ਲੇਖ – ਸਾਇੰਸ ਵਰ ਕਿ ਸਰਾਪ


ਸਾਇੰਸ ਦੀਆਂ ਉਸਾਰੂ ਤੇ ਢਾਉ ਕਾਢਾਂ (ਸਾਇੰਸ ਵਰ ਕਿ ਸਰਾਪ? ਜਾਂ ਬਰਕਤ ਕਿ ਲਾਨ੍ਹਤ?)


ਵੀਹਵੀਂ ਸਦੀ ਵਿਗਿਆਨ ਦਾ ਸੁਨਹਿਰੀ ਜੁੱਗ ਹੈ। ਪਿਛਲੀ ਇਕ ਸ਼ਤਾਬਦੀ ਵਿਚ ਸਾਇੰਸ ਨੇ ਇੰਨੀ ਬਹੁ-ਪੱਖੀ, ਇੰਨੀ ਜ਼ਿਆਦਾ ਤੇ ਇੰਨੀ ਤੇਜ਼ੀ ਨਾਲ ਉੱਨਤੀ ਕੀਤੀ ਹੈ ਕਿ ਦੁਨੀਆਂ ਦਾ ਮੁਹਾਂਦਰਾਂ ਹੀ ਬਦਲ ਗਿਆ ਹੈ। ਜੇ ਕਿਸੇ ਸਬੱਬ ਸਾਡਾ ਕੋਈ ਵੱਡਾ-ਵਡੇਰਾ ਮੁੜ ਕੇ ਸਾਡੀ ਦੁਨੀਆਂ ਵਿਚ ਆ ਜਾਏ, ਤਾਂ ਉਹ ਇਸ ਨੂੰ ਪਛਾਣ ਹੀ ਨਾ ਸਕੇ ਤੇ ਸਾਇੰਸ ਦੀਆਂ ਕਰਾਮਾਤਾਂ ਵੇਖ ਕੇ ਤੌਰ-ਭੌਰ ਹੋ ਜਾਏ। ਸਾਡੇ ਜੀਵਨ ਦਾ ਕੋਈ ਪੱਖ ਅਜਿਹਾ ਨਹੀਂ, ਜੀਹਦੇ ਵਿਚ ਵਿਗਿਆਨ ਤੋਂ ਕੰਮ ਨਹੀਂ ਲਿਆ ਜਾ ਰਿਹਾ। ਇਸ ਨੇ ਮਨੁੱਖ ਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਹਨ ਕਿ ਉਹਨੂੰ ਇਕ ਵਰਦਾਨ ਸਮਝਿਆ ਜਾ ਰਿਹਾ ਹੈ ਤੇ ਇਹਦੇ ਤੋਂ ਬਗੈਰ ਜੀਵਨ ਸੰਭਵ ਨਹੀਂ ਜਾਪਦਾ।

ਸਾਇੰਸ ਦੀ ਸਭ ਤੋਂ ਵੱਡੀ ਸਫਲਤਾ ਇਹ ਹੈ ਕਿ ਇਸ ਨੇ ਆਵਾਜਾਈ, ਢੋਆ – ਢੁਆਈ, ਮੇਲਜੋਲ ਤੇ ਸੰਚਾਰ ਦੇ ਅਤਿਅੰਤ ਤੇਜ਼ ਸਾਧਨ ਪੈਦਾ ਕਰ ਦਿੱਤੇ ਹਨ, ਇੱਥੋਂ ਤਕ ਕਿ ਦੁਨੀਆਂ ਵਿਚ ਸਮੇਂ ਤੇ ਸਥਾਨ ਦਾ ਫਰਕ ਹੀ ਮਿਟ ਗਿਆ ਹੈ। ਹੁਣ ਅਮਰੀਕਾ ਤੇ ਜਾਪਾਨ ਵਰਗੇ ਦੂਰ-ਦੁਰਾਡੇ ਦੇਸ਼ ਸਾਨੂੰ ਨਾਲ ਦਾ ਪਿੰਡ ਜਾਪਦੇ ਹਨ। ਟੈਲੀਫੋਨ, ਤਾਰ, ਵਾਇਰਲੈਸ, ਰੇਡਿਓ ਤੇ ਦੂਰ ਦਰਸ਼ਨ ਦੀ ਸਹਾਇਤਾ ਨਾਲ ਅਸੀਂ ਦੁਨੀਆਂ ਦੇ ਇਕ ਕੋਨੇ ਤੋਂ ਦੂਜੇ ਕੋਨੇ ਤਕ ਜੁੜੇ ਹੋਏ ਹਾਂ। ਇਕ ਸਕਿੰਟ ਵਿਚ ਡਾਇਲ ਘੁਮਾ ਕੇ ਦੂਰ ਬੈਠੇ ਸਨੇਹੀਆਂ ਨਾਲ ਗੱਲਾਂ ਕਰ ਸਕਦੇ ਹਾਂ। ਕਾਰਾਂ, ਸਕੂਟਰਾਂ, ਟ੍ਰੈਮਾਂ, ਤੇ ਰੇਲ-ਗੱਡੀਆਂ ਦੀ ਗੱਲ ਤਾਂ ਪੁਰਾਣੀ ਹੋ ਗਈ ਹੈ। ਹੁਣ ਤਾਂ ਹਵਾਈ ਜਹਾਜ਼ ਨੇ ਅਜਿਹਾ ਪਰਿਵਰਤਨ ਲਿਆਂਦਾ ਹੈ ਕਿ ਦਿੱਲੀ ਤੋਂ ਨਾਸ਼ਤਾ ਕਰਕੇ ਦੁਪਹਿਰ ਦਾ ਖਾਣਾ ਚਾਰ ਹਜ਼ਾਰ ਮੀਲ ਦੂਰ ਲੰਡਨ ਵਿਚ ਖਾਧਾ ਜਾ ਸਕਦਾ ਹੈ।

ਬਿਜਲੀ ਦੀ ਖੋਜ ਸਾਇੰਸ ਦਾ ਸਭ ਤੋਂ ਵੱਡਾ ਕਾਰਨਾਮਾ ਹੈ। ਵਿਗਿਆਨਕਾਂ ਨੇ ਹਰ ਕਿਸਮ ਦਾ ਕੰਮ ਕਰਨ ਲਈ ਅਣਗਿਣਤ ਮਸ਼ੀਨਾਂ ਬਣਾਈਆਂ ਹਨ, ਜੋ ਸਭ ਬਿਜਲੀ ਦੀ ਮਦਦ ਨਾਲ ਚਲਦੀਆਂ ਹਨ। ਬਿਜਲੀ ਇਕ ਅਲੋਕਿਕ ਜੰਤਰ ਹੈ। ਸਖਤ ਮੁਸ਼ੱਕਤ ਨਾਲ ਹੋਣ ਵਾਲਾ ਹਰੇਕ ਕੰਮ ਹੁਣ ਬਿਜਲੀ ਕਰਦੀ ਹੈ। ਇਹ, ਸਾਡੇ ਕਾਰਖਾਨਿਆਂ ਵਿਚ ਮਸ਼ੀਨਾਂ ਚਲਾਂਦੀ ਹੈ, ਜਿਸ ਨਾਲ ਨਾ ਕੇਵਲ ਮਨੁੱਖ ਨੂੰ ਸਹੂਲਤ ਹੋਈ ਹੈ, ਸਗੋਂ ਉਪਜ ਵਿਚ ਕਈ ਗੁਣਾ ਵਾਧਾ ਹੋ ਗਿਆ ਹੈ। ਜਿੰਨਾ ਕੰਮ ਪੰਜਾਹ ਬੰਦੇ ਇਕ ਦਿਨ ਵਿਚ ਕਰਦੇ ਸਨ, ਉਹ ਹੁਣ ਦੋ ਆਦਮੀ ਦੋ ਤਿੰਨ ਘੰਟੇ ਵਿਚ ਕਰ ਦਿੰਦੇ ਹਨ। ਹੁਣ ਬਿਜਲੀ ਸਾਨੂੰ ਰੋਸ਼ਨੀ ਦੇਂਦੀ ਹੈ, ਸਾਡੇ ਪੱਖੇ ਚਲਾਉਂਦੀ ਹੈ, ਸਾਡੇ ਕਮਰੇ ਠੰਡੇ ਤੇ ਗਰਮ ਕਰਦੀ ਹੈ ਤੇ ਸਾਡੇ ਖਾਣ – ਪੀਣ ਦੀਆਂ ਚੀਜ਼ਾਂ ਨੂੰ ਗਰਮ ਜਾਂ ਠੰਡਿਆਂ ਰੱਖਦੀ ਹੈ। ਇਸ ਤੋਂ ਛੁਟ ਇਹ ਭਾਂਡੇ ਤੇ ਕਪੜੇ ਧੋਂਦੀ ਹੈ, ਦਾਣੇ ਪੀਂਹਦੀ ਹੈ, ਰੂ ਪਿੰਜਦੀ ਹੈ, ਝਾੜੂ ਦੇਂਦੀ ਹੈ ਤੇ ਮੱਠੀਆਂ ਵੀ ਭਰਦੀ ਹੈ। ਅਮਰੀਕਾ ਆਦਿ ਵਿਚ ਬਿਜਲੀ ਦੀ ਸਹਾਇਤਾ ਨਾਲ ਚੱਲਣ ਵਾਲਾ ਮਸ਼ੀਨੀ-ਮਨੁੱਖ, ਇਸਤ੍ਰੀਆਂ ਦੇ ਨਿੱਤ ਦੇ ਕੰਮ ਨੂੰ ਘਟਾਂਦਾ ਹੈ। ਗੱਲ ਕੀ ਹੱਥੀਂ ਹੋਣ ਵਾਲਾ ਕੋਈ ਕੰਮ ਅਜਿਹਾ ਨਹੀਂ ਹੈ ਜੋ ਬਿਜਲੀ ਦੀ ਸਹਾਇਤਾ ਨਾਲ ਚੱਲਣ ਵਾਲੀਆਂ ਮਸ਼ੀਨਾਂ ਨਹੀਂ ਕਰ ਸਕਦੀਆਂ। ਬਿਜਲੀ ਮਨੁੱਖ ਦੀ ਸੇਵਾਦਾਰਨੀ ਹੈ।

ਖੇਤੀਬਾੜੀ ਦੇ ਖੇਤਰ ਵਿਚ ਵਿਗਿਆਨਿਕ ਖੋਜਾਂ ਨੇ ਫਸਲਾਂ ਦੀ ਉਪਜ ਕਈ ਗੁਣਾਂ ਵਧਾ ਦਿੱਤੀ ਹੈ। ਪਿਛਲੇ ਦਸ ਵਰ੍ਹਿਆਂ ਅੰਦਰ ਸਾਡੇ ਦੇਸ਼ ਵਿਚ ਆਈ ਹਰੀ ਕਰਾਂਤੀ ਸਾਇੰਸ ਦੀ ਹੀ ਦੇਣ ਹੈ। ਟਰੈਕਟਰਾਂ, ਟੀਊਬ-ਵੈਲਾਂ, ਥਰੈਸ਼ਰਾਂ ਤੇ ਕੰਬਾਈਨ-ਹਾਰਵੈਸਟਰਾਂ (ਗਹਾਈ-ਕਟਾਈ ਦੀਆਂ ਮਸ਼ੀਨਾਂ), ਦੀ ਕਾਢ ਅਤੇ ਰਸਾਇਣਿਕ ਖਾਦਾਂ ਤੇ ਕੀੜੇ-ਮਾਰ ਦਵਾਈਆਂ ਦੀ ਖੋਜ ਨੇ ਹੀ ਇਹ ਸਭ ਕੁਝ ਸੰਭਵ ਕਰ ਵਿਖਾਇਆ ਹੈ।

