ਲੇਖ : ਵੱਧ ਰਹੀ ਆਬਾਦੀ ਦੀ ਸਮੱਸਿਆ


ਵੱਧ ਰਹੀ ਆਬਾਦੀ ਦੀ ਸਮੱਸਿਆ


ਆਜ਼ਾਦੀ ਤੋਂ ਬਾਅਦ ਭਾਰਤ ਦੀ ਆਬਾਦੀ ਵਿੱਚ ਬੇ-ਹਿਸਾਬਾ ਵਾਧਾ ਹੋਇਆ ਹੈ। 1951-61 ਦੇ ਦਹਾਕੇ ਵਿੱਚ ਭਾਰਤ ਦੀ ਆਬਾਦੀ 21.6% ਦੀ ਦਰ ਨਾਲ ਵਧੀ, ਜਿਹੜੀ ਪਿਛਲੇ ਚਾਲੀ ਸਾਲ ਵਿੱਚ ਵੀ ਨਹੀਂ ਵਧੀ। ਇਸਨੂੰ ਜਨ-ਸੰਖਿਆ ਵਿਸਫੋਟ ਕਿਹਾ ਜਾਂਦਾ ਹੈ। ਕਿੰਗਜ਼ਲੇ ਡੇਵਿਸ ਅਨੁਸਾਰ, “ਈਸਾ ਤੋਂ 300 ਸਾਲ ਤੱਕ ਭਾਰਤ ਦੀ ਜਨ-ਸੰਖਿਆ 12 ਕਰੋੜ ਤੱਕ ਹੀ ਬਣੀ ਰਹੀ। ਇਸਦਾ ਕਾਰਨ ਇਹ ਸੀ ਕਿ ਭਾਰਤ ਵਿੱਚ ਜਨਮ ਦਰ ਤੇ ਮੌਤ ਦਰ ਬਰਾਬਰ ਸਨ। ਭਾਰਤ ਦੀਆਂ ਕਦਰਾਂ ਕੀਮਤਾਂ ਅਤੇ ਲੜਕੇ ਦੀ ਲਾਲਸਾ ਨੇ ਆਬਾਦੀ ਵਿੱਚ ਵਾਧਾ ਕੀਤਾ ਹੈ।

ਸੰਸਾਰਕ ਜੀਵਨ ਵਿੱਚ ਵਿਆਹੁਤਾ ਜੀਵਨ ਤੋਂ ਬਾਅਦ ਸੰਤਾਨ ਰਹਿਤ ਜੋੜੇ ਲਈ ਸਭ ਤੋਂ ਵੱਡੀ ਮੰਗ ਅਤੇ ਹਸਰਤ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ। ਵਿਆਹ ਤੋਂ ਇੱਕ ਦੋ ਸਾਲਾਂ ਤੋਂ ਬਾਅਦ ਇਸ ਮੰਗ ਵਿੱਚ ਤੀਬਰਤਾ ਆਉਂਦੀ ਹੈ ਤੇ ਫਿਰ ਇੱਕ ਸਮਾਂ ਅਜਿਹਾ ਆਉਂਦਾ ਹੈ ਕਿ ਪਤੀ ਪਤਨੀ ਦੇ ਬਜ਼ੁਰਗ ਮਾਪੇ ਅਤੇ ਸੱਸ ਸਹੁਰਾ ਇਸ ਹਸਰਤ ਨੂੰ ਹੋਰ ਹਵਾ ਦਿੰਦੇ ਹਨ। ਉਹ ਵਾਰ-ਵਾਰ ਇਹ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਵਿਹੜੇ ਵਿੱਚ ਬੱਚੇ ਦੀ ਸੁਰਮਈ ਆਵਾਜ਼ ਗੂੰਜੇ। ਵਾਤਸਾਲਯ ਪਿਆਰ ਦੇ ਲੋਭੀ ਮਾਪੇ ਮੂਲ ਨਾਲੋਂ ਸੂਦ ਦੀ ਪ੍ਰਾਪਤੀ ਲਈ ਤਰਲੋ ਮੱਛੀ ਹੁੰਦੇ ਹਨ ਤੇ ਫਿਰ ਬਾਕੀ ਪਰਿਵਾਰ ਵਾਲੇ ਉਨ੍ਹਾਂ ਦੀ ਇਸ ਮੰਗ ਵਿੱਚ ਸ਼ਾਮਿਲ ਹੋ ਜਾਂਦੇ ਹਨ। ਜੇ ਕੁੱਝ ਸਾਲਾਂ ਵਿੱਚ ਸੰਤਾਨ ਦੀ ਪ੍ਰਾਪਤੀ ਫਿਰ ਵੀ ਨਾ ਹੋਵੇ ਤਾਂ ਇਹ ਪਿਆਰ ਨਫਰਤ ਵਿੱਚ ਬਦਲਣ ਵਿੱਚ ਦੇਰੀ ਨਹੀਂ ਲਾਉਂਦਾ ਤੇ ਵਿਅੰਗ ਦੇ ਬਾਣ ਚਲਣੇ ਆਰੰਭ ਹੋ ਜਾਂਦੇ ਹਨ। ਇੱਕ ਦਹਾਕਾ ਲੰਘ ਜਾਣ ਤੋਂ ਬਾਅਦ ਜਦੋਂ ਪਤੀ-ਪਤਨੀ ਆਪਣਾ ਹਰ ਹੀਲਾ, ਦਰ-ਦਰ ਤੇ ਡਾਕਟਰਾਂ ਹਕੀਮਾਂ ਦਾ ਵਰਤ ਲੈਂਦੇ ਹਨ ਤਾਂ ਫਿਰ ਉਹ ਇਕੱਲਤਾ ਦੇ ਮਾਰੂਥਲ ਵਿਚ ਭਟਕਣਾ ਆਰੰਭ ਕਰ ਦਿੰਦੇ ਹਨ। ਫਿਰ ਇੱਕ ਅਜਿਹਾ ਸਮਾਂ ਆਉਂਦਾ ਹੈ ਕਿ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤ੍ਰਿਸਕਾਰਤ ਨਾਵਾਂ ਨਾਲ ਬੁਲਾਇਆ ਜਾਣਾ ਸ਼ੁਰੂ ਹੋ ਜਾਂਦਾ ਹੈ, ਜਿਵੇਂ ਔਤਰੀ, ਪੱਥਰ ਆਦਿ ਸ਼ਬਦ ਉਨ੍ਹਾਂ ਦੇ ਕੰਨਾਂ ਦੇ ਪਰਦਿਆਂ ਨੂੰ ਪਾੜਨ ਤਕ ਜਾਂਦੇ ਹਨ ਤੇ ਉਨ੍ਹਾਂ ਨੂੰ ਇਵੇਂ ਜਾਪਦਾ ਹੈ ਕਿ ਬੇਵਸੀ ਅਤੇ ਲਾਚਾਰੀ ਹੀ ਉਨ੍ਹਾਂ ਦੇ ਨਸੀਬਾਂ ਵਿੱਚ ਲਿਖੀ ਹੋਈ ਹੈ। ਸਾਡੇ ਭਾਰਤੀ ਸੰਸਕਾਰ ਹੀ ਸਾਡੇ ਅੰਦਰ ਸੰਤਾਨ ਦੀ ਇੱਛਾ ਨੂੰ ਹੋਰ ਹਲਾਸ਼ੇਰੀ ਦਿੰਦੇ ਹਨ। ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਸਦੀ ਸੰਤਾਨ ਨਹੀਂ, ਉਸ ਦੀ ਮੁਕਤੀ ਨਹੀਂ। ਇਸ ਲਈ ਵੰਸ਼ ਦਾ ਅੱਗੇ ਚਲਣਾ ਇੱਕ ਜ਼ਰੂਰੀ ਲੋੜ ਸਮਝੀ ਜਾਂਦੀ ਹੈ। ਭਾਰਤ ਵਿੱਚ ਵਧ ਰਹੀ ਆਬਾਦੀ ਦੇ ਕਾਰਨਾਂ ਵਿੱਚੋਂ ਇੱਥੋਂ ਦੀ ਗਰਮ ਜਲਵਾਯੂ, ਖੇਤੀ ਦਾ ਖੁਲ੍ਹਾ-ਡੁਲ੍ਹਾ ਕੰਮ, ਪਿੰਡਾਂ ਦੀ ਪ੍ਰਧਾਨਤਾ, ਵਿਆਹ ਦੀ ਮਹਾਨਤਾ, ਬਾਲ ਵਿਆਹ, ਧਾਰਮਿਕ ਭਾਵਨਾਵਾਂ, ਅਨਪੜ੍ਹਤਾ, ਭਾਗਾਂ ਦੀ ਗੱਲ, ਸੰਯੁਕਤ ਪਰਿਵਾਰ, ਮਨੋਰੰਜਨ ਦੀ ਘਾਟ, ਉੱਚੀ ਮੌਤ ਦਰ, ਵਿਧਵਾ ਵਿਆਹ, ਇਸਤਰੀ ਦੀ ਅਵਸਥਾ ਆਦਿ ਹਨ।

