ਲੇਖ : ਸ਼ਹੀਦ ਭਗਤ ਸਿੰਘ ਜੀ


“ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ,

ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।”

ਜਾਣ-ਪਛਾਣ : ਭਾਰਤ ਦਾ ਇਤਿਹਾਸ ਸੂਰਬੀਰਾਂ, ਯੋਧਿਆਂ ਤੇ ਬਹਾਦਰਾਂ ਦੀ ਕੁਰਬਾਨੀ ਨਾਲ ਭਰਿਆ ਪਿਆ ਹੈ। ਦੇਸ਼ ਦੀ ਅਜ਼ਾਦੀ ਦੀ ਖ਼ਾਤਰ, ਦੇਸ਼ ਤੋਂ ਕੁਰਬਾਨ ਹੋਣ ਵਾਲੇ ਸੂਰਬੀਰ-ਯੋਧਿਆਂ ਦੀ ਸ਼ਹੀਦੀ ਸਦਕਾ ਹੀ ਅੱਜ ਅਸੀਂ ਅਜ਼ਾਦ ਭਾਰਤ ਦੇ ਵਸਨੀਕ ਹਾਂ।ਇਹ ਯੋਧੇ ਲੋਕ-ਦਿਲਾਂ ‘ਤੇ ਰਾਜ ਕਰਨ ਵਾਲੇ ਮਹਾਨ ਨਾਇਕ ਹਨ। ਇਨ੍ਹਾਂ ਵਿੱਚੋਂ ਹੀ ਇੱਕ ਨਾਇਕ ਹੈ ‘ਭਗਤ ਸਿੰਘ’, ਜਿਸ ਨੇ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲੈ ਕੇ ਫਾਂਸੀ ਦਾ ਰੱਸਾ ਚੁੰਮਿਆ ਤੇ ਭਾਰਤ ਵਿੱਚ ਇੱਕ ਅਜਿਹੀ ਲਹਿਰ ਪੈਦਾ ਕੀਤੀ, ਜਿਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ।

ਜਨਮ ਤੇ ਬਚਪਨ : ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ. ਵਿੱਚ ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਉਸ ਦਾ ਜੱਦੀ ਪਿੰਡ ਖਟਕੜ ਕਲਾਂ, ਜ਼ਿਲ੍ਹਾ ਜਲੰਧਰ ਹੈ। ਉਸ ਦੀ ਮਾਤਾ ਦਾ ਨਾਂ ਵਿਦਿਆਵਤੀ ਤੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ। ਚਾਚਾ ਜਲਾਵਤਨ ਵਾਲ ਓ ਜੱਟਾ’ ਲਹਿਰ ਦੇ ਆਗੂ ਸਨ। ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ, ਉਸੇ ਦਿਨ ਉਸ ਦੇ ਚਾਚਾ ਅਜੀਤ ਸਿੰਘ ਰਿਹਾਅ ਹੋ ਕੇ ਘਰ ਆਏ ਤੇ ਪਿਤਾ ਕਿਸ਼ਨ ਸਿੰਘ ਵੀ ਜ਼ਮਾਨਤ ‘ਤੇ ਘਰ ਵਾਪਸ ਆ ਗਏ। ਘਰ ਵਾਲਿਆਂ ਨੇ ਖ਼ੁਸ਼ੀ ਨਾਲ ਕਿਹਾ, “ਇਹ ਮੁੰਡਾ ਭਾਗਾਂ ਵਾਲਾ ਹੈ।” ਇੰਜ ਕਈ ਚਿਰ ਉਸ ਦਾ ਨਾਂ ਭਾਗਾਂ ਵਾਲਾ ਰਿਹਾ, ਜੋ ਬਾਅਦ ਵਿੱਚ ਭਗਤ ਸਿੰਘ ਹੋ ਗਿਆ।

