CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thParagraphPunjab School Education Board(PSEB)Punjabi Viakaran/ Punjabi Grammarਪੈਰ੍ਹਾ ਰਚਨਾ (Paragraph Writing)

ਲੇਖ ਰਚਨਾ : ਸਾਂਝੀ ਵਿੱਦਿਆ ਜਾਂ ਸਹਿ-ਸਿੱਖਿਆ


ਸਾਂਝੀ ਵਿੱਦਿਆ ਜਾਂ ਸਹਿ-ਸਿੱਖਿਆ


ਜਾਣ-ਪਛਾਣ : ਮੁੰਡੇ-ਕੁੜੀਆਂ ਦਾ ਇੱਕੋ ਸਮੇਂ, ਇੱਕੋ ਥਾਂ ਅਤੇ ਇੱਕੋ ਅਧਿਆਪਕ ਕੋਲੋਂ ਵਿੱਦਿਆ ਗ੍ਰਹਿਣ ਕਰਨ ਦਾ ਨਾਂ ਸਾਂਝੀ ਵਿੱਦਿਆ ਹੈ। ਇਹ ਅਜੋਕੇ ਸਮੇਂ ਦੀ ਲੋੜ ਹੈ।

ਭਾਰਤ ਵਿੱਚ ਸਾਂਝੀ ਵਿੱਦਿਆ ਦੀ ਸਥਿਤੀ ਇਸ ਪ੍ਰਕਾਰ ਹੈ :

1. ਵੈਦਿਕ ਕਾਲ ਸਮੇਂ ਸਾਂਝੀ ਵਿੱਦਿਆ

2. ਮੁਸਲਮਾਨੀ ਰਾਜ ਸਮੇਂ ਸਾਂਝੀ ਵਿੱਦਿਆ

3. ਅੰਗਰੇਜ਼ੀ ਰਾਜ ਸਮੇਂ

ਵੈਦਿਕ ਕਾਲ : ਸਾਂਝੀ ਵਿੱਦਿਆ ਦੀ ਪ੍ਰਥਾ ਭਾਰਤ ਵਿੱਚ ਵੈਦਿਕ ਕਾਲ ਤੋਂ ਚੱਲੀ ਆ ਰਹੀ ਹੈ। ਵੈਦਿਕ ਸਮੇਂ ਦੇ ਗ੍ਰੰਥਾਂ ਵਿੱਚ ਸਵਿੱਤਰੀ ਅਤੇ ਦਮਯੰਤੀ ਆਦਿ ਇਸਤਰੀਆਂ ਦਾ ਵਰਣਨ ਆਉਂਦਾ ਹੈ ਜੋ ਆਸ਼ਰਮਾਂ ਵਿੱਚ ਮਰਦਾਂ ਨਾਲ ਵਿੱਦਿਆ ਪ੍ਰਾਪਤ ਕਰਦੀਆਂ ਰਹੀਆਂ।

ਮੁਸਲਮਾਨੀ ਰਾਜ ਸਮੇਂ : ਭਾਰਤ ਉੱਤੇ ਮੁਸਲਮਾਨਾਂ ਦਾ ਰਾਜ ਸਥਾਪਤ ਹੋਇਆ ਤਾਂ ਮੁਸਲਮਾਨੀ ਪ੍ਰਥਾ ਅਨੁਸਾਰ ਔਰਤ ਦੀ ਪਦਵੀ ਮਰਦ ਨਾਲੋਂ ਨੀਵੀਂ ਮੰਨੀ ਜਾਣ ਕਰਕੇ ਔਰਤ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਗਈ, ਪਰਦੇ ਦਾ ਰਿਵਾਜ ਪੈ ਗਿਆ ਤੇ ਸਾਂਝੀ ਵਿੱਦਿਆ ਦਾ ਸਵਾਲ ਹੀ ਨਾ ਪੈਦਾ ਹੋਇਆ। ਇੱਥੋਂ ਤਕ ਕਿ ਕਈ ਬਾਦਸ਼ਾਹਾਂ ਨੇ ਤਾਂ ਇਸਤਰੀ ਵਿੱਦਿਆ ‘ਤੇ ਰੋਕ ਲਾ ਦਿੱਤੀ।

ਅੰਗਰੇਜ਼ੀ ਰਾਜ ਸਮੇਂ : ਅੰਗਰੇਜ਼ੀ ਰਾਜ ਸਮੇਂ, ਪੱਛਮੀ ਪ੍ਰਭਾਵ ਹੇਠਾਂ, ਸਾਂਝੀ ਵਿੱਦਿਆ ਦੀ ਪ੍ਰਥਾ ਫਿਰ ਹੋਂਦ ਵਿੱਚ ਆਉਣ ਲੱਗ ਪਈ। ਉੱਚ ਘਰਾਣਿਆਂ ਨੇ ਆਪਣੀਆਂ ਧੀਆਂ-ਭੈਣਾਂ ਨੂੰ ਮੁੰਡਿਆਂ ਦੇ ਸਕੂਲਾਂ ਕਾਲਜਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ, ਭਾਵੇਂ ਉਹਨਾਂ ਨੂੰ ਇਹ ਕੁਝ ਕਰਨ ਵਿੱਚ ਆਮ ਲੋਕਾਂ ਦੀ ਸਵੀਕ੍ਰਿਤੀ ਨਾ ਮਿਲੀ, ਪਰ ਉਨ੍ਹਾਂ ਨੇ ਹੌਂਸਲਾ ਨਾ ਛੱਡਿਆ।

ਅਜ਼ਾਦ ਭਾਰਤ ਵਿੱਚ ਸਾਂਝੀ ਵਿੱਦਿਆ : ਅੱਜ ਭਾਰਤ ਅਜ਼ਾਦ ਹੈ। ਹੁਣ ਅਜ਼ਾਦ ਭਾਰਤ ਦੇ ਸੰਵਿਧਾਨ ਅਨੁਸਾਰ ਇੱਕ ਔਰਤ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਓਨਾ ਹੀ ਹੱਕ ਹੈ ਜਿੰਨਾ ਕਿ ਮਰਦ ਨੂੰ। ਮਹਾਤਮਾ ਗਾਂਧੀ ਜੀ ਨੇ ਸਾਂਝੀ ਵਿੱਦਿਆ ਦੇ ਹੱਕ ਵਿੱਚ ਪ੍ਰਚਾਰ ਕੀਤਾ। ਸਾਡੀ ਸਰਕਾਰ ਨੇ ਸਾਂਝੀ ਵਿੱਦਿਆ ਲਈ ਸਕੂਲ ਕਾਲਜ ਖੋਲ੍ਹੇ। ਪਹਿਲਾਂ ਪਹਿਲ ਤਾਂ ਲੋਕਾਂ ਨੇ ਇਸ ਤਰ੍ਹਾਂ ਦੀ ਵਿੱਦਿਆ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਿਆ ਪਰ ਹੁਣ ਇਸ ਨੂੰ ਹਰ ਵਰਗ ਵਿੱਚ ਸਵੀਕਾਰ ਕੀਤਾ ਜਾ ਰਿਹਾ ਹੈ।

ਸਾਂਝੀ ਵਿੱਦਿਆ ਦੇ ਹੱਕ ਤੇ ਵਿਰੋਧ ਵਿੱਚ ਦਲੀਲਾਂ :

ਆਚਰਨ ਵਿੱਚ ਵਿਗਾੜ : ਹੁਣ ਵੀ ਕਈ ਪੁਰਾਣੇ ਖ਼ਿਆਲਾਂ ਦੇ ਲੋਕ ਹਨ ਜੋ ਸਾਂਝੀ ਵਿੱਦਿਆ ਦੀ ਡਟ ਕੇ ਵਿਰੋਧਤਾ ਕਰਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਸਾਂਝੀ ਵਿੱਦਿਆ ਵਿੱਚ ਮੁੰਡਿਆਂ-ਕੁੜੀਆਂ ਦਾ ਆਚਰਣ ਵਿਗੜ ਜਾਂਦਾ ਹੈ। ਉਨ੍ਹਾਂ ਅਨੁਸਾਰ ਦੋ ਵਿਰੋਧੀ ਲਿੰਗਾਂ ਦੀ ਖਿੱਚ ਸੁਭਾਵਿਕ ਹੈ ਅਤੇ ਇਸ ਖਿੱਚ ਕਰਕੇ ਨੌਜੁਆਨ ਮੁੰਡੇ-ਕੁੜੀਆਂ ਅਜਿਹੀਆਂ ਹਰਕਤਾਂ ਕਰ ਬੈਠਦੇ ਹਨ ਜਿਹੜੀਆਂ ਉਨ੍ਹਾਂ ਦੇ ਚਾਲ-ਚਲਨ ਨੂੰ ਖ਼ਰਾਬ ਕਰ ਦਿੰਦੀਆਂ ਹਨ। ਚਾਲ-ਚਲਨ ਦੀ ਖ਼ਰਾਬੀ ਦੇ ਵਿਚਾਰ ਦੀ ਪ੍ਰੋੜ੍ਹਤਾ ਲਈ ਉਹ ਇੰਗਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਉਦਾਹਰਣਾਂ ਦਿੰਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਇਨ੍ਹਾਂ ਦੇਸ਼-ਵਾਸੀਆਂ ਦੀ ਬਦਚਲਨੀ ਦਾ ਕਾਰਣ ਸਾਂਝੀ ਵਿੱਦਿਆ ਹੀ ਹੈ।

