ਲੇਖ ਰਚਨਾ : ਭਾਰਤ ਵਿੱਚ ਪੋਸ਼ਣ ਦੀ ਸਮੱਸਿਆ
ਭਾਰਤ ਵਿੱਚ ਪੋਸ਼ਣ ਦੀ ਸਮੱਸਿਆ
ਭੂਮਿਕਾ : ਹਰ ਪ੍ਰਾਣੀ ਨੂੰ ਸੁਖ-ਸ਼ਾਂਤੀ ਨਾਲ ਜੀਵਨ ਬਤੀਤ ਕਰਨ ਲਈ ਆਪਣੀ ਆਤਮਾ ਲਈ ਰੂਹਾਨੀ ਖ਼ੁਰਾਕ-ਨਾਮ ਸਿਮਰਨ ਆਦਿ ਤੇ ਸਰੀਰ ਲਈ ਪੌਸ਼ਟਿਕ ਭੋਜਨ ਦੀ ਲੋੜ ਹੁੰਦੀ ਹੈ। ਇਸ ਲੇਖ ਵਿੱਚ ਅਸੀਂ ਕੇਵਲ ਸਰੀਰ ਲਈ ਪੌਸ਼ਟਿਕ ਖ਼ੁਰਾਕ ‘ਤੇ ਵਿਚਾਰ ਕਰਾਂਗੇ।
ਉਪਜ ਤੇ ਵੰਡ ਦਾ ਅੰਤਰ : ਨਿਰਸੰਦੇਹ ਭਾਰਤ ਵਿੱਚ ਸਮੁੱਚੇ ਤੌਰ ‘ਤੇ ਖਾਧ-ਪਦਾਰਥਾਂ ਦੀ ਉਪਜ ਵਿੱਚ ਕੋਈ ਘਾਟ ਨਹੀਂ। ਪ੍ਰਬੰਧ ਦੀ ਘਾਟ ਕਰਕੇ ਇਨ੍ਹਾਂ ਨੂੰ ਪੱਕੇ ਗੁਦਾਮਾਂ ਵਿੱਚ ਨਾ ਰੱਖਣ ਕਰਕੇ ਚੂਹੇ ਵੀ ਆਪਣਾ ਪੇਟ ਭਰੀ ਜਾਂਦੇ ਹਨ। ਲੋਕਾਂ ਦੀਆਂ ਫ਼ਜ਼ੂਲ ਆਦਤਾਂ ਕਾਰਨ ਸ਼ਾਦੀ-ਗ਼ਮੀ ਦੇ ਇੱਕੱਠਾਂ ਵਿੱਚ ਲੋੜ ਨਾਲੋਂ ਵੱਧ ਖਾਣਾ ਬਣਾਇਆ ਜਾਂਦਾ ਹੈ ਤੇ ਬਚੇ-ਖੁਚੇ ਨੂੰ ਅਜਾਈਂ ਗੁਆਇਆ ਵੀ ਜਾਂਦਾ ਹੈ। ਜੀਭ ਦੀ ਚਟਲਾਸ ਨੂੰ ਪੂਰਿਆਂ ਕਰਨ ਲਈ ਦੁੱਧ ਤੋਂ ਵਿਭਿੰਨ ਪ੍ਰਕਾਰ ਦੀਆਂ ਮਠਿਆਈਆਂ ਤੇ ਪਨੀਰ ਬਣਾਇਆ ਜਾਂਦਾ ਹੈ। ਇਹ ਲੱਖਾਂ ਟਨ ਦੁੱਧ ਗ਼ਰੀਬਾਂ ਨੂੰ ਸਸਤੇ ਮੁੱਲ ‘ਤੇ ਵੇਚਿਆ ਜਾ ਸਕਦਾ ਹੈ।
ਰੋਗਗ੍ਰਸਤ ਹੋਣ ਦਾ ਕਾਰਨ : ਅਸਲ ਵਿੱਚ ਸਾਡੀ ਬਹੁਤੀ ਅਬਾਦੀ, ਵਿਸ਼ੇਸ਼ ਕਰਕੇ ਬਿਹਾਰ, ਓਡੀਸ਼ਾ ਤੇ ਰਾਜਸਥਾਨ ਦੇ ਪਿੰਡਾਂ ਦੀ ਅਰਧ-ਪੋਸ਼ਿਤ ਹੈ। ਇੱਥੋਂ ਦੇ ਲੋਕ ਖ਼ੂਨ-ਪਸੀਨਾ ਇੱਕ ਕਰਕੇ ਵੀ ਦੋ ਵੇਲੇ ਪੇਟ ਭਰ ਕੇ ਖਾਣਾ ਨਹੀਂ ਖਾ ਸਕਦੇ। ਸਰੀਰਕ ਤੌਰ ‘ਤੇ ਕਮਜ਼ੋਰ ਹੋਣ ਕਰਕੇ ਕੋਈ ਨਾ ਕੋਈ ਬਿਮਾਰੀ ਇਨ੍ਹਾਂ ਨੂੰ ਚਿੰਬੜੀ ਹੀ ਰਹਿੰਦੀ ਹੈ। ਵਿਟਾਮਿਨ ਏ ਦੀ ਘਾਟ ਕਰਕੇ ਇਨ੍ਹਾਂ ਦੀਆਂ ਨਜ਼ਰਾਂ ਕਮਜ਼ੋਰ ਹੁੰਦੀਆਂ ਹਨ ਅਤੇ ਵਿਟਾਮਿਨ ਡੀ ਦੀ ਥੁੜ੍ਹ ਕਾਰਨ ਇਨ੍ਹਾਂ ਦੇ ਬੱਚੇ ਸੋਕੜੇ ਦੀ ਬੀਮਾਰੀ ਤੋਂ ਪੀੜਤ ਹੁੰਦੇ ਹਨ।
ਸੰਤੁਲਤ ਭੋਜਨ ਸਬੰਧੀ ਅਗਿਆਨਤਾ : ਭਾਰਤ ਦੀ ਬਹੁਤੀ ਜਨ-ਸੰਖਿਆ ਅਗਿਆਨਤਾ ਕਾਰਨ ਸੰਤੁਲਤ ਭੋਜਨ ਨਹੀਂ ਖਾਂਦੀ। ਇਹ ਵਧੇਰੇ ਕਰਕੇ ਅੰਨ-ਕਣਕ, ਚਾਵਲ, ਚਨੇ, ਮੱਕੀ ਤੇ ਬਾਜਰਾ ਆਦਿ ਤਾਂ ਖਾਂਦੇ ਹਨ ਪਰ ਇਹ ਆਪਣੇ ਖਾਣੇ ਵਿੱਚ ਸਾਗ, ਸਬਜ਼ੀ, ਦੁੱਧ, ਘਿਓ ਤੇ ਫਲ-ਫਰੂਟ ਆਦਿ ਨੂੰ ਬਹੁਤ ਘੱਟ ਵਰਤਦੇ ਹਨ। ਪਰਿਣਾਮਸਰੂਪ ਇਨ੍ਹਾਂ ਦੀ ਖੁਰਾਕ ਵਿੱਚ ਲੋੜੀਂਦੇ ਸ਼ਕਤੀਵਰ ਤੱਤਾਂ ਦੀ ਘਾਟ ਰਹਿੰਦੀ ਹੈ। ਇਹ ਕੁਪੋਸ਼ਣ ਖਾਧ-ਖੁਰਾਕਾਂ ਦੀ ਘੱਟ ਸਪਲਾਈ ਨਾਲੋਂ ਵਧੇਰੇ ਕਰਕੇ ਜਨਤਾ ਦੀ ਅਗਿਆਨਤਾ ਕਰਕੇ ਹੁੰਦਾ ਹੈ, ਲੋਕੀਂ ਖਾਧ-ਪਦਾਰਥਾਂ ਦੇ ਪੌਸ਼ਟਿਕ ਭਾਗ ਸੁੱਟ ਦਿੰਦੇ ਹਨ—ਅਨਾਜ ਦੇ ਆਟੇ ਦਾ ਛਾਣ ਜਾਂ ਵੇਚਿਆ ਜਾਂਦਾ ਹੈ ਜਾਂ ਡੰਗਰਾਂ (ਗਊ-ਮੱਝ) ਆਦਿ ਨੂੰ ਪਾਇਆ ਜਾਂਦਾ ਹੈ, ਚਾਵਲਾਂ ਦੀ ਪਿੱਛ ਨਾਲੀ ਵਿੱਚ ਰੋੜ੍ਹੀ ਜਾਂਦੀ ਹੈ। ਦਾਲਾਂ ਦੇ ਬਾਹਰਲੇ ਛਿਲਕੇ ਨਹੀਂ ਵਰਤੇ ਜਾਂਦੇ। ਨਾਲੇ ਦਾਲ-ਸਬਜ਼ੀ ਆਦਿ ਨੂੰ ਏਨਾ ਜ਼ਿਆਦਾ ਪਕਾਇਆ ਜਾਂਦਾ ਹੈ ਕਿ ਇਨ੍ਹਾਂ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਖਾਧ-ਪਦਾਰਥਾਂ ਦੀ ਪੌਸ਼ਟਿਕ ਸ਼ਕਤੀ ਕਈ ਤਰੀਕਿਆਂ ਨਾਲ ਵਧਾਈ ਜਾ ਸਕਦੀ ਹੈ। ਜੇ ਦਾਲਾਂ ਨੂੰ ਇਕੱਲਿਆਂ ਦੀ ਥਾਂ ਮਿਲਾ ਕੇ ਬਣਾਇਆ ਜਾਏ ਤਾਂ ਇਹ ਵਧੇਰੇ ਪੌਸ਼ਟਿਕ ਹੋ ਸਕਦੀਆਂ ਹਨ, ਪਕਾਉਣ ਵੇਲੇ ਗੁੰਨ੍ਹੇ ਆਟੇ ਨਾਲੋਂ ਖਮੀਰਾ ਆਟਾ (ਕੁਝ ਚਿਰ ਪਹਿਲਾਂ ਗੁੰਨ੍ਹਿਆ) ਪੱਕ ਕੇ ਵਧੇਰੇ ਪੌਸ਼ਟਿਕ ਹੁੰਦਾ ਹੈ; ਮਹਿੰਗੇ ਫਲਾਂ ਦੀ ਘਾਟ ਕੱਚੀਆਂ ਸਬਜ਼ੀਆਂ ਜਾਂ ਸਲਾਦ ਦੁਆਰਾ ਪੂਰੀ ਕੀਤੀ ਜਾ ਸਕਦੀ ਹੈ; ਨਿਰਾ ਦੁੱਧ ਪੀਣ ਨਾਲੋਂ ਇਸ ਨੂੰ ਕਿਸੇ ਅੰਨ-ਵਸਤੂ ਨਾਲ ਮਿਲਾ ਕੇ ਪੀਣਾ ਵਧੇਰੇ ਪੌਸ਼ਟਿਕ ਹੁੰਦਾ ਹੈ। ਸੋ ਅਸੀਂ ਖਾਣ ਦੀਆਂ ਆਦਤਾਂ ਨੂੰ ਥੋੜ੍ਹਾ ਜਿਹਾ ਬਦਲੀਏ ਤਾਂ ਕੁਪੋਸ਼ਣ ਦੀ ਸਮੱਸਿਆ ਆਪਣੇ ਆਪ ਹੱਲ ਹੋ ਸਕਦੀ ਹੈ। ਖ਼ਾਸ-ਖ਼ਾਸ ਹਾਲਤਾਂ ਵਿੱਚ ਡਾਕਟਰ ਦੀ ਸਲਾਹ ਨਾਲ ਵਿਟਾਮਿਨ ਦੇ ਕੈਪਸੂਲਾਂ ਦੁਆਰਾ ਕੁਪੋਸ਼ਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਗੰਦੀਆਂ ਬਸਤੀਆਂ : ਕੁਪੋਸ਼ਿਤ ਅਬਾਦੀ ਦੀਆਂ ਬਸਤੀਆਂ ਆਮ ਤੌਰ ‘ਤੇ ਗੰਦੀਆਂ ਹੁੰਦੀਆਂ ਹਨ। ਗੰਦਗੀ ਇਨ੍ਹਾਂ ਦੀ ਚਮੜੀ ਦੇ ਰੋਮ ਬੰਦ ਕਰ ਦਿੰਦੀ ਹੈ। ਕੁਦਰਤ ਦੇ ਨਿਹਮਤੀ ਤੱਤ ਜਿਵੇਂ ਕਿ ਸੂਰਜ ਦੀਆਂ ਕਿਰਨਾਂ ਦੁਆਰਾ ਮਿਲਦੀ ਤਪਸ਼, ਵਾਯੂ ਤੇ ਜਲ ਬੰਦ ਰੋਮਾਂ ਕਾਰਨ ਇਨ੍ਹਾਂ ਨੂੰ ਲਾਭ ਨਹੀਂ ਪਹੁੰਚਾ ਸਕਦੇ। ਪਰਿਣਾਮਸਰੂਪ ਇਹ ਰੋਗੀ ਹੀ ਰਹਿੰਦੇ ਹਨ—ਨਾ ਜਾਨ ਮਾਰ ਕੇ ਮਿਹਨਤ ਕਰ ਸਕਦੇ ਹਨ ਅਤੇ ਨਾ ਖਾਧਾ ਪਚਾ ਸਕਦੇ ਹਨ।
ਮਿਲਾਵਟੀ ਖਾਧ-ਖੁਰਾਕਾਂ : ਕੁਪੋਸ਼ਣ ਦਾ ਇੱਕ ਹੋਰ ਵੱਡਾ ਕਾਰਨ ਖਾਧ-ਖੁਰਾਕਾਂ ਵਿੱਚ ਮਿਲਾਵਟ ਹੋਣਾ ਹੈ। ਭਾਰਤ ਦੇ ਵਪਾਰੀ ਇਸ ਕਰਕੇ ਬਦਨਾਮ ਵੀ ਹਨ। ਇਹ ਦੁੱਧ ਵਿੱਚ ਪਾਣੀ ਤੋਂ ਛੁੱਟ ਪਾਊਡਰ ਮਿਲਾ ਦਿੰਦੇ ਹਨ। ਇਸ ਦੁੱਧ ਨੂੰ ਪੀਣ ਵਾਲਾ ਬਦਹਜ਼ਮੀ ਤੇ ਪੇਚਸ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ, ਇੱਥੇ ਸ਼ੁੱਧ ਖਾਣ-ਯੋਗ ਤੇਲ ਦੁਰਲੱਭ ਹੈ। ਪਿਸੇ ਮਸਾਲਿਆਂ ਵਿੱਚ ਤਾਂ ਹੋਰ ਵੀ ਵਧੇਰੇ ਮਿਲਾਵਟ ਹੁੰਦੀ ਹੈ। ਸਾਡੀਆਂ ਬਹੁਤੀਆਂ ਬਿਮਾਰੀਆਂ ਤਾਂ ਇਨ੍ਹਾਂ ਮਿਲਾਵਟ ਵਾਲੀਆਂ ਵਸਤੂਆਂ ਕਰਕੇ ਹਨ। ਇੱਥੇ ਤਾਂ ਸ਼ੁੱਧ ਜ਼ਹਿਰ ਵੀ ਨਹੀਂ ਮਿਲ ਸਕਦਾ। ਇਸ ਅਪਰਾਧੀ ਕਿਰਿਆ ਨੂੰ ਬੰਦ ਕਰਨ ਲਈ ਕਾਨੂੰਨ ਤਾਂ ਬਣੇ ਹੋਏ ਹਨ ਪਰ ਅਪਰਾਧ ਕਰਨ ਵਾਲਿਆਂ ਦੇ ਹੱਥ ਲੰਮੇ ਹੁੰਦੇ ਹਨ। ਉਨ੍ਹਾਂ ਆਪਣੇ ਬਚਣ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਹੁੰਦਾ ਹੈ। ਕੁਝ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ, ਬਾਅਦ ਵਿੱਚ ਚੁੱਪ-ਚਾਂ ਛਾ ਜਾਂਦੀ ਹੈ ਜਿਵੇਂ ਕਿਸੇ ਨੇ ਕੋਈ ਅਪਰਾਧ ਕੀਤਾ ਹੀ ਨਾ ਹੋਵੇ। ਸਭ ਦੇ ਮੂੰਹ ਬੰਦ ਹੋ ਜਾਂਦੇ ਹਨ।