ਬਚਪਨ ਤੋਂ ਹੀ ਉਸ ਦੇ ਮਨ ਵਿੱਚ ਅੰਗਰੇਜ਼ੀ ਸਰਕਾਰ ਵਿਰੁੱਧ ਨਫ਼ਰਤ ਸੀ। ਉਸ ਦੀਆਂ ਖੇਡਾਂ ਵੀ ਆਮ ਬੱਚਿਆਂ ਵਰਗੀਆਂ ਨਹੀਂ ਸਨ। ਇੱਕ ਵਾਰ ਉਹ ਖੇਤਾਂ ਵਿੱਚ ਤੀਲੇ ਗੱਡ ਰਿਹਾ ਸੀ। ਕਿਸੇ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ “ਉਹ ਦਮੂਖਾਂ ਬੀਜ ਰਿਹਾ ਹੈ ਤਾਂ ਜੋ ਵੱਡਾ ਹੋ ਕੇ ਅੰਗਰੇਜ਼ਾਂ ਨੂੰ ਮਾਰ ਸਕੇ।” ਬੱਚਿਆਂ ਵਿੱਚ ਉਹ ‘ਦਮੂਖਾਂ ਬੀਜਣ ਵਾਲਾ’ ਕਰਕੇ ਵੀ ਪ੍ਰਸਿੱਧ ਹੋਇਆ।

ਵਿੱਦਿਆ : ਉਸ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਦਸਵੀਂ ਡੀ.ਏ.ਵੀ. ਸਕੂਲ ਲਾਹੌਰ ਤੋਂ ਪਾਸ ਕੀਤੀ। ਇਸ ਤੋਂ ਬਾਅਦ ਉਚੇਰੀ ਵਿੱਦਿਆ ਲਈ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖ਼ਲਾ ਲੈ ਲਿਆ।

ਕਰਤਾਰ ਸਿੰਘ ਸਰਾਭਾ ਨੂੰ ਗੁਰੂ ਮੰਨਣਾ : ਭਗਤ ਸਿੰਘ ਉੱਤੇ ਕਰਤਾਰ ਸਿੰਘ ਸਰਾਭੇ ਦੀ ਕੁਰਬਾਨੀ ਦਾ ਬਹੁਤ ਜ਼ਿਆਦਾ ਅਸਰ ਹੋਇਆ, ਜੋ ਸਭ ਤੋਂ ਛੋਟੀ ਉਮਰ ਵਿੱਚ ਦੇਸ਼ ਲਈ ਸ਼ਹੀਦ ਹੋਇਆ ਸੀ। ਉਸ ਨੇ ਉਸ ਨੂੰ ਆਪਣਾ ਸਿਆਸੀ ਗੁਰੂ ਮੰਨ ਲਿਆ ਤੇ ਹਰ ਵਕਤ ਉਸ ਦੀ ਫੋਟੋ ਆਪਣੀ ਜੇਬ ਵਿੱਚ ਰੱਖਦਾ ਸੀ।

ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਅਸਰ : ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਸਮੇਂ ਉਸ ਦੀ ਉਮਰ ਮਸਾਂ ਬਾਰਾਂ ਕੁ ਸਾਲ ਦੀ ਹੋਵੇਗੀ। ਘਟਨਾ ਦੀ ਖ਼ਬਰ ਸੁਣਦਿਆਂ ਸਾਰ ਹੀ ਉਹ ਉਸ ਸਥਾਨ ‘ਤੇ ਪੁੱਜ ਗਿਆ। ਉੱਥੇ ਉਸ ਨੇ ਬਾਗ਼ ਵਿੱਚ ਸ਼ਹੀਦ ਹੋਏ ਲੋਕਾਂ ਦੇ ਖ਼ੂਨ ਨਾਲ ਭਿੱਜੀ ਹੋਈ ਮਿੱਟੀ ਨੂੰ ਇੱਕ ਸ਼ੀਸ਼ੀ ਵਿੱਚ ਪਾ ਲਿਆ ਜਿਸ ਨੂੰ ਉਸ ਨੇ ਬੜੇ ਸਤਿਕਾਰ ਨਾਲ ਸਾਂਭ ਕੇ ਰੱਖਿਆ। ਇਸ ਸਾਕੇ ਨੇ ਉਸ ਦੇ ਮਨ ਨੂੰ ਵਲੂੰਧਰ ਕੇ ਰੱਖ ਦਿੱਤਾ।

ਨੌਜਵਾਨ ਜਥੇਬੰਦੀ ਦਾ ਨੇਤਾ : ਦੇਸ਼-ਪਿਆਰ ਦੀ ਧੁਨ ਵਿੱਚ ਉਸ ਨੇ ਪੜ੍ਹਾਈ ਛੱਡ ਦਿੱਤੀ ਤੇ ਕਾਨਪੁਰ ਚਲਾ ਗਿਆ। ਇੱਥੇ ਸ੍ਰੀ ਚੰਦਰ ਵਿਦਿਆਰਥੀ ਦੇ ਹਿੰਦੀ ਅਖ਼ਬਾਰ ‘ਪ੍ਰਤਾਪ’ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਗਰਮ ਖ਼ਿਆਲੀਏ ਨੌਜਵਾਨਾਂ ਦੀਆਂ ਜਥੇਬੰਦੀਆਂ ਦਾ ਨੇਤਾ ਬਣ ਗਿਆ। ਇਨ੍ਹਾਂ ਦਿਨਾਂ ਵਿੱਚ ਉਹ ਮਹਾਤਮਾ ਗਾਂਧੀ ਨੂੰ ਵੀ ਮਿਲਿਆ। ਗਾਂਧੀ ਜੀ ‘ਨਾ ਮਿਲਵਰਤਣ’ ਲਹਿਰ ਚਲਾ ਰਹੇ ਸਨ।ਉਨ੍ਹਾਂ ਨੇ ਸਤਿਆਗ੍ਰਹੀਆਂ ਦੀ ਖ਼ੂਬ ਸੇਵਾ ਕੀਤੀ।

ਨੌਜਵਾਨ ਭਾਰਤ ਸਭਾ ਬਣਾਉਣੀ : ਨੈਸ਼ਨਲ ਕਾਲਜ ਵਿੱਚ ਉਸ ਦਾ ਮੇਲ ਸੁਖਦੇਵ ਸਿੰਘ ਨਾਲ ਹੋਇਆ। ਇਨ੍ਹਾਂ ਨੇ ਰਲ ਕੇ 1925 ਈਸਵੀ ਵਿੱਚ ਨੌਜਵਾਨ ਭਾਰਤ ਸਭਾ ਬਣਾਈ ਤੇ ਲਾਹੌਰ ਦੇ ਬਰੈਡਲੇ ਹਾਲ ਵਿੱਚ ਸਰਾਭਾ ਦੀ ਬਰਸੀ ਵੀ ਮਨਾਈ।

ਸਾਈਮਨ ਕਮਿਸ਼ਨ ਦਾ ਵਿਰੋਧ : ਭਾਰਤ ਦੇ ਰਾਜ ਪ੍ਰਬੰਧ ਵਿੱਚ ਸੁਧਾਰ ਲਿਆਉਣ ਦੇ ਮਕਸਦ ਨਾਲ 20 ਅਕਤੂਬਰ, 1928 ਨੂੰ ਵਲਾਇਤੋਂ ਸਾਈਮਨ ਕਮਿਸ਼ਨ ਆਇਆ, ਜਿਸ ਦਾ ਸਾਰੇ ਦੇਸ਼ ਵਿੱਚ ਭਰਵਾਂ ਵਿਰੋਧ ਹੋਇਆ। ਇਸ ਸਬੰਧ ਵਿੱਚ ਜਲੂਸ ਕੱਢਿਆ ਗਿਆ, ਜਿਸ ਵਿੱਚ ਲਾਠੀਚਾਰਜ ਦੌਰਾਨ ਲਾਲਾ ਲਾਜਪਤ ਰਾਏ ਜੀ ਸ਼ਹੀਦ ਹੋ ਗਏ।