ਹੱਕ ਵਿੱਚ ਦਲੀਲਾਂ : ਧਿਆਨ ਨਾਲ ਵੇਖਿਆਂ ਸਾਂਝੀ ਵਿੱਦਿਆ ਦਾ ਇਹ ਵਿਰੋਧ ਨਿਰਮੂਲ ਜਾਪਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇੰਗਲੈਂਡ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਬਦਚਲਨੀ ਦਾ ਮੁੱਖ ਕਾਰਣ ਸਾਂਝੀ ਵਿੱਦਿਆ ਨਹੀਂ, ਸਗੋਂ ਉੱਥੋਂ ਦਾ ਮਸ਼ੀਨੀਕਰਨ ਤੇ ਅਜਨਬੀਪਨ ਹੈ। ਮਸ਼ੀਨਾਂ ਨੇ ਸੌਦੇਬਾਜ਼ੀ ਨੂੰ ਜਨਮ ਦਿੱਤਾ ਹੈ ਅਤੇ ਇਹ ਸੌਦੇਬਾਜ਼ੀ ਇਨ੍ਹਾਂ ਦੇ ਜੀਵਨ ਦੇ ਹਰ ਖੇਤਰ ਵਿੱਚ ਆ ਗਈ ਹੈ, ਪਿਆਰ ਸਬੰਧੀ ਭਾਵਨਾਵਾਂ ਦੇ ਖੇਤਰ ਵਿੱਚ ਵੀ। ਦੂਜੇ, ਸਾਂਝੀ ਵਿੱਦਿਆ ਨਾਲ ਮੁੰਡੇ-ਕੁੜੀਆਂ ਦਾ ਆਚਰਣ ਵਿਗੜਦਾ ਨਹੀਂ, ਸਗੋਂ ਸੰਵਰਦਾ ਹੈ। ਜਦੋਂ ਮੁੰਡੇ-ਕੁੜੀਆਂ ਇਕੱਠੇ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਇੱਕ-ਦੂਜੇ ਦੀ ਸ਼ਰਮ ਹੁੰਦੀ ਹੈ। ਉਹ ਅਜਿਹੀ ਹਰਕਤ ਕਦੇ ਵੀ ਨਹੀਂ ਕਰਦੇ ਜਿਸ ਨਾਲ ਉਨ੍ਹਾਂ ਨੂੰ ਦੂਜਿਆਂ ਦੀਆਂ ਅੱਖਾਂ ਸਾਹਮਣੇ ਨੀਵਾਂ ਹੋਣਾ ਪਵੇ। ਇਹੀ ਕਾਰਣ ਹੈ ਕਿ ਸਾਂਝੀ ਵਿੱਦਿਆ ਵਾਲੀਆਂ ਸੰਸਥਾਵਾਂ ਦੇ ਵਿਦਿਆਰਥੀ ਦੂਜੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਨਾਲੋਂ ਵਧੇਰੇ ਸੱਭਿਅ ਹੁੰਦੇ ਹਨ। ਸੱਚ ਬੋਲਣਾ, ਸਪੱਸ਼ਟ ਬੋਲਣਾ ਅਤੇ ਦੂਜਿਆਂ ਦਾ ਆਦਰ ਕਰਨਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ। ਜਿਨ੍ਹਾਂ ਸਕੂਲਾਂ-ਕਾਲਜਾਂ ਵਿੱਚ ਨਿਰੇ ਮੁੰਡੇ ਹੀ ਪੜ੍ਹਦੇ ਹਨ, ਉਨ੍ਹਾਂ ਵਿੱਚ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਆਮ ਸੁਣੀਦੀਆਂ ਹਨ।

