CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ – ਵਿਗਿਆਨ ਦੇ ਚਮਤਕਾਰ

ਮਨੁੱਖ ਅਤੇ ਵਿਗਿਆਨ ਜਾਂ ਵਿਗਿਆਨ ਦੇ ਚਮਤਕਾਰ

ਭੂਮਿਕਾ : ਵੀਹਵੀਂ ਸਦੀ ਨੂੰ ‘ਵਿਗਿਆਨ ਦਾ ਯੁੱਗ’ ਕਿਹਾ ਜਾਂਦਾ ਹੈ ਅਤੇ 21ਵੀਂ ਸਦੀ ਦਾ ਯੁੱਗ ਹੋਰ ਵੱਧ ਪ੍ਰਾਪਤੀਆਂ ਦਾ ਸਮਾਂ ਹੈ। ਇਸ ਦੀਆਂ ਇਹ ਪ੍ਰਾਪਤੀਆਂ ਕੰਪਿਊਟਰ ਤੋਂ ਲੈ ਕੇ ਨੈਨੋ ਤਕਨਾਲੋਜੀ ਤੱਕ ਪਹੁੰਚ ਗਈਆਂ ਹਨ। ਵਿਗਿਆਨ ਦੀਆਂ ਇਹ ਕਾਢਾਂ, ਖੋਜਾਂ ਅਤੇ ਪ੍ਰਾਪਤੀਆਂ ਮਨੁੱਖ ਦੇ ਸੁੱਖਾਂ ਵਿੱਚ ਵਾਧੇ ਲਈ ਕੀਤੀਆਂ ਗਈਆਂ ਹਨ। ਇਹ ਸੱਭਿਅਤਾ ਦੇ ਭਲੇ ਤੇ ਵਿਕਾਸ ਲਈ ਹਨ। ਵਿਗਿਆਨ ਦੀਆਂ ਕਾਢਾਂ ਨੇ ਪੂਰੀ ਦੁਨੀਆ ਦੀ ਨੁਹਾਰ ਹੀ ਬਦਲ ਦਿੱਤੀ ਹੈ ਤੇ ਉਸ ਦੀ ਇਹ ਕੋਸ਼ਿਸ਼ ਲਗਾਤਾਰ ਜਾਰੀ ਹੈ, ਪ੍ਰਕਿਰਤੀ ਦੇ ਰਹੱਸਾਂ ਨੂੰ ਜਾਣਨ ਤੇ ਸਮਝਣ ਦੀ ਤੀਬਰਤਾ ਨੇ ਸਮੁੱਚੇ ਬ੍ਰਹਿਮੰਡ ਤੱਕ ਪੈਰ ਪਸਾਰ ਲਏ ਹਨ। ਪਹਿਲਾਂ ਧਰਤੀ ਤੋਂ ਵੱਖਰੇ ਗ੍ਰਹਿਆਂ ਬਾਰੇ ਤਾਂ ਸਿਰਫ਼ ਖ਼ਿਆਲੀ ਕਲਪਨਾਵਾਂ ਹੀ ਸਨ ਪਰ ਹੁਣ ਅਸੀਂ ਚੰਦਰਮਾ ’ਤੇ ਅਬਾਦੀ ਵਸਾਉਣ ਦੀ ਗੱਲ ਕਰ ਰਹੇ ਹਾਂ, ਮੰਗਲ ਗ੍ਰਹਿ ‘ਤੇ ਪਹੁੰਚ ਗਏ ਹਾਂ। ਅੱਜ ਅਸੀਂ ਹਰ ਗੱਲ ਨੂੰ ਵਿਗਿਆਨਕ ਢੰਗ ਨਾਲ ਸੋਚਦੇ ਹਾਂ। ਸਾਇੰਸ ਦੀ ਮਿਹਰ ਸਦਕਾ ਅਸੀਂ ਬਹੁਤ ਸਾਰੀਆਂ ਸੁੱਖ-ਸਵਿਧਾਵਾਂ ਦਾ ਅਨੰਦ ਮਾਣ ਰਹੇ ਹਾਂ; ਜਿਵੇਂ :

ਬਿਜਲੀ ਅਤੇ ਊਰਜਾ : ਬਿਜਲੀ ਅਤੇ ਬਿਜਲੀ ਨਾਲ ਚੱਲਣ ਵਾਲੇ ਉਪਕਰਨਾਂ ਵਿੱਚ ਸਾਇੰਸ ਨੇ ਬੇਹਿਸਾਬੀ ਤਰੱਕੀ ਕੀਤੀ ਹੈ ਤੇ ਨਿੱਤ ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਹਨ ਜਿਹੜੀਆਂ ਇਲੈਕਟ੍ਰਾਨਿਕਸ ਹੁੰਦੀਆਂ ਹਨ। ਇਸ ਦੀ ਮਿਸਾਲ ਅਸੀਂ ਆਪਣੇ ਘਰਾਂ ਵਿੱਚੋਂ ਹੀ ਲੈ ਸਕਦੇ ਹਾਂ। ਘਰਾਂ ਨੂੰ ਰੁਸ਼ਨਾਉਣ ਤੋਂ ਲੈ ਕੇ ਟੀ.ਵੀ., ਫਰਿੱਜ, ਪ੍ਰੈੱਸ, ਪੱਖ, ਕੂਲਰ, ਏ.ਸੀ, ਵਾਸ਼ਿੰਗ ਮਸ਼ੀਨਾਂ, ਮਿਕਸਰ, ਗਰਾਈਂਡਰ, ਦੁੱਧ ਰਿੜਕਣ ਵਾਲੀਆਂ ਮਸ਼ੀਨਾਂ ਅਤੇ ਹੋਰ ਬੇਅੰਤ ਵਸਤਾਂ ਬਿਜਲਈ ਹਨ, ਮਨੁੱਖ ਇਨ੍ਹਾਂ ‘ਤੇ ਹੀ ਨਿਰਭਰ ਹੋ ਗਿਆ ਹੈ। ਹੋਰ ਵੀ ਕਮਾਲ ਹੈ ਕਿ ਬਿਜਲੀ ਬੰਦ ਹੋ ਜਾਣ ‘ਤੇ ਜਨਰੇਟਰ ਅਤੇ ਇਨਵਰਟਰ ਵੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ। ਬਿਜਲੀ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਖਪਤ ਘੱਟ ਤੇ ਲਾਭ ਵਧੇਰੇ ਲੈਣ ਲਈ ਵੀ ਨਵੀਆਂ-ਨਵੀਆਂ ਤਕਨੀਕਾਂ, ਵਸਤਾਂ ਈਜਾਦ ਹੁੰਦੀਆਂ ਰਹਿੰਦੀਆਂ ਹਨ, ਜਿਵੇਂ ਬਲਬ ਤੋਂ ਟਿਊਬ ਲਾਈਟਾਂ, ਫਿਰ ਸੀ.ਐੱਫ. ਐੱਲ. ਬਲਬ ਤੇ ਫਿਰ ਐਲ. ਈ. ਡੀ. ਬਲਬ ਆਦਿ। ਹੁਣ ਕੁਦਰਤੀ ਊਰਜਾ ਦੀ ਵਰਤੋਂ ਸੋਲਰ ਸਿਸਟਮ ਰਾਹੀਂ ਕੀਤੀ ਜਾ ਰਹੀ ਹੈ।

ਆਵਾਜਾਈ ਦੇ ਖੇਤਰ ਵਿੱਚ : ਆਵਾਜਾਈ ਦੇ ਖੇਤਰ ਵਿਚਲੀਆਂ ਖੋਜਾਂ ਨੇ ਯਾਤਰਾ ਦਾ ਰਸਤਾ ਸੁਖਾਲਾ ਬਣਾ ਦਿੱਤਾ ਹੈ। ਦੇਸਾਂ-ਪਰਦੇਸਾਂ ਦੀ ਲੰਮੀ ਯਾਤਰਾ ਲਈ ਬੱਸਾਂ, ਰੇਲ-ਗੱਡੀਆਂ, ਹਵਾਈ ਜਹਾਜ਼ ਤੇ ਸਮੁੰਦਰੀ ਜਹਾਜ ਆਦਿ ਦਾ ਸਹਾਰਾ ਲਿਆ ਜਾਂਦਾ ਹੈ ਤੇ ਨਿੱਜੀ ਵਾਹਨਾਂ ਦਾ ਤਾਂ ਕੋਈ ਅੰਤ ਹੀ ਨਹੀਂ। ਅੱਜ-ਕੱਲ੍ਹ ਹਰ ਇੱਕ ਸਵੈ-ਨਿਰਭਰ ਹੈ, ਵਿਹਲ ਦੀ ਘਾਟ ਹੈ, ਕੌਣ ਬੱਸਾਂ-ਗੱਡੀਆਂ ਉਡੀਕੇ, ਇਸ ਲਈ ਆਪਣੇ ਸਾਈਕਲ, ਸਕੂਟਰ, ਮੋਟਰ-ਸਾਈਕਲ ਤੇ ਕਾਰਾਂ ਵਰਗੇ ਵਾਹਨ ਹਰ ਇੱਕ ਕੋਲ ਹਨ। ਮਨੁੱਖ ਮਨਮਰਜ਼ੀ ਨਾਲ ਆਉਂਦਾ-ਜਾਂਦਾ ਹੈ। ਇਨ੍ਹਾਂ ਆਵਾਜਾਈ ਦੇ ਸਾਧਨਾਂ ਨੇ ਜਿਵੇਂ ਦੁਨੀਆ ਨੂੰ ਇੱਕ ਪਿੰਡ ਹੀ ਬਣਾ ਦਿੱਤਾ ਹੈ।

ਖੇਤੀਬਾੜੀ ਦੇ ਸਾਧਨ : ਖੇਤੀਬਾੜੀ ਦੇ ਸਾਧਨਾਂ ਵਿੱਚ ਸਾਇੰਸ ਨੇ ਜਿਵੇਂ ਇਨਕਲਾਬ ਲੈ ਆਦਾਂ ਹੈ, ਹਲ ਦੀ ਥਾਂ ਟ੍ਰੈਕਟਰ ਦੁਆਰਾ ਵਾਹੀ, ਟਿਊਬਵੈੱਲ ਦੁਆਰਾ ਸਿੰਚਾਈ ਤੇ ਵੱਖ – ਵੱਖ ਮਸ਼ੀਨਾਂ ਦੁਆਰਾ ਫ਼ਸਲਾਂ ਦੀ ਬਿਜਾਈ, ਗੁਡਾਈ, ਕਟਾਈ ਕੀਤੀ ਜਾਂਦੀ ਹੈ। ਰੀਪਰ, ਕੰਬਾਈਨ ਤੋਂ ਬਾਅਦ ਝੋਨਾ ਬੀਜਣ ਵਾਲੀ ਮਸ਼ੀਨ ਵੀ ਕਿਸਾਨਾਂ ਦੀ ਸਹੂਲਤ ਲਈ ਉਪਲਬਧ ਹੋ ਗਈ ਹੈ। ਦਿਨੋ – ਦਿਨ ਨੀਵੇਂ ਹੋ ਰਹੇ ਧਰਤੀ ਦੇ ਪਾਣੀ ਦੇ ਸਤਰ ਨੂੰ ਧਿਆਨ ਵਿੱਚ ਰੱਖਦਿਆਂ ਫੁਹਾਰਾ – ਸਿਸਟਮ, ਡੋਪਿੰਗ ਸਿਸਟਮ ਆਦਿ ਸਾਹਮਣੇ ਆਏ ਹਨ। ਉਪਜ ਨੂੰ ਵਧੇਰੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ ‘ਕੋਲਡ ਸਟੋਰ’ ਹੋਂਦ ਵਿੱਚ ਆਏ ਹਨ। ਖਾਦਾਂ ਦੇ ਕਾਰਖ਼ਾਨੇ ਵੱਧ ਰਹੇ ਹਨ, ਚੰਗੀ ਖਾਦ, ਵਧੀਆ ਬੀਜ ਤੇ ਚੰਗੇ ਬੂਟਿਆਂ ਦੀਆਂ ਪਿਉਂਦਾ ਨਾਲ਼ ਉਪਜ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ।