ਜੇ ਜ਼ਿੰਦਗੀ ਦੇ ਇੱਕ ਰੁਖ਼ ਵਾਲੇ ਪਾਸੇ ਇੰਨੀ ਬੇਵਸੀ, ਲਾਚਾਰੀ ਲੁਕੀ ਹੋਈ ਹੈ ਤਾਂ ਸੰਤਾਨ ਦੀ ਪ੍ਰਾਪਤੀ ਸਮੇਂ ਜੋ ਖੁਸ਼ੀ ਅਤੇ ਹੁਲਾਸ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ, ਉਸ ਦੀ ਵੰਨਗੀ ਦਾ ਅੰਤ ਵੀ ਦੇਖਣ ਨੂੰ ਨਹੀਂ ਮਿਲਦਾ। ਜੇ ਸੰਤਾਨ ਦੀ ਪ੍ਰਾਪਤੀ ਪੁੱਤ ਰਾਹੀਂ ਹੋਈ ਹੋਵੇ ਤਾਂ ਸਾਰਾ ਪਰਿਵਾਰ ਇਵੇਂ ਜਾਪਦਾ ਹੈ ਜਿਵੇਂ ਘੋੜੀ ਚੜ੍ਹਿਆ ਹੋਵੇ। ਪੁੱਤਰ ਜਨਮ ਤੋਂ ਕੁਝ ਸਮਾਂ ਬਾਅਦ ਹੀ ਖੁਸਰੇ ਨੱਚਣ ਲਈ ਘਰ ਲੱਭਦੇ ਆ ਜਾਂਦੇ ਹਨ ਤੇ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਿਲ ਹੋ ਕੇ ਮੂੰਹ ਮੰਗੀ ਮੰਗ ਲੈ ਜਾਂਦੇ ਹਨ। ਮੁੰਡੇ ਦੀ ਹਰ ਰਸਮ ਪੂਰੀ ਸ਼ਾਨੋ-ਸ਼ੌਕਤ ਅਤੇ ਸ਼ਗਨਾਂ ਨਾਲ ਕੀਤੀ ਜਾਂਦੀ ਹੈ। ਦਿਨੋ-ਦਿਨ ਇਨ੍ਹਾਂ ਰਸਮਾਂ ਵਿੱਚ ਵਾਧਾ ਹੁੰਦਾ ਜਾਂਦਾ ਹੈ। ਪੂਜਾ ਸਥਾਨਾਂ ‘ਤੇ ਜਾ ਕੇ ਭੁਜੰਗੀ ਦੀ ਦਾਤ ਲਈ ਸ਼ੁਕਰਾਨੇ ਰਾਹੀਂ ਅਖੰਡ ਪਾਠ ਕਰਾਏ ਜਾਂਦੇ ਹਨ। ਮੁੰਡੇ ਦੇ ਕੇਸ ਗੁੰਦਣ ਦੀ ਰਸਮ, ਦਸਤਾਰ ਬੰਦੀ, ਨਾਮਕਰਨ ਅਤੇ ਹਰ ਸਾਲ ਦੋਸਤਾਂ ਯਾਰਾਂ ਨੂੰ ਬੁਲਾ ਕੇ ਉਸ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਸੰਤਾਨ ਦੀ ਪ੍ਰਾਪਤੀ ਸੰਸਾਰਕ ਖੁਸ਼ੀਆਂ ਪ੍ਰਾਪਤ ਕਰਨ ਦਾ ਇੱਕ ਅਨੋਖਾ ਅਤੇ ਕੁਦਰਤੀ ਰਸਤਾ ਬਣ ਗਿਆ ਹੈ। ਭਾਰਤ ਦੇ ਹਰ ਸਮਾਜ, ਧਰਮ ਵਿੱਚ ਆਪੋ-ਆਪਣੇ ਵਿਸ਼ਵਾਸਾਂ ਅਨੁਸਾਰ ਪੁੱਤਰ ਜੰਮਣ ਦੀ ਖੁਸ਼ੀ ਮਨਾਈ ਜਾਂਦੀ ਹੈ।

ਲੜਕੀ ਦੇ ਜਨਮ ਦੀ ਖੁਸ਼ੀ ਉਸ ਸਮੇਂ ਮੁੰਡੇ ਦੇ ਜੰਮਣ ਦੀ ਤਰ੍ਹਾਂ ਮਨਾਈ ਜਾਂਦੀ ਹੈ ਜਦੋਂ ਕਈ ਵਰ੍ਹਿਆਂ ਦੀ ਉਡੀਕ ਤੋਂ ਬਾਅਦ ਸੰਤਾਨ ਰਹਿਤ ਪਤੀ-ਪਤਨੀ ਨੂੰ ਬੱਚੀ ਦੀ ਕਿਲਕਾਰੀਆਂ ਮਾਰਦੀ ਆਵਾਜ਼ ਉਨ੍ਹਾਂ ਦੇ ਸੁੰਨਸਾਨ ਵਿਹੜੇ ਦੀ ਰੌਣਕ ਬਣਦੀ ਹੈ। ਇਸ ਸਮੇਂ ਲੜਕੇ-ਲੜਕੀ ਦੀ ਸਮਾਨਤਾ ਦੇਖਣ ਨੂੰ ਜ਼ਰੂਰ ਮਿਲਦੀ ਹੈ ਪਰ ਆਮ ਹਾਲਤਾਂ ਵਿੱਚ ਅਜੇ ਵੀ ਹਰ ਸਮਾਜਿਕ ਵਰਗ ਵਿੱਚ ਮੁੰਡੇ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਲੜਕੀ ਦੇ ਜਨਮ ਦੀ ਮੁਬਾਰਕ ਵੀ ਖਿੜੇ ਮੱਥੇ ਪ੍ਰਵਾਨ ਨਹੀਂ ਕੀਤੀ ਜਾਂਦੀ। ਪੁੱਤਰ ਦੀ ਆਸ ਵਿੱਚ ਨਿਤਾਣੀ ਤੇ ਕਮਜ਼ੋਰ ਮਾਂ ਨੂੰ ਵਾਰ-ਵਾਰ ਜਣੇਪੇ ਦੇ ਦੌਰ ਵਿਚੋਂ ਲੰਘਣਾ ਪੈਂਦਾ ਹੈ ਤੇ ਕਈ ਹਾਲਤਾਂ ਵਿੱਚ ਲੜਕੇ ਦਾ ਨਸੀਬਾਂ ਵਿੱਚ ਹੋਣਾ ਸੰਭਵ ਨਹੀਂ ਹੁੰਦਾ।

ਸਾਡੇ ਭਾਰਤੀ ਸਮਾਜ ਵਿੱਚ ਪੁੱਤਰ ਪ੍ਰਾਪਤੀ ਲਈ ਹਰ ਪ੍ਰਕਾਰ ਦੇ ਹੀਲੇ ਕੀਤੇ ਜਾਂਦੇ ਹਨ। ਜਿੱਥੇ ਸਾਡੇ ਲੋਕ ਗੀਤਾਂ ਵਿੱਚ ਵੀ ਇਹ ਸੁਰ ਗੂੰਜਦੀ ਹੈ ਕਿ ਜਿੰਨੇ ਜਿਠਾਣੀ ਤਿਲ ਸੁੱਟੇਗੀ, ਉਨੇ ਹੀ ਦਰਾਣੀ ਪੁੱਤਰ ਜੰਮੇਗੀ। ਇਹ ਲੋਕ ਗੀਤ ਇਸਤਰੀ ਮਨ ਦੀ ਕੁਦਰਤੀ ਵੇਦਨਾ ਨੂੰ ਪ੍ਰਗਟ ਕਰਦੇ ਹਨ ਤੇ ਉਸ ਦੀ ਅੰਤਰ ਆਤਮਾ ਵਿੱਚ ਬੈਠੀ ਕਾਮਨਾ ਨੂੰ ਦਰਸਾਂਦੇ ਹਨ ਤੇ ਲੋਕ ਮਾਨਸ ਦੀ ਚੇਤਨਤਾ ਦਾ ਪ੍ਰਗਟਾਵਾ ਕਰਦੇ ਹਨ। ਸੰਤਾਨ ਜਾਂ ਪੁੱਤਰ ਦੀ ਪ੍ਰਾਪਤੀ ਸ਼ਾਇਰਾਨਾ ਢੰਗ ਨਾਲ ਪੇਸ਼ ਕਰਨਾ ਤਾਂ ਜਾਇਜ਼ ਹੈ ਪਰ ਇਸ ਇੱਛਾ ਦੀ ਪੂਰਤੀ ਲਈ ਤੀਬਰਤਾ ਇੰਨੀ ਵਧ ਜਾਂਦੀ ਹੈ ਕਿ ਲੋਕ ਟੂਣੇ-ਤਵੀਤ ਅਤੇ ਹੋਰ ਕਈ ਕਿਸਮ ਦੇ ਦੂਸਰਿਆਂ ‘ਤੇ ਅਨਰਥ ਕਰਨ ਤਕ ਆਉਂਦੇ ਹਨ। ਪਹਿਲੇ ਸਮਿਆਂ ਵਿੱਚ ਅੰਧਵਿਸ਼ਵਾਸ ਦੀ ਛਾਇਆ ਥੱਲੇ ਕੁਕਰਮ ਪੁੱਤਰ ਦੀ ਪ੍ਰਾਪਤੀ ਲਈ ਕੀਤੇ ਜਾਂਦੇ ਸਨ ਪਰ ਹੁਣ ਵਿਗਿਆਨ ਦੇ ਵਿਕਾਸ ਨੇ ਮਨੁੱਖ ਨੂੰ ਇਹ ਸਿਖਾਇਆ ਹੈ ਕਿ ਉਹ ਕੁੱਝ ਸਮੇਂ ਵਿੱਚ ਪ੍ਰਭੂ ਦੇ ਵਰਦਾਨ ਜਾਂ ਸਰਾਪ ਦਾ ਪਤਾ ਇਸਤਰੀ ਦੇ ਗਰਭ ਟੈਸਟ ਤੋਂ ਕਰਵਾ ਲੈਂਦਾ ਹੈ ਅਤੇ ਫਿਰ ਮਨ ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ।