ਫ਼ੈਸ਼ਨ ਬਾਰੇ ਦਲੀਲਾਂ : ਦੂਜੀ ਵਿਰੋਧਤਾ ਇਹ ਕੀਤੀ ਜਾਂਦੀ ਹੈ ਕਿ ਸਾਂਝੀ ਵਿੱਦਿਆ ਨਾਲ ਮੁੰਡੇ-ਕੁੜੀਆਂ ਦੀ ਪੜ੍ਹਾਈ ਵਿੱਚ ਰੁਕਾਵਟ ਆਉਂਦੀ ਹੈ। ਮੁੰਡੇ-ਕੁੜੀਆਂ ਇੱਕ-ਦੂਜੇ ਨੂੰ ਆਪਣੇ ਵੱਲ ਖਿੱਚਣ ਲਈ ਆਪਣਾ ਸਾਰਾ ਧਿਆਨ ਆਪਣੀ ਸਜਾਵਟ ਵੱਲ ਹੀ ਲਾ ਦਿੰਦੇ ਹਨ—ਮੁੰਡੇ ਦੋ – ਦੋ ਘੰਟੇ ਪੱਗ ਦੀ ਚੁੰਝ ਹੀ ਠੀਕ ਕਰਦੇ ਰਹਿੰਦੇ ਹਨ, ਕਦੇ ਪੈਂਟ ਦੀ ਕਰੀਜ਼ ਠੀਕ ਕਰਦੇ ਹਨ ਅਤੇ ਕਦੀ ਕਮੀਜ਼ ਦੇ ਵੱਟ ਕੱਢਦੇ ਹਨ। ਦੂਜੇ ਪਾਸੇ ਕੁੜੀਆਂ ਵੀ ਘੱਟ ਨਹੀਂ ਕਰਦੀਆਂ। ਉਨ੍ਹਾਂ ਲਈ ਤਾਂ ਕਿਹੜੀ ਕਮੀਜ਼ ਨਾਲ ਕਿਹੜੀ ਸਲਵਾਰ ਤੇ ਕਿਹੜੀ ਚੁੰਨੀ ਦਾ ਫ਼ੈਸਲਾ ਕਰਨਾ ਹੀ ਮੁਸ਼ਕਲ ਹੁੰਦਾ ਹੈ। ਇੰਜ ਹਰ ਕੁੜੀ ‘ਹੀਰ’ ਤੇ ਹਰ ਮੁੰਡਾ ‘ਰਾਂਝਾ’ ਬਣਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਕੋਸ਼ਿਸ਼ ਵਿੱਚ ਪੜ੍ਹਾਈ ਵੱਲੋਂ ਅਣਗਹਿਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਇਹ ਵਿਰੋਧਤਾ ਵੀ ਕੋਈ ਵਜ਼ਨੀ ਨਹੀਂ। ਫ਼ੈਸ਼ਨ ਦੀ ਬੀਮਾਰੀ ਵੀ ਇੱਕ ਦੂਜੇ ਤੋਂ ਦੂਰੀ ਹੋਣ ਕਰਕੇ ਹੀ ਵਧਦੀ ਹੈ। ਕੱਪੜਿਆਂ ਦੀ ਸਮੱਸਿਆ ਤਾਂ ਸਹਿਜੇ ਹੀ ਹੱਲ ਕੀਤੀ ਜਾ ਸਕਦੀ ਹੈ। ਕੁੜੀਆਂ ਤੇ ਮੁੰਡਿਆਂ ਲਈ ਅੱਡ ਅੱਡ ਵਰਦੀ ਨੀਅਤ ਕਰ ਕੇ ਇਹ ਟੰਟਾ ਮੁਕਾਇਆ ਜਾ ਸਕਦਾ ਹੈ। ਨਾਲੇ ਇਹ ਬਿਲਕੁਲ ਗ਼ਲਤ ਗੱਲ ਹੈ ਕਿ ਮੁੰਡੇ-ਕੁੜੀਆਂ ਦਾ ਧਿਆਨ ਪੜ੍ਹਾਈ ਵੱਲੋਂ ਘਟ ਜਾਂਦਾ ਹੈ। ਵਿੱਦਿਅਕ ਸੰਸਥਾਵਾਂ ਕੋਈ ਆਸ਼ਕੀ-ਮਸ਼ੂਕੀ ਦੀਆਂ ਥਾਵਾਂ ਨਹੀਂ, ਇਹ ਤਾਂ ਵਿੱਦਿਆ ਦੇ ਮੰਦਰ ਹਨ। ਇਥੋਂ ਸਗੋਂ ਮੁੰਡਿਆਂ-ਕੁੜੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਕੌਣ ਜ਼ਿਆਦਾ ਨੰਬਰ ਲੈਂਦਾ ਹੈ। ਇਹ ਜ਼ਿਆਦਾ ਨੰਬਰ ਲੈਣ ਦੀ ਧੁਨ ਇਨ੍ਹਾਂ ਨੂੰ ਚੰਗੀ ਚੋਖੀ ਮਿਹਨਤ ਕਰਨ ਵੱਲ ਪ੍ਰੇਰਦੀ ਹੈ।

