਗੌਰਵਮਈ ਢੰਗ ਨਾਲ ਉੱਚਾ ਕੀਤਾ। ਉਹ ਸਹੀ ਅਰਥਾਂ ਵਿਚ ਭਾਰਤੀ ਸਨ ਤੇ ਸਦਾ ਸਾਦਾ ਪੁਸ਼ਾਕ ਵਿਚ ਹੀ ਸਾਰਾ ਕੰਮ ਕਾਜ ਕਰਦੇ ਰਹੇ ਸਨ। ਸਰਕਾਰ ਨੇ ਜਿਸ ਦਿਨ ਉਨ੍ਹਾਂ ਨੂੰ ‘ਰਮਨ ਪ੍ਰਭਾਵ’ ਘੋਸ਼ਿਤ ਕੀਤਾ, ਉਸ ਦਿਨ ਨੂੰ ‘ਵਿਗਿਆਨ ਦਿਵਸ’ ਘੋਸ਼ਿਤ ਕਰਕੇ ਵਿਗਿਆਨ ਲਈ ਇੱਕ ਬਹੁਤ ਸਾਰਥਿਕ ਕਦਮ ਚੁੱਕਿਆ ਹੈ ਤੇ ਭਾਰਤੀ ਵਿਗਿਆਨੀਆਂ ਲਈ ਇਹ ਦਿਨ ਇਕ ਪ੍ਰੇਰਣਾਮਈ ਦਿਨ ਬਣ ਗਿਆ ਹੈ। ਰਮਨ ਨੇ ਇਹ ਸਿੱਧ ਕਰ ਦਿੱਤਾ ਕਿ ਭਾਰਤ ਵਿਚ ਹੀ ਖੋਜ ਕਰਕੇ ਸੰਸਾਰ ਵਿਚ ਪ੍ਰਸਿੱਧੀ, ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। ਰਮਨ ਨੇ ਘੱਟ ਤੋਂ ਘੱਟ ਖ਼ਰਚ ਤੇ ਸੰਦਾ ਦੀ ਵਰਤੋਂ ਕਰਕੇ ਲੋਕਾਂ ਸਾਹਮਣੇ ਇਕ ਮਿਸਾਲ ਪੈਦਾ ਕਰ ਦਿੱਤੀ। ਸਾਰੀ ਉਮਰ ਉਹ ਵਿਦਿਆਰਥੀਆਂ ਨੂੰ ਸਮਝਾਉਂਦੇ ਰਹੇ ਕਿ ਸਾਦਾ ਤੇ ਘੱਟ ਔਜ਼ਾਰਾਂ ਨਾਲ ਵੀ ਉਹ ਉੱਚੀ ਤੋਂ ਉੱਚੀ ਖੋਜ ਪ੍ਰਾਪਤੀ ਕਰ ਸਕਦੇ ਹਨ। ਸਾਰੀ ਉਮਰ ਉਹ ਪੱਛਮੀ ਦੇਸ਼ਾਂ ਵਿਚ ਉੱਚੀ ਪੜ੍ਹਾਈ ਲਈ ਨਹੀਂ ਗਏ ਤੇ ਸਦਾ ਵਿਦਿਆਰਥੀਆਂ ਨੂੰ ਇਹ ਸਮਝਾਉਂਦੇ ਰਹੇ ਕਿ ਖੋਜ ਕਾਰਜਾਂ ਲਈ ਪੱਛਮੀ ਦੇਸ਼ਾਂ ਵਿਚ ਜਾਣ ਦੀ ਜ਼ਰੂਰਤ ਨਹੀਂ। ਸਹਿਜ, ਸਰਲ, ਸਸਤੀ ਸਮੱਗਰੀ ਨਾਲ ਕੀਤਾ ਹੋਇਆ ਖੋਜ ਕਾਰਜ ਕਈ ਤਰ੍ਹਾਂ ਦੀਆਂ ਮੰਜਲਾਂ ਨੂੰ ਸੌਖੇ ਢੰਗਾਂ ਨਾਲ ਪਾਰ ਕਰ ਸਕਦਾ ਹੈ। ਉਹ ਸਦਾ ਇਹ ਕਹਿੰਦੇ ਰਹੇ ਕਿ ਜੋ ਚੀਜ਼ ਬਾਹਰ 50,000 ਦੀ ਅਸੀਂ ਬਾਹਰੋਂ ਮੰਗਵਾਉਂਦੇ ਹਾਂ, ਉਹ ਕੇਵਲ ਆਪਣੇ ਦੇਸ਼ ਵਿਚ 5,000 ਰੁਪਏ ਵਿਚ ਬਣਾ ਸਕਦੇ ਹਾਂ। ਰਮਨ ਇਕ ਆਦਰਸ਼ਕ ਭਾਰਤੀ ਵਿਗਿਆਨਕ ਸਨ, ਸਾਦਾ ਜੀਵਨ ਤੇ ਉੱਚੇ ਵਿਚਾਰ ਉਨ੍ਹਾਂ ਦੇ ਜੀਵਨ ਦਾ ਮਕਸਦ ਸੀ। ਸਾਨੂੰ ਵਿਗਿਆਨ ਦਿਵਸ ਨੂੰ ਮਨਾਉਣ ਲੱਗਿਆਂ ਰਮਨ ਦੇ ਜੀਵਨ ਤੇ ਖੋਜ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।