ਸਾਂਡਰਸ ਨੂੰ ਮਾਰਨਾ : ਅੰਗਰੇਜ਼ ਪੁਲਿਸ ਦੀਆਂ ਲਾਠੀਆਂ ਨੇ ਲਾਲਾ ਜੀ ਦੀ ਜਾਨ ਲੈ ਲਈ। ਭਗਤ ਸਿੰਘ ਹੁਰਾਂ ਨੇ ਇਸ ਦਾ ਬਦਲਾ ਲੈਣ ਦੀ ਯੋਜਨਾ ਬਣਾਈ। ਉਨ੍ਹਾਂ ਨੇ ਲਾਲਾ ਜੀ ਦੇ ਕਾਤਲ ਮਿਲ ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ ਪਰ ਇਸ ਸਮੇਂ ਸਾਂਡਰਸ ਉਨ੍ਹਾਂ ਦੇ ਘੇਰੇ ਵਿੱਚ ਆ ਗਿਆ, ਜੋ ਰਾਜਗੁਰੂ ਤੇ ਭਗਤ ਸਿੰਘ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਿਆ। ਗੋਲੀਆਂ ਦੀ ਅਵਾਜ਼ ਸੁਣ ਕੇ ਪੁਲਿਸ ਉਨ੍ਹਾਂ ਦੇ ਪਿੱਛੇ ਆ ਗਈ ਜਦੋਂ ਕਿ ਉਹ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ। ਭਗਤ ਸਿੰਘ ਕਲਕੱਤੇ ਪੁੱਜ ਗਿਆ ਤੇ ਰਾਜਗੁਰੂ ਲਖਨਊ।

ਅਸੰਬਲੀ ਵਿੱਚ ਬੰਬ ਸੁੱਟਣਾ : 8 ਅਪ੍ਰੈਲ 1929 ਈ. ਨੂੰ ਵਾਇਸਰਾਏ ਦੇ ਹੁਕਮ ਨਾਲ ਮਜ਼ਦੂਰਾਂ ਤੇ ਹੜਤਾਲਾਂ ਸਬੰਧੀ ਬਿੱਲ ‘ਤੇ ਬਹਿਸ ਹੋਈ ਸੀ। ਕੁਝ ਅਜਿਹੇ ਬਿੱਲ ਵੀ ਪਾਸ ਕਰਨੇ ਸਨ ਜੋ ਲੋਕ ਵਿਰੋਧੀ ਸਨ ਤੇ ਪਹਿਲਾਂ ਕਈ ਵਾਰ ਰੱਦ ਹੋਏ ਸਨ। ਭਗਤ ਸਿੰਘ ਨੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ ਮਿਲ ਕੇ ਦਿੱਲੀ ਦੀ ਵੱਡੀ ਅਸੰਬਲੀ ਵਿੱਚ ਬੰਬ ਸੁੱਟਣ ਦਾ ਫੈਸਲਾ ਕੀਤਾ। ਬੰਬ ਸੁੱਟਣ ਦੀ ਡਿਊਟੀ ਬੀ.ਕੇ. ਦੱਤਾ ਦੀ ਸੀ। ਸੋ ਮਿਥੇ ਪ੍ਰੋਗਰਾਮ ਅਨੁਸਾਰ ਉਨ੍ਹਾਂ ਅਸੰਬਲੀ ਵਿੱਚ ਬੰਬ ਸੁੱਟਿਆ। ਸਾਰਾ ਹਾਲ ਕੰਬ ਉੱਠਿਆ ਪਰ ਭਗਤ ਸਿੰਘ ਤੇ ਬੀ.ਕੇ. ਦੱਤ ਉੱਥੇ ਹੀ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਮਾਰਦੇ ਰਹੇ ਤੇ ਆਪਣੇ-ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਹਫ਼ਤੇ ਕੁ ਬਾਅਦ ਸੁਖਦੇਵ ਸਿੰਘ ਵੀ ਗ੍ਰਿਫ਼ਤਾਰ ਹੋ ਗਿਆ।