ਹਰ ਹਾਲਤ ਵਿੱਚ ਅਸੀਂ ਭਾਰਤਵਰਸ਼ ਵਿੱਚ ਸੰਤਾਨ ਲਈ ਬਿਹਬਲ ਹੋ ਕੇ ਤੇ ਵਿਸ਼ੇਸ਼ ਕਰਕੇ ਪੁੱਤਰ ਦੀ ਆਸ ਵਿੱਚ ਇੱਕ ਬੇਹਿਸਾਬਾ ਵਾਧਾ ਕਰ ਲਿਆ ਹੈ। ਅਸੀਂ ਦੂਸਰੇ ਵਿਸਫੋਟਾਂ ਤੋਂ ਬਹੁਤ ਡਰਦੇ ਹਾਂ ਪਰ ਇਹ ਤਾਂ ਅਜਿਹਾ ਇੱਕ ਲੁਕਵਾਂ ਵਿਸਫੋਟ ਹੈ ਜੋ ਸਾਡੀ ਸਮੁੱਚੀ ਜ਼ਿੰਦਗੀ ‘ਤੇ ਭਰਪੂਰ ਮਾਰੂ ਵਾਰ ਕਰ ਰਿਹਾ ਹੈ। ਇਹ ਅਜਿਹਾ ਜਨਸੰਖਿਆ ਦਾ ਵਿਸਫੋਟ ਹੈ, ਜਿਸ ਨੇ ਸਾਡੇ ਆਰਥਿਕ ਵਿਕਾਸ ਉੱਤੇ ਸਿਉਂਕ ਲਗਾਈ ਹੈ। ਭਾਰਤ ਦੀਆਂ ਕਈ ਪੰਜ ਸਾਲ ਯੋਜਨਾਵਾਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਨਹੀਂ ਕਰ ਸਕੀਆਂ ਤੇ ਨਤੀਜਾ ਇਹ ਨਿਕਲਦਾ ਹੈ ਕਿ ਆਰਥਿਕ ਕਾਰਨਾਂ ਕਰਕੇ ਸਾਡੇ ਪਰਿਵਾਰ ਟੁੱਟ ਰਹੇ ਹਨ, ਉਨ੍ਹਾਂ ਵਿੱਚ ਪਿਆਰ ਘੱਟ ਰਿਹਾ ਹੈ ਜਿਹੜੀਆਂ ਕਦਰਾਂ-ਕੀਮਤਾਂ ਨੂੰ ਅਸੀਂ ਸਲਾਹੁੰਦੇ ਨਹੀਂ ਸੀ ਥਕਦੇ, ਉਹ ਲੋਪ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇੱਕ ਸਾਧਾਰਣ ਇਸਤਰੀ ਜੋ ਅਨਪੜ੍ਹਤਾ ਕਾਰਨ ਆਪਣੇ ਪਰਿਵਾਰ ਵਿੱਚ ਨਿਰੰਤਰ ਵਾਧਾ ਕਰ ਲੈਂਦੀ ਹੈ, ਉਸ ਉੱਤੇ ਹੀ ਸਭ ਤੋਂ ਬਹੁਤ ਬੋਝ ਪੈਂਦਾ ਹੈ ਤੇ ਜੇ ਉਹ ਆਪ ਖ਼ੁਦ ਕਮਾਊ ਨਹੀਂ ਤਾਂ ਹੋਰ ਵੀ ਜ਼ੁਲਮ ਨੂੰ ਸਹਿੰਦੀ ਹੈ। ਆਬਾਦੀ ਕਾਰਨ ਸਾਡੇ ਦੇਸ਼ ਵਿੱਚ ਕਈ ਤਰ੍ਹਾਂ ਦੇ ਆਰਥਿਕ ਵਰਗ ਬਣ ਗਏ ਹਨ, ਜਿਨ੍ਹਾਂ ਵਿੱਚ ਇਸਤਰੀਆਂ ਦੇ ਵੀ ਕਈ ਆਰਥਿਕ ਵਰਗ ਬਣਾਏ ਜਾ ਸਕਦੇ ਹਨ।

ਇਸਤਰੀਆਂ ਦਾ ਇੱਕ ਲਘੂ ਵਰਗ ਅਜਿਹਾ ਵੀ ਹੈ ਜਿਸ ਕੋਲ ਦੁਨੀਆਂ ਦੀ ਹਰ ਵਸਤੂ ਖਰੀਦਣ ਦੀ ਸ਼ਕਤੀ ਹੈ ਪਰ ਇਸ ਵਰਗ ਨੇ ਸੰਤਾਨ ਸੰਜਮ ਦੀ ਸਹਾਇਤਾ ਨਾਲ ਆਪਣੇ ਪਰਿਵਾਰ ਨੂੰ ਸੀਮਤ ਕਰ ਲਿਆ ਹੈ, ਪਰ ਚਿੰਤਾਜਨਕ ਅਵਸਥਾ ਉੱਥੇ ਬਣਦੀ ਹੈ ਜਿੱਥੇ ਸੰਤਾਨ ਸੰਜਮ ਦੀ ਅਜੇ ਲੋਅ ਵੀ ਨਹੀਂ ਪਹੁੰਚੀ। ਇਸ ਤਰ੍ਹਾਂ ਭਾਰਤ ਦੁਨੀਆਂ ਦਾ ਚੀਨ ਤੋਂ ਬਾਅਦ ਅਬਾਦੀ ਦੇ ਮਾਮਲੇ ਵਿੱਚ ਦੂਸਰਾ ਵੱਡਾ ਮੁਲਕ ਬਣ ਗਿਆ ਹੈ। ਸਾਰੇ ਸੰਸਾਰ ਵਿੱਚ ਆਬਾਦੀ ਵਧ ਰਹੀ ਹੈ। 1850 ਵਿੱਚ ਸੰਸਾਰ ਦੀ ਆਬਾਦੀ ਇੱਕ ਅਰਬ ਸੀ, 1925 ਵਿੱਚ ਦੋ ਅਰਬ ਹੋ ਗਈ, 1984 ਵਿੱਚ 4 ਅਰਬ 40 ਕਰੋੜ ਗਈ ਤੇ 2000 ਵਿੱਚ 8 ਅਰਬ ਹੋ ਗਈ।

ਆਜ਼ਾਦੀ ਤੋਂ ਬਾਅਦ ਜੇ ਅਸੀਂ ਅੰਕੜਿਆਂ ਦੀ ਸਹਾਇਤਾ ਨਾਲ ਵਿਚਾਰ ਕਰੀਏ ਤਾਂ ਇਹ ਪਤਾ ਚਲਦਾ ਹੈ ਕਿ 1951 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਦੀ ਕੁਲ ਆਬਾਦੀ 36 ਕਰੋੜ ਸੀ ਜਿਸ ਵਿੱਚ ਹਜ਼ਾਰ ਪਿੱਛੇ 946 ਇਸਤਰੀਆਂ ਸਨ। 1991 ਵਿੱਚ ਕੁਲ ਜਨਸੰਖਿਆ ਵਧ ਕੇ 84 ਕਰੋੜ ਹੋ ਗਈ ਤੇ ਇਸਤਰੀਆਂ ਦਾ ਅਨੁਪਾਤ ਹਜ਼ਾਰ ਪਿੱਛੇ 929 ਹੋ ਗਿਆ। ਇਸ ਸਮੇਂ ਭਾਰਤ ਦੀ ਆਬਾਦੀ ਵਿੱਚ ਸੰਤਾਲੀ ਕਰੋੜ ਇਸਤਰੀਆਂ ਦੀ ਆਬਾਦੀ ਹੈ। ਇਨ੍ਹਾਂ ਵਿਚ 37 ਕਰੋੜ ਇਸਤਰੀਆਂ ਪੇਂਡੂ ਖੇਤਰ ਵਿੱਚ ਹਨ ਤੇ ਕੇਵਲ ਦਸ ਕਰੋੜ ਸ਼ਹਿਰੀ ਵਰਗ ਵਿਚ ਮਰਦ ਪ੍ਰਧਾਨ ਸਮਾਜ ਵਿੱਚ ਜ਼ਿਆਦਾਤਰ ਇਸਤਰੀਆਂ ਪੁਰਸ਼ਾਂ ਦੇ ਅਧੀਨ ਹਨ। ਇਸ ਇਸਤਰੀ ਵਰਗ ਵਿੱਚ ਕੇਵਲ ਪੰਜਵਾਂ ਹਿੱਸਾ ਅਰਥਾਤ ਲਗਭਗ ਦਸ ਕਰੋੜ ਇਸਤਰੀਆਂ ਕੁਲੀ, ਗੁੱਲੀ, ਜੁੱਲੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ ਤੇ ਉਨ੍ਹਾਂ ਵਿੱਚ ਕੁੱਝ ਲੱਖ ਇਸਤਰੀਆਂ ਅਜਿਹੀਆਂ ਹਨ ਜਿਨ੍ਹਾਂ ਦੀ ਜ਼ਿੰਦਗੀ ਬਾਰੇ ਤੇ ਵਿਕਾਸ ਬਾਰੇ ਚਰਚਾ ਵਧੇਰੇ ਹੁੰਦੀ ਹੈ।

