ਲੇਖ ਰਚਨਾ : ਵਿੱਦਿਅਕ ਸੰਸਥਾਵਾਂ ਵਿੱਚ ਫ਼ੌਜੀ ਸਿੱਖਿਆ
ਵਿੱਦਿਅਕ ਸੰਸਥਾਵਾਂ ਵਿੱਚ ਫ਼ੌਜੀ ਸਿੱਖਿਆ
ਫ਼ੌਜੀ ਸਿੱਖਿਆ ਤੋਂ ਭਾਵ : ਫ਼ੌਜੀ ਸਿੱਖਿਆ ਤੋਂ ਭਾਵ ਨਿਰੀਆਂ ਪਰੇਡਾਂ ਕਰਨਾ ਨਹੀਂ, ਦੇਸ਼ ਦੇ ਯੁਵਕ – ਯੁਵਤੀਆਂ ਨੂੰ ਯੁੱਧ ਦੇ ਢੰਗ-ਤਰੀਕਿਆਂ ਤੋਂ ਜਾਣੂ ਕਰਾ ਕੇ, ਮੌਕਾ ਆਉਣ ‘ਤੇ ਰਣ-ਭੂਮੀ ਵਿੱਚ ਕੁੱਦਣ ਲਈ ਤਿਆਰ-ਬਰ-ਤਿਆਰ ਕਰਨਾ ਹੈ।
ਫ਼ੌਜੀ ਸਿੱਖਿਆ ਦੀ ਲੋੜ : ਆਦਿ ਕਾਲ ਤੋਂ ਡਾਢੇ ਦਾ ਸੱਤੀ ਵੀਹੀਂ ਸੌ ਰਿਹਾ ਹੈ। ਤਰੇਤੇ ਯੁੱਗ ਵਿੱਚ ਜੇ ਦੁਰਗਾ ਇੰਦਰ ਦੀ ਮਦਦ ਨੂੰ ਨਾ ਆਉਂਦੀ ਤਾਂ ਦੈਂਤਾਂ ਦੀ ਚੜ੍ਹ ਮੱਚ ਜਾਣੀ ਸੀ। ਇਸ ਕਲਯੁਗੀ ਸੰਸਾਰ ਵਿੱਚ ਤਾਂ ਇੱਟ ਦਾ ਜੁਆਬ ਪੱਥਰ ਨਾਲ ਦੇ ਕੇ ਹੀ ਨਿਭਾਅ ਹੋ ਸਕਦਾ ਹੈ। ਹਲਕੇ ਕੁੱਤੇ ਨੂੰ ਪੁਚਕਾਰਨ ਦੀ ਥਾਂ ਮਾਰਨ ਨਾਲ ਹੀ ਜੀਵਿਆ ਜਾ ਸਕਦਾ ਹੈ; ਮੈਲੀ ਨਜ਼ਰ ਨਾਲ ਵੇਖਣ ਵਾਲੇ ਦੀਆਂ ਅੱਖੀਆਂ ਕੱਢਣ ਦੀ ਸਮਰੱਥਾ ਰੱਖ ਕੇ ਹੀ ਅਣਖੀਲਾ ਜੀਵਨ ਬਿਤਾਇਆ ਜਾ ਸਕਦਾ ਹੈ। ਇਹੀ ਕਾਰਣ ਹੈ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਰੋਮ ਵਿੱਚ ਫ਼ੌਜੀ ਸਿੱਖਿਆ ਲਾਜ਼ਮੀ ਰਹੀ ਅਤੇ ਹੁਣ ਹਰ ਅਜ਼ਾਦ ਦੇਸ਼ ਆਪਣੇ ਹਰ ਨਾਗਰਿਕ ਲਈ ਫ਼ੌਜੀ ਸਿੱਖਿਆ ਲਾਜ਼ਮੀ ਕਰ ਰਿਹਾ ਹੈ।