ਡਾਕਟਰੀ ਵਿਗਿਆਨ ਦੇ ਵਿਕਾਸ ਨਾਲ ਗੰਭੀਰ ਤੇ ਅਸਾਧ ਰੋਗਾਂ ਉਤੇ ਕਾਬੂ ਪਾ ਲਿਆ ਗਿਆ ਹੈ। ਪਲੇਗ, ਚੇਚਕ, ਹੈਜਾ ਤੇ ਤਪੇਦਿਕ ਵਰਗੇ ਭਿਆਨਕ ਰੋਗ ਹੁਣ ਪੁਰਾਣੇ ਸਮੇਂ ਦੀ ਗੱਲ ਬਣ ਗਏ ਹਨ। ਐਕਸ-ਰੇ, ਟੀਕਿਆਂ, ਦਰਦ-ਰਹਿਤ ਅਪਰੇਸ਼ਨਾਂ ਅਤੇ ਦਰਦ-ਨਾਸ਼ਕ ਦਵਾਈਆਂ ਨੇ ਰੋਗਾਂ ਦੀ ਛਾਣਬੀਣ ਤੇ ਉਨ੍ਹਾਂ ਦੇ ਇਲਾਜ ਵਿਚ ਬੜੀ ਸਹਾਇਤਾ ਕੀਤੀ ਹੈ ਤੇ ਰੋਗੀਆਂ ਦੇ ਦੁੱਖਾਂ ਨੂੰ ਘਟਾਇਆ ਹੈ। ਇਹ ਸਭ ਕੁਝ ਸਾਇੰਸ ਦਾ ਕਮਾਲ ਹੈ। ਰੇਡਿਓ, ਟੈਲੀਵਿਜ਼ਨ ਤੇ ਸਿਨਮਾ ਮਨੋਰੰਜਨ ਦਾ ਵਧੀਆ ਸਾਧਨ ਹੋਣ ਤੋਂ ਛੂਟ ਮਨੁੱਖ ਦੇ ਗਿਆਨ ਵਿਚ ਵਾਧਾ ਕਰਦੇ ਤੇ ਉਸ ਨੂੰ ਸਿੱਖਿਆ ਵੀ ਦੇਂਦੇ ਹਨ। ਛਾਪੇਖਾਨੇ ਦੀ ਕਾਢ ਨੇ ਅਖਬਾਰਾਂ ਤੇ ਪੁਸਤਕਾਂ ਦਾ ਪ੍ਰਕਾਸ਼ਨ ਬਹੁਤ ਤੇਜ਼, ਸਸਤਾ ਤੇ ਸੌਖਾ ਕਰ ਦਿੱਤਾ ਹੈ। ਹੁਣ ਹਜ਼ਾਰਾਂ ਪੁਸਤਕਾਂ ਮਿੰਟਾਂ ਵਿਚ ਛਪ ਕੇ ਪਾਠਕਾਂ ਦੇ ਗਿਆਨ ਵਿਚ ਵਾਧਾ ਕਰਦੀਆਂ, ਵਿੱਦਿਆ ਦਾ ਚਾਨਣ ਫੈਲਾਂਦੀਆਂ ਤੇ ਜੁਗਾਂ-ਜੁਗਾਂਤਰਾਂ ਦੇ ਵਿਚਾਰਕਾਂ ਦੇ ਖਿਆਲ ਉਨ੍ਹਾਂ ਤਕ ਪਹੁੰਚਾਦੀਆਂ ਹਨ।