ਜਿਨ੍ਹਾਂ ਇਸਤਰੀਆਂ ਦੇ ਬੱਚੇ ਜ਼ਿਆਦਾ ਹਨ ਉਹ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੀਆਂ ਹਨ ਅਤੇ ਬੇਰੁਜ਼ਗਾਰੀ ਦਾ ਦੁੱਖ ਭੋਗਣ ਵਾਲੀਆਂ ਦਲਿਤ ਤੇ ਨਿਮਨ ਵਰਗ ਵਾਲੀਆਂ ਦੀ ਤਾਂ ਸਮਾਜ ਕਦੇ ਗੱਲ ਵੀ ਨਹੀਂ ਕਰਦਾ। ਇਹ ਤਕਦੀਰ ਕੁੱਝ ਉਨ੍ਹਾਂ ਦੀ ਆਪਣੀ ਸਿਰਜੀ ਹੋਈ ਹੈ ਤੇ ਕੁੱਝ ਸਮਾਜ ਨੇ ਉਨ੍ਹਾਂ ਦੀ ਇਹ ਹਾਲਤ ਕਰ ਦਿੱਤੀ ਹੈ। ਪ੍ਰਸਿੱਧ ਅਰਥ ਸ਼ਾਸਤਰੀ ਮਾਲਥਸ (Malthus) ਨੇ ਆਬਾਦੀ ਸੰਬੰਧੀ ਜੋ ਸਿਧਾਂਤ ਦਿੱਤਾ ਹੈ ਉਸ ਅਨੁਸਾਰ ਆਬਾਦੀ ਜੁਮੈਟਰੀਕਲ ਤਰੀਕੇ (2×2×2×2 x 2) ਨਾਲ ਵਧਦੀ ਹੈ, ਪਰ ਪੈਦਾਵਾਰ ਗਣਿਤ (2 + 2 + 2 + 2 + 2) ਨਾਲ ਵੱਧਦੀ ਹੈ।

ਸਰਕਾਰ ਨੂੰ ਵਿਸ਼ੇਸ਼ ਕਰਕੇ ਤੇ ਆਮ ਇਸਤਰੀ ਨੂੰ ਇਸ ਗੱਲ ਦਾ ਸਹਿਜ ਗਿਆਨ ਹੋਣਾ ਚਾਹੀਦਾ ਹੈ ਕਿ ਸੰਤਾਨ ਉਹ ਹੀ ਮਨ ਨੂੰ ਭਾਉਂਦੀ ਹੈ, ਜਿਸ ਦੀ ਪਰਵਰਿਸ਼ ਨੂੰ ਸਹੀ ਢੰਗ ਨਾਲ ਉਸਾਰਿਆ ਜਾ ਸਕਦਾ ਹੋਵੇ। ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਉਨ੍ਹਾਂ ਦੇ ਲਾਡਲਿਆਂ ਨੂੰ ਪਾਉਣ ਲਈ ਜਦੋਂ ਤਨ ਦੇ ਕੱਪੜੇ ਨਹੀਂ ਜੁੜਨਗੇ, ਪੈਰਾਂ ਵਿੱਚ ਪਾਉਣ ਲਈ ਜੋੜੇ ਨਹੀਂ ਹੋਣਗੇ, ਸਕੂਲ ਜਾਣ ਦੇ ਵਸੀਲੇ ਨਹੀਂ ਮਿਲਣਗੇ ਤੇ ਪੇਟ ਪਾਲਣ ਲਈ ਦੋ ਵੇਲੇ ਦੀ ਰੋਟੀ ਨਸੀਬ ਨਹੀਂ ਹੋਵੇਗੀ ਤਾਂ ਜਿਹੜੇ ਲਾਡਲੇ ਦੇ ਜਨਮ ਵੇਲੇ ਖੁਸਰੇ ਨਚਾਏ ਸਨ ਉਨ੍ਹਾਂ ਦੀ ਸੁਰ ਬੇਸੁਰੀ ਜਿਹੀ ਲੱਗਣ ਲੱਗ ਜਾਵੇਗੀ। ਫਿਰ ਇਹ ਅਣਚਾਹੇ ਬੱਚੇ ਕਈ ਗਲਤ ਆਦਤਾਂ ਦੇ ਛੇਤੀ ਸ਼ਿਕਾਰ ਹੋ ਜਾਂਦੇ ਹਨ। ਚੋਰ, ਡਾਕੂ, ਧਾੜਵੀ ਬਣਨ ‘ਤੇ ਮਜਬੂਰ ਹੋ ਜਾਂਦੇ ਹਨ ਤੇ ਨਸ਼ਿਆਂ ਦੇ ਛੇਤੀ ਗ਼ੁਲਾਮ ਹੋ ਜਾਂਦੇ ਹਨ।