ਹਿੰਸਾ ਤੇ ਅਹਿੰਸਾ ਪ੍ਰਤੀ ਮਹਾਨ ਵਿਅਕਤੀਆਂ ਦੇ ਵਿਚਾਰ : ਭਾਰਤ ਦੇ ਇਤਿਹਾਸ ਤੇ ਨਜ਼ਰ ਦੌੜਾਇਆਂ ਪਤਾ ਲੱਗਦਾ ਹੈ ਕਿ ਮਹਾਤਮਾ ਬੁੱਧ ਨੇ ਅਹਿੰਸਾ ਨੂੰ ਪਰਮ ਧਰਮ ਦੱਸਦਿਆਂ ਇਸ ਨੀਤੀ ਦਾ ਚੰਗਾ ਪ੍ਚਾਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਪਾਣੀ ਸਿਰੋਂ ਲੰਘਦਾ ਵੇਖ ਕੇ ਹਿੰਸਕ ਨੀਤੀ ਨੂੰ ਅਪਣਾਉਣਾ ਜ਼ਰੂਰੀ ਤੇ ‘ਹਲਾਲ ਸਮਝਿਆ :
ਚੂੰ ਕਰ ਅਜ਼ ਹਮਾ ਹੀਲਤੇ ਦਰਗੁਜ਼ਸ਼ਤ,
ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ।
ਜੇ ਉਹ ‘ਸਵਾ ਲਾਖ ਸੇ ਏਕ ਲੜਾਊਂ’ ਵਾਲੀ ਬੀਰ-ਰਸੀ ਭਾਵਨਾ ਨਾ ਪੈਦਾ ਕਰਦੇ ਤਾਂ ਬੁੱਲ੍ਹੇ ਸ਼ਾਹ ਦਾ ਇਹ ਕਥਨ ਸੱਚ ਹੋ ਨਿਬੜਦਾ :
ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ,
ਬਾਤ ਕਹੂੰ ਮੈਂ ਅਬ ਕੀ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ,
ਸੁੰਨਤ ਹੋਤੀ ਸਭ ਕੀ।
ਪੰਚਸ਼ੀਲ ਨੀਤੀ ਦੀ ਦੁਰਵਰਤੋਂ : ਵੀਹਵੀਂ ਸਦੀ ਵਿੱਚ ਮਹਾਤਮਾ ਗਾਂਧੀ ਨੇ ਫੇਰ ਅਹਿੰਸਾ ਪਰਮ ਧਰਮ ਕਹਿਣਾ ਸ਼ੁਰੂ ਕਰ ਦਿੱਤਾ। ਪੰਡਤ ਜਵਾਹਰ ਲਾਲ ਨਹਿਰੂ ਪੰਚ-ਸ਼ੀਲ ਦੇ ਹਾਮੀਆਂ ਦੇ ਮੋਹਰੀ ਬਣੇ। ਇਸ ਤਰ੍ਹਾਂ ਅਜ਼ਾਦ ਭਾਰਤ ਅਮਨ ਦਾ ਪੁਜਾਰੀ ਤੋਂ ਪੰਚਸ਼ੀਲ-ਪੂਜਕ ਬਣ ਗਿਆ। ਇਹ ‘ਆਪ ਜੀਉ ਤੇ ਹੋਰਨਾਂ ਨੂੰ ਜੀਉਣ ਦੇਣ’ ਦਾ ਵਿਸ਼ਵਾਸੀ ਹੋ ਗਿਆ, ਪਰ ਇਸ ਅਮਨ-ਪਸੰਦੀ ਦੀ ਉੱਕਾ ਹੀ ਕੋਈ ਕਦਰ ਨਾ ਕੀਤੀ ਗਈ, ਸਗੋਂ ਇਸ ਅਹਿੰਸਾਵਾਦੀ ਤੇ ਪੰਚ-ਸ਼ੀਲ ਨੀਤੀ ਦਾ ਮਖੌਲ ਉਡਾਇਆ ਗਿਆ। ਇਨ੍ਹਾਂ ਗਾਂਧੀਵਾਦੀਆਂ ਤੇ ਨਹਿਰੂਵਾਦੀਆਂ ਨੂੰ ਕਮਜ਼ੋਰ ਸਮਝ ਕੇ ਚੀਨ ਨੇ 20 ਅਕਤੂਬਰ, 1962 ਈ: ਨੂੰ ਭਾਰਤ ‘ਤੇ ਹਮਲਾ ਕਰ ਦਿੱਤਾ। ਭਾਰਤ ਨੂੰ ਹਾਰ ਸਹਿਣੀ ਪਈ। ਫਲਸਰੂਪ ਭਾਰਤ ਨੂੰ ਆਪਣੀ ਨੀਤੀ ਛੱਡਣੀ ਪਈ; ਇਸ ਕੋਲ ਚੰਗੀ ਹਥਿਆਰਬੰਦ ਹੋਣ ਬਗ਼ੈਰ ਕੋਈ ਚਾਰਾ ਨਾ ਰਹਿ ਗਿਆ।
ਵਿੱਦਿਅਕ ਸੰਸਥਾਵਾਂ ਵਿੱਚ ਫ਼ੌਜੀ ਸਿੱਖਿਆ : 1962 ਈ: ਵਿੱਚ ਹੀ ਵਿੱਦਿਅਕ ਸੰਸਥਾਵਾਂ-ਸਕੂਲਾਂ ਤੇ ਕਾਲਜਾਂ ਵਿੱਚ ਫ਼ੌਜੀ ਸਿੱਖਿਆ ਲਾਜ਼ਮੀ ਕਰ ਦਿੱਤੀ ਗਈ। ਸਾਰੀ ਕੌਮ ਵਿੱਚ ਸੁਰੱਖਿਆ ਸਬੰਧੀ ਜਾਗਰਤੀ ਜਿਹੀ ਆ ਗਈ। ਜਦੋਂ ਪਹਿਲੀ ਸਤੰਬਰ, 1965 ਈ: ਨੂੰ ਪਾਕਿਸਤਾਨ ਨੇ ਭਾਰਤ ‘ਤੇ ਹਮਲਾ ਕੀਤਾ ਤਾਂ ਉਸ ਨੂੰ ਮੂੰਹ ਦੀ ਖਾਣੀ ਪਈ। ਫਿਰ 3 ਦਸੰਬਰ, 1971 ਈ: ਨੂੰ ਪਾਕਿਸਤਾਨ ਭਾਰਤ ‘ਤੇ ਹਮਲਾ ਕਰ ਕੇ ਡਾਢਾ ਪਛਤਾਇਆ। ਹਜ਼ਾਰ ਸਾਲ ਤਕ ਲੜਦੇ ਰਹਿਣ ਦਾ ਦਾਅਵਾ ਕਰਨ ਵਾਲਾ ਪਾਕਿਸਤਾਨ ਹਜ਼ਾਰ ਘੰਟਿਆਂ ਲਈ ਵੀ ਭਾਰਤ ਨਾਲ ਲੜਨੋਂ ਆਪਣੇ-ਆਪ ਨੂੰ ਅਸਮਰਥ ਮਹਿਸੂਸ ਕਰਨ ਲੱਗਾ।
ਫ਼ੌਜੀ ਸਿੱਖਿਆ ਦੇ ਲਾਭ : ਫ਼ੌਜੀ ਸਿੱਖਿਆ ਦੇ ਕਈ ਲਾਭ ਹਨ। ਇੱਕ ਤਾਂ ਪਰੇਡਾਂ ਵਿਦਿਆਰਥੀਆਂ ਨੂੰ ਅਰੋਗ, ਰਿਸ਼ਟ-ਪੁਸ਼ਟ ਤੇ ਬਲਵਾਨ ਬਣਾਉਂਦੀਆਂ ਹਨ। ਦੂਜੇ, ਅਰੋਗਤਾ ਉਨ੍ਹਾਂ ਦੇ ਦਿਮਾਗਾਂ ਨੂੰ ਸ਼ਕਤੀਸ਼ਾਲੀ ਬਣਾਉਦੀ ਹੈ। ਤੀਜੇ, ਉਨ੍ਹਾਂ ਵਿੱਚ ਵਿਸ਼ਵ ਸਮੱਸਿਆਵਾਂ ਸਬੰਧੀ ਚੇਤੰਨਤਾ ਆ ਜਾਂਦੀ ਹੈ। ਚੌਥੇ, ਉਹ ਅਨੁਸ਼ਾਸਨ ਵਿੱਚ ਰਹਿਣਾ ਸਿੱਖਦੇ ਹਨ—ਵੇਲੇ ਸਿਰ ਕੰਮ ਕਰਨ ਅਤੇ ਵੱਡਿਆਂ ਦਾ ਆਦਰ ਕਰਨ ਲੱਗ ਜਾਂਦੇ ਹਨ। ਪੰਜਵੇਂ,
ਉਨ੍ਹਾਂ ਵਿੱਚ ਦੇਸ਼-ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ। ਉਹ ਦੇਸ਼ ਦੀ ਖ਼ਾਤਰ ਮਰ-ਮਿਟਣ ਲਈ ਆਪਣੇ – ਆਪ ਨੂੰ ਤਿਆਰ ਕਰਦੇ ਹਨ।
ਸਰਹੱਦ-ਵਾਸੀਆਂ ਲਈ ਤਾਂ ਇਸ ਦੀ ਵਿਸ਼ੇਸ਼ ਮਹੱਤਤਾ ਹੈ। ਉਹ ਨਾ ਕੇਵਲ ਨਿਡਰਤਾ ਨਾਲ ਸਰਹੱਦਾਂ ‘ਤੇ ਰਹਿੰਦੇ ਹਨ, ਸਗੋਂ ਹਮਲਾਵਰਾਂ ਨੂੰ ਪਛਾੜਨ ਵਿੱਚ ਸਹਾਇੱਕ ਸਿੱਧ ਹੁੰਦੇ ਹਨ। ਦੇਸ਼ ਨੂੰ ਫੌਜੀ ਭਰਤੀ ਲਈ ਚੋਣਵੇਂ ਤੇ ਸੁਸਿੱਖਿਅਤ ਜਵਾਨ ਮਿਲ ਜਾਂਦੇ ਹਨ। ਦੇਸ਼ ਦੇ ਹਰ ਨੌਜੁਆਨ ਨੂੰ ਮੁੱਢਲੀ ਫ਼ੌਜੀ ਸਿਖਲਾਈ ਮਿਲਣ ਨਾਲ ਦੇਸ਼ ਦੀ ਤਾਕਤ ਵਿੱਚ ਅੰਤਾਂ ਦਾ ਵਾਧਾ ਹੁੰਦਾ ਹੈ। ਇਹ ਸਿੱਖਿਆ ਹਰ ਸਿਖਾਂਦਰੂ ਦੇ ਵਿਅਕਤਿਤਵ ਦੇ ਵਿਕਾਸ ਵਿੱਚ ਸਹਾਈ ਹੁੰਦੀ ਹੈ। ਇਸ ਦੇ ਨਾਲ ਹੀ ਇਸ ਸਿੱਖਿਆ ਦੇ ਚਾਲੂ ਹੋਣ ਨਾਲ ਹਜ਼ਾਰਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ।