ਦਲੀਲਾਂ : ਇਹ ਬਹੁਤ ਅਰਥਹੀਣ ਦਲੀਲ ਹੈ ਕਿ ਔਰਤ ਦਾ ਦਿਮਾਗ਼ ਮਰਦ ਨਾਲੋਂ ਘੱਟ ਹੁੰਦਾ ਹੈ। ਵਾਸਤਵ ਵਿੱਚ ਗੱਲ ਅੱਜ ਉਲਟ ਜਾਪਦੀ ਹੈ। ਯੂਨੀਵਰਸਿਟੀਆਂ ਦੇ ਨਤੀਜੇ ਦੱਸਦੇ ਹਨ ਕਿ ਮੁੰਡਿਆਂ ਨਾਲੋਂ ਕੁੜੀਆਂ ਬਹੁਤੀ ਗਿਣਤੀ ਵਿੱਚ ਪਾਸ ਹੁੰਦੀਆਂ ਹਨ ਅਤੇ ਉਹ ਵੀ ਬਹੁਤੇ ਨੰਬਰ ਲੈ ਕੇ। ਕੀ ਘੱਟ ਦਿਮਾਗ਼ ਵਾਲੇ ਵੀ ਬਹੁਤੇ ਨੰਬਰ ਲੈ ਸਕਦੇ ਹਨ? ਬਾਕੀ ਗੱਲ ਰਹੀ ਹੀਣ-ਭਾਵ ਦੀ-ਔਰਤ ਦੀ ਉੱਚੀ ਦਿਮਾਗ਼ੀ ਪੱਧਰ ਸਾਹਮਣੇ ਤਾਂ ਸਗੋਂ ਮਰਦ ਵਿੱਚ ਹੀਣਤਾ-ਭਾਵ ਆਉਣਾ ਚਾਹੀਦਾ ਹੈ। ਸਾਂਝੀ ਵਿੱਦਿਆ ਕੁੜੀਆਂ-ਮੁੰਡਿਆਂ ਨੂੰ ਆਪਸ ਵਿੱਚ ਇੱਕ-ਦੂਜੇ ਨੂੰ ਸਮਝਣ ਦਾ ਅਵਸਰ ਦਿੰਦੀ ਹੈ। ਇਸ ਨਾਲ ਦੋਹਾਂ ਧਿਰਾਂ ਦੀ ਸ਼ਖ਼ਸੀਅਤ ਵਿਕਾਸ ਕਰਦੀ ਹੈ।