ਮੈਡੀਕਲ ਖੇਤਰ ਵਿੱਚ : ਮੈਡੀਕਲ ਖੇਤਰ ਵਿੱਚ ਸਾਇੰਸ ਨੇ ਹੈਰਾਨੀਜਨਕ ਤਰੱਕੀ ਕੀਤੀ ਹੈ। ਮਨੁੱਖੀ ਸਰੀਰ ਦੇ ਅੰਦਰੂਨੀ ਹਿੱਸਿਆਂ ਦੀ ਜਾਂਚ-ਪੜਤਾਲ ਕਰਨ ਲਈ ਅਲਟਰਾਸਾਊਂਡ, ਸਕੈਨਿੰਗ, ਖ਼ੂਨ ਟੈਸਟ ਅਤੇ ਹੋਰ ਕਈ ਤਰ੍ਹਾਂ ਦੇ ਟੈਸਟ ਕਰਕੇ ਰੋਗਾਂ ਦਾ ਪਤਾ ਲਾਇਆ ਜਾਂਦਾ ਹੈ ਤਾਂ ਜੋ ਸਮੇਂ ਸਿਰ ਸਹੀ ਇਲਾਜ ਹੋ ਸਕੇ। ਇਲਾਜ-ਪ੍ਰਣਾਲੀ ਵਿੱਚ ਬੇਅੰਤ ਖੋਜਾਂ ਕੀਤੀਆਂ ਗਈਆਂ, ਓਪਰੇਸ਼ਨਾਂ ਨਾਲ ਮਨੁੱਖੀ ਸਰੀਰ ਦਾ ਕੋਈ ਵੀ ਰੋਗ-ਪ੍ਰਭਾਵਿਤ ਹਿੱਸਾ ਬਦਲਿਆ ਜਾ ਰਿਹਾ ਹੈ। ਨਾਜ਼ੁਕ ਹਿੱਸੇ ਜਿਵੇਂ ਅੱਖਾਂ, ਦਿਲ ਤੇ ਦਿਮਾਗ਼ ਦੇ ਸਫ਼ਲ ਉਪਰੇਸ਼ਨ ਹੋ ਰਹੇ ਹਨ, ਵਿਗਿਆਨ ਦੀ ਮਿਹਰ ਸਦਕਾ ਅੱਜ ਕਿਸੇ ਨੂੰ ਬੇਔਲਾਦ ਹੋਣ ਦਾ ਸੰਤਾਪ ਨਹੀਂ ਹੰਢਾਉਣਾ ਪੈਂਦਾ।

ਕੰਪਿਊਟਰ : ਕੰਪਿਊਟਰ ਦੇ ਖੇਤਰ ਵਿੱਚ ਕੀਤੀ ਗਈ ਖੋਜ ਨੇ ਪੂਰੀ ਦੁਨੀਆ ਦੀ ਨੁਹਾਰ ਹੀ ਬਦਲ ਦਿੱਤੀ ਹੈ। ਇਸ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਕਰ ਦਿੱਤਾ ਹੈ। ਹਰ ਹਿਸਾਬ-ਕਿਤਾਬ, ਜਾਣਕਾਰੀ, ਵੇਰਵੇ ਆਦਿ ਕੰਪਿਊਟਰ ਵਿੱਚ ਸਾਂਭੇ ਜਾ ਰਹੇ ਹਨ, ਪ੍ਰਿੰਟਰ ਤੋਂ ਉਨ੍ਹਾਂ ਵੇਰਵਿਆਂ ਨੂੰ ਛਾਪਿਆ ਵੀ ਜਾ ਸਕਦਾ ਹੈ। ਕੰਪਿਊਟਰ ਦਾ ਵਧੇਰੇ ਕੰਮ ਇੰਟਰਨੈੱਟ ਰਾਹੀਂ ਕੀਤਾ ਜਾਂਦਾ ਹੈ। ਦੁਨੀਆ ਭਰ ਦੇ ਕੰਪਿਊਟਰ ਇੱਕ-ਦੂਜੇ ਨਾਲ ਜੁੜੇ ਹੋਣ ਨੂੰ ਇੰਟਰਨੈੱਟ ਕਿਹਾ ਜਾਂਦਾ ਹੈ। ਨੈੱਟਵਰਕ ਰਾਹੀਂ, ਵੈੱਬਸਾਈਟਾਂ ਖੋਲ੍ਹ ਕੇ ਤੁਸੀਂ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਸਾਧਨ ਰਾਹੀਂ ਸਾਰੀ ਦੁਨੀਆ ਤੁਹਾਡੀ ਮੇਜ਼ ‘ਤੇ ਜਾਪਦੀ ਹੈ। ਇਸ ਦੀ ਵਰਤੋਂ ਅੱਜ ਹਰ ਖੇਤਰ ਵਿੱਚ ਹੋ ਰਹੀ ਹੈ।

ਮੋਬਾਇਲ ਫ਼ੋਨ : ਮੋਬਾਇਲ ਫ਼ੋਨ ਇਨ੍ਹਾਂ ਸਾਰਿਆਂ ਨਾਲੋਂ ਵੱਧ ਕ੍ਰਿਸ਼ਮਿਆਂ ਨਾਲ ਭਰਪੂਰ ਹੈ। ਇਸ ਨਿੱਕੇ ਜਿਹੇ ਯੰਤਰ ਨਾਲ ਸਿਰਫ਼ ਅਸੀਂ ਦੂਸਰਿਆਂ ਨਾਲ ਗੱਲ-ਬਾਤ ਹੀ ਨਹੀਂ ਕਰ ਸਕਦੇ ਬਲਕਿ ਉਨ੍ਹਾਂ ਦੀ ਫੋਟੋ ਵੀ ਵੇਖ ਸਕਦੇ ਹਾਂ। ਇਸੇ ਵਿੱਚ ਹੀ ਬੇਸ਼ੁਮਾਰ ਫੰਕਸ਼ਨ ਹਨ ਜਿਵੇਂ ਕੈਲਕੂਲੇਟਰ, ਮੈਸੇਜ, ਗੇਮਾਂ, ਗੀਤ-ਸੰਗੀਤ ਤੇ ਰਿਕਾਰਡਿੰਗ ਆਦਿ। ਇਸੇ ਤਰ੍ਹਾਂ ਈ-ਮੇਲ ਦੀ ਸਹੂਲਤ ਨੇ ਮਨੁੱਖ ਨੂੰ ਬਹੁਤ ਜ਼ਿਆਦਾ ਲਾਭ ਪਹੁੰਚਾਇਆ ਹੈ।

ਸਾਇੰਸ ਇੱਕ ਸਰਾਪ ਵਜੋਂ : ਸਾਇੰਸ ਦੀਆਂ ਕਾਢਾਂ ਨੇ ਮਨੁੱਖ ਦੇ ਜੀਵਨ ਵਿੱਚ ਖੁਸ਼ਹਾਲੀ ਲਿਆ ਦਿੱਤੀ ਹੈ। ਇਹ ਮਨੁੱਖ ਲਈ ਵਰਦਾਨ ਹੈ ਪਰ ਨਾਲ ਹੀ ਇਹ ਸਰਾਪ ਵੀ ਹੈ ਜਿਸ ਨੇ ਅਜਿਹੀਆਂ ਚੀਜ਼ਾਂ ਤੇ ਮਾਰੂ-ਹਥਿਆਰ ਬਣਾ ਦਿੱਤੇ ਹਨ ਜਿਨ੍ਹਾਂ ਨਾਲ ਸਾਰਾ ਸੰਸਾਰ ਮਿੰਟਾਂ-ਸਕਿੰਟਾਂ ਵਿੱਚ ਹੀ ਨਸ਼ਟ ਹੋ ਸਕਦਾ ਹੈ। ਹੁਣ ਦੀ ਜੰਗ ਤੀਰ-ਕਮਾਨਾਂ, ਕਿਰਪਾਨਾਂ ਦੀ ਨਹੀਂ, ਹਥਿਆਰਾਂ ਦੀ ਹੈ। ਹਰ ਦੇਸ਼ ਆਪਣੇ-ਆਪ ਨੂੰ ਪਰਮਾਣੂ ਤੌਰ ‘ਤੇ ਸ਼ਕਤੀਸ਼ਾਲੀ ਸਿੱਧ ਕਰਨ ਲਈ ਬੇਅੰਤ ਪਰਮਾਣੂ ਮਿਜ਼ਾਈਲਾਂ ਆਦਿ ਬਣਾ ਰਿਹਾ ਹੈ।