ਫ਼ੌਜੀ ਸਿੱਖਿਆ ਦੀਆਂ ਹਾਨੀਆਂ : ਧਿਆਨ ਨਾਲ ਵੇਖਿਆ ਜਾਏ ਤਾਂ ਅਜੋਕੀ ਫ਼ੌਜੀ ਸਿੱਖਿਆ ਦੀਆਂ ਕੁਝ ਕੁ ਹਾਨੀਆਂ ਵੀ ਹਨ। ਪਰੇਡਾਂ ਕਰਕੇ ਥੱਕੇ-ਟੁੱਟੇ ਵਿਦਿਆਰਥੀਆਂ ਦਾ ਕਿਤਾਬਾਂ ਖੋਲਣ ਨੂੰ ਜੀਅ ਨਹੀਂ ਕਰਦਾ। ਬਹੁਤਾ ਸਮਾਂ ਪਰੇਡਾਂ ਵਿੱਚ ਬੀਤਣ ਕਾਰਣ ਉਨ੍ਹਾਂ ਨੂੰ ਆਪਣੇ ਤੌਰ ‘ਤੇ ਹੋਰ ਵਿਸ਼ਿਆਂ ਨੂੰ ਸੋਚਣ ਵਿਚਾਰਨ ਦਾ ਵਿਹਲ ਹੀ ਨਹੀਂ ਮਿਲਦਾ। ਅਫ਼ਸਰਾਂ ਦਾ ਹੁਕਮ ਅੰਨ੍ਹੇ-ਵਾਹ ਮੰਨਣ ਦੀ ਆਦਤ ਉਨ੍ਹਾਂ ਨੂੰ ਲਕੀਰ ਦਾ ਫ਼ਕੀਰ ਬਣਾ ਕੇ ਰੱਖ ਦਿੰਦੀ ਹੈ। ਉਨ੍ਹਾਂ ਦੀ ਆਪਣੀ ਮੌਲਿਕਤਾ ਤੇ ਪਹਿਲ-ਕਦਮੀ ਜਾਂਦੀ ਰਹਿੰਦੀ ਹੈ। ਉਪ-ਅਹਾਰ (Refreshment) ਤੇ ਧੁਲਾਈ (Washing) ਭੱਤਾ ਵਿੱਦਿਅਕ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ ਨੂੰ ਵਧਾਉਂਦਾ ਹੈ—ਪਰੇਡਾਂ ਵਿੱਚ ਗ਼ੈਰ-ਹਾਜ਼ਰਾਂ ਦੀਆਂ ਹਾਜ਼ਰੀਆਂ ਲਾ ਕੇ ਪੈਸਾ ਖਾਣਾ ਇੱਕ ਆਮ ਤੇ ਮਾਮੂਲੀ ਗੱਲ ਬਣ ਗਈ ਹੈ।
ਫ਼ੌਜੀ ਸਿੱਖਿਆ ਦੇਣ ਵਾਲੇ ਅਧਿਕਾਰੀਆਂ ਨੂੰ ਇਨ੍ਹਾਂ ਬੁਰਾਈਆਂ ਪ੍ਰਤੀ ਸੁਚੇਤ ਹੋ ਕੇ ਕਦਮ ਚੁੱਕਣੇ ਚਾਹੀਦੇ ਹਨ।
ਸਾਰੰਸ਼ : ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਚੰਗੇ ਤੇ ਅਨੁਸ਼ਾਸਿਤ ਵਿਦਿਆਰਥੀ ਸੁਚੱਜੇ ਨਾਗਰਿਕ ਤੇ ਕਰਤੱਵ-ਪਰਾਇਣ ਸਿਪਾਹੀ ਪੈਦਾ ਕਰਨ ਲਈ ਫ਼ੌਜੀ ਸਿੱਖਿਆ ਅਤਿ ਅਵੱਸ਼ਕ ਹੀ ਨਹੀਂ, ਹਰ ਸੁਤੰਤਰ ਦੇਸ਼ ਦੀ ਪਹਿਲੀ ਲੋੜ ਵੀ ਹੈ, ਪਰ ਇਸ ਦਾ ਲਾਜ਼ਮੀ ਰੱਖਣਾ ਵਿਅਰਥ ਤੇ ਨਿਰੀ ਫ਼ਜ਼ੂਲ-ਖਰਚੀ ਹੈ।