ਜੇਲ੍ਹ ਵਿੱਚ : ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੁਰਾਂ ‘ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ। ਜੇਲ੍ਹ ਦੇ ਦਰੋਗਿਆਂ ਨੇ ਇਨ੍ਹਾਂ ਨਾਲ ਮਾੜਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਸਾਰਿਆਂ ਨੇ ਭੁੱਖ ਹੜਤਾਲ ਕਰ ਦਿੱਤੀ।

ਫਾਂਸੀ ਦੀ ਸਜ਼ਾ ਸੁਣਾਉਣੀ : ਭਗਤ ਸਿੰਘ ਨੇ ਬੜੀ ਬਹਾਦਰੀ ਤੇ ਨਿਡਰਤਾ ਨਾਲ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ ਫ਼ਾਸ਼ ਕਰ ਦਿੱਤਾ ਤੇ ਆਪਣੇ ਦ੍ਰਿੜ੍ਹ ਇਰਾਦਿਆਂ ਨੂੰ ਬਿਆਨ ਕਰਨ ਲਈ ਇਹ ਪੰਕਤੀਆਂ ਗੁਣਾਉਣਾਉਂਦੇ :

“ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।

ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਲ ਮੇਂ ਹੈ।”

ਅਦਾਲਤ ਨੇ 7 ਅਕਤੂਬਰ 1930 ਨੂੰ ਰਾਜਗੁਰੂ ਤੇ ਸੁਖਦੇਵ ਸਾਥੀਆਂ ਸਮੇਤ ਆਪ ਨੂੰ ਫਾਂਸੀ ਦੀ ਸਜ਼ਾ ਸੁਣਾਈ।

ਫਾਂਸੀ : ਆਖ਼ਰ 23 ਮਾਰਚ 1931 ਈ. ਨੂੰ ਆਪ ਨੂੰ ਰਾਜਗੁਰੂ ਤੇ ਸੁਖਦੇਵ ਸਾਥੀਆਂ ਸਮੇਤ ਫਾਂਸੀ ‘ਤੇ ਲਟਕਾ ਦਿੱਤਾ ਗਿਆ।ਆਪ ਨੇ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਦੇਸ਼ ਦੀ ਅਜ਼ਾਦੀ ਲਈ ਮੌਤ ਲਾੜੀ ਨੂੰ ਗਲੇ ਲਾ ਲਿਆ। ਸਰਕਾਰ ਨੇ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਨੂੰ ਫਾਂਸੀ ਤੋਂ ਬਾਅਦ ਲਾਸ਼ਾਂ ਨੂੰ ਦੇ ਫਿਰੋਜ਼ਪੁਰ ਦੇ ਨੇੜੇ ਸਤਲੁਜ ਦੇ ਕੰਢੇ ਤਿੰਨਾਂ ਨੂੰ ਅਗਨ ਭੇਟ ਕਰਕੇ ਦਰਿਆ ਵਿੱਚ ਰੋੜ੍ਹ ਦਿੱਤਾ।

ਅਮਰ ਸ਼ਹੀਦ : ਇਨ੍ਹਾਂ ਅਣਖੀਲੇ ਸੂਰਬੀਰਾਂ ਦੇ ਅੰਤਿਮ ਸੰਸਕਾਰ ਵਾਲੀ ਥਾਂ ‘ਤੇ ਇੱਕ ਸੁੰਦਰ ਯਾਦਗਾਰ ਬਣੀ ਹੋਈ ਹੈ, ਜਿਥੇ ਹਰ ਸਾਲ 23 ਮਾਰਚ ਨੂੰ ਆਪ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਇਸ ਤਰ੍ਹਾਂ 23-24 ਸਾਲ ਦੀ ਉਮਰ ਵਿੱਚ ਭਗਤ ਸਿੰਘ ਦੇਸ਼ ਦੀ ਖ਼ਾਤਰ ਜਾਨ ਵਾਰ ਕੇ ਸਦਾ ਲਈ ਅਮਰ ਹੋ ਗਿਆ।