ਸਾਇੰਸ ਨੇ ਲੱਖਾਂ ਹੀ ਮਜ਼ਦੂਰ ਬੇਰੁਜ਼ਗਾਰ ਕਰ ਦਿੱਤੇ ਹਨ। ਇਸੇ ਤਰ੍ਹਾਂ ਜਿੱਥੇ ਡਾਕਟਰੀ ਖੇਤਰ ਵਿੱਚ ਮਨੁੱਖੀ ਸਰੀਰ ਦੀ ਅੰਦਰੂਨੀ ਜਾਂਚ ਲਈ ਅਲਟਰਾਸਾਊਂਡ, ਸਕੈਨ ਆਦਿ ਦੀ ਕਾਢ ਕੱਢੀ ਗਈ ਸੀ, ਇਸ ਦੀ ਦੁਰਵਰਤੋਂ ਨਾਲ ਭਰੂਣ-ਹੱਤਿਆ ਵਰਗੀਆਂ ਬੁਰਾਈਆਂ ਨੇ ਜਨਮ ਲਿਆ ਹੈ। ਲੋਕ ਆਪਣੇ ਸਰੀਰ ਦੇ ਅੰਗ, ਜਿਵੇਂ ਗੁਰਦੇ ਆਦਿ ਵੇਚ ਰਹੇ ਹਨ। ਇਸੇ ਤਰ੍ਹਾਂ ਮੋਬਾਇਲ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਬਿਮਾਰੀਆਂ ਨੂੰ ਸੱਦਾ ਵੀ ਦਿੰਦੀਆਂ ਹਨ ਤੇ ਇਸ ਤੋਂ ਇਲਾਵਾ ਇਸ ਦੀ ਦੁਰਵਰਤੋਂ ਅਪਰਾਧ-ਜਗਤ ਦੇ ਖੇਤਰ ਵਿੱਚ ਵਧੇਰੇ ਹੋ ਰਹੀ ਹੈ। ਇਸ ਤੋਂ ਇਲਾਵਾ ਸਾਇੰਸ ਦੀਆਂ ਤਕਨੀਕਾਂ ਨਾਲ ਵਾਤਾਵਰਨ ਪ੍ਰਦੂਸ਼ਿਤ
ਹੋ ਰਿਹਾ ਹੈ। ਹਵਾ ਤੇ ਪਾਣੀ ਸਭ ਪ੍ਰਦੂਸ਼ਿਤ ਹੋ ਗਏ ਹਨ। ਕੰਪਿਊਟਰ, ਇੰਟਰਨੈੱਟ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ।

ਸਾਰੰਸ਼ : ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਇੰਸੀ ਸ਼ਕਤੀ ਜਿੱਥੇ ਸੁਖਦਾਈ ਤੇ ਉਸਾਰੂ ਹੈ, ਉੱਥੇ ਦੁਖਦਾਈ ਤੇ ਮਾਰੂ ਵੀ ਹੈ ਪਰ ਕੰਟਰੋਲ ਇਨਸਾਨ ਦੇ ਹੱਥ ਵਿੱਚ ਹੈ। ਉਹ ਇਸ ਦੀ ਸਹੀ ਤਰੀਕੇ ਨਾਲ ਵਰਤੋਂ ਕਰੇ। ਜੇ ਉਹ ਚਾਹੇ ਤਾਂ ਇਸ ਨੂੰ ਮੰਦਹਾਲੀ ਲਈ ਜਾਂ ਖ਼ੁਸ਼ਹਾਲੀ ਲਈ ਵਰਤ ਸਕਦਾ ਹੈ। ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਸ ਅਥਾਹ ਸ਼ਕਤੀ ਨੂੰ ਉਸਾਰੂ ਕੰਮਾਂ ਵਿੱਚ ਲਾ ਕੇ ਸੰਸਾਰ ਦੇ ਸਾਰੇ ਜੀਵਾਂ ਲਈ ਅਤੇ ਵਾਤਾਵਰਨ ਲਈ ਇੱਕ ਵੱਸਦਾ-ਰਸਦਾ ਸਵਰਗ ਬਣਾ ਦੇਵੇ।