ਸਾਇੰਸ ਦੀਆਂ ਬਰਕਤਾਂ ਬੇਅੰਤ ਹਨ ਤੇ ਇਨ੍ਹਾਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਪਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਇੰਨੀਆਂ ਖੋਜਾਂ ਤੇ ਕਾਢਾਂ ਦੇ ਬਾਵਜੂਦ ਮਨੁੱਖ ਨੂੰ ਮਨ ਦੀ ਸ਼ਾਂਤੀ ਤੇ ਸੱਚੀ ਖੁਸ਼ੀ ਨਹੀਂ ਮਿਲੀ। ਸਗੋਂ, ਉਹ ਕਈ ਹਾਲਤਾਂ ਵਿਚ ਅੱਗੇ ਨਾਲੋਂ ਵੀ ਵਧੇਰੇ ਦੁਖੀ ਹੈ। ਇਸ ਦਾ ਕਾਰਨ ਇਹ ਹੈ ਕਿ ਲਾਲਚੀ ਤੇ ਹਿਰਸੀ ਮਨੁੱਖ ਸਾਇੰਸ ਨੂੰ ਆਪਣੇ ਸੁਆਰਥ ਲਈ ਵਰਤਣ ਲਗ ਪਿਆ ਹੈ। ਕਿਸੇ ਨੇ ਠੀਕ ਹੀ ਆਖਿਆ ਹੈ ਕਿ “ਸਾਇੰਸ ਦੀਆਂ ਕਾਢਾਂ ਦੇਵਤਿਆਂ ਨੇ ਕੱਢੀਆਂ ਸਨ, ਪਰ ਇਹ ਦੈਂਤਾਂ ਦੇ ਵਸ ਪੈ ਗਈਆਂ ਹਨ।” ਸਾਇੰਸ ਨੇ ਮਨੁੱਖ ਦਾ ਮਾਨਸਿਕ ਵਿਕਾਸ ਕੀਤਾ ਤੇ ਉਸ ਦੀ ਪਦਾਰਥਕ ਉਨੱਤੀ ਹੋ ਗਈ, ਪਰ ਉਸ ਦੀ ਆਤਮਿਕ ਅਵੱਸਥਾ ਜਿਓਂ ਦੀ ਤਿਓਂ ਬਣੀ ਰਹੀ। ਉਹ ਲੋਭ, ਲਾਲਚ, ਤ੍ਰਿਸ਼ਨਾ ਤੇ ਸੁਆਰਥ ਤੋਂ ਉੱਚਾ ਨਹੀਂ ਉੱਠ ਸਕਿਆ ਤੇ ਸਾਇੰਸ ਦੀਆਂ ਕਾਢਾਂ ਨੂੰ ਲੋਕਾਂ ਦੀ ਖੁਸ਼ੀ ਵਿਚ ਵਾਧਾ ਕਰਨ ਦੀ ਥਾਂ ਉਨ੍ਹਾਂ ਨੂੰ ਆਪਣੇ ਸੁਆਰਥ ਲਈ ਵਰਤਣ ਉਤੇ ਤੁਲ ਗਿਆ ਹੈ। ਤ੍ਰਿਸ਼ਨਾਲੂ ਹਕੂਮਤਾਂ ਸਾਇੰਸ ਨੂੰ ਆਪਣੀ ਬਾਂਦੀ ਬਣਾ ਕੇ ਹੋਰ ਦੇਸ਼ਾਂ ਨੂੰ ਆਪਣੇ ਅਧੀਨ ਜਾਂ ਆਪਣੇ ਹੇਠ ਰੱਖਣ ਲਈ ਵਰਤ ਰਹੀਆਂ ਹਨ। ਇਨ੍ਹਾਂ ਵਾਸਤੇ ਸਾਇੰਸ ਨੇ ਐਟਮ ਬੰਬ, ਹਾਈਡਰੋਜਨ ਬੰਬ, ਅਗਨੀ ਮੀਜ਼ਾਈਲ, ਨਿਊਕਲਿਆਈ ਹਥਿਆਰ ਤੇ ਹੋਰ ਪ੍ਰਮਾਣੂ ਜੰਤਰ, ਡੁਬਕਣੀ ਕਿਸ਼ਤੀਆਂ ਤੇ ਦੂਰ-ਮਾਰ ਤੋਪਾਂ ਆਦਿ ਅਜਿਹੇ ਭਿਆਨਕ ਹੱਥਿਆਰ ਬਣਾਏ ਹਨ ਕਿ ਜੰਗ ਹੋਣ ਦੀ ਸੂਰਤ ਵਿਚ ਪਲ ਅੰਦਰ ਸਾਰੀ ਦੁਨੀਆਂ ਵਿਚ ਪਰਲੇ ਆ ਜਾਏਗੀ ਤੇ ਸਾਰੀ ਮਨੁੱਖੀ ਸਭਿਅਤਾ ਤਬਾਹ ਹੋ ਜਾਏਗੀ।

ਇਹ ਠੀਕ ਹੈ ਕਿ ਮਸ਼ੀਨਾਂ ਨੇ ਹਰ ਪ੍ਰਕਾਰ ਦੀ ਉਪਜ ਵਿਚ ਵਾਧਾ ਕੀਤਾ ਹੈ, ਪਰ ਇਨ੍ਹਾਂ ਦੇ ਕਾਰਨ ਹੀ ਸਰਮਾਏਦਾਰੀ ਭਿਆਨਕ ਰੂਪ ਧਾਰਨ ਕਰ ਗਈ ਹੈ। ਅਮੀਰ-ਗਰੀਬ ਦਾ ਵਿਤਕਰਾ ਹੋਰ ਵਧਿਆ ਹੈ। ਮੁੱਠੀ ਭਰ ਲੋਕ ਤੇ ਕੁਝ ਵਿਕਸਿਤ ਦੇਸ਼ ਬੇਹੱਦ ਅਮੀਰ ਹੋ ਗਏ ਹਨ, ਪਰ ਸੰਸਾਰ ਦੀ ਵੱਸੋਂ ਦਾ ਬਹੁਤਾ ਹਿੱਸਾ ਤੇ ਪਛੜੇ ਹੋਏ ਸੈਂਕੜੇ ਦੇਸ਼ ਗਰੀਬੀ ਦੀ ਚੱਕੀ ਵਿਚ ਪਿਸ ਰਹੇ ਹਨ। ਬੇਰੁਜ਼ਗਾਰੀ ਸਭ ਹੱਦਾਂ-ਬੰਨੇ ਪਾਰ ਕਰ ਗਈ ਹੈ। ਇਸ ਤੋਂ ਛੁਟ ਸਾਇੰਸ ਨੇ ਇਕ ਹੋਰ ਨੁਕਸਾਨ ਇਹ ਪਹੁੰਚਾਇਆ ਹੈ ਕਿ ਮਸ਼ੀਨ ਵਿਚ ਘਿਰਿਆ ਹੋਇਆ ਮਨੁੱਖ ਆਪ ਵੀ ਇਕ ਮਸ਼ੀਨ ਬਣ ਕੇ ਰਹਿ ਗਿਆ ਹੈ। ਪ੍ਰੇਮ-ਪਿਆਰ, ਸੇਵਾ, ਪਰਉਪਕਾਰ ਤੇ ਹਮਦਰਦੀ ਆਦਿ ਮਨੁੱਖੀ ਗੁਣਾਂ ਨੂੰ ਭੁਲ ਕੇ ਉਹ ਲਾਲਚੀ, ਅਸ਼ਰਧਕ ਤੇ ਸੁਆਰਥੀ ਹੋ ਗਿਆ ਹੈ। ਇਸ ਤਰ੍ਹਾਂ ਸਾਇੰਸ ਦੀਆਂ ਖੋਜਾਂ ਤੇ ਕਾਢਾਂ ਦੀ ਗਲਤ ਵਰਤੋਂ ਇਸ ਨੂੰ ਮਨੁੱਖ ਲਈ ਵਰ ਦੀ ਥਾਂ ਸਰਾਪ ਤੇ ਬਰਕਤ ਦੀ ਥਾਂ ਲਾਨ੍ਹਤ ਬਣਾ ਰਹੀ ਹੈ।