ਸੁਝਾਅ : ਕੁਪੋਸ਼ਣ ਤੋਂ ਛੁਟਕਾਰਾ ਪਾਉਣ ਲਈ ਕੁਝ ਸੁਝਾਅ ਹੇਠਾਂ ਦਿੱਤੇ ਜਾਂਦੇ ਹਨ :
1. ਇੱਕ ਤਾਂ ਸਰਕਾਰ ਨੂੰ ਆਪਣੀਆਂ ਯੋਜਨਾਵਾਂ ਵਿੱਚ ਕੁਪੋਸ਼ਣ ਵਾਲੇ ਇਲਾਕਿਆਂ ਦਾ ਖ਼ਾਸ ਖ਼ਿਆਲ ਰੱਖ ਕੇ ਇੱਥੋਂ ਦੇ ਲੋਕਾਂ ਦੀ ਆਰਥਕ ਮੰਦਹਾਲੀ ਦੂਰ ਕਰਨੀ ਚਾਹੀਦੀ ਹੈ। ਇਨ੍ਹਾਂ ਦੀਆਂ ਬਸਤੀਆਂ ਦੀ ਅੰਦਰੋਂ- ਬਾਹਰੋਂ ਸਫ਼ਾਈ ਕਰਵਾਉਣੀ ਚਾਹੀਦੀ ਹੈ।
2. ਸੰਤੁਲਤ ਭੋਜਨ ਬਾਰੇ ਘਰ-ਘਰ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ।
3. ਖਾਧ-ਪਦਾਰਥਾਂ ਨੂੰ ਚੂਹਿਆਂ ਦੀ ਮਾਰ ਤੋਂ ਬਚਾਉਣਾ ਚਾਹੀਦਾ ਹੈ।
4. ਸ਼ਾਦੀ-ਗ਼ਮੀ ਦੇ ਇਕੱਠਾਂ ‘ਤੇ ਛਾਪੇ ਮਾਰ ਕੇ ਭੋਜਨ ਜ਼ਾਇਆ ਕਰਨ ਵਾਲਿਆਂ ਨੂੰ ਜੁਰਮਾਨਾ ਕਰਨਾ ਚਾਹੀਦਾ ਹੈ।
5. ਦੁੱਧ ਤੋਂ ਬਣਾਈ ਜਾ ਰਹੀ ਮਠਿਆਈ ਤੇ ਹੋਰ ਵਸਤੂਆਂ ਨੂੰ ਬੰਦ ਕਰਨਾ ਜ਼ਰੂਰੀ ਹੈ।
6. ਖਾਧ-ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਬਚਾਉਣ ਵਾਲੇ ਅਫ਼ਸਰ ਤੇ ਮੰਤਰੀ ਨੂੰ ਵੀ ਖਰੀਆਂ ਤੇ ਖਰ੍ਹਵੀਆਂ ਸੁਣਾਉਣੋਂ ਨਹੀਂ ਝਿਜਕਣਾ ਚਾਹੀਦਾ।
7. ਕੰਮ ਨਾ ਕਰ ਸਕਣ ਵਾਲੇ ਭੁੱਖਿਆਂ ਨੂੰ ਰੋਟੀ ਖੁਆਉਣਾ ਸਰਕਾਰ ਦਾ ਕਰਤੱਵ ਹੋਣਾ ਚਾਹੀਦਾ ਹੈ।