ਔਰਤ ਤੇ ਮਰਦ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ : ਸਾਂਝੀ ਵਿੱਦਿਆ ਦਾ ਵਿਰੋਧ ਕਰਨ ਵਾਲੇ ਇਹ ਵੀ ਕਹਿੰਦੇ ਹਨ ਕਿ ਇਸ ਵਿੱਦਿਆ ਦੀ ਲੋੜ ਹੀ ਨਹੀਂ ਕਿਉਂਕਿ ਸਮਾਜ ਵਿੱਚ ਔਰਤ ਦਾ ਵੱਖਰਾ ਕਰਤੱਵ ਹੈ ਅਤੇ ਮਰਦ ਦਾ ਵੱਖਰਾ। ਇਸ ਲਈ ਇਨ੍ਹਾਂ ਦੋਹਾਂ ਨੂੰ ਵੱਖ-ਵੱਖ ਤਰ੍ਹਾਂ ਦੀ ਵਿੱਦਿਆ ਦੀ ਲੋੜ ਹੈ ਕਿਉਂਕਿ ਵਿੱਦਿਆ ਦਾ ਮੰਤਵ ਹੀ ਵਿਅਕਤੀ ਨੂੰ ਆਪਣਾ ਕਰਤੱਵ ਪੂਰਾ ਕਰਨ ਦੀ ਯੋਗਤਾ ਬਖ਼ਸ਼ਣਾ ਹੈ। ਇਸ ਲਈ, ਔਰਤ ਦੀ ਵਿੱਦਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਘਰ ਦੀ ਸੰਭਾਲ ਦੇ ਯੋਗ ਬਣਾ ਸਕੇ—ਖਾਣਾ ਬਣਾਉਣਾ, ਸੀਉਣਾ, ਕੱਤਣਾ ਤੇ ਬੱਚੇ ਦੀ ਪਾਲਣਾ ਕਰਨਾ ਆਦਿ ਦਾ ਗਿਆਨ ਦੇਵੇ। ਇਸ ਦੇ ਉਲਟ ਇਹ ਮਰਦ ਨੂੰ ਰੋਜ਼ੀ ਕਮਾਉਣ ਦੇ ਯੋਗ ਬਣਾਵੇ।

ਦਲੀਲਾਂ : ਅਸਲ ਵਿੱਚ ਇਹ ਦਲੀਲ ਵੀ ਠੋਸ ਨਹੀਂ। ਇਹ ਦਲੀਲ ਉਹ ਦਿੰਦੇ ਹਨ ਜਿਹੜੇ ਔਰਤ ਨੂੰ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਰੱਖਣਾ ਚਾਹੁੰਦੇ ਹਨ। ਅਜੋਕੇ ਸਮੇਂ ਦੀ ਮੰਗ ਹੈ ਕਿ ਔਰਤ ਤੇ ਮਰਦ ਜੀਵਨ-ਗੱਡੇ ਨੂੰ ਦੋ ਪਹੀਏ ਬਣਾ ਕੇ ਚਲਾਉਣ। ਜਿਹੜੇ ਵਿਸ਼ੇ ਕੇਵਲ ਔਰਤਾਂ ਲਈ ਹਨ ਉਨ੍ਹਾਂ ਦੀ ਵਿੱਦਿਆ ਦਾ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ ਅਤੇ ਬਾਕੀ ਦੇ ਇਕੱਠੇ ਪੜ੍ਹਾਏ ਜਾ ਸਕਦੇ ਹਨ। ਇਸ ਤਰ੍ਹਾਂ ਆਰਥਿਕ ਲਾਭ ਵੀ ਹੁੰਦਾ ਹੈ, ਕਿਉਂਜੋ ਮੁੰਡਿਆਂ ਤੇ ਕੁੜੀਆਂ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਲਈ ਵੱਖ-ਵੱਖ ਇਮਾਰਤਾਂ, ਅਧਿਆਪਕਾਂ, ਲਾਇਬਰੇਰੀਆਂ ਤੇ ਪ੍ਰਯੋਗਸ਼ਾਲਾਵਾਂ ਦਾ ਖ਼ਰਚ ਨਹੀਂ ਕਰਨਾ ਪੈਂਦਾ।