ਦੁਨੀਆ ਵਿੱਚ ਹਰ ਖੁਸ਼ੀ ਦੀ ਸੀਮਾ ਨਿਰਧਾਰਤ ਹੁੰਦੀ ਹੈ। ਅੱਜ ਜਨਸੰਖਿਆ ਦਾ ਭੈਭੀਤ ਕਰਨ ਵਾਲਾ ਨਾਗ ਸਾਡੇ ਸਾਰੇ ਜੀਵਨ ਵਿਚ ਜ਼ਹਿਰ ਫੈਲਾ ਰਿਹਾ ਹੈ ਅਤੇ ਅਸੀਂ ਜੀਵਨ ਦੇ ਹਰ ਖੇਤਰ ਵਿੱਚ ਅਸਫਲ ਹੋ ਰਹੇ ਹਾਂ। ਦੁਨੀਆਂ ਵਿੱਚ ਚੀਨ ਤੋਂ ਬਾਅਦ ਭਾਰਤ ਦਾ ਹੀ ਨੰਬਰ ਆਉਂਦਾ ਹੈ ਪ੍ਰੰਤੂ ਗਰੀਬੀ ਵਿੱਚ ਅਸੀਂ ਪਹਿਲੇ ਸਥਾਨ ‘ਤੇ ਹਾਂ।

ਸਾਡੀ ਆਬਾਦੀ ਵਿੱਚ ਕਈ ਤਰ੍ਹਾਂ ਦੇ ਖੱਡੇ ਬਣ ਗਏ ਹਨ ਤੇ ਜਿਹੜਾ ਸਭ ਤੋਂ ਡੂੰਘਾ ਖੱਡਾ ਹੈ, ਉਹ ਕਦੇ ਭਰਨ ਵਿੱਚ ਨਹੀਂ ਆ ਸਕਦਾ। ਆਰਥਿਕ ਸਾਧਨਾਂ ਵਾਲੇ ਵਰਗ ਦੀ ਸਾਡੇ ਨਾਲ ਕੋਈ ਸਾਂਝ ਨਹੀਂ, ਕਦੇ ਵੀ ਦਲਿਤ ਤੇ ਕਮਜ਼ੋਰ ਵਰਗ ਦੀ ਬਾਂਹ ਕਿਸੇ ਨੇ ਨਹੀਂ ਫੜੀ।

ਸਾਨੂੰ ਆਪਣੇ ਵਿਸ਼ਵਾਸ ਤੇ ਰਹੁ-ਰੀਤਾਂ ਬਦਲਣੀਆਂ ਹੋਣਗੀਆਂ। ਕਿਸੇ ਸਮੇਂ ਬਹੁਤੇ ਲੜਕੇ ਜੰਮਣ ਵਾਲੀ ਇਸਤਰੀ ਨੂੰ ਮੁਰੱਬੇ ਇਨਾਮ ਵਿੱਚ ਮਿਲਦੇ ਸਨ ਪਰ ਹੁਣ ਅਜਿਹੀ ਇਸਤਰੀ ਜੇ ਗਰੀਬ ਵਰਗ ਦੀ ਹੈ ਤਾਂ ਉਹ ਆਪਣੇ ਬੱਚਿਆਂ ਦਾ ਢਿੱਡ ਵੀ ਨਹੀਂ ਭਰ ਸਕਦੀ। ਇੱਕ ਸਿਆਣੀ ਇਸਤਰੀ ਹੀ ਆਪਣੀ ਖੁਸ਼ਹਾਲੀ ਦਾ ਰਾਹ ਆਪ ਚੁਣ ਸਕਦੀ ਹੈ। ਇਸ ਸਮੇਂ ਭਾਰਤ ਦੀ ਆਬਾਦੀ ਇੱਕ ਅਰਬ ਤੋਂ ਵੀ ਉੱਪਰ ਹੋ ਗਈ ਹੈ, 1947 ਤੋਂ ਇਹ 34 ਕਰੋੜ ਤੋਂ ਵਧ ਕੇ ਹੋਈ ਹੈ। ਸਮਾਜਵਾਦੀ ਦੇਸ਼ਾਂ ਵਿੱਚ ਲੋਹੇ ਕੋਲੇ ਦੀ ਤਰ੍ਹਾਂ ਮਨੁੱਖੀ ਵਾਧੇ ਨੂੰ ਵੀ ਇੱਕ ਵਰਦਾਨ ਸਮਝਿਆ ਜਾਂਦਾ ਹੈ, ਪਰ ਭਾਰਤ ਵਿੱਚ ਇਹ ਵਰਦਾਨ ਨਹੀਂ ਇੱਕ ਸਰਾਪ ਦੀ ਤਰ੍ਹਾਂ ਹੈ। ਇਸ ਨਾਲ ਸਾਡੇ ਦੇਸ਼ ਵਿੱਚ ਗ਼ਰੀਬੀ, ਬੇਰੋਜ਼ਗਾਰੀ ਅਤੇ ਮਹਿੰਗਾਈ ਜੁੜੀ ਹੋਈ ਹੈ।