ਸਿੱਟਾ : ਉਪਰੋਕਤ ਵਿਚਾਰ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਸਾਂਝੀ ਵਿੱਦਿਆ ਦੇ ਵਿਰੋਧੀਆਂ ਦੀਆਂ ਦਲੀਲਾਂ ਦੇ ਪੈਰ ਨਹੀਂ। ਕਿਉਂਜੋ ਔਰਤ-ਮਰਦ ਦਾ ਰਿਸ਼ਤਾ ਕੁਦਰਤੀ ਹੈ, ਇਸ ਲਈ ਇਨ੍ਹਾਂ ਨੂੰ ਵਿੱਦਿਅਕ ਆਸ਼ਰਮਾਂ ਵਿੱਚ ਅੱਡ-ਅੱਡ ਰੱਖਣਾ ਕੁਦਰਤ ਦੇ ਨੇਮ ਦੀ ਉਲੰਘਣਾ ਕਰਨੀ ਹੈ। ਇਸ ਲਈ ਸਾਂਝੀ ਵਿੱਦਿਆ ਦੀ ਪ੍ਰਥਾ ਕੁਦਰਤੀ ਤੇ ਲਾਭਦਾਇਕ ਹੈ। ਹਾਂ, ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੀਆਂ ਵਿੱਦਿਅਕ ਸੰਸਥਾਵਾਂ ਵਿੱਚ ਅਧਿਆਪਕ ਵੀ ਔਰਤ-ਮਰਦ ਮਿਲੇ-ਜੁਲੇ ਹੋਣ, ਨਿਰੇ ਮਰਦਾਂ ਜਾਂ ਨਿਰੀਆਂ ਔਰਤਾਂ ਹਾਨੀਕਾਰਕ ਸਿੱਧ ਹੋ ਸਕਦੀਆਂ ਹਨ। ਕਈਆਂ ਦਾ ਵਿਚਾਰ ਹੈ ਕਿ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤਕ ਸਾਂਝੀ ਵਿੱਦਿਆ ਹੋਣੀ ਚਾਹੀਦੀ ਹੈ। ਡਾ: ਰਾਧਾ ਕ੍ਰਿਸ਼ਨਨ ਵੀ ਇਸੇ ਵਿਚਾਰ ਦੇ ਹਾਮੀ ਸਨ। ਕਈਆਂ ਦਾ ਵਿਚਾਰ ਹੈ ਕਿ ਦਸਵੀਂ ਤੋਂ ਲੈ ਕੇ ਬੀ. ਏ. ਤਕ ਸਾਂਝੀ ਵਿੱਦਿਆ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਉਮਰੇ ਵਿਦਿਆਰਥੀ ਭਰ ਜਵਾਨੀ ਵਿੱਚ ਹੁੰਦੇ ਹਨ ਅਤੇ ਜਵਾਨੀ ਵਧੇਰੇ ਮਸਤਾਨੀ ਹੁੰਦੀ ਹੈ ਅਤੇ ਅਕਲਮੰਦ ਘੱਟ। ਕਈਆਂ ਦਾ ਵਿਚਾਰ ਹੈ ਕਿ ਸਾਂਝੀ ਵਿੱਦਿਆ ਕੇਵਲ ਐੱਮ. ਏ. ਦੀਆਂ ਜਮਾਤਾਂ ਵਿੱਚ ਲੋੜੀਂਦੀ ਹੈ ਕਿਉਂਕਿ ਇਸ ਉਮਰੇ ਵਿਦਿਆਰਥੀ ਸੁਲਝੇ ਹੋਏ ਹੁੰਦੇ ਹਨ, ਪਰ ਸਾਨੂੰ ਇਸ ਬਹਿਸ ਵਿੱਚ ਪੈਣ ਦੀ ਲੋੜ ਨਹੀਂ, ਸਾਡਾ ਤਾਂ ਮਤ ਇਹ ਹੈ ਕਿ ਜੇ ਸਾਂਝੀ ਵਿੱਦਿਆ ਲਾਗੂ ਹੀ ਕਰਨੀ ਹੈ ਤਾਂ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਕਰਨੀ ਹੀ ਠੀਕ ਹੋਵੇਗੀ।

ਸਾਡਾ ਭਾਰਤ ਵਿਕਾਸ ਕਰ ਰਿਹਾ ਦੇਸ਼ ਹੈ। ਇਸ ਵਿਕਾਸ ਵਿੱਚ ਔਰਤ ਅਤੇ ਮਰਦ ਦੋਹਾਂ ਦੇ ਸਹਿਯੋਗ ਦੀ ਲੋੜ ਹੈ। ਸਾਂਝੀ ਵਿੱਦਿਆ ਹੀ ਦੋਹਾਂ ਧਿਰਾਂ ਨੂੰ ਇਸ ਦੇ ਯੋਗ ਬਣਾ ਸਕਦੀ ਹੈ ਤਾਂ ਜੁ ਉਹ ਦੇਸ਼-ਉਸਾਰੀ ਵਿੱਚ ਆਪਣਾ ਪੂਰਾ-ਪੂਰਾ ਹਿੱਸਾ ਪਾ ਸਕਣ। ਮਾਨਸਿਕ, ਸਮਾਜਕ, ਸਦਾਚਾਰਕ ਅਤੇ ਆਰਥਿਕ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਂਝੀ ਵਿੱਦਿਆ ਵੇਲੇ ਦੀ ਲੋੜ ਹੈ ਅਤੇ ਇਹ ਬਹੁ-ਮੰਤਵੀ ਸਫ਼ਲਤਾ ਪ੍ਰਾਪਤ ਕਰ ਸਕਦੀ